ਸਿਰੋਪਾਓ ਦੀ ਅਜ਼ਮਤ

ਗੁਲਜ਼ਾਰ ਸਿੰਘ ਸੰਧੂ
ਓਂਟਾਰੀਓ (ਕੈਨੇਡਾ) ਦੀ ਪ੍ਰੀਮੀਅਰ ਕੈਥਨੀਲ ਵੀਅਨ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸਿਰੋਪਾ (ਸਿਰੋਪਾਓ) ਦੇਣ ਜਾਂ ਨਾ ਦੇਣ ਦਾ ਵਿਵਾਦ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ। ਸਿਰੋਪਾ ਦੇਣ ਦੀ ਰੀਤ ਕਿਸ ਨੇ ਕਦੋਂ ਸ਼ੁਰੂ ਕੀਤੀ, ਵਿਚ ਜਾਏ ਬਿਨਾਂ ਇਸ ਦੇ ਮਹੱਤਵ (ਅਜ਼ਮਤ) ਬਾਰੇ ਕਿੰਤੂ ਪ੍ਰੰਤੂ ਉਕਾ ਹੀ ਨਹੀਂ ਕੀਤਾ ਜਾ ਸਕਦਾ।

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਰਿਆਸਤ ਨਾਭਾ ਦੇ ਰਾਜਮਹੱਲ ਵਿਚ ਇਕ ਗੁਰਦੁਆਰਾ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਾਈ ਤਿਲੋਕਾ ਤੇ ਰਾਮਾ ਨੂੰ ਬਖਸ਼ੇ ਸਿਰੋਪਿਆਂ (ਖਿੱਲਅਤ) ਤੋਂ ਬਿਨਾਂ ਸਤਿਗੁਰੂ ਜੀ ਦੀਆਂ ਹੋਰ ਚੀਜ਼ਾਂ ਵੀ ਹਨ। ਸਿਰੋਪਾ ਦੀ ਅਜ਼ਮਤ ਇਸ ਦੇ ਮਾਣ ਸਨਮਾਨ ਦਾ ਚਿੰਨ੍ਹ ਹੋਣ ਵਿਚ ਹੈ। ਇਕ ਮਨ ਇਕ ਚਿੱਤ ਹੋ ਕੇ ਨਤਮਸਤਕ ਹੋਣ ਵਾਲਾ ਹਰ ਵਿਅਕਤੀ ਸਿਰੋਪਾ ਨਹੀਂ ਤਾਂ ਪ੍ਰਸਾਦ ਦਾ ਹੱਕਦਾਰ ਤਾਂ ਹੈ ਹੀ।
ਨਿਸਚੇ ਹੀ ਸਿੱਖ ਗੁਰਧਾਮਾਂ ਉਤੇ ਸ਼ਰਧਾ ਨਾਲ ਪਹੁੰਚੇ ਕਿਸੇ ਜਾਣੇ ਪਹਿਚਾਣੇ ਤੇ ਮੰਨੇ-ਪ੍ਰਮੰਨੇ ਵਿਅਕਤੀ ਨੂੰ ਸਿਰੋਪਾ ਪੇਸ਼ ਕਰਨਾ ਸਿੱਖੀ ਮਾਣ ਮਰਯਾਦਾ ਦਾ ਚਿੰਨ੍ਹ ਹੈ ਤੇ ਅਹਿਮ ਵੀ। ਸੱਤ ਸਮੁੰਦਰ ਪਾਰ ਤੋਂ ਆਏ ਵਿਅਕਤੀ ਨੂੰ ਸਿਰੋਪਾ ਦੇਣ ਸਮੇਂ ਉਸ ਦੇ ਨਿਜੀ ਆਚਰਣ ਬਾਰੇ ਮੀਨ ਮੇਖ ਕਰਨਾ ਸਿੱਖੀ ਮਾਣ ਮਰਯਾਦਾ ਵਿਚ ਵਾਧਾ ਨਹੀਂ ਕਰਦਾ। ਅਜਿਹੇ ਵਿਅਕਤੀ ਦੀ ਸ਼ਰਧਾ ਨੂੰ ਪ੍ਰਵਾਨ ਕਰਨ ਸਮੇਂ ਉਸ ਦੀ ਆਮਦ ਨੂੰ ਐਵੇਂ ਕਿਵੇਂ ਦੀ ਆਮਦ ਸਮਝਣਾ ਸਹੀ ਨਹੀਂ, ਖਾਸ ਕਰਕੇ ਔਰਤ ਦੀ। ਜੇ ਅਸੀਂ ਸਿੱਖੀ ਮਾਣ ਮਰਯਾਦਾ ਨੂੰ ਕਿਸੇ ਪ੍ਰਕਾਰ ਦੀ ਠੇਸ ਨਹੀਂ ਲੱਗਣ ਦੇਣਾ ਚਾਹੁੰਦੇ ਤਾਂ ਸਾਨੂੰ ਸਿਰੋਪਾਓ ਦੀ ਮਹੱਤਤਾ ਨੂੰ ਵੀ ਠੇਸ ਨਹੀਂ ਲੱਗਣ ਦੇਣੀ ਚਾਹੀਦੀ।
12ਵਾਂ ਹਮਦਰਦ ਯਾਦਗਾਰੀ ਮੇਲਾ: ਜਨਵਰੀ 2016 ਦੇ ਹਮਦਰਦ ਯਾਦਗਾਰੀ ਮੇਲੇ ਵਿਚ ਹੁਮ-ਹੁਮਾ ਕੇ ਪਹੁੰਚੀ ਭੀੜ ਤੋਂ ਜਾਪਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਇਹ ਮੇਲਾ ਲੁਧਿਆਣਾ ਵਾਲੇ ਮੋਹਨ ਸਿੰਘ ਯਾਦਗਾਰੀ ਮੇਲੇ ਨੂੰ ਮਾਤ ਪਾ ਸਕਦਾ ਹੈ। ਜਿਥੇ ਲੁਧਿਆਣਾ ਸ਼ੇਰ ਸ਼ਾਹ ਸੂਰੀ ਮਾਰਗ ਉਤੇ ਪੈਂਦਾ ਉਘਾ ਉਦਯੋਗਿਕ ਸ਼ਹਿਰ ਹੈ, ਬਲਾਚੌਰ ਪੰਜਾਬ ਦੇ ਕੰਢੀ ਖੇਤਰ ਦਾ ਗੌਲਣਯੋਗ ਕਸਬਾ ਹੈ। ਨਿਸਚੇ ਹੀ ਲੁਧਿਆਣਾ ਵਾਲੇ ਮੇਲੇ ਦੀ ਚੜ੍ਹਤ ਕਮਾਲ ਦੀ ਸੀ। ਪਰ ਇਸ ਦੇ ਚਾਲਕ ਜਗਦੇਵ ਸਿੰਘ ਜੱਸੋਵਾਲ ਦੇ ਅਕਾਲ ਚਲਾਣੇ ਤੋਂ ਪਿਛੋਂ ਇਸ ਮੇਲੇ ਵਿੱਚ ਪਹਿਲੇ ਦਿਨਾਂ ਵਾਲਾ ਦਮ-ਖਮ ਰਹਿਣਾ ਸ਼ਾਇਦ ਸੰਭਵ ਨਹੀਂ ਹੈ। ਮੈਂ ਬਲਾਚੌਰ ਵਾਲੇ ਹਮਦਰਦ ਯਾਦਗਾਰੀ ਮੇਲੇ ਨੂੰ ਹਰ ਆਏ ਸਾਲ ਬੁਲੰਦੀਆਂ ਛੂੰਹਦਾ ਦੇਖਿਆ ਹੈ। ਭਾਵੇਂ ਇਸ ਮੇਲੇ ਨੂੰ ਉਥੋਂ ਵਰਗੇ ਉਦਯੋਗਪਤੀ ਅਤੇ ਖੇਤੀ ਯੂਨੀਵਰਸਿਟੀ ਦੇ ਅਮਲੇ ਵਰਗੇ ਸਮਰਥਕ ਨਹੀਂ ਮਿਲੇ ਪਰ ਇਸ ਦੀ ਧੀਮੀ ਗਤੀ ਵਾਲੀ ਚੜ੍ਹਤ ਇਸ ਧੀਮੀ ਗਤੀ ਵਾਲੇ ਖੇਤਰ ਨਾਲ ਮੇਲ ਖਾਂਦੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਇਹ ਮੇਲਾ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਮੰਨੇ ਜਾਂਦੇ ਸਾਧੂ ਸਿੰਘ ਹਮਦਰਦ ਦੀ ਯਾਦ ਵਿਚ ਲਗਦਾ ਹੈ।
ਇਸ ਮੇਲੇ ਦੇ ਸ਼ੁਰੂ ਹੋਣ ਸਮੇਂ ਕਦੀ ਸੋਚਿਆ ਨਹੀਂ ਸੀ ਕਿ ਬਾਰਾਂ ਵਰ੍ਹਿਆਂ ਵਿਚ ਇਸ ਦੀ ਛਹਿਬਰ ਤੇ ਰੌਣਕ ਸੁੱਤ ਉਨੀਂਦਰੇ ਕੰਢੀ ਖੇਤਰ ਨੂੰ ਏਨੀਆਂ ਸ਼ਲਾਘਾਯੋਗ ਧੁਨੀਆਂ ਪ੍ਰਦਾਨ ਕਰ ਦੇਵੇਗੀ। ਮੇਲੇ ਵਿਚ ਸ਼ਿਰਕਤ ਕਰਨ ਲਈ ਰਣਜੀਤ ਬਾਵਾ, ਗੁਰਕ੍ਰਿਪਾਲ ਸੂਰਾਪੁਰੀ, ਆਰ ਦੀਪ, ਪ੍ਰਭ ਗਿੱਲ, ਜੈਨੀ ਜੌਹਲ, ਜੌਰਡਨ ਸੰਧੂ, ਗੀਤਾਜ ਬਿੰਦਰਖੀਆ ਤੇ ਜਗਜੀਤ ਭਾਰਟਾ ਵਰਗੇ ਗਾਇਕਾਂ ਦਾ ਪਹੁੰਚਣਾ ਮੇਲੇ ਦੀ ਵੱਧ ਰਹੀ ਮਹੱਤਤਾ ਦੀ ਸ਼ਾਹਦੀ ਭਰਦਾ ਹੈ। ਨਿਸਚੇ ਹੀ ਉਨ੍ਹਾਂ ਦੀ ਆਮਦ ਅਜੀਤ ਸਮਾਚਾਰ ਸਮੂਹ ਦੇ ਸੰਪਾਦਕ ਡਾæ ਬਰਜਿੰਦਰ ਸਿੰਘ ਹਮਦਰਦ ਪਦਮ ਭੂਸ਼ਣ ਦੀ ਚੁੰਬਕੀ ਖਿੱਚ ਦਾ ਨਤੀਜਾ ਹੈ। ਉਹ ਖੁਦ ਵੀ ਸਰੋਦੀ ਆਵਾਜ਼ ਦਾ ਮਾਲਕ ਹੈ ਤੇ ਉਸ ਦੀਆਂ ਅੱਧੀ ਦਰਜਨ ਸੰਗੀਤ ਐਲਬਮਾਂ ਮਾਰਕੀਟ ਵਿਚ ਆ ਚੁੱਕੀਆਂ ਹਨ। ਮੇਰਾ ਆਪਣਾ ਪਿੰਡ ਸੈਲਾ ਖੁਰਦ ਦੇ ਨੇੜੇ ਕੰਢੀ ਵਿਚ ਪੈਂਦਾ ਹੋਣ ਕਾਰਨ ਮੈਂ ਇਸ ਮੇਲੇ ਨੂੰ ਆਪਣੇ ਜੱਦੀ ਖੇਤਰ ਵਿਚ ਜਾਗ੍ਰਿਤੀ ਪੈਦਾ ਕਰਨ ਦੇ ਸਾਧਨ ਵਜੋਂ ਦੇਖਦਾ ਹਾਂ। ਇਸ ਲਈ ਵੀ ਕਿ ਇਹੋ ਜਿਹੇ ਸਭਿਆਚਾਰਕ ਮੇਲਿਆਂ ਵਿਚ ਹੱਲੇ-ਗੁੱਲੇ ਨਾਲੋਂ ਨਿੱਘ ਤੇ ਸੁੱਚਮ ਪ੍ਰਧਾਨ ਹੁੰਦੀ ਹੈ।
ਪ੍ਰੋæ ਰਣਧੀਰ ਸਿੰਘ (ਜੋਸ਼) ਦੇ ਤੁਰ ਜਾਣ ‘ਤੇ: ਮੇਰੀ ਉਮਰ ਦੇ ਪੰਜਾਬੀਆਂ ਦਾ ਝੁਕਾਅ ਮਾਰਕਸਵਾਦ ਵਲ ਹੋਣ ਕਾਰਨ ਉਹ ਪ੍ਰਗਤੀਵਾਦੀ ਕਵੀਆਂ ਕਲਾਕਾਰਾਂ ਤੇ ਰਾਜਨੀਤੀਵਾਨਾਂ ਦੇ ਮੱਦਾਹ ਹੁੰਦੇ ਸਨ। ਉਹ ਸੋਹਣ ਸਿੰਘ ਜੋਸ਼, ਹਰਕਿਸ਼ਨ ਸਿੰਘ ਸੁਰਜੀਤ ਤੇ ਰਣਧੀਰ ਸਿੰਘ (ਜੋਸ਼) ਨੂੰ ਆਪਣੇ ਪਥ ਪ੍ਰਦਰਸ਼ਕ ਮੰਨਦੇ ਆਏ ਹਨ। ਪ੍ਰੋæ ਰਣਧੀਰ ਸਿੰਘ ਹੁਰਾਂ ਦੇ ਤੁਰ ਜਾਣ ‘ਤੇ ਉਹ ਇਸ ਮਾਰਗ ਦੀ ਆਖਰੀ ਨਿਸ਼ਾਨੀ ਦਾ ਮਿਟ ਜਾਣਾ ਮਹਿਸੂਸ ਕਰਦੇ ਹਨ। ਪ੍ਰਗਤੀਵਾਦੀ ਕਵਿਤਾ ਨੂੰ ਪ੍ਰਣਾਏ ਪਾਠਕ ਕੱਲ੍ਹ ਤੱਕ ਜੋਸ਼ ਹੁਰਾਂ ਦੇ ਕਾਵਿ ਸੰਗ੍ਰਿਹ Ḕਰਾਹਾਂ ਦੀ ਧੂੜ’ ਨੂੰ ਨਤਮਸਤਕ ਹੁੰਦੇ ਆਏ ਹਨ। ਇਸ ਤੋਂ ਬਿਨਾਂ ਉਹ ਗੰਭੀਰ ਚਿੰਤਕ ਤੇ ਹਰਮਨ ਪਿਆਰੇ ਅਧਿਆਪਕ ਵੀ ਸਨ। ਉਨ੍ਹਾਂ ਨੂੰ ਸਾਡੀ ਨਿੱਘੀ ਅਲਵਿਦਾ।
ਅੰਤਿਕਾ: ਸੂਫੀ ਤੱਬਸਮ
ਅੱਲ੍ਹਾ ਕਰੇ ਜਹਾਂ ਕੋ ਮਿਰੀ ਯਾਦ ਭੂਲ ਜਾਏ।
ਅੱਲ੍ਹਾ ਕਰੇ ਤੁਮ ਕਭੀ ਐਸਾ ਨ ਕਰ ਸਕੋ।