ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਮੈਨੂੰ ਕੌਣ ਹੱਥ ਲਾਊ? ਮੇਰੀ ਮਾਂ ਦੱਸਦੀ ਹੁੰਦੀ ਆ, ਮਾਲਵੇ ਵਿਚ ਮੇਰਾ ਸ਼ੇਰ ਵਰਗਾ ਚਾਚਾ ਵਾ ਬਲਵੀਰਾæææ ਉਹ ਡੱਕਰੇ ਨਾ ਕਰਦੂ, ਮੈਨੂੰ ਹੱਥ ਲਾਉਣ ਵਾਲੇ ਦੇ।”
ਇਹ ਬੋਲ ਹਨ, ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖੂਨ’ ਉਤੇ ਬਣੀ ਇਸੇ ਨਾਂ ਦੀ ਫਿਲਮ ਵਿਚੋਂ ਦਸ ਸਾਲ ਦੇ ਬੱਚੇ ਦੇ। ਇਨ੍ਹਾਂ ਬੋਲਾਂ ਨੇ ਬਹੁਤ ਵਾਰ ਰੁਆਇਆ ਹੈ। ਪੈਂਤੀ ਮਿੰਟ ਦੀ ਇਸ ਲਘੂ ਫਿਲਮ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਕਦੀਆਂ ਜ਼ਮੀਰਾਂ ਉਤੇ ਕਰਾਰੀ ਚੋਟ ਹੈ ਤੇ ਵੱਡਾ ਸੁਨੇਹਾ ਵੀ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਤੇ ਉਸ ਦੀ ਟੀਮ ਵਧਾਈ ਦੀ ਪਾਤਰ ਹੈ।
ਜਿਨ੍ਹਾਂ ਨੇ ਭੁੱਲਰ ਦੀ ਕਹਾਣੀ ‘ਖੂਨ’ ਨਹੀਂ ਪੜ੍ਹੀ, ਉਹ ਪੜ੍ਹਨ। ਇਹ ਕਹਾਣੀ ‘ਪੰਜਾਬ ਟਾਈਮਜ਼’ (ਅੰਕ 45, 7 ਨਵੰਬਰ 2015) ਵਿਚ ਵੀ ਛਪ ਚੁੱਕੀ ਹੈ। ਜਿਨ੍ਹਾਂ ਫਿਲਮ ‘ਖੂਨ’ ਨਹੀਂ ਦੇਖੀ, ਉਹ ਜ਼ਰੂਰ ਦੇਖਣ।
ਬਹੁਤ ਸਮਾਂ ਪਹਿਲਾਂ ਮੇਰੇ ਦਾਦਾ ਜੀ ਨੇ ਸਾਡੇ ਪਿੰਡਾਂ ਵੱਲ ਵਾਪਰੀ ਇਸੇ ਫਿਲਮ ਵਰਗੀ ਸੱਚੀ ਘਟਨਾ ਸੁਣਾਈ ਸੀ ਜੋ ਅੱਜ ਵੀ ਮੇਰੇ ਚੇਤੇ ਵਿਚ ਜਿਉਂ ਦੀ ਤਿਉਂ ਹੈ। ਲੁਧਿਆਣੇ ਤੋਂ ਮੋਗੇ ਵੱਲ ਜਾਂਦਿਆਂ ਜੀæਟੀæ ਰੋਡ ਦੇ ਨੇੜੇ ਹੀ ਉਹ ਪਿੰਡ ਹੈ ਜਿਥੇ ਟਹਿਲ ਸਿੰਘ ਦੇ ਦੋ ਪੁੱਤ ਰਹਿੰਦੇ ਸਨ। ਵੱਡਾ ਅਰਜਨ ਤੇ ਛੋਟਾ ਜਗਦੇਵ। ਰੇਤਲੀ ਜ਼ਮੀਨ ਹੋਣ ਕਰ ਕੇ ਖੇਤੀ ‘ਚੋਂ ਕੁਝ ਬਚਦਾ ਨਹੀਂ ਸੀ। ਬਲਦਾਂ ਦੀ ਜੋੜੀ ਤੇ ਊਠ ਹੀ ਕਿਸਾਨਾਂ ਦੇ ਸਾਥੀ ਸਨ। ਘਰ ਦੀ ਗਰੀਬੀ ਹੂੰਝਣ ਲਈ ਅਰਜਨ ਫੌਜ ਵਿਚ ਭਰਤੀ ਹੋ ਗਿਆ। ਟਹਿਲ ਸਿੰਘ ਤੇ ਜਗਦੇਵ ਖੇਤੀ ਕਰਦੇ। ਅਰਜਨ ਹਮੇਸ਼ਾ ਆਪਣੇ ਪਰਿਵਾਰ ਲਈ ਤੜਫਦਾ ਰਹਿੰਦਾ। ਦੋ-ਤਿੰਨ ਸਾਲਾਂ ਬਾਅਦ ਅਰਜਨ ਦੀ ਤਨਖਾਹ ਨਾਲ ਘਰ ਦੇ ਹਾਲਾਤ ਬਦਲਣ ਲੱਗੇ। ਉਹ ਵਿਹਲੀ ਰੁੱਤੇ ਛੁੱਟੀ ਨਹੀਂ ਸੀ ਆਉਂਦਾ ਸਗੋਂ ਹਾੜ੍ਹੀ-ਸਾਉਣੀ ਦੀਆਂ ਫਸਲਾਂ ਵੇਲੇ ਪਿਉ ਤੇ ਭਰਾ ਦਾ ਹੱਥ ਵਟਾਉਂਦਾ। ਭਰਾਵਾਂ ਦਾ ਪਿਆਰ ਦੇਖ ਕੇ ਟਹਿਲ ਸਿੰਘ ਫੁੱਲ ਵਾਂਗ ਟਹਿਕਣ ਲੱਗ ਪੈਂਦਾ। ਜਦੋਂ ਵਿਹਲੇ ਪਲਾਂ ਵਿਚ ਭੂਟਾਨ ਵਾਲੀ ਰੰਮ ਕੇ ਦੋ ਹਾੜੇ ਟਹਿਲ ਸਿੰਘ ਲਾ ਲੈਂਦਾ ਤਾਂ ਉਸ ਨੂੰ ਟਿੱਬਿਆਂ ਵਿਚ ਘਿਰਿਆ ਪਿੰਡ ਕਸ਼ਮੀਰ ਲੱਗਦਾ। ਪੱਛੋਂ ਦੀ ਹਵਾ ਉਸ ਦਾ ਸੀਨਾ ਠਾਰ ਜਾਂਦੀ। ਉਸ ਨੇ ਅਰਜਨ ਨੂੰ ਕਹਿ ਕੇ ਖੇਤ ਵਿਚ ਕਰਾਹ ਲਵਾ ਦਿੱਤਾ। ਰੂੜੀ ਪਈ ਤਾਂ ਜ਼ਮੀਨ ਸੋਨਾ ਉਗਾਉਣ ਲੱਗ ਪਈ।
ਫਿਰ ਪਿੰਡ ਵਿਚੋਂ ਹੀ ਕਿਸੇ ਨੇ ਅਰਜਨ ਨੂੰ ਰਿਸ਼ਤਾ ਕਰਵਾ ਦਿੱਤਾ। ਪਿੰਡ ਵਿਚ ਅਰਜਨ ਦਾ ਪਹਿਲਾ ਵਿਆਹ ਸੀ ਜਿਥੇ ਫੌਜੀਆਂ ਵਾਲੀ ਰੰਮ ਵਰਤਾਈ ਗਈ, ਨਹੀਂ ਤਾਂ ਪਿੰਡਾਂ ਵਿਚ ਕਮਾਦ ਵਾਲੀ ਦੇਸੀ ਹੀ ਵਰਤਾਈ ਜਾਂਦੀ ਸੀ। ਅਰਜਨ ਦੀ ਵਹੁਟੀ ਧੰਨ ਕੌਰ ਵੀ ਬਹੁਤ ਸੋਹਣੀ ਸੀ। ਜੋੜੀ ਦੇਖ ਕੇ ਟਹਿਲ ਸਿੰਘ ਫੁੱਲਿਆ ਨਾ ਸਮਾਉਂਦਾ। ਧੰਨ ਕੌਰ ਨਾਲ ਜਿਥੇ ਸੱਸ ਨੂੰ ਰੋਟੀ-ਟੁੱਕ ਦੇ ਆਹਰ ਤੋਂ ਛੁੱਟੀ ਮਿਲੀ, ਉਥੇ ਜਗਦੇਵ ਨੂੰ ਵੀ ਟਿੱਚਰਾਂ ਲਈ ਭਾਬੀ ਮਿਲ ਗਈ।
ਅਰਜਨ ਦੋ ਮਹੀਨੇ ਛੁੱਟੀ ਕੱਟ ਕੇ ਵਾਪਸ ਜਾਣ ਲੱਗਿਆ ਤਾਂ ਅੱਧਾ ਪਿੰਡ ਰੇਲਵੇ ਸਟੇਸ਼ਨ ‘ਤੇ ਛੱਡਣ ਆਇਆ। ਅਰਜਨ ਨੇ ਅੱਖਾਂ ਭਰਦਿਆਂ ਰੇਲ ਗੱਡੀ ਦੇ ਬੂਹੇ ਦਾ ਡੰਡਾ ਫੜਿਆ। ਕਾਫੀ ਦੂਰ ਤੱਕ ਹੱਥ ਹਿੱਲਦੇ ਗਏ। ਉਧਰ, ਖੇਤੀ ਦੇ ਨਵੇਂ ਢੰਗ-ਤਰੀਕਿਆਂ ਨਾਲ ਟਹਿਲ ਸਿੰਘ ਪਿੰਡ ਵਿਚ ਖਾਸ ਬੰਦਿਆਂ ਵਿਚ ਗਿਣਿਆ ਜਾਣ ਲੱਗਿਆ। ਸਮਾਜਕ ਕੰਮਾਂ ਵਿਚ ਉਸ ਦੀ ਸਲਾਹ ਲਈ ਜਾਣ ਲੱਗੀ। ਚਹੁੰ ਪਿੰਡਾਂ ਵਿਚ ਟੱਬਰ ਦੀ ਚੜ੍ਹਾਈ ਹੋਣ ਕਰ ਕੇ ਜਗਦੇਵ ਨੂੰ ਚੰਗੇ ਘਰਾਂ ਦੇ ਰਿਸ਼ਤੇ ਆਉਣ ਲੱਗੇ। ਫਿਰ ਟਹਿਲ ਸਿੰਘ ਨੇ ਜਗਦੇਵ ਦਾ ਵਿਆਹ ਵੀ ਧਰ ਦਿੱਤਾ। ਕਿਸੇ ਕਾਰਨ ਅਰਜਨ ਨੂੰ ਵਿਆਹ ਦੀ ਛੁੱਟੀ ਨਾ ਮਿਲੀ, ਫਿਰ ਤਰੀਕ ਅੱਗੇ ਪਾ ਦਿੱਤੀ। ਅਰਜਨ ਨੂੰ ਤਿੰਨ ਸਾਲ ਬਾਅਦ ਛੁੱਟੀ ਮਿਲੀ, ਉਹ ਚੋਰੀ ਦੇ ਝੂਠੇ ਇਲਜ਼ਾਮ ਕਰ ਕੇ ਤਿੰਨ ਸਾਲ ਫੌਜੀ ਜੇਲ੍ਹ ਕੱਟ ਕੇ ਆਇਆ ਸੀ। ਫਿਰ ਅਰਜਨ ਦੇ ਆਏ ਤੋਂ ਜਗਦੇਵ ਦਾ ਵਿਆਹ ਹੋਇਆ। ਵਿਹੜੇ ਵਿਚ ਮਿੰਦੋ ਦੀ ਝਾਂਜਰ ਛਣਕੀ। ਹੁਣ ਧੰਨ ਕੌਰ ਤੇ ਮਿੰਦੋ, ਦੋਵੇਂ ਵਿਹੜੇ ਦਾ ਸ਼ਿੰਗਾਰ ਸਨ। ਟਹਿਲ ਸਿੰਘ ਅਰਜਨ ਦੇ ਪੁੱਤ ਨੂੰ ਗੋਦੀ ਖਿਡਾਉਣਾ ਚਾਹੁੰਦਾ ਸੀ, ਪਰ ਅਜੇ ਧੰਨ ਕੌਰ ਖਾਲੀ ਪੇਟ ਸੀ।
ਅਰਜਨ ਦੇ ਵਿਆਹ ਨੂੰ ਛੇ ਸਾਲ ਬੀਤ ਗਏ, ਪਰ ਵਿਹੜੇ ਕਿਲਕਾਰੀਆਂ ਨਾ ਗੂੰਜੀਆਂ। ਮਿੰਦੋ ਨੂੰ ਰੱਬ ਨੇ ਸਾਲ ਪਿਛੋਂ ਹੀ ਪੁੱਤ ਦੀ ਦਾਤ ਬਖ਼ਸ਼ ਦਿੱਤੀ। ਟਹਿਲ ਸਿੰਘ ਨੇ ਪੋਤੇ ਦੀ ਖੁਸ਼ੀ ਤਾਂ ਮਨਾਈ, ਪਰ ਉਨੀ ਨਹੀਂ ਜਿੰਨੀ ਅਰਜਨ ਦੇ ਪੁੱਤ ਦੀ ਹੋਣੀ ਸੀ। ਪਿਉ ਨੂੰ ਸਾਰੇ ਪੁੱਤ ਹੀ ਪਿਆਰੇ ਹੁੰਦੇ ਹਨ, ਉਹ ਸਾਰਿਆਂ ਦੀਆਂ ਦਹਿਲੀਜ਼ਾਂ ਵਧਦੀਆਂ ਦੇਖਣੀਆਂ ਚਾਹੁੰਦਾ ਹੈ। ਮਿੰਦੋ ਨੇ ਫਿਰ ਪੁੱਤ ਨੂੰ ਜਨਮ ਦਿੱਤਾ। ਉਹ ਦੋ ਪੁੱਤਾਂ ਦੀ ਮਾਂ ਬਣ ਗਈ। ਧੰਨ ਕੌਰ ਅੰਦਰੋਂ ਬੇਸ਼ੱਕ ਪਰਮਾਤਮਾ ਨਾਲ ਨਾਰਾਜ਼ਗੀ ਜ਼ਾਹਰ ਕਰਦੀ ਹੋਵੇ, ਪਰ ਆਪਣੇ ਬੁੱਲ੍ਹਾਂ ‘ਤੇ ਪੁੱਤ ਦੀ ਘਾਟ ਵਾਲੀ ਗੱਲ ਨਾ ਆਉਣ ਦਿੱਤੀ। ਅਰਜਨ ਦੇ ਵਿਆਹ ਨੂੰ ਦਸ ਸਾਲ ਬੀਤ ਗਏ। ਟਹਿਲ ਸਿੰਘ ਨੇ ਉਸ ਦਾ ਦੂਜਾ ਵਿਆਹ ਕਰਨ ਦੀ ਸਲਾਹ ਕੀਤੀ, ਪਰ ਅਰਜਨ ਨਾ ਮੰਨਿਆ। ਦੋਹਾਂ ਭਰਾਵਾਂ ਦੀ ਕਮਾਈ ਨਾਲ ਟਹਿਲ ਸਿੰਘ ਨੇ ਜੀæਟੀæ ਰੋਡ ਲਾਗੇ ਟਿੱਬਿਆਂ ਵਾਲੀ ਜ਼ਮੀਨ ਦੇ ਚਾਰ ਕਿੱਲੇ ਲੈ ਲਏ। ਹੌਲੀ-ਹੌਲੀ ਇਹ ਜ਼ਮੀਨ ਵੀ ਪੱਧਰ ਹੁੰਦੀ ਗਈ। ਅਰਜਨ ਸੋਲਾਂ ਸਾਲਾਂ ਬਾਅਦ ਪੈਨਸ਼ਨ ਆ ਗਿਆ। ਜੋ ਪੈਸਾ ਮਿਲਿਆ, ਉਸ ਨਾਲ ਵਧੀਆ ਘਰ ਬਣਾ ਲਿਆ। ਪਿੰਡ ਵਿਚ ਪਹਿਲਾ ਚੁਬਾਰਾ ਸੀ ਜਿਸ ਦੇ ਜੰਗਲੇ ਮੋਰਾਂ ਵਾਲੇ ਸਨ। ਪੂਰੇ ਇੱਕੀ ਸਾਲ ਬਾਅਦ ਅਰਜਨ ਦੇ ਪੁੱਤ ਹੋਇਆ। ਟਹਿਲ ਸਿੰਘ ਖੁਸ਼ੀ ਵਿਚ ਨੱਚ ਉਠਿਆ, ਮਨ ਦੀ ਮੁਰਾਦ ਪੂਰੀ ਹੋ ਗਈ ਸੀ। ਟਹਿਲ ਸਿੰਘ ਨੇ ਲੋਹੜੀ ‘ਤੇ ਅਲਗੋਜਿਆਂ ਵਾਲੇ ਲਵਾਏ ਅਤੇ ਸਾਰਾ ਪਿੰਡ ਰੰਮ ਨਾਲ ਸ਼ਰਾਬੀ ਕੀਤਾ। ਜਗਦੇਵ ਦੇ ਦੋਵੇਂ ਪੁੱਤ ਫੌਜ ਵਿਚ ਭਰਤੀ ਹੋ ਗਏ ਸਨ। ਸਾਰਾ ਪਰਿਵਾਰ ਖੁਸ਼ੀਆਂ ਦੇ ਗੀਤ ਗਾਉਂਦਾ ਸੀ, ਪਰ ਮਿੰਦੋ ਦਾ ਇਕ ਵੈਲੀ ਭਰਾ ਅਰਜਨ ਦੇ ਪੁੱਤ ਹੋਏ ਤੋਂ ਖੁਸ਼ ਨਾ ਹੋਇਆ। ਉਹ ਸੋਚਦਾ ਸੀ ਕਿ ਅਰਜਨ ਜਹਾਨੋਂ ਔਤ ਜਾਵੇਗਾ ਤੇ ਉਸ ਦੇ ਭਾਣਜੇ ਸਾਰੀ ਜ਼ਮੀਨ ਦੇ ਹੱਕਦਾਰ ਹੋ ਜਾਣਗੇ। ਉਸ ਨੇ ਮਿੰਦੋ ਨਾਲ ਤਾਂ ਕਦੇ ਗੱਲ ਨਹੀਂ ਕੀਤੀ ਸੀ ਕਿ ਉਹਨੇ ਅਰਜਨ ਦੇ ਮਾਸੂਮ ਪੁੱਤ ਦਾ ਕੰਡਾ ਕੱਢਣਾ ਹੈ, ਪਰ ਆਪ ਵਿਉਂਤਾਂ ਘੜੀ ਜਾਂਦਾ।
ਮਿੰਦੋ ਨੂੰ ਤੀਆਂ ਦਾ ਸੰਧਾਰਾ ਦੇਣ ਆਇਆ ਤਾਂ ਕਹਿਣ ਲੱਗਾ, “ਮਿੰਦੋ! ਆਹ ਰੱਬ ਨੇ ਵੀ ਘਰ ਤੇ ਖੇਤ ਵਿਚ ਲਕੀਰ ਖਿੱਚ ਦਿੱਤੀ। ਹੁਣ ਘਰ ਤੇ ਜ਼ਮੀਨ ਟੁਕੜਿਆਂ ਵਿਚ ਵੰਡੀ ਜਾਊ।”
“ਬਾਈ, ਮੂੰਹ ਸੰਭਾਲ ਕੇ ਗੱਲ ਕਰ, ਮੈਨੂੰ ਪਤੈ ਕਿਥੋਂ ਬੋਲਦੈਂ ਤੂੰ।” ਮਿੰਦੋ ਨੇ ਕਰਾਰਾ ਜਵਾਬ ਦਿੱਤਾ।
“ਮਿੰਦੋ, ਹੁਣ ਤੈਨੂੰ ਪਤਾ ਨਹੀਂ ਕਿ ਅਗਾਂਹ ਕੀ ਹੋਣਾ। ਮੈਂ ਕਹਿਨਾ, ਅਰਜਨ ਦੇ ਪੁੱਤ ਵਾਲਾ ਕੰਡਾ ਕੱਢ ਦੇਈਏ ਤੇ ਸਾਰਾ ਕੁਝ ਤੇਰੇ ਦੋਵੇਂ ਪੁੱਤਾਂ ਦਾ ਹੋ ਜਾਊ।”
“ਵੇ ਮਰ ਜਾਵੇਂ ਜੈਲਿਆ! ਅਜਿਹਾ ਸੋਚਣ ਵਾਲਿਆ। ਅਸੀਂ ਤਾਂ ਨੱਕ ਰਗੜ-ਰਗੜ ਕੇ ਮਸਾਂ ਪੁੱਤ ਲਿਆ ਵੇæææ ਮਰ ਵੇ ਕਲਜੁਗੀ ਮਾਮਿਆਂ, ਜਾਹ! ਅੱਜ ਪਿਛੋਂ ਮੇਰੀ ਦਹਿਲੀਜ਼ ਨਾ ਚੜ੍ਹੀਂ।” ਮਿੰਦੋ ਰੋ ਪਈ ਸੀ। ਭਰਾ ਦੇ ਮੂੰਹੋਂ ਸੁਣੀਆਂ ਗੱਲਾਂ ਨੇ ਮਿੰਦੋ ਦੀ ਭੁੱਖ ਤੇ ਨੀਂਦ ਚੁਰਾ ਲਈ ਸੀ। ਸਾਰਿਆਂ ਦੇ ਜ਼ੋਰ ਪਾਉਣ ਉਤੇ ਉਸ ਨੇ ਜੈਲੇ ਦੀ ਵਿਉਂਤ ਸੁਣਾ ਦਿੱਤੀ। ਟਹਿਲ ਸਿੰਘ ਨੇ ਦੋਨਾਲੀ ਚੁੱਕ ਲਈ ਕਿ ਜੈਲਾ ਮਾਰ ਦੇਣੈ, ਪਰ ਅਰਜਨ ਨੇ ਸਿਆਣਪ ਨਾਲ ਕੰਮ ਲੈਂਦਿਆਂ ਜੈਲੇ ਨੂੰ ਸੱਦ ਲਿਆ। ਉਸ ਦੇ ਅੰਦਰਲੀ ਭੜਾਸ ਰੰਮ ਦੇ ਦੋ ਪੈੱਗਾਂ ਰਾਹੀਂ ਬਾਹਰ ਆ ਗਈ।
ਸਵੇਰੇ ਉਠਣ ਤੋਂ ਬਾਅਦ ਅਰਜਨ ਜੈਲੇ ਨੂੰ ਕਹਿੰਦਾ, “ਜੈਲਿਆ! ਮੇਰਾ ਸਾਰਾ ਘਰ ਤੇ ਜ਼ਮੀਨ ਜਗਦੇਵ ਦੇ ਪੁੱਤਾਂ ਨਾਂ ਕਰਵਾ ਦਿੰਨਾਂ, ਪਰ ਮੇਰੇ ਮਸਾਂ-ਮਸਾਂ ਦੇ ਪੁੱਤ ਦਾ ਵਾਲ ਵਿੰਗਾ ਨਾ ਹੋਵੇ।” ਜੈਲਾ ਕੀ ਬੋਲਦਾ, ਉਸ ਦੀ ਚੁੱਪ ਸਭ ਕੁਝ ਕਹਿ ਗਈ ਸੀ।
ਅਰਜਨ ਨੇ ਸਭ ਕੁਝ ਜਗਦੇਵ ਦੇ ਪੁੱਤਾਂ ਨਾਂ ਕਰਵਾ ਕੇ ਆਪਣੇ ਪੁੱਤ ਦੀ ਜਾਨ ਬਖ਼ਸ਼ਾ ਲਈ। ਉਸ ਨੂੰ ਪਤਾ ਸੀ ਕਿ ਜੈਲਾ ਵੈਲੀ ਹੈ, ਕਿਸੇ ਨੂੰ ਕਹਿ ਕੇ ਪੁੱਤ ਨਾ ਮਰਵਾ ਦੇਵੇ।
ਟਹਿਲ ਸਿੰਘ ਜਹਾਨੋਂ ਤੁਰ ਗਿਆ। ਜਗਦੇਵ ਦੇ ਦੋਵੇਂ ਪੁੱਤ ਵਿਆਹੇ ਗਏ। ਅਰਜਨ ਦਾ ਪੁੱਤ ਵੀ ਗੱਭਰੂ ਹੋਣ ਲੱਗਾ। ਧੰਨ ਕੌਰ ਅਤੇ ਮਿੰਦੋ ਦੇ ਪਿਆਰ ਵਿਚ ਫਰਕ ਨਾ ਪਿਆ। ਅਰਜਨ ਤੇ ਜਗਦੇਵ ਵੀ ਇਕ-ਦੂਜੇ ਵਿਚ ਸਾਹ ਲੈਂਦੇ, ਪਰ ਸੋਚਦੇ, ਜੇ ਭੈਣਾਂ ਦੇ ਘਰ ਖੁਸ਼ੀਆਂ ਹਨ ਤਾਂ ਇਸ ਤਰ੍ਹਾਂ ਦੇ ਭਰਾ ਕਿਉਂ ਘਰ ਉਜਾੜਦੇ ਹਨ!
ਸਮਾਂ ਬੀਤਦਾ ਗਿਆ। ਜੈਲੇ ਨੂੰ ਕਿਸੇ ਹੋਰ ਵੈਲੀ ਨੇ ਗੋਲੀ ਨਾਲ ਮਾਰ ਦਿੱਤਾ। ਮਿੰਦੋ ਨੇ ਖਬਰ ਸੁਣ ਕੇ ਸੁੱਖ ਦਾ ਸਾਹ ਲਿਆ। ਉਹ ਅਰਜਨ ਦੇ ਪੁੱਤ ਨੂੰ ਚਿੰਬੜ ਗਈ, ਜਿਵੇਂ ਉਸ ਦੀ ਫਾਂਸੀ ਮੁਆਫ ਹੋ ਗਈ ਹੋਵੇ! ਮਿੰਦੋ ਨੇ ਭਰਾ ਦੇ ਆਖਰੀ ਦਰਸ਼ਨ ਕੀਤੇ ਤੇ ਕਿਹਾ, “ਬਾਈ! ਖਾਲੀ ਹੱਥ ਹੀ ਲੈ ਕੇ ਚਲਿਆ ਗਿਆæææ ਕੁਝ ਨਾਲ ਲੈ ਜਾਂਦਾ। ਭੈਣਾਂ ਦੇ ਘਰ ਪੱਟੀਦੇ ਨਹੀਂ, ਵਸਾਈਦੇ ਹਨ।”
ਅਰਜਨ ਦੇ ਪੁੱਤ ਨੂੰ ਰਿਸ਼ਤੇ ਆਉਣ ਲੱਗੇ। ਮਿੰਦੋ ਤੇ ਜਗਦੇਵ ਨੇ ਆਪਣੇ ਛੁੱਟੀ ਆਏ ਪੁੱਤ ਕੋਲ ਬਿਠਾ ਲਏ। ਅਰਜਨ ਤੇ ਧੰਨ ਕੌਰ ਵੀ ਬੈਠ ਗਏ। ਜੈਲੇ ਮਾਮੇ ਦੀ ਸਾਰੀ ਕਰਤੂਤ ਪੁੱਤਾਂ ਨੂੰ ਸੁਣਾਈ। ਘਰ ਤੇ ਜ਼ਮੀਨ ਦੇ ਕਾਗਜ਼ ਵੀ ਦਿਖਾਏ। ਜਗਦੇਵ ਦੇ ਪੁੱਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਤੇ ਜ਼ਮੀਨ ਨਹੀਂ ਚਾਹੀਦੀ, ਭਰਾ ਚਾਹੀਦਾ ਹੈ। ਮਿੰਦੋ ਨੇ ਅੱਖਾਂ ਭਰ ਲਈਆਂ। ਫਿਰ ਅਰਜਨ ਦੇ ਪੁੱਤ ਦਾ ਵਿਆਹ ਹੋ ਗਿਆ। ਮਿੰਦੋ ਤੇ ਜਗਦੇਵ ਵੀ ਆਪਣੀ ਉਮਰ ਭੋਗ ਕੇ ਮਰੇ, ਅਰਜਨ ਤੇ ਧੰਨ ਕੌਰ ਵੀ ਜਹਾਨੋਂ ਤੁਰ ਗਏ। ਜਗਦੇਵ ਦੇ ਪੁੱਤਾਂ ਨੇ ਅਰਜਨ ਦਾ ਪੁੱਤ ਵੱਖ ਨਹੀਂ ਕੀਤਾ। ਹਮੇਸ਼ਾ ਆਪਣਾ ਖੂਨ ਸਮਝ ਕੇ ਹਿੱਕ ਨਾਲ ਲਾਈ ਰੱਖਿਆ।