ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇæææ

ਡਾæ ਪਰਮਜੀਤ ਸਿੰਘ ਕੱਟੂ
ਫੋਨ: 91-94631-24131
“ਭਾਅ ਜੀ, ਤੁਸੀਂ ਘਰੇ ਈ ਓਂ?” ਮਕਾਨ ਦੇ ਉਪਰਲੇ ਹਿੱਸੇ ‘ਚ ਰਹਿੰਦੀ ਕਿਰਾਏਦਾਰ ਔਰਤ ਨੇ ਫੋਨ ‘ਤੇ ਕਾਹਲੀ ਕਾਹਲੀ ਪੁੱਛਿਆ।
“ਹਾਂ ਜੀ, ਕਿਵੇਂ ਖ਼ੈਰ ਸੁੱਖ ਆ?” ਉਦ੍ਹੀ ਕਾਹਲ ਮਹਿਸੂਸ ਕੇ ਮੈਂ ਡਰ ਗਿਆ।

“ਸ਼ੁਕਰ ਆ ਰੱਬ ਦਾ, ਉਹਨੇ ਲੰਮਾਂ ਸਾਹ ਭਰਿਆ, ਭਾਜੀ ਘਰੇ ਈ ਰਹਿਣਾ¬ ਅੱਜ ਪਾਣੀ ਦੇਣ ਵਾਲਾ ਭਾਈ ਆਊ। ਉਹ ਫਿਲਟਰ ਵਾਟਰ ਦਾ ਕੈਨ ਦੇ ਕੇ ਜਾਊ। ਭਾਜੀ ਪਲੀਜ਼¬ ਤੁਸੀਂ ਆਪਣੇ ਕੋਲ ਰੱਖ ਲੈਣਾ, ਕੱਲ੍ਹ ਦਾ ਪਾਣੀ ਮੁੱਕਿਆ ਸੀ, ਮਸਾਂ ਟਾਈਮ ਕੱਢਿਆ।” ਉਸ ਨੇ ਸਾਰੀ ਕਹਾਣੀ ਇਕੋ ਵਾਰ ਸੁਣਾ ਜੇਤੂ ਅੰਦਾਜ਼ ‘ਚ ਫੋਨ ਕੱਟ’ਤਾ ਜਿਵੇਂ ਮੋਰਚਾ ਫਤਿਹ ਕਰ ਲਿਆ ਹੋਵੇ।
ਕਮਾਲ ਆ, ਪਾਣੀ ਆਪਣੀ ਕੀਮਤ ਕਿਹੜੇ ਕਿਹੜੇ ਢੰਗਾਂ ਨਾਲ ਦੱਸ ਰਿਹੈ। ਮੈਨੂੰ ਦੋ ਕੁ ਸਾਲ ਪੁਰਾਣੀ ਘਟਨਾ ਯਾਦ ਆਈ। ਗਰਮੀਆਂ ਦਾ ਸਿਖਰ ਦੁਪਹਿਰਾ। ਬੱਸ ਅੱਡੇ ‘ਤੇ ਇਕ ਜਾਣਕਾਰ ਬਜ਼ੁਰਗ ਨੇ ਆਉਂਦਿਆਂ ਈ ਕਿਹਾ, “ਸ਼ੇਰਾ, ਪਾਣੀ ਦੀ ਘੁੱਟ ਹੈਗੀ?”
ਬਜ਼ਾਰ ‘ਚੋਂ ਖਰੀਦੀ ਬੋਤਲ ਕੱਢ ਕੇ ਬਜ਼ੁਰਗ ਨੂੰ ਦਿੱਤੀ ਤਾਂ ਜਿਵੇਂ ਉਹ ਪਿਆਸ ਭੁੱਲ ਕੇ ਕਿੰਨਾ ਚਿਰ ਬੋਤਲ ਨੂੰ ਈ ਦੇਖਦਾ ਰਿਹਾ। ਕਹਿੰਦਾ, “ਸਹੁਰਿਆਂ ਨੇ ਪਾਣੀ ਦਾ ਸਵਾਦ ਈ ਭੁਲਾ’ਤਾ, ਹੁਣ ਦੇ ਜਵਾਕਾਂ ਨੂੰ ਕਹੋ ਬਈ ਕਦੇ ਖੂਹ ਦਾ ਠੰਢਾ ਮਿੱਠਾ ਪਾਣੀ ਪੀਤਾ, ਉਹ ਯਕੀਨ ਈ ਨ੍ਹੀਂ ਕਰਦੇ, ਉਨ੍ਹਾਂ ਨੂੰ ਤਾਂ ਆਹ ਨਵੇਂ ਈ ਸਵਾਦ ਪੈਗੇ। ਨਾਲੇ ਭਾਈ ਤੇਰੇ ਪੁਰਖਿਆਂ ਤਾਂ ਖੂਹ ਦਾ ਟੱਕ ਲਾਇਆ ਸੀ ਤੇ ਹੁਣ ਜਦੋਂ ਤੇਰੇ ਕੋਲ ਵੀ ਆਹ ਮੁੱਲ ਦੇ ਪਾਣੀ ਦੀ ਬੋਤਲ ਦੇਖੀ, ਮੇਰੇ ਤਾਂ ਕਾਲਜੇ ਚੋਂ ਰੁੱਗ ਭਰਿਆ ਗਿਆ ਤੇ ਆਹ ਕੱਲ੍ਹ ਦੀ ਗੱਲ ਆ ਜਦੋਂ ਅਸੀਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਤੇ ਅੱਜ਼ææ।” ਉਹ ਪਿਆਸ ਹੱਥੋਂ ਮਜ਼ਬੂਰ ਭਰੇ ਮਨ ਨਾਲ ਪਾਣੀ ਪੀ ਗਿਆ।
ਪਹਿਲੀ ਵਾਰ ਮੈਂ ਬਾਜ਼ਾਰ ਵਿਕੇਂਦਾ ਪਾਣੀ ਦਿੱਲੀ ਪੀਤਾ। ਲਗਭਗ ਪੰਦਰਾਂ ਸਾਲ ਪਹਿਲਾਂ ਦਿੱਲੀ ਗਿਆ ਤਾਂ ਬੱਸ ‘ਚੋ ਉਤਰਦਿਆਂ ਹੀ ਬਾਹਰ ਇਕ ਪਾਣੀ ਵਾਲੀ ਟੈਂਕੀਨੁਮਾ ਰੇਹੜੀ ਖੜੀ ਸੀ, ਉਤੇ ਲਿਖਿਆ ਸੀ ‘ਪਾਣੀ ਦਾ ਗਿਲਾਸ 50 ਪੈਸੇ’। ਮੈਂ ਜਦੋਂ ਇਕ ਗਿਲਾਸ ਪਾਣੀ ਮੰਗਿਆ ਤਾਂ ਉਸ ਨੇ ਨਿੰਬੂ ਪਾਣੀ ਦਾ ਗਿਲਾਸ ਦੇ ਦਿੱਤਾ। ਮੈਂ ਹੈਰਾਨ ਸਾਂ ਕਿ 50 ਪੈਸੇ ‘ਚ ਨਿੰਬੂ ਪਾਣੀ, ਵਾਹ¬ ਇਹੀ ਤਾਂ ਹੈ ਦਿੱਲੀ ਦਿਲ ਵਾਲੋਂ ਕੀ, ਮੰਗੋ ਪਾਣੀ ਮਿਲੇ ਸ਼ਿਕੰਜਵੀ। ਜਦੋਂ ਪੈਸਿਆਂ ਦੀ ਵਾਰੀ ਆਈ ਤਾਂ ਭਾਈ ਕਹਿੰਦਾ¬ “ਸਰਦਾਰ ਜੀ ਤੀਨ ਰੁਪਏ ਹੂਏ।” ਮੈਂ ਕਹਾਣੀ ਜਲਦੀ ਸਮਝ ਗਿਆ। ਫੇਰ ਹਰ ਵਾਰ ਸਿੰਪਲ ਪਾਣੀ ਕਹਿ ਕੇ 50 ਪੈਸਿਆਂ ਦਾ ਗਿਲਾਸ ਖਰੀਦਦਾ ਰਿਹਾ। ਇਹ ਸੀ ਦਿੱਲੀ ਦੀ ਸਿੱਧਾ ਠੱਗੇ ਜਾਣ ਦੀ ਪਹਿਲੀ ਘਟਨਾ।
ਪਾਣੀ ਬਾਰੇ ਹਮੇਸ਼ਾ ਹੀ ਜਾਨਣ ਦੀ ਇੱਛਾ ਰਹੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਤੇ ਚਿੰਤਕ ਸਿਧਾਰਥ ਜੀ ਨੇ ਇਕ ਵਾਰ ਪਾਣੀ ਬਾਰੇ ਗੱਲ ਕਰਦਿਆਂ ਜਾਪਾਨੀ ਵਿਗਿਆਨੀ ਇਮੋਟੋ ਮਸੂਰੋ ਦੀ ਖੋਜ ਯੂ ਟਿਊਬ ‘ਤੇ ਦਿਖਾਈ ਤੇ ਕਥਾ ਵੀ ਸੁਣਾਈ। ਅਸਲ ਵਿਚ ਪਾਣੀ ਬਾਰੇ ਹੋਈਆਂ ਖੋਜਾਂ ਵਿਚੋਂ ਇਮੋਟੋ ਮਸੂਰੋ ਦੀ ਖੋਜ ਬਹੁਤ ਹੀ ਮਹੱਤਵਪੂਰਨ ਮੰਨੀ ਜਾਂਦੀ ਹੈ। ਇਸ ਖੋਜ ਦੀ ਕਥਾ ਇਹ ਹੈ ਕਿ ਇਮੋਟੋ ਮਸੂਰੋ ਨੇ ਕੈਮਰੇ ਬਣਾਉਣ ਵਾਲੀ ਇਕ ਕੰਪਨੀ ਤੋਂ ਐਸਾ ਲੈਂਜ਼ ਬਣਵਾਇਆ ਜਿਸ ਨਾਲ ਪਾਣੀ ਦੇ ਛੋਟੇ ਤੋਂ ਛੋਟੇ ਅਣੂ ਦੀ ਫੋਟੋ ਖਿੱਚੀ ਜਾ ਸਕੇ। ਉਸ ਨੇ ਦੁਨੀਆਂ ਭਰ ‘ਚੋਂ ਪਾਣੀ ਦੇ ਨਮੂਨੇ ਲੈ ਕੇ ਪਾਣੀ ਦੇ ਅਣੂ ਦੀਆਂ ਫੋਟੋਆਂ ਖਿੱਚੀਆਂ। ਇਹ ਫੋਟੋਆਂ ਹੈਰਾਨ ਕਰਨ ਵਾਲੇ ਬਹੁਤ ਹੀ ਖੂਬਸੂਰਤ ਕ੍ਰਿਸਟਲ (ਜਿਵੇਂ ਸ਼ੀਸ਼ੇ ਜਾਂ ਹੀਰੇ ਦੇ ਰੇਸ਼ੇ ਹੁੰਦੇ) ਹਨ। ਉਸ ਨੇ ਇਸ ਤੋਂ ਵੀ ਅੱਗੇ ਇਹ ਖੋਜ ਕੀਤੀ ਕਿ ਪਾਣੀ ਉਪਰ ਆਲੇ-ਦੁਆਲੇ ਦਾ ਕੀ ਅਸਰ ਹੁੰਦਾ ਹੈ। ਇਸ ਲਈ ਉਸ ਨੇ ਇਕੋ ਤਰ੍ਹਾਂ ਦੇ ਪਾਣੀ ਕੋਲ ਪਹਿਲਾਂ ਚੰਗੇ ਵਿਚਾਰ ਤੇ ਸੰਗੀਤ ਦੀਆਂ ਬਿਹਤਰੀਨ ਵੰਨਗੀਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਤਾਂ ਪਾਣੀ ਦੇ ਅਣੂ ਹੋਰ-ਹੋਰ ਸੋਹਣੇ ਹੁੰਦੇ ਗਏ। ਦੂਜੀ ਵਾਰ ਇਸੇ ਪਾਣੀ ਕੋਲ ਬੁਰੇ ਵਿਚਾਰ ਤੇ ਸੰਗੀਤ ਦੇ ਨਾਂ ‘ਤੇ ਹੁੰਦੇ ਸ਼ੋਰ ਦੀਆਂ ਪੇਸ਼ਕਾਰੀਆਂ ਕੀਤੀਆਂ ਤਾਂ ਇਹ ਪਾਣੀ ਦੇ ਅਣੂ ਇਕ ਤਰ੍ਹਾਂ ਨਾਲ ਕਾਲੇ ਰੰਗ ਦੇ ਹੁੰਦੇ ਗਏ ਤੇ ਕਈਆਂ ‘ਚ ਵਿਸਫੋਟ ਵੀ ਹੋ ਗਏ। ਬਾਅਦ ਵਿਚ ਚੰਗੇ ਵਿਚਾਰ ਤੇ ਸੰਗੀਤ ਦੀਆਂ ਬਿਹਤਰੀਨ ਵੰਨਗੀਆਂ ਵੀ ਮੁੜ ਉਨ੍ਹਾਂ ਨੂੰ ਪਹਿਲਾਂ ਜਿੰਨੇ ਚੰਗੇ ਨਾ ਬਣਾ ਸਕੀਆਂ।
ਸਾਡੇ ਮਨੁੱਖੀ ਸਰੀਰ ਵਿਚ ਔਸਤਨ 70 ਫੀਸਦੀ ਪਾਣੀ ਹੁੰਦਾ ਹੈ ਤੇ 70 ਫੀਸਦੀ ਦੇ ਲਗਭਗ ਹੀ ਇਸ ਧਰਤੀ ਉਪਰ ਪਾਣੀ ਹੈ। ਇਸ ਲਈ ਅਸੀਂ ਜਿਹੋ ਜਿਹੇ ਵਿਚਾਰਾਂ ਤੇ ਮਾਹੌਲ ਵਿਚ ਰਹਿੰਦੇ ਹਾਂ, ਉਹੋ ਜਿਹੇ ਬਣ ਜਾਂਦੇ ਹਾਂ। ਮੈਨੂੰ ਇਹ ਰਾਜ਼ ਵੀ ਪਤਾ ਲੱਗਿਆ ਕਿ ਪਵਿੱਤਰ ਵਿਚਾਰਾਂ ਤੇ ਸੰਗੀਤ ਕੋਲ ਰੱਖਿਆ ਪਾਣੀ, ਜਲ ਕਿਵੇਂ ਹੋ ਜਾਂਦਾ ਹੈ ਤੇ ਉਹ ‘ਸੁਆਦ’ ਕਿਉਂ ਹੁੰਦਾ ਹੈ? ਇਸ ਦੇ ਨਾਲ ਹੀ ਵੱਡੀਆਂ ਹਸਤੀਆਂ ਦੇ ਨੂਰਾਨੀ ਚਿਹਰਿਆਂ ਦੀ ਕਹਾਣੀ ਵੀ ਸਮਝ ਆ ਗਈ।
ਕਹਿੰਦੇ ਨੇ ਆਉਣ ਵਾਲੇ ਸਮੇਂ ‘ਚ ਜੇ ਤੀਜਾ ਵਿਸ਼ਵ ਯੁੱਧ ਲੱਗਿਆ ਤਾਂ ਉਸ ਦਾ ਕਾਰਨ ਤਿੰਨ ਡਬਲਿਯੂ (ੱੋਮeਨ, ੱਅਟeਰ, ੱeਅਟਹeਰ) ‘ਚੋਂ ਕੋਈ ਇਕ ਹੋਵੇਗਾ। ਦੁਨੀਆਂ ਦੀ ਗੱਲ ਛੱਡੋ ਪੰਜਾਬ ਇਸ ਵੇਲੇ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਹੇਠਾਂ ਜਾ ਰਿਹੈ, ਇਹ ਪਾਣੀ ਝੋਨੇ ਤੇ ਆਲੂਆਂ ਆਦਿ ਫਸਲਾਂ ਦੇ ਰੂਪ ‘ਚ ਸੜਕਾਂ ਜਾਂ ਮੰਡੀਆਂ ਵਿਚ ਰੁਲ ਰਿਹੈ ਜਾਂ ਕੌਡੀਆਂ ਦੇ ਭਾਅ ਵਿਕੀ ਜਾਂਦਾ ਹੈ। ਹੁਣ ਤਾਂ ਪੰਜਾਬ ਦੀ ਮਾਲਵਾ ਪੱਟੀ ਦਾ ਪਾਣੀ ਜ਼ਿੰਦਗੀ ਦੀ ਥਾਂ ਕੈਂਸਰ ਰੂਪੀ ਮੌਤ ਵੰਡ ਰਿਹੈ। ਅੰਤ ਬੜਾ ਖ਼ਤਰਨਾਕ ਹੋ ਸਕਦੈ।
ਅਸੀਂ ਪੁਰਖਿਆਂ ਦੀ ਕਦ ਸੁਣਾਂਗੇ? ਮੈਂ ਤਾਂ ਜਦ ਜਦ ਵੀ ਗੁਰਬਾਣੀ ਦੇ ਇਹ ਸ਼ਬਦ ਸੁਣੇ ਤਾਂ ਸਿਰ ਨਮਨ ਕਰਦਾ ਝੁਕ ਜਾਂਦਾ ਹੈ, ਪਵਣ ਗੁਰੂ ਪਾਣੀ ਪਿਤਾ ਅਤੇ ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ। ਅਸੀਂ ਤਾਂ ਦਿਨੋ-ਦਿਨ ਨਾ-ਸ਼ੁਕਰੇ ਹੁੰਦੇ ਜਾ ਰਹੇ ਹਾਂ। ਸਾਹ ਲੈਂਦੇ ਹਾਂ ਪਰ ਕਦੇ ਹਵਾ ਦਾ ਸ਼ੁਕਰਾਨਾ ਨਹੀਂ ਕਰਦੇ, ਖਾਣਾ ਪਕਾਉਂਦਿਆਂ ਕਦੇ ਅਗਨ ਨੂੰ ਸ਼ੁਕਰੀਆਂ ਨਹੀਂ ਕਹਿੰਦੇ, ਨਹੀਂ ਕਰਦੇ ਧੰਨਵਾਦ ਧਰਤੀ ਦਾ ਕਿ ਸਾਨੂੰ ਗੋਦ ਮਿਲੀ ਹੈ। ਅਕਾਸ਼ ਨੂੰ ਤਾਂ ਦੇਖਣੋ ਜਿਵੇਂ ਹਟ ਹੀ ਗਏ ਹਾਂ। ਨਾ-ਸ਼ੁਕਰਿਆਂ ਨੇ ਪਾਣੀ ਹੁਣ ਮੁਨਾਫੇ ਦਾ ਸੌਦਾ ਬਣਾ ਦਿੱਤਾ ਹੈ। ਮੈਨੂੰ ਪ੍ਰੋæ ਕੁਲਵੰਤ ਗਰੇਵਾਲ ਦੀਆਂ ਸਤਰਾਂ ਚੇਤੇ ਆ ਰਹੀਆਂ ਹਨ:
ਦਿਲ ਟੁੱਟਦੇ ਹਵਾਵਾਂ ਦੇ
ਬੂੰਦ ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।