ਬੇਗ਼ਮ

‘ਬੇਗ਼ਮ’ ਇਕੱਲੀ ਨੂਰੀ ਜਾਂ ਉਸ ਦੇ ਪਰਿਵਾਰ ਦੀ ਕਹਾਣੀ ਨਹੀਂ, ਕਹਾਣੀਕਾਰ ਐਸ਼ ਸਾਕੀ ਨੇ ਇਸ ਕਹਾਣੀ ਦਾ ਬਿਰਤਾਂਤ ਘਟਨਾਵਾਂ, ਸਮੇਂ ਤੇ ਸਥਾਨ ਦੇ ਪ੍ਰਸੰਗ ਇਸ ਤਰ੍ਹਾਂ ਬੀੜਿਆ ਹੈ ਕਿ ਇਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਦਸਤਕਾਰਾਂ ਦੀ ਹੋਣੀ ਦੀ ਕਹਾਣੀ ਹੋ ਨਿਬੜਦੀ ਹੈ। ਆਲੇ-ਦੁਆਲੇ ਤਬਦੀਲੀ ਹੋ ਰਹੀ ਹੈ ਅਤੇ ਦਿਸ ਵੀ ਰਹੀ ਹੈ, ਪਰ ਨੂਰੀ ਅਤੇ ਉਸ ਦੇ ਪਰਿਵਾਰ ਲਈ ਇਹ ਤਬਦੀਲੀ ਉਲਟੇ ਦਾਅ ਹੋ ਰਹੀ ਹੈ।

ਲੇਖਕ ਨੇ ਇਸ ਕਹਾਣੀ ਵਿਚ ਵੱਡੀ ਗੱਲ ਬੜੇ ਸਾਧਾਰਨ ਜਿਹੇ ਸ਼ਬਦਾਂ ਵਿਚ ਆਖ ਸੁਣਾਈ ਹੈ। -ਸੰਪਾਦਕ

ਐਸ਼ ਸਾਕੀ
ਨੂਰੀ ਦਾ ਨਿਕਾਹ ਨਹੀਂ ਸੀ ਹੁੰਦਾ। ਖਾਸੀ ਉਮਰ ਹੋ ਗਈ ਸੀ। ਅਠਾਈ ਪਾਰ ਕਰ ਗਈ ਸੀ ਉਹ। ਉਸ ਦੀਆਂ ਸਹੇਲੀਆਂ ਵਿਚੋਂ ਹੁਣ ਤਾਂ ਕੋਈ ਵੀ ਬਾਕੀ ਨਹੀਂ ਸੀ ਬਚੀ। ਜ਼ੁਬੈਦਾ, ਹਮੀਸਾ, ਪਰਵੀਨ, ਗੁਲਬਾਨੋ ਸਾਰੀਆਂ ਹੀ ਆਪੋ-ਆਪਣੇ ਸਹੁਰੇ ਘਰ ਟੁਰ ਗਈਆਂ ਸਨ, ਵਿਆਹ ਕਰਵਾ ਕੇ। ਨੂਰੀ ਨੂੰ ਧੱਕਾ ਤਾਂ ਉਦੋਂ ਲੱਗਾ ਜਦੋਂ ਉਸ ਦੀ ਹਮਉਮਰ ਸਹੇਲੀ ਜ਼ੋਹਰਾ ਵੀ ਉਸ ਨੂੰ ਇਕੱਲੀ ਛੱਡ ਗਈ, ਜਿਸ ਦਾ ਦੋ ਮਹੀਨੇ ਪਹਿਲਾਂ ਜ਼ਫਰ ਨਾਲ ਮੌਲਵੀ ਨੇ ਨਿਕਾਹ ਪੜ੍ਹਵਾ ਦਿੱਤਾ ਸੀ।
ਜਦੋਂ ਵੀ ਮੁਹੱਲੇ ਵਿਚ ਜਾਂ ਮੁਹੱਲੇ ਤੋਂ ਦੂਰ ਰਿਸ਼ਤੇਦਾਰੀ ਵਿਚ ਕਿਸੇ ਵੀ ਕੁੜੀ ਦਾ ਨਿਕਾਹ ਹੁੰਦਾ ਤਾਂ ਉਨ੍ਹਾਂ ਘਰ ਸੱਦਾ ਪੱਤਰ ਜ਼ਰੂਰ ਆਉਂਦਾ ਸੀ। ਨੂਰੀ ਆਪਣੀ ਅੰਮੀ ਨਾਲ ਹਮੇਸ਼ਾਂ ਉਥੇ ਜਾਂਦੀ। ਨੂਰੀ ਨਵੇਂ ਕੱਪੜਿਆਂ ਵਿਚ ਸਜੀਆਂ ਕੁੜੀਆਂ ਤੇ ਔਰਤਾਂ ਨੂੰ ਵੇਖਦੀ। ਆਪਣੀ ਤੁਲਨਾ ਨਿਕਾਹ ਹੋਣ ਵਾਲੀ ਕੁੜੀ ਨਾਲ ਕਰਦੀ। ਉਸ ਤੋਂ ਵੱਧ ਕੇ ਸੋਹਣੀ ਸੀ ਉਹæææ।
ਵਿਆਹੀ ਜਾਣ ਵਾਲੀ ਨੂੰ ਵੇਖ ਉਹ ਜਿਵੇਂ ਆਪਣੇ ਆਪ ਨੂੰ ਕਹਿੰਦੀ, “ਮੇਰਾ ਵਿਆਹ ਕਿਉਂ ਨਹੀਂ ਹੁੰਦਾ? ਮੈਂ ਹਰ ਵਾਰੀ ਨੂਰੀ ਬਣੀ ਰਹਿ ਜਾਂਦੀ ਹਾਂ। ਨਿਕਾਹ ਕਰਵਾ ਕੇ ਨੂਰੀ ਬੇਗ਼ਮ ਕਿਉਂ ਨਹੀਂ ਬਣ ਜਾਂਦੀ?” ਕਈ ਸਵਾਲ ਆਉਂਦੇ ਉਹਦੇ ਮਨ ਵਿਚ, ਪਰ ਉਸ ਨੂੰ ਉਨ੍ਹਾਂ ਦਾ ਕੋਈ ਠੀਕ ਜਵਾਬ ਨਾ ਲੱਭਦਾ।
ਵਿਆਹ ਵਿਚ ਆਈਆਂ ਔਰਤਾਂ ਉਸ ਦੀ ਮਾਂ ਨੂੰ ਜ਼ਰੂਰ ਪੁੱਛ ਲੈਂਦੀਆਂ ਸਨ, “ਨੂਰੀ ਦੀ ਅੰਮੀ, ਤੂੰ ਬੇਟੀ ਨੂੰ ਵਿਆਹ ਦਾ ਜੋੜਾ ਕਦੋਂ ਪਹਿਨਾਵੇਂਗੀ? ਕਦੋਂ ਜਾਵੇਗੀ ਉਹ ਆਪਣੇ ਸਹੁਰੇ ਘਰ?” ਅਜਿਹੇ ਸਵਾਲਾਂ ਦਾ ਉਹਦੀ ਅੰਮੀ ਰੇਸ਼ਮਾ ਨੂੰ ਜਵਾਬ ਦੇਣਾ ਬਹੁਤ ਔਖਾ ਲੱਗਦਾ। ਉਹ ਉਨ੍ਹਾਂ ਔਰਤਾਂ ਵੱਲ ਵੇਖਦੀ ਹੋਈ ਕਹਿੰਦੀ, “ਮੈਂ ਤਾਂ ਨਿਕਾਹ ਕਰ ਦੇਵਾਂ ਇੰਸ਼ਾ ਅੱਲਾ। ਮੁੰਡੇ ਵੀ ਬਹੁਤੇਰੇ ਫਿਰਦੇ ਨੇ ਸਾਡੇ ਪਿੱਛੇ। ਕਿੰਨੇ ਹੀ ਰਿਸ਼ਤੇ ਆਉਂਦੇ ਨੇ ਸਾਡੀ ਨੂਰੀ ਨੂੰ। ਕਾਹਦੀ ਕਮੀ ਹੈ ਇਸ ਵਿਚ ਕਿ ਪੁੱਛ ਨਾ ਪਵੇ, ਪਰ ਚੱਜ ਦਾ ਮੁੰਡਾ ਤਾਂ ਮਿਲੇ। ਜਿਹੜੇ ਮਿਲਦੇ ਨੇ ਬਸ ਐਵੇਂ ਹੀæææਸਾਡੀ ਨੂਰੀ ਨੇੜੇ ਤਾਂ ਖੜੋਣ ਜੋਗਾ ਵੀ ਨਹੀਂ ਕੋਈæææ।”
ਨੂਰੀ ਦੀ ਅੰਮੀ ਝੂਠ ਬੋਲਦੀ। ਸ਼ਾਇਦ ਰੇਸ਼ਮਾ ਦੀ ਇਹ ਸਾਰੀ ਗੱਲ ਠੀਕ ਨਹੀਂ ਸੀ। ਜਦੋਂ ਨੂਰੀ ਅਠਾਰਵੇਂ ਵਿਚ ਲੱਗੀ ਸੀ, ਰੇਸ਼ਮਾ ਨੇ ਤਾਂ ਤਦੇ ਹੀ ਉਸ ਦੇ ਨਿਕਾਹ ਬਾਰੇ ਆਪਣੇ ਪਤੀ ਖ਼ਾਲਿਦ ਨਾਲ ਗੱਲ ਵੀ ਕੀਤੀ ਸੀ, ਪਰ ਉਸ ਨੇ ਰੇਸ਼ਮਾ ਨੂੰ ‘ਅਜੇ ਛੋਟੀ ਹੈ’ ਕਹਿ ਕੇ ਗੱਲ ਟਾਲ ਦਿੱਤੀ ਸੀ, ਜਦੋਂਕਿ ਗੱਲ ਇਹ ਨਹੀਂ ਸੀ। ਜਦੋਂ ਵੀ ਉਥੇ ਵਿਆਹ ਹੁੰਦੇ ਸਨ ਤਾਂ ਧੀਆਂ ਵਾਲਿਆਂ ਸਾਹਮਣੇ ਮੁੰਡੇ ਵਾਲੇ ਅਕਸਰ ਆਪਣੀ ਮੰਗ ਪਹਿਲਾਂ ਹੀ ਰੱਖ ਦਿੰਦੇ ਸਨ ਜਿਹੜੀ ਨਿਕਾਹ ਤੋਂ ਪਹਿਲਾਂ ਦੇਣੀ ਹੁੰਦੀ ਸੀ।
ਖ਼ਾਲਿਦ ਸਾਹਮਣੇ ਵੀ ਇਹੋ ਅੜਚਣ ਸੀ। ਉਸ ਨੇ ਇਸ ਤੋਂ ਪਹਿਲਾਂ ਆਪਣੀ ਵੱਡੀ ਧੀ ਨਫ਼ੀਸਾ ਦਾ ਵਿਆਹ ਕੀਤਾ ਸੀ। ਤਦ ਉਸ ਨੇ ਵਿਆਹ ਲਈ ਵਿਆਜੂ ਪੈਸੇ ਫੜੇ ਸਨ ਜਿਹੜੇ ਹੁਣ ਤਕ ਉਸੇ ਤਰ੍ਹਾਂ ਸਿਰ Ḕਤੇ ਖਲੋਤੇ ਸਨ। ਹਰ ਵਰ੍ਹੇ ਉਸ ਦਾ ਵਿਆਜ ਹੀ ਮੋੜ ਪਾਉਂਦਾ ਸੀ ਉਹ। ਰਕਮ ਉਸ ਕੋਲੋਂ ਨਹੀਂ ਉਤਰਦੀ ਸੀ।
ਖ਼ਾਲਿਦ ਪੇਸ਼ੇ ਵੱਲੋਂ ਬੁਣਕਰ ਸੀ। ਉਹ ਸ਼ੁਰੂ ਤੋਂ ਇਸ ਖਾਨਦਾਨੀ ਪੇਸ਼ੇ ਵਿਚ ਸੀ। ਪੀੜ੍ਹੀਆਂ ਤੋਂ ਉਹ ਲੋਕ ਕਾਲੀਨ ਬੁਣਨ ਦਾ ਕੰਮ ਕਰਦੇ ਆ ਰਹੇ ਸਨ। ਖ਼ਾਲਿਦ ਜਿਹੇ ਕਾਰੀਗਰ ਤਾਂ ਸਾਰੇ ਕਸ਼ਮੀਰ ਵਿਚ ਇੱਕ ਦੋ ਹੀ ਸਨ।
ਖ਼ਾਲਿਦ ਨੇ ਵੱਡਾ ਚੰਗਾ ਵਕਤ ਵੇਖਿਆ ਸੀ ਜਦੋਂ ਸੱਤ ਅੱਠ ਵਰ੍ਹਿਆਂ ਦੀ ਉਮਰ ਵਿਚ ਉਹ ਆਪਣੇ ਅੱਬਾ ਨਾਲ ਇਸ ਪੇਸ਼ੇ ਵਿਚ ਪੈ ਗਿਆ ਸੀ। ਉਦੋਂ ਦਿਨ ਬਹੁਤ ਵਧੀਆ ਸਨ। ਮਸ਼ੀਨੀ ਯੁੱਗ ਸ਼ੁਰੂ ਨਹੀਂ ਸੀ ਹੋਇਆ। ਕਾਲੀਨ ਤਿਆਰ ਕਰਨ ਲਈ ਸੂਤ ਦਾ ਤਾਣਾ ਬੁਣਿਆ ਜਾਂਦਾ। ਇੱਕ-ਇੱਕ ਗੰਢ ਮਾਰ ਕੇ ਫਿਰ ਉਹ ਕਾਲੀਨ ਬੁਣਨ ਲੱਗਦੇ। ਇਸ ਕੰਮ ਵਿਚ ਸਾਰਾ ਟੱਬਰ ਹੀ ਲੱਗ ਜਾਂਦਾ, ਕੀ ਵੱਡੇ ਤੇ ਕੀ ਛੋਟੇ, ਸਾਰੇ ਹੀ। ਛੋਟੀ ਤੋਂ ਛੋਟੀ ਗੰਢ ਮਾਰੀ ਜਾਂਦੀ। ਅਖੀਰ ਇੰਨਾ ਖ਼ੂਬਸੂਰਤ ਕਾਲੀਨ ਬਣਦਾ ਕਿ ਘਰ ਦਾ ਮੋਢੀ ਕਿੰਨਾ-ਕਿੰਨਾ ਚਿਰ ਉਸ ਵੱਲ ਇਸ ਤਰ੍ਹਾਂ ਵੇਖਦਾ ਰਹਿੰਦਾ ਜਿਵੇਂ ਕਾਲੀਨ ਨਾ ਹੋ ਕੇ ਉਸ ਦਾ ਜਾਇਆ ਹੋਵੇ।
ਜੇ ਵਰ੍ਹੇ ਵਿਚ ਇੱਕ ਕਾਲੀਨ ਤਿਆਰ ਹੁੰਦਾ ਤਾਂ ਉਸ ਨੂੰ ਖ਼ਰੀਦਣ ਵਾਲੇ ਰਾਜੇ ਤੋਂ ਇਲਾਵਾ ਹੋਰ ਬਹੁਤ ਸਾਰੇ ਅਮੀਰ ਲੋਕ ਹੁੰਦੇ, ਜਿਹੜੇ ਉਸ ਦੀ ਮੂੰਹ ਮੰਗੀ ਕੀਮਤ ਦੇ ਦਿੰਦੇ ਸਨ। ਜਿਸ ਨਾਲ ਘਰ ਦਾ ਇੱਕ ਸਾਲ ਦਾ ਖ਼ਰਚਾ ਟੁਰਦਾ ਰਹਿੰਦਾ ਸੀ। ਕਦੇ ਵੀ ਉਨ੍ਹਾਂ ਨੂੰ ਤੰਗੀ ਦਾ ਮੂੰਹ ਨਹੀਂ ਸੀ ਵੇਖਣਾ ਪੈਂਦਾ। ਇਹ ਸਾਰਾ ਕੁਝ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸੀ।
ਵਕਤ ਬਦਲਿਆ। ਦੇਸ਼ ਨੂੰ ਆਜ਼ਾਦੀ ਮਿਲੀ, ਅੰਗਰੇਜ਼ ਚਲੇ ਗਏ, ਰਾਜਿਆਂ ਦੇ ਰਾਜ ਖ਼ਤਮ ਹੋ ਗਏ। ਪੱਛਮੀ ਸਭਿਅਤਾ ਹੌਲੀ-ਹੌਲੀ ਮੁਲਕ ਵਿਚ ਪਸਰਨ ਲੱਗੀ। ਲੋਕਾਂ ਦੇ ਸ਼ੌਕ ਵਿਚ ਪਰਿਵਰਤਨ ਆ ਗਿਆ। ਘਰ ਦੀ ਸਜਾਵਟ ਤਾਂ ਹੁੰਦੀ, ਪਰ ਉਸ ਲਈ ਜਿਹੜਾ ਕਾਲੀਨ ਸਾਰਾ ਟੱਬਰ ਇੱਕ ਵਰ੍ਹੇ ਵਿਚ ਲੱਗ ਕੇ ਤਿਆਰ ਕਰਦਾ ਸੀ, ਮਸ਼ੀਨ ਅਜਿਹੇ ਕਈ ਇੱਕ ਦਿਨ ਵਿਚ ਬੁਣ ਦਿੰਦੀ।
ਘਰਾਂ ਵਿਚ ਕਾਲੀਨ ਹੁਣ ਵੀ ਵਿਛਾਏ ਜਾਂਦੇ ਸਨ, ਪਰ ਬੁਣਕਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਕੋਈ ਨਾ ਦਿੰਦਾ। ਮੁਨਾਫ਼ਾ ਕਾਰੀਗਰਾਂ ਦੇ ਹੱਥਾਂ Ḕਚੋਂ ਨਿਕਲ ਉਨ੍ਹਾਂ ਲੋਕਾਂ ਕੋਲ ਚਲਾ ਗਿਆ ਜਿਹੜੇ ਪਹਿਲਾਂ ਤੋਂ ਹੀ ਪੈਸੇ ਵਾਲੇ ਸਨ। ਜਿਹੜੇ ਕਾਲੀਨ ਬੁਣਨ ਲਈ ਕਾਰੀਗਰਾਂ ਨੂੰ ਮਾਲ ਦਿੰਦੇ ਸਨ। ਉਧਾਰ ਦਿੱਤੇ ਮਾਲ Ḕਤੇ ਵਿਆਜ ਲਾਉਂਦੇ ਸਨ। ਤਿਆਰ ਕੀਤੇ ਕਾਲੀਨ ਨੂੰ ਸਸਤਾ ਖ਼ਰੀਦ ਕੇ ਵੱਡੇ-ਵੱਡੇ ਸ਼ੋਅਰੂਮਾਂ ਵਿਚ ਮੂੰਹ ਮੰਗੇ ਮੁੱਲ Ḕਤੇ ਵੇਚਦੇ ਸਨ। ਬਾਹਰ ਦੇ ਮੁਲਕਾਂ ਵਿਚ ਭੇਜ ਦਿੰਦੇ ਸਨ। ਬੁਣਕਰ ਫ਼ਿਰ ਭੁੱਖੇ ਦੇ ਭੁੱਖੇ ਹੀ ਰਹਿ ਜਾਂਦੇ ਸਨ।
ਉਨ੍ਹਾਂ ਬੁਣਕਰਾਂ ਵਿਚ ਖ਼ਾਲਿਦ ਵੀ ਸੀ। ਸੱਠਾਂ ਦੀ ਉਮਰ ਦਾ ਜਿਸ ਦੇ ਘਰ ਵਿਚ ਤਿੰਨ ਧੀਆਂ ਪੈਦਾ ਹੋਈਆਂ। ਜਿਨ੍ਹਾਂ ਵਿਚੋਂ ਇੱਕ ਉਸ ਨੇ ਵਿਆਹ ਦਿੱਤੀ ਸੀ। ਦੂਜੀ ਅਠਾਈ ਵਰਿਆਂ ਦੀ ਨੂਰੀ ਅਜੇ ਵੀ ਉਸ ਦੀ ਚੌਖਟ Ḕਤੇ ਕਿੱਲ ਵਾਂਗ ਗੱਡੀ ਹੋਈ ਸੀ। ਉਸ ਨੇ ਕਈ ਵਾਰੀ ਕੋਸ਼ਿਸ਼ ਕੀਤੀ ਉਸ ਕਿੱਲ ਨੂੰ ਪੁੱਟ ਘਰੋਂ ਬਾਹਰ ਸੁੱਟ ਦੇਵੇ, ਪਰ ਹਰ ਵਾਰ ਘਰ ਦੀ ਤੰਗੀ ਵਿਚਕਾਰ ਆ ਖਲੋਂਦੀ। ਜਦੋਂ ਖ਼ਾਲਿਦ ਦਾ ਨਿਕਾਹ ਹੋਇਆ ਸੀ ਤਾਂ ਉਸ ਦੇ ਅੱਬਾ ਨੇ ਰੇਸ਼ਮਾ ਦੇ ਅੱਬਾ ਕੋਲੋਂ ਇੱਕ ਪੈਸਾ ਵੀ ਨਕਦ ਨਹੀਂ ਸੀ ਲਿਆ, ਪਰ ਹੁਣ ਰੀਤ ਬਦਲ ਗਈ ਸੀ। ਮੁੰਡਿਆਂ ਦੇ ਸੌਦੇ ਹੋਣ ਲੱਗੇ ਸਨ। ਮੁੰਡੇ ਵਾਲੇ ਹੈਸੀਅਤ ਵਿਚ ਜਿੰਨੇ ਤਕੜੇ ਹੁੰਦੇ ਸਨ ਉਨੇ ਹੀ ਉਨ੍ਹਾਂ ਦੇ ਮੂੰਹ ਵੱਧ ਅੱਡੇ ਹੁੰਦੇ ਸਨ।
ਨੂਰ ਜੁਆਨ ਹੋ ਗਈ ਸੀ। ਇਹ ਖ਼ਾਲਿਦ ਨੂੰ ਵੀ ਪਤਾ ਸੀ, ਪਰ ਬਹੁਤ ਕੋਸ਼ਿਸ਼ ਕਰਨ Ḕਤੇ ਵੀ ਉਹ ਕੋਈ ਮੁੰਡਾ ਉਸ ਲਈ ਨਹੀਂ ਸੀ ਲੱਭ ਸਕਿਆ। ਉਸ ਨੂੰ ਕਈ ਵਾਰੀ ਨੂਰੀ ਦਾ ਖ਼ਿਆਲ ਆਉਂਦਾ ਜਿਹੜੀ ਹਰ ਪਾਸੇ ਤੋਂ ਗੁਣੀ ਸੀ। ਰੱਜ ਕੇ ਖ਼ੂਬਸੂਰਤ ਸੀ ਉਹ। ਕੰਮ ਵਿਚ ਨਿਪੁੰਨ ਸੀ। ਉਹ ਬੁਣੇ ਜਾ ਰਹੇ ਕਾਲੀਨ ਵਿਚ ਕਈ ਵਾਰੀ ਅਜਿਹਾ ਡਿਜ਼ਾਈਨ ਪਾ ਦਿੰਦੀ ਸੀ ਕਿ ਖ਼ਾਲਿਦ ਵੇਖਦਾ ਹੀ ਰਹਿ ਜਾਂਦਾ ਸੀ। ਖ਼ਾਲਿਦ ਦਾ ਮਨ ਕਰਦਾ ਕਿ ਨੂਰੀ ਅਜਿਹੇ ਘਰ ਜਾਵੇ ਜਿੱਥੋਂ ਦੇ ਬੁਣੇ ਕਾਲੀਨ ਵੱਡੇ-ਵੱਡੇ ਘਰਾਂ ਦੀ ਸ਼ੋਭਾ ਬਣਦੇ ਹੋਣ, ਪਰ ਉਨ੍ਹਾਂ ਘਰਾਂ ਦੇ ਮੁੰਡਿਆਂ ਨੂੰ ਦੇਣ ਲਈ ਉਸ ਕੋਲ ਤਾਂ ਕੁਝ ਵੀ ਨਹੀਂ ਸੀ।
ਇੱਕ ਦਿਨ ਦੂਰ ਦੇ ਰਿਸ਼ਤੇਦਾਰ ਨੇ ਨਾਲ ਦੇ ਪਿੰਡ ਕਿਸੇ ਮੁੰਡੇ ਦੀ ਦੱਸ ਪਾਈ। ਖ਼ਾਲਿਦ ਨੇ ਅਗਲੇ ਦਿਨ ਸਵੇਰੇ ਉਠ ਨਮਾਜ਼ ਅਦਾ ਕੀਤੀ ਅਤੇ ਤਿਆਰ ਹੋ ਕੇ ਉਸ ਪਿੰਡ ਵੱਲ ਟੁਰ ਪਿਆ। ਉਸ ਨੇ ਭਾਵੇਂ ਆਪਣੀ ਪਤਨੀ ਰੇਸ਼ਮਾ ਨਾਲ ਹੀ ਇਸ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਹੌਲੀ-ਹੌਲੀ ਕਿਸੇ ਮੁੰਡੇ ਬਾਰੇ ਬੋਲਦਿਆਂ ਨੂਰੀ ਨੇ ਵੀ ਸੁਣ ਲਿਆ ਸੀ।
ਅੱਬਾ ਦੇ ਘਰੋਂ ਬਾਹਰ ਚਲੇ ਜਾਣ Ḕਤੇ ਉਹਦੇ ਮਨ Ḕਚ ਆਇਆ ਕਿ ਉਹ ਅੰਮੀ ਨਾਲ ਗੱਲ ਕਰੇ, ਪਰ ਉਸ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਜਦੋਂ ਦਾ ਉਸ ਦੀ ਸਹੇਲੀ ਜ਼ੋਹਰਾ ਦਾ ਵਿਆਹ ਹੋਇਆ ਸੀ, ਉਸ ਨੇ ਸ਼ੀਸ਼ਾ ਵੇਖਣਾ ਹੀ ਬੰਦ ਕਰ ਦਿੱਤਾ ਸੀ। ਉਹ ਸੋਚਦੀ, “ਕਿਸ ਲਈ ਵੇਖਾਂ ਮੈਂ ਸ਼ੀਸ਼ਾ? ਕੌਣ ਪਾਵੇਗਾ ਮੇਰੀ ਕਦਰ? ਮੈਨੂੰ ਤਾਂ ਕਿਸੇ ਨੇ ਬੇਗ਼ਮ ਬਣਾਉਣਾ ਹੀ ਨਹੀਂ। ਮੈਂ ਤਾਂ ਸਾਰੀ ਉਮਰ ਆਪਣੇ ਅੱਬਾ ਦੀ ਚੌਖਟ Ḕਤੇ ਬੈਠੀ ਰਹਾਂਗੀ।” ਪਰ ਅੱਜ਼ææ।
ਪਤਾ ਨਹੀਂ ਕੀ ਸੋਚ ਕੇ ਉਹ ਸ਼ੀਸ਼ੇ ਵਿਚ ਆਪਣੀ ਸ਼ਕਲ ਵੇਖਣ ਲੱਗੀ। ਉਸ ਦੇ ਮਨ ਵਿਚ ਖ਼ੂਬਸੂਰਤ ਮੁੰਡੇ ਦਾ ਵਜੂਦ ਸੀ ਜਿਹੜਾ ਨਵੇਂ ਕੱਪੜੇ ਪਹਿਨ ਉਸ ਦੇ ਘਰ ਆਵੇਗਾ। ਪਰਦੇ ਪਿੱਛੇ ਬੈਠੀ ਕੋਲੋਂ ਮੌਲਵੀ ਜੀ ਪੁੱਛਣਗੇ, “ਬੀਬੀ ਨੂਰੀ ਤੇਰਾ ਨਿਕਾਹ ਹਫ਼ੀਜ਼ ਮੀਆਂ ਦੇ ਪੁੱਤਰ ਰੁਸਤਮ ਨਾਲ ਹੋ ਰਿਹੈ, ਕੀ ਤੂੰ ਇਸ ਨਿਕਾਹ ਲਈ ਰਾਜ਼ੀ ਹੈ?” ਜਦੋਂ ਉਹ ਹਾਂ ਕਹੇਗੀ ਘਰ ਖ਼ੁਸ਼ੀਆਂ ਨਾਲ ਭਰ ਜਾਵੇਗਾ। ਅੰਮੀ ਅਜਿਹਾ ਹੋਣ Ḕਤੇ ਉਸ ਦਾ ਮੱਥਾ ਚੁੰਮ ਉਸ ਨੂੰ ਸੀਨੇ ਨਾਲ ਲਾ ਲਾਵੇਗੀ। ਉਸ ਦੇ ਅੱਬਾ ਦੇ ਘਰ ਦੀ ਚੌਖਟ Ḕਤੇ ਕਿੰਨੇ ਵਰ੍ਹਿਆਂ ਦੀ ਗੱਡੀ ਕਿੱਲ ਉਖੜ, ਘਰ ਅੰਦਰ ਜਾਣ ਦਾ ਰਾਹ ਮੋਕਲਾ ਹੋ ਜਾਵੇਗਾ।
ਦਿਨ ਹੌਲੀ-ਹੌਲੀ ਟੁਰਨ ਲੱਗਾ। ਸਾਰੇ ਦਿਨ ਵਿਚ ਨੂਰੀ ਨੇ ਠੀਕ ਤਰ੍ਹਾਂ ਰੋਟੀ ਵੀ ਨਹੀਂ ਸੀ ਖਾਧੀ। ਉਹ ਤਾਂ ਕਿਤੇ ਬਾਹਰ ਵੀ ਨਹੀਂ ਗਈ। ਬੱਸ ਉਸ ਨੂੰ ਤਾਂ ਉਡੀਕ ਸੀ ਆਪਣੇ ਅੱਬਾ ਦੀ ਜਿਹੜਾ ਉਸ ਲਈ ਖ਼ੁਸ਼ੀ ਦਾ ਪੈਗਾਮ ਲੈ ਕੇ ਆਵੇਗਾ।
ਅਜੇ ਚੰਗੀ ਤਰ੍ਹਾਂ ਧੁੱਪ ਵੀ ਨਹੀਂ ਸੀ ਚੜ੍ਹੀ ਕਿ ਖ਼ਾਲਿਦ ਉਸ ਪਿੰਡ ਪਹੁੰਚ ਗਿਆ ਸੀ ਅਤੇ ਫਿਰ ਮੁੰਡੇ ਦੇ ਘਰ ਨੇੜੇæææ! ਉਹ ਪਿੰਡ ਦੀਆਂ ਜਿਹੜੀਆਂ ਗਲੀਆਂ ਰਾਹੀਂ ਲੰਘਦਾ ਜਾ ਰਿਹਾ ਸੀ, ਉਹ ਇੰਨੀਆਂ ਸਾਫ਼ ਨਹੀਂ ਸਨ। ਗੰਦੀਆਂ-ਗੰਦੀਆਂ ਸਨ, ਉਸ ਦੇ ਪਿੰਡ ਦੀਆਂ ਗਲੀਆਂ ਨਾਲੋਂ ਵੀ ਵੱਧ। ਘਰ ਵੀ ਐਵੇਂ ਟੁੱਟੇ ਭੱਜੇ ਸਨ, ਜਿਨ੍ਹਾਂ ਦੇ ਬੂਹਿਆਂ Ḕਤੇ ਟਾਟ ਲਮਕ ਰਹੇ ਸਨ।
ਖ਼ਾਲਿਦ ਦਾ ਦਿਲ ਛੋਟਾ ਹੁੰਦਾ ਜਾ ਰਿਹਾ ਸੀ। ਉਹ ਮਨੋ-ਮਨ ਅੱਲ੍ਹਾ ਅੱਗੇ ਜਿਵੇਂ ਫਰਿਆਦ ਕਰ ਰਿਹਾ ਸੀ ਕਿ ਉਸ ਦੀ ਧੀ ਲਈ ਜਿਹੜਾ ਘਰ ਉਹ ਵੇਖਣ ਜਾ ਰਿਹਾ ਹੈ, ਕਿਤੇ ਇਸੇ ਤਰ੍ਹਾਂ ਦਾ ਟੁੱਟਿਆ ਭੱਜਿਆ ਨਾ ਹੋਵੇ, ਪਰ ਅੱਲ੍ਹਾ ਨੇ ਉਸ ਦੀ ਨਹੀਂ ਸੁਣੀ। ਗਲੀ ਦੇ ਸਿਰੇ Ḕਤੇ ਇੱਕ ਮੁੰਡੇ ਕੋਲੋਂ ਘਰ ਦਾ ਪਤਾ ਪੁੱਛਿਆ ਤਾਂ ਉਸ ਨੂੰ ਉਸੇ ਤਰ੍ਹਾਂ ਦਾ ਟੁੱਟਿਆ ਭੱਜਿਆ ਘਰ ਦਿਸਿਆ ਜਿਸ ਦੇ ਬੂਹੇ Ḕਤੇ ਦੂਜੇ ਘਰਾਂ ਵਾਂਗ ਟਾਟ ਲਮਕ ਰਿਹਾ ਸੀ।
ਘਰ ਮੂਹਰੇ ਪਹੁੰਚ ਕੁਝ ਚਿਰ ਲਈ ਖ਼ਾਲਿਦ ਚੁੱਪ ਖਲੋਤਾ ਰਿਹਾ। ਫਿਰ ਉਸ ਨੇ ਹਫ਼ੀਜ਼ ਮੀਆਂ ਕਹਿ ਆਵਾਜ਼ ਲਗਾਈ। ਕੁਝ ਚਿਰ ਬਾਅਦ ਟਾਟ ਦਾ ਪਰਦਾ ਹਟਾ ਉਸ ਘਰ ਜਿਹਾ ਹੀ ਕੋਈ ਸੱਠਾਂ ਦੇ ਗੇੜ ਦਾ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ।
“ਅਸਲਾਮਾ ਲੇਕਮ।” ਖ਼ਾਲਿਦ ਨੇ ਉਸ ਨੂੰ ਵੇਖ ਆਖਿਆ। ਜਿਸ ਦੇ ਜਵਾਬ ਵਿਚ ਉਸ ਸ਼ਖ਼ਸ ਨੇ ਵੀ ‘ਵਾਅਲੈਕੁਮ-ਸਲਾਮ’ ਕਿਹਾ, ਪਰ ਇਹ ਕਹਿੰਦਿਆਂ ਉਸ ਨੇ ਖ਼ਾਲਿਦ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਅੱਖਾਂ ਰਾਹੀਂ ਪੁੱਛਿਆ ਹੋਵੇ- ਕੌਣ ਹੈ ਤੂੰæææ?
ਖ਼ਾਲਿਦ ਨੇ ਆਪਣੀ ਜਾਣ-ਪਛਾਣ ਕਰਵਾਈ, ਆਪਣੇ ਆਉਣ ਦਾ ਮਕਸਦ ਵੀ ਦੱਸਿਆ। ਹਫ਼ੀਜ਼ ਮੀਆਂ ਟਾਟ ਦਾ ਪਰਦਾ ਚੁੱਕ ਫਿਰ ਅੰਦਰ ਚਲਾ ਗਿਆ ਅਤੇ ਛੋਟੀ ਜਿਹੀ ਮੰਜੀ ਬਾਹਰ ਲੈ ਆਇਆ ਜਿਸ ਦੀ ਦੌਣ ਢਿੱਲੀ ਸੀ ਅਤੇ ਇੱਕ ਪਾਵੇ ਨੇ ਇੰਜ ਟੰਗ ਉਪਰ ਚੁੱਕੀ ਹੋਈ ਸੀ ਜਿਵੇਂ ਕੋਈ ਛੋਟੀ ਟੰਗ ਵਾਲਾ ਸ਼ਖ਼ਸ ਹੋਵੇ।
ਖ਼ਾਲਿਦ ਨੇ ਹੀ ਨੂਰੀ ਦੀ ਗੱਲ ਟੋਰੀ, “ਭਾਈ ਜਾਨ ਰਿਸ਼ਤੇ ਤਾਂ ਸਾਡੇ ਰੁਸਤਮ ਲਈ ਬਹੁਤ ਆਉਂਦੇ ਨੇ। ਇੱਕੋ-ਇੱਕ ਔਲਾਦ ਹੈ ਸਾਡੀ। ਮੇਰੇ ਮਰਨ ਤੋਂ ਬਾਅਦ ਸਭ ਕਾਸੇ ਦਾ ਮਾਲਕ ਉਹੀ ਹੋਵੇਗਾæææ।” ਹਫ਼ੀਜ਼ ਮੀਆਂ ਅਜੇ ਪੁੱਤ ਬਾਰੇ ਦੱਸ ਹੀ ਰਿਹਾ ਸੀ ਕਿ ਖ਼ਾਲਿਦ ਦੀ ਨਜ਼ਰ ਇੱਕ ਵਾਰੀ ਫਿਰ ਖੰਡਰ-ਨੁਮਾ ਉਸ ਘਰ ਵੱਲ ਚਲੀ ਗਈ ਜਿਸ ਦੀ ਮਲਕੀਅਤ ਉਸ ਸਾਹਮਣੇ ਬੈਠੇ ਟੁੱਟੇ ਭੱਜੇ ਘਰ ਜਿਹੇ ਬੰਦੇ ਦੇ ਪੁੱਤ ਹਿੱਸੇ ਆਉਂਦੀ ਸੀ।
ਉਹ ਸ਼ਖ਼ਸ ਬੋਲਦਾ ਗਿਆ ਅਤੇ ਖ਼ਾਲਿਦ ਸੁਣਦਾ ਰਿਹਾ। ਅਖੀਰ ਉਸ ਬੰਦੇ ਨੇ ਪੱਚੀ ਹਜ਼ਾਰ ਦੀ ਮੰਗ ਖ਼ਾਲਿਦ ਮੂਹਰੇ ਰੱਖ ਦਿੱਤੀ। ਪੱਚੀ ਹਜ਼ਾਰ ਆਖ ਉਹ ਖ਼ਾਲਿਦ ਦੇ ਚਿਹਰੇ ਵੱਲ ਵੇਖਣ ਲੱਗਾ, ਸਿਰਫ਼ ਇਹ ਜਾਣਨ ਲਈ ਕਿ ਉਸ ਦੀ ਗੱਲ ਦਾ ਕਿੰਨਾ ਅਤੇ ਕਿਹਾ ਅਸਰ ਹੋਇਆ। ਚੁੱਪ ਬੈਠਾ ਖ਼ਾਲਿਦ ਮਨੋ-ਮਨ ਹਿਸਾਬ ਲਾਉਣ ਲੱਗਾ ਕਿ ਕੀ ਨਵਾਂ ਕਾਲੀਨ ਬੁਣ ਕੇ ਉਹ ਪੱਚੀ ਹਜ਼ਾਰ ਕਮਾ ਲਵੇਗਾ?
ਗੱਲ ਪੰਦਰਾਂ ਹਜ਼ਾਰ Ḕਤੇ ਆ ਕੇ ਖੜੋ ਗਈ। “ਦੇਖੋ ਭਾਈ ਜਾਨ ਇੱਕ ਗੱਲ ਹੁਣੇ ਸਾਫ਼ ਕਰ ਦਿੰਦਾ ਹਾਂ, ਇਹ ਪੰਦਰਾਂ ਹਜ਼ਾਰ ਨਕਦ ਤੇ ਨਿਕਾਹ ਤੋਂ ਪਹਿਲਾਂ ਦੇਣੇ ਪੈਣਗੇ। ਬਰਾਤ ਫਿਰ ਹੀ ਤੁਹਾਡੇ ਬੂਹੇ Ḕਤੇ ਪਹੁੰਚੇਗੀ। ਦੂਜਾ ਇਹ ਨਿਕਾਹ ਦਸ ਮਹੀਨੇ ਬਾਅਦ ਹੋਵੇਗਾ। ਬਕਰੀਦ ਤੋਂ ਦੋ ਮਹੀਨੇ ਬਾਅਦ। ਅਸੀਂ ਹੁਣੇ ਤਰੀਕ ਪੱਕੀ ਕਰ ਲੈਂਦੇ ਹਾਂ। ਮੈਂ ਇਸ ਤੋਂ ਨਾ ਤਾਂ ਇੱਕ ਦਿਨ ਵੱਧ ਦੇਵਾਂਗਾ ਅਤੇ ਨਾ ਹੀ ਘੱਟ ਕਰਾਂਗਾ। ਜੇ ਰਕਮ ਚੁਕਾ ਦਿੱਤੀ ਤਾਂ ਨਿਕਾਹ ਪੱਕਾ, ਨਹੀਂ ਤੁਸੀਂ ਆਪਣੀ ਥਾਂ ਅਤੇ ਅਸੀਂ ਆਪਣੀ ਥਾਂæææਫਿਰ ਮੇਰੀ ਮਰਜ਼ੀ ਹੋਵੇਗੀ, ਮੈਂ ਕਿਵੇਂ ਵੀ ਕਰਾਂ।” ਖ਼ਾਲਿਦ ਨੂੰ ਦਸ ਮਹੀਨੇ ਥੋੜ੍ਹੇ ਲੱਗੇ, ਪਰ ਉਸ ਨੂੰ ਆਪਣੇ ਆਪ Ḕਤੇ ਭਰੋਸਾ ਸੀ ਕਿ ਪੰਦਰਾਂ ਹਜ਼ਾਰ ਉਹ ਦਸ ਮਹੀਨਿਆਂ ਵਿਚ ਕਾਲੀਨ ਪੂਰਾ ਕਰ ਕੇ ਜ਼ਰੂਰ ਕਮਾ ਲਵੇਗਾ।
ਅਜੇ ਉਨ੍ਹਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਖ਼ਾਲਿਦ ਦਾ ਹੋਣ ਵਾਲਾ ਦਾਮਾਦ ਵੀ ਕਿਤੇ ਬਾਹਰੋਂ ਆ ਗਿਆ ਸੀ। ਜਦੋਂ ਹਫ਼ੀਜ਼ ਮੀਆਂ ਨੇ ਆਪਣੇ ਪੁੱਤ ਰੁਸਤਮ ਦੀ ਜਾਣ-ਪਛਾਣ ਖ਼ਾਲਿਦ ਨਾਲ ਕਰਵਾਈ ਤਾਂ ਉਸ ਨੇ ਉਸੇ ਤਰ੍ਹਾਂ ਦੇਖਦਿਆਂ ਖ਼ਾਲਿਦ ਨੂੰ ਸਲਾਮ ਕਿਹਾ। ਮੁੰਡੇ ਦੇ ਆਉਣ ਤੋਂ ਪਹਿਲਾਂ ਖ਼ਾਲਿਦ ਨੇ ਉਸ ਦੇ ਪਿਉ ਨੂੰ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਉਸ ਦਾ ਪੁੱਤ ਕਿਹੋ ਜਿਹਾ ਹੋਵੇਗਾ। ਉਹ ਉਸੇ ਤਰ੍ਹਾਂ ਦਾ ਸੀ ਜਿਹਾ ਖ਼ਾਲਿਦ ਨੇ ਸੋਚਿਆ ਸੀ। ਮੁੰਡੇ ਨੂੰ ਵੇਖ ਭਾਵੇਂ ਬਹੁਤ ਖ਼ੁਸ਼ ਨਹੀਂ ਸੀ ਖ਼ਾਲਿਦ, ਪਰ ਤਾਂ ਵੀ ਉਹਨੇ ਉਹਦੇ ਹੱਥ ਵਿਚ ਵੀਹ ਰੁਪਏ ਫੜਾਏ ਅਤੇ ਗੱਲ ਪੱਕੀ ਕਰ ਕੇ ਆਪਣੇ ਘਰ ਵੱਲ ਟੁਰ ਪਿਆ।
ਸੂਰਜ ਨੀਵਾਂ ਹੁੰਦਾ ਜਾ ਰਿਹਾ ਸੀ। ਖ਼ਾਲਿਦ ਦੇ ਪੈਰਾਂ ਵਿਚ ਇਸ ਵੇਲੇ ਜਿਵੇਂ ਕਾਹਲ ਸੀ। ਉਹ ਇਹ ਖ਼ੁਸ਼ੀ ਭਰੀ ਖ਼ਬਰ ਛੇਤੀ ਤੋਂ ਛੇਤੀ ਰੇਸ਼ਮਾ ਨੂੰ ਸੁਣਾਉਣਾ ਚਾਹੁੰਦਾ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਹਨ੍ਹੇਰਾ ਹੋ ਚਲਿਆ ਸੀ। ਘਰ ਦੇ ਤਿੰਨੋ ਜੀਅ ਖ਼ਾਲਿਦ ਦੀ ਉਡੀਕ ਕਰ ਰਹੇ ਸਨ। ਜਦੋਂ ਉਸ ਨੇ ਜਾਂਦਿਆਂ ਸਾਰ ਆਪਣੀ ਬੇਗ਼ਮ ਰੇਸ਼ਮਾ ਨੂੰ ਇਹ ਖ਼ੁਸ਼ਖ਼ਬਰੀ ਸੁਣਾਈ ਤਾਂ ਉਸ ਨੇ ਉਠ ਕੇ ਨੂਰੀ ਦਾ ਮੱਥਾ ਚੁੰਮ ਲਿਆ।
ਉਹ ਸਾਰੀ ਰਾਤ ਖ਼ਾਲਿਦ ਦੀਆਂ ਅੱਖਾਂ ਥਾਈਂ ਲੰਘ ਗਈ। ਭਾਵੇਂ ਖ਼ਾਲਿਦ ਦੀ ਬੇਗ਼ਮ ਤੇ ਦੋਵੇਂ ਧੀਆਂ ਆਰਾਮ ਨਾਲ ਸੌਂ ਗਈਆਂ ਸਨ, ਪਰ ਖ਼ਾਲਿਦ ਸਾਰੀ ਰਾਤ ਇਹੋ ਹਿਸਾਬ ਲਾਉਂਦਾ ਰਿਹਾ ਸੀ ਕਿ ਉਹ ਕਿੰਨੇ ਆਕਾਰ ਦਾ ਕਾਲੀਨ ਸ਼ੁਰੂ ਕਰੇ ਜਿਸ ਨਾਲ ਉਸ ਨੂੰ ਪੰਦਰਾਂ ਹਜ਼ਾਰ ਰੁਪਏ ਦੀ ਬੱਚਤ ਤਾਂ ਹੋਵੇ, ਨਾਲ ਘਰ ਦਾ ਦਸ ਮਹੀਨਿਆਂ ਦਾ ਖ਼ਰਚ ਵੀ ਨਿਕਲੇ।
ਜਦੋਂ ਸਵੇਰੇ ਚਾਰ ਵਜੇ ਉਸ ਦੀ ਅੱਖ ਲੱਗੀ ਉਦੋਂ ਤੀਕ ਉਸ ਨੇ ਸਾਰਾ ਹਿਸਾਬ ਲਗਾ ਕੇ ਕਾਲੀਨ ਦਾ ਡਿਜ਼ਾਈਨ ਵੀ ਮਨ ਵਿਚ ਸੋਚ ਲਿਆ। ਉਹ ਸਵੇਰੇ ਸ਼ਾਹੂਕਾਰ ਕੋਲੋਂ ਮਾਲ ਲਿਆ ਕੇ ਛੇਤੀ ਕੰਮ ਸ਼ੁਰੂ ਕਰ ਦੇਣਾ ਚਾਹੁੰਦਾ ਸੀ। ਭਾਵੇਂ ਉਹ ਸਾਰੀ ਰਾਤ ਜਾਗਦਾ ਰਿਹਾ ਸੀ, ਪਰ ਤਾਂ ਵੀ ਉਸ ਸਵੇਰੇ ਸਦੇਹਾਂ ਹੀ ਉਠ ਖਲੋਤਾ। ਉਹ ਰੋਜ਼ ਵਾਂਗ ਨਹਾਤਾ। ਸਵੇਰ ਦੀ ਨਮਾਜ਼ ਅਦਾ ਕੀਤੀ। ਚਾਹ ਦਾ ਕੱਪ ਪੀਤਾ ਅਤੇ ਦਸ ਵੱਜਣ ਦਾ ਇੰਤਜ਼ਾਰ ਕਰਨ ਲੱਗਾ।
ਦੁਕਾਨ ਖੁੱਲ੍ਹਦਿਆਂ ਹੀ ਉਹ ਬਾਜ਼ਾਰ ਵੱਲ ਤੁਰ ਪਿਆ। ਦੋ ਦਿਨਾਂ ਵਿਚ ਉਸ ਨੇ ਕਾਲੀਨ ਦਾ ਸਾਰਾ ਤਾਣਾ ਤਿਆਰ ਕਰ ਲਿਆ। ਐਡਾ ਵੱਡਾ ਕਾਲੀਨ ਤਾਂ ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਨਹੀਂ ਸੀ ਬੁਣਿਆ।
ਭਾਵੇਂ ਇੱਕ ਵਾਰੀ ਨੂਰੀ ਦੇ ਮਨ Ḕਚ ਆਇਆ, ਅੱਬਾ ਨੂੰ ਪੁੱਛੇ ਕਿ ਕੀ ਦਸ ਮਹੀਨਿਆਂ ਵਿਚ ਉਹ ਇੰਨਾ ਵੱਡਾ ਕਾਲੀਨ ਤਿਆਰ ਕਰ ਲੈਣਗੇ? ਪਰ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਕਾਲੀਨ ਬੁਣਨਾ ਸ਼ੁਰੂ ਕਰ ਦਿੱਤਾ ਗਿਆ। ਖ਼ਾਲਿਦ, ਰੇਸ਼ਮਾ, ਨੂਰੀ ਤੇ ਬਾਨੋ ਸਾਰੇ ਸਵੇਰੇ ਹੀ ਦੀਵਾ ਬਾਲ ਕੇ ਕੰਮ Ḕਤੇ ਬਹਿ ਜਾਂਦੇ। ਉਹ ਛੋਟੀਆਂ-ਛੋਟੀਆਂ ਗੰਢਾਂ ਮਾਰ ਕੇ ਨਵੇਂ-ਨਵੇਂ ਡਿਜ਼ਾਈਨ ਪਾਉਣ ਲੱਗਦੇ। ਪਤਾ ਹੀ ਨਾ ਚਲਦਾ, ਕਦੋਂ ਦਿਨ ਚੜ੍ਹਦਾ, ਕਦੋਂ ਦੁਪਹਿਰ ਹੁੰਦੀ, ਪਤਾ ਨਾ ਚਲਦਾ ਕਦੋਂ ਸ਼ਾਮ ਢਲਦੀ ਅਤੇ ਕਦੋਂ ਰਾਤ ਆਉਂਦੀ। ਉਂਗਲਾਂ ਸਾਰਾ ਦਿਨ ਛੋਟੀਆਂ-ਛੋਟੀਆਂ ਗੰਢਾਂ ਮਾਰਦੀਆਂ ਜਿਵੇਂ ਹੰਭ ਜਾਂਦੀਆਂ, ਪਰ ਕੰਮ ਨਾ ਰੁਕਦਾ।
ਉਨ੍ਹਾਂ ਤਿੰਨਾਂ ਵਿਚੋਂ ਕੋਈ ਵੀ ਘਰ ਦਾ ਕੰਮ ਕਰਨ ਲੱਗ ਜਾਂਦਾ, ਪਰ ਖ਼ਾਲਿਦ ਨਾ ਉਠਦਾ। ਕਦੋਂ ਰੋਟੀ ਪਕਦੀ, ਕਦੋਂ ਉਹ ਖਾ ਲੈਂਦੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਦਾ। ਦੇਰ ਰਾਤ ਗਈ ਤੀਕ ਉਹ ਸਾਰੇ ਮਿਲ ਕੇ ਦੀਵੇ ਦੀ ਲੋਅ ਵਿਚ ਕੰਮ ਕਰਦੇ ਰਹਿੰਦੇ। ਥੱਕ ਜਾਣ Ḕਤੇ ਵੀ ਕੋਈ ਇੱਕ ਦੂਜੇ ਨੂੰ ਇਹ ਨਾ ਦਰਸਾਉਂਦਾ ਕਿ ਉਸ ਤੋਂ ਹੋਰ ਕੰਮ ਨਹੀਂ ਹੋਵੇਗਾ। ਸਾਰਿਆਂ ਦੇ ਮਨ ਵਿਚ ਬੱਸ ਇੱਕੋ ਗੱਲ, ਇੱਕੋ ਉਦੇਸ਼ ਸੀ ਕਿ ਵਕਤ Ḕਤੇ ਕਾਲੀਨ ਤਿਆਰ ਹੋ ਜਾਵੇ ਅਤੇ ਨੂਰੀ ਆਪਣੇ ਸਹੁਰੇ ਘਰ ਚਲੀ ਜਾਵੇ।
ਪੈਸੇ ਬਚਾਉਣ ਲਈ ਇੱਕ ਕਿਲੋ ਦੀ ਥਾਂ Ḕਤੇ ਅੱਧਾ ਕਿਲੋ ਦੁੱਧ ਕਰ ਦਿੱਤਾ ਗਿਆ। ਖ਼ਾਲਿਦ ਜਿਹੜਾ ਕੰਮ ਕਰਦਿਆਂ ਦਿਨ ਵਿਚ ਚਾਰ ਵਾਰੀ ਚਾਹ ਪੀਂਦਾ ਸੀ, ਉਸ ਨੇ ਇੱਕ ਵਾਰੀ ਚਾਹ ਪੀਣੀ ਸ਼ੁਰੂ ਕਰ ਦਿੱਤੀ। ਅੱਗੇ ਉਨ੍ਹਾਂ ਦੇ ਘਰ ਮਹੀਨੇ Ḕਚ ਤਿੰਨ ਵਾਰੀ ਗੋਸ਼ਤ ਪੱਕਦਾ ਸੀ, ਪਰ ਹੁਣ ਪਿਛਲੇ ਅੱਠ ਮਹੀਨਿਆਂ ਤੋਂ ਉਨ੍ਹਾਂ ਗੋਸ਼ਤ ਦਾ ਸੁਆਦ ਵੀ ਨਹੀਂ ਸੀ ਚੱਖਿਆ। ਕੋਈ ਵੀ ਨਵੀਂ ਚੀਜ਼ ਘਰ ਵਿਚ ਨਹੀਂ ਸੀ ਲਿਆਂਦੀ। ਕੀ ਖ਼ਾਲਿਦ, ਕੀ ਰੇਸ਼ਮਾ, ਕੀ ਨੂਰੀ ਜਾਂ ਬਾਨੋ ਹਰ ਪਾਸੇ ਤੋਂ ਪੈਸਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਉਨ੍ਹਾਂ ਰਾਹੀਂ ਬਚਾਇਆ ਪੈਸਾ ਨਿਕਾਹ ਵੇਲੇ ਕੰਮ ਆ ਸਕੇ ਜਿਹੜਾ ਉਨ੍ਹਾਂ ਨੂੰ ਕਾਲੀਨ ਪੂਰਾ ਹੋਣ Ḕਤੇ ਮਿਲਣਾ ਸੀ।
ਅੱਠ ਮਹੀਨਿਆਂ ਬਾਅਦ ਈਦ ਆ ਗਈ। ਅੱਗੇ ਜਿੰਨੀਆਂ ਵੀ ਈਦਾਂ ਲੰਘੀਆਂ ਸਨ, ਭਾਵੇਂ ਕਿੰਨੀ ਵੀ ਤੰਗੀ ਦੇ ਦਿਨ ਆਏ, ਖ਼ਾਲਿਦ ਆਪਣੇ ਅਤੇ ਘਰ ਦੇ ਜੀਆਂ ਲਈ ਹਮੇਸ਼ਾਂ ਨਵੇਂ ਕੱਪੜੇ ਸਿਲਵਾਇਆ ਕਰਦਾ। ਘਰ ਵਿਚ ਕੁਰਬਾਨੀ ਦਿੱਤੀ ਜਾਂਦੀ ਸੀ ਪਰ ਇਸ ਵਾਰੀ?
ਉਨ੍ਹਾਂ ਦੋ ਦਿਨ ਪਹਿਲਾਂ ਆਪਣੇ ਪੁਰਾਣੇ ਕੱਪੜੇ ਧੋ ਕੇ ਈਦ ਲਈ ਤਿਆਰ ਕਰ ਲਏ ਸਨ। ਖ਼ਾਲਿਦ ਵੱਡੀ ਮਸੀਤ Ḕਚ ਨਮਾਜ਼ ਪੜ੍ਹਨ ਗਿਆ। ਉਸ ਨੇ ਬਹੁਤ ਮਨ ਨਾਲ ਨਮਾਜ਼ ਅਦਾ ਕੀਤੀ। ਅੱਲ੍ਹਾ ਅੱਗੇ ਦਿਲੋਂ ਦੁਆ ਕੀਤੀ, “ਹੇ ਅੱਲ੍ਹਾ! ਤੂੰ ਮੇਰੀ ਨੂਰੀ ਦਾ ਕਾਰਜ ਸਿਰੇ ਚਾੜ੍ਹ ਦੇ ਤਾਂ ਕਿ ਉਹ ਆਪਣੇ ਘਰ ਚਲੀ ਜਾਵੇ।”
ਰੁਸਤਮ ਦੇ ਪਿਉ ਹਫ਼ੀਜ਼ ਮੀਆਂ ਵੱਲੋਂ ਦਿੱਤੇ ਦਿਨਾਂ ਦੀ ਗਿਣਤੀ ਘਟਦੀ ਜਾ ਰਹੀ ਸੀ। ਉਹਦੀ ਸ਼ਰਤ ਅਨੁਸਾਰ ਜੇ ਵਕਤ Ḕਤੇ ਨਿਕਾਹ ਵਾਲੀ ਰਕਮ ਦੇ ਪੰਦਰਾਂ ਹਜ਼ਾਰ ਉਸ ਨੂੰ ਨਾ ਦਿੱਤੇ ਗਏ ਤਾਂ ਉਹ ਰਿਸ਼ਤਾ ਤੋੜ ਲਵੇਗਾ।
ਹੁਣ ਤਾਂ ਸਾਰੀ ਸਾਰੀ ਰਾਤ ਨਾ ਖ਼ਾਲਿਦ ਸੌਂਦਾ ਅਤੇ ਨਾ ਹੀ ਨੂਰੀ ਸੌਂਦੀ। ਉਹ ਜਾਣਦੇ ਸਨ ਨਿਕਾਹ ਵਿਚ ਕੇਵਲ ਇੱਕ ਮਹੀਨਾ ਬਾਕੀ ਸੀ ਅਤੇ ਕਾਲੀਨ ਪੂਰਾ ਹੋਣ ਲਈ ਅਜੇ ਵੀ ਤਿੰਨ ਮਹੀਨੇ ਮੰਗਦਾ ਸੀ। ਫਿਰ ਵੀ ਉਹ ਉਸ ਨੂੰ ਇੱਕ ਮਹੀਨੇ ਵਿਚ ਪੂਰਾ ਕਰ ਦੇਣਾ ਚਾਹੁੰਦੇ ਸਨ।
ਵਕਤ ਮੁੱਠੀ ਵਿਚਲੀ ਰੇਤ ਵਾਂਗ ਕਿਰਦਾ ਵੇਖ ਇੱਕ ਦਿਨ ਰੇਸ਼ਮਾ ਨੇ ਪਤੀ ਨੂੰ ਸਲਾਹ ਦਿੱਤੀ ਕਿ ਉਹ ਸ਼ਾਹੂਕਾਰ ਕੋਲੋਂ ਨਿਕਾਹ ਲਈ ਐਡਵਾਂਸ ਪੈਸੇ ਮੰਗ ਲਵੇ। ਜਦੋਂ ਖ਼ਾਲਿਦ ਸ਼ਾਹੂਕਾਰ ਕੋਲ ਗਿਆ ਤਾਂ ਉਸ ਨੇ ਇਹ ਆਖ ਮਨ੍ਹਾਂ ਕਰ ਦਿੱਤਾ ਕਿ ਸਾਡੇ ਕਾਰੋਬਾਰ ਵਿਚ ਇਸ ਤਰ੍ਹਾਂ ਕਰਨਾ ਨਹੀਂ ਲਿਖਿਆ ਹੋਇਆ।
ਨਿਕਾਹ ਵਿਚ ਕੁਝ ਦਸ ਦਿਨ ਬਾਕੀ ਸਨ। ਉਨ੍ਹਾਂ ਨੂੰ ਸਾਫ਼ ਦਿੱਸਣ ਲੱਗਾ ਸੀ ਕਿ ਕਾਲੀਨ ਪੂਰਾ ਹੋਣ ਲਈ ਅਜੇ ਵੀ ਮਹੀਨੇ ਤੋਂ ਵੱਧ ਵਕਤ ਲੱਗ ਜਾਵੇਗਾ। ਅਖ਼ੀਰ ਇੱਕ ਦਿਨ ਫਿਰ ਰੇਸ਼ਮਾ ਨੇ ਪਤੀ ਨੂੰ ਮੁੰਡੇ ਵਾਲਿਆਂ ਕੋਲੋਂ ਹੋਰ ਦੋ ਮਹੀਨੇ ਦਾ ਵਕਤ ਮੰਗਣ ਲਈ ਆਖਿਆ। “ਸਾਡੀ ਨੂਰੀ ਇੰਨੀ ਸੋਹਣੀ ਹੈ ਕਿ ਉਹ ਮਨ੍ਹਾਂ ਨਹੀਂ ਕਰਨਗੇ।” ਇਹ ਤੁਰਨ ਲੱਗੇ ਖ਼ਾਲਿਦ ਨੂੰ ਰੇਸ਼ਮਾ ਨੇ ਕਿਹਾ ਸੀ।
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਖ਼ਾਲਿਦ ਉਸ ਪਿੰਡ ਵੱਲ ਪੈਦਲ ਤੁਰ ਪਿਆ। ਜਦੋਂ ਉਹ ਹਫ਼ੀਜ਼ ਮੀਆਂ ਦੇ ਘਰ ਪਹੁੰਚਿਆ ਤਾਂ ਦਿਨ ਚੜ੍ਹ ਆਇਆ ਸੀ। ਉਸ ਨੇ ਪਹਿਲਾਂ ਵਾਂਗ ਬਾਹਰ ਗਲੀ Ḕਚ ਖਲੋ ਹਫ਼ੀਜ਼ ਮੀਆਂ ਕਹਿ ਆਵਾਜ਼ ਲਗਾਈ। ਪਹਿਲਾਂ ਵਾਂਗ ਹੀ ਟਾਟ ਦਾ ਪਰਦਾ ਹਟਿਆ ਅਤੇ ਉਸ ਪਿੱਛੋਂ ਫਿਰ ਟੁੱਟਿਆ ਭੱਜਿਆ ਬੰਦਾ ਬਾਹਰ ਨਿਕਲਿਆ, ਉਹ ਹਫ਼ੀਜ਼ ਮੀਆਂ ਹੀ ਸੀ।
“ਕੀ ਪੈਸੇ ਦੇਣ ਆਏ ਹੋ?” ਉਸ ਨੇ ਇਸ ਵਾਰੀ ਸਾਹਿਬ ਸਲਾਮ ਵੀ ਨਹੀਂ ਕੀਤਾ ਸਗੋਂ ਖ਼ਾਲਿਦ ਪਾਸੋਂ ਸਿੱਧੇ ਪੈਸੇ ਮੰਗ ਲਏ। ਜਦੋਂ ਖ਼ਾਲਿਦ ਨੇ ਆਪਣੀ ਮਜਬੂਰੀ ਦੱਸਦਿਆਂ ਦੋ ਮਹੀਨਿਆਂ ਦਾ ਵਕਤ ਮੰਗਿਆ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਇਸ ਦਸ ਮਹੀਨੇ ਦੇ ਅਰਸੇ ਵਿਚ ਉਸ ਨੂੰ ਇੱਕ ਹੋਰ ਕੁੜੀ ਵਾਲੇ ਮਿਲ ਗਏ ਸਨ ਜਿਹੜੇ ਨਿਕਾਹ ਪੱਚੀ ਹਜ਼ਾਰ ਵਿਚ ਕਰਨ ਲਈ ਤਿਆਰ ਸਨ।
ਖ਼ਾਲਿਦ ਨੇ ਹਫ਼ੀਜ਼ ਮੀਆਂ ਅੱਗੇ ਹੱਥ ਜੋੜੇ, ਉਸ ਦੇ ਬਹੁਤ ਤਰਲੇ ਕੱਢੇ ਪਰ ਉਹ ਟੱਸ ਤੋਂ ਮਸ ਨਾ ਹੋਇਆ। ਨਿਰਾਸ਼ ਹੋਇਆ ਖ਼ਾਲਿਦ ਆਪਣੇ ਘਰ ਵੱਲ ਤੁਰ ਪਿਆ। ਉਹ ਪੈਂਡਾ ਜਿਹੜਾ ਉਸ ਨੇ ਨੂਰੀ ਦਾ ਰਿਸ਼ਤਾ ਹੋਣ Ḕਤੇ ਖ਼ੁਸ਼ੀ Ḕਚ ਤੈਅ ਕੀਤਾ ਸੀ, ਹੁਣ ਜਿਵੇਂ ਕੋਹਾਂ ਦੀ ਵਾਟ ਹੋ ਗਿਆ ਸੀ। ਉਸ ਦੇ ਪੈਰ ਮਣ-ਮਣ ਭਾਰੇ ਹੋ ਗਏ ਸਨ। ਉਸ ਨੂੰ ਤਾਂ ਪੈਰ ਚੁੱਕ ਕੇ ਡਿੰਘ ਪੁੱਟਣੀ ਵੀ ਔਖੀ ਲੱਗ ਰਹੀ ਸੀ। ਉਹਦੇ ਮਨ ਵਿਚ ਉਸ ਵੇਲੇ ਸਿਵਾਏ ਨੂਰੀ ਦੇ ਹੋਰ ਕੋਈ ਨਹੀਂ ਸੀ।
ਉਹ ਥੋੜ੍ਹੀ ਦੂਰ ਤੁਰਦਾ ਅਤੇ ਜਿਵੇਂ ਹੰਭ ਜਾਂਦਾ। ਸਹਾਰਾ ਲੈਣ ਲਈ ਕਿਸੇ ਰੁੱਖ ਹੇਠ ਪੱਥਰ Ḕਤੇ ਬਹਿ ਜਾਂਦਾ ਅਤੇ ਕੁਝ ਚਿਰ ਬਾਅਦ ਫਿਰ ਤੁਰਨ ਲੱਗਦਾ। ਇਸ ਤਰ੍ਹਾਂ ਕਰਦਿਆਂ ਤਰਕਾਲਾਂ ਢਲ ਗਈਆਂ ਸਨ। ਨੂਰੀ, ਰੇਸ਼ਮਾ ਤੇ ਬਾਨੋ ਉਸ ਦੀ ਉਡੀਕ ਕਰ ਰਹੀਆਂ ਸਨ। ਨੂਰੀ ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਜ਼ਰੂਰ ਕੁਝ ਮਾੜਾ ਹੋ ਗਿਆ ਹੋਵੇਗਾ।
ਖ਼ਾਲਿਦ ਘਰ ਪਹੁੰਚ ਕੁਝ ਨਹੀਂ ਬੋਲਿਆ। ਕਿਸੇ ਨੇ ਵੀ ਉਸ ਨੂੰ ਕੁਝ ਨਾ ਪੁੱਛਿਆ। ਉਸ ਦੀ ਸ਼ਕਲ ਨੇ ਹੀ ਜਿਵੇਂ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ ਸੀ।
ਰੁਸਤਮ ਦੇ ਪਿਓ ਹਫ਼ੀਜ਼ ਮੀਆਂ ਨੂੰ ਨਿਕਾਹ ਲਈ ਨਾਂਹ ਕੀਤਿਆਂ ਅੱਜ ਇੱਕ ਹਫ਼ਤਾ ਹੋ ਚੱਲਿਆ ਸੀ। ਖ਼ਾਲਿਦ ਦੇ ਘਰ Ḕਚ ਜਿਵੇਂ ਕਿਸੇ ਦੀ ਮੌਤ ਹੋ ਗਈ ਸੀ ਅਤੇ ਸਾਰੇ ਉਸ ਦਾ ਸੋਗ ਮਨਾ ਰਹੇ ਸਨ। ਇਨ੍ਹਾਂ ਸੱਤ ਦਿਨਾਂ ਵਿਚ ਕਿਸੇ ਨੇ ਠੀਕ ਤਰ੍ਹਾਂ ਨਾਲ ਰੋਟੀ ਵੀ ਨਹੀਂ ਸੀ ਖਾਧੀ।
ਕਿਸੇ ਨੇ ਵੀ ਕੋਈ ਕੰਮ ਨਹੀਂ ਸੀ ਕੀਤਾ। ਜਿੰਨੀਆਂ ਗੰਢਾਂ ਕਾਲੀਨ ਵਿਚ ਪਾਈਆਂ ਹੋਈਆਂ ਸਨ, ਉਨੀਆਂ ਹੀ ਰਹਿ ਗਈਆਂ ਸਨ। ਕਿਸੇ ਨੇ ਵੀ ਕਾਲੀਨ ਨਹੀਂ ਸੀ ਬੁਣਿਆ, ਹੱਥ ਤੀਕ ਨਹੀਂ ਸੀ ਲਾਇਆ ਉਸ ਨੂੰ। ਨੂਰੀ ਨੇ ਵੀ ਹੁਣ ਆਪਣੇ ਅੱਬਾ ਨੂੰ ਕਾਲੀਨ ਵਿਚ ਕੋਈ ਨਵਾਂ ਡਿਜ਼ਾਈਨ ਪਾਉਣ ਦੀ ਸਲਾਹ ਨਹੀਂ ਸੀ ਦਿੱਤੀ ਕਿਉਂਕਿ ਉਨ੍ਹਾਂ ਨੂੰ ਹੁਣ ਵਧੀਆ ਕਾਲੀਨ ਤਿਆਰ ਕਰਨ ਦੀ ਕਾਹਲ ਨਹੀਂ ਸੀ।
ਘਰ ਵਿਚ ਇੱਕ ਨੂਰੀ ਸੀ ਜਿਹੜੀ ਇਸ ਵਾਰੀ ਵੀ ਕਿਸੇ ਦੀ ਬੇਗ਼ਮ ਬਣਨ ਤੋਂ ਰਹਿ ਗਈ ਸੀ।