ਲੁਧਿਆਣੇ ਵਾਲੇ ਦੀ ‘ਦੁਪਹਿਰੀ’

ਸਿਮਰਨ ਕੌਰ
ਪੰਜਾਬ ਦੇ ਲੁਧਿਆਣੇ ਸ਼ਹਿਰ ਤੋਂ ਉਠਿਆ ਅਦਾਕਾਰ ਪੰਕਜ ਕਪੂਰ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਨੇ ਟੈਲੀਵਿਜ਼ਨ ਅਤੇ ਫਿਲਮੀ ਦੁਨੀਆਂ ਦੇ ਖੇਤਰ ਵਿਚ ਇੰਨੀਆਂ ਮੱਲਾਂ ਮਾਰੀਆਂ ਹਨ ਕਿ ਉਸ ਦਾ ਨਾਂ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਰੂਪ ਵਿਚ ਆਉਂਦਾ ਹੀ ਰਹਿੰਦਾ ਹੈ। ਅੱਜ ਕੱਲ੍ਹ ਉਹ ਆਪਣੇ ਨਿਰਾਲੇ ਅਤੇ ਨਿਆਰੇ ਫੈਸਲੇ ਕਰ ਕੇ ਚਰਚਾ ਵਿਚ ਆਇਆ ਹੋਇਆ ਹੈ। ਟੈਲੀਵਿਜ਼ਨ ਅਤੇ ਫਿਲਮਾਂ ਵਿਚ ਸਫਲਤਾ ਦੇ ਬਾਵਜੂਦ ਉਹ ਇਕ ਵਾਰ ਫਿਰ ਆਪਣੇ ਅਸਲ ਇਸ਼ਕ ਥਿਏਟਰ ਵੱਲ ਮੁੜਿਆ ਹੈ।

ਹਾਲ ਹੀ ਵਿਚ ਉਸ ਨੇ ਵੱਖਰਾ ਥਿਏਟਰ ਗਰੁਪ ḔਥਿਏਟਰੌਨḔ ਬਣਾ ਕੇ ਪਲੇਠਾ ਨਾਟਕ ਤਿਆਰ ਕੀਤਾ ਹੈ। ਇਸ ਨਾਟਕ ਦਾ ਨਾਂ ਹੈ ḔਦੋਪਹਿਰੀḔ। ਇਹ ਨਾਟਕ ਉਹ ਹੁਣ ਤੱਕ ਕਈ ਥਾਂਈਂ ਪੇਸ਼ ਕਰ ਚੁਕਾ ਹੈ ਅਤੇ ਇਸ ਨਾਟਕ ਲਈ ਉਸ ਨੂੰ ਖੂਬ ਸ਼ਾਬਾਸ਼ ਵੀ ਮਿਲੀ।
ਹੁਣ ਜਦੋਂ ਇਹ ਨਾਟਕ 18ਵੇਂ ਭਾਰਤ ਰੰਗ ਮਹਾਉਤਸਵ ਵਿਚ ਪੇਸ਼ ਕੀਤਾ ਗਿਆ, ਤਾਂ ਪੰਕਜ ਕਪੂਰ ਦੀ ਕਲਾ ਸਾਧਨਾ ਦੇ ਕੀਲੇ ਦਰਸ਼ਕ ਬਹੁਤ ਦੇਰ ਤੱਕ ਤਾੜੀਆਂ ਮਾਰਦੇ ਰਹੇ ਅਤੇ ਉਸ ਦੀ ਹੌਸਲਾ-ਅਫਜ਼ਾਈ ਕਰਦੇ ਰਹੇ। ਪੰਕਜ ਕਪੂਰ ਦਾ ਇਹ ਨਾਟਕ ḔਦੋਪਹਿਰੀḔ ਉਸ ਦੇ ਆਪਣੇ ਲਿਖੇ ਨਾਵਲ ਉਤੇ ਆਧਾਰਤ ਹੈ ਜੋ ਉਸ ਨੇ ਕਰੀਬ 20 ਸਾਲ ਪਹਿਲਾਂ ਲਿਖਿਆ ਸੀ। ਇਹ ਰਚਨਾ ਲਖਨਊ ਦੀਆਂ ਗਲੀਆਂ ਬਾਰੇ ਹੈ ਜਿਨ੍ਹਾਂ ਵਿਚੋਂ ਇਕ ਗਲੀ ਵਿਚ ਇਕ ਔਰਤ ਅੰਮਾ ਬੀ ਰਹਿੰਦੀ ਹੈ। ਅੰਮਾ ਦੇ ਖਾਵੰਦ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪੁੱਤਰ ਆਪਣੇ ਪਰਿਵਾਰ ਸਮੇਤ ਅਮਰੀਕਾ ਜਾ ਚੁੱਕਾ ਹੈ। ਸਟੇਜ ਉਤੇ ਲਾਇਆ ਸੁੱਕਾ ਦਰੱਖਤ ਅੰਮਾ ਦੀ ਜ਼ਿੰਦਗੀ ਵਿਚ ਆਈ ਇਸੇ ਪੱਤਝੜ ਦੀ ਕਹਾਣੀ ਬਿਆਨ ਕਰਦਾ ਪ੍ਰਤੀਤ ਹੁੰਦਾ ਹੈ। ਸਟੇਜ ਦੇ ਦੂਜੇ ਸਿਰੇ ਉਤੇ ਬਲਦਾ ਚਿਰਾਗ ਧੜਕਦੀ ਜ਼ਿੰਦਗੀ ਦੀ ਖਬਰਸਾਰ ਦਿੰਦਾ ਹੈ।
ਇਹ ਨਾਟਕ ਅਸਲ ਵਿਚ ਇਕੱਲਤਾ ਤੋਂ ਸਵੈ-ਪਛਾਣ ਵੱਲ ਖੁੱਲ੍ਹਦੀ ਕੋਈ ਖਿੜਕੀ ਹੈ ਜਿਸ ਥਾਣੀਂ ਤਾਜ਼ੀ ਹਵਾ ਦੇ ਬੁੱਲੇ ਪਹਿਲਾਂ ਹੌਲੀ-ਹੌਲੀ ਤੇ ਟੁੱਟਵੇਂ ਅਤੇ ਫਿਰ ਲਗਾਤਾਰ ਤੇ ਤੇਜ਼ ਆਉਣੇ ਅਰੰਭ ਹੋ ਜਾਂਦੇ ਹਨ। ਸਟੇਜ ਦੇ ਐਨ ਵਿਚਕਾਰ ਖਾਲੀ ਪਈ ਝੂਲਦੀ ਕੁਰਸੀ ਦੇ ਆਲੇ-ਦੁਆਲੇ ਘੁੰਮਦਾ ਪੰਕਜ ਕਪੂਰ ਕਹਾਣੀ ਬਿਆਨ ਕਰੀ ਜਾਂਦਾ ਹੈ। ਸੰਵਾਦ ਬੋਲਣ ਦੇ ਉਤਰਾਅ-ਚੜ੍ਹਾਅ ਦਰਸ਼ਕਾਂ ਨੂੰ ਅੱਖਾਂ ਝਪਕਣ ਦਾ ਮੌਕਾ ਨਹੀਂ ਦੇ ਰਹੇ। ਪੰਕਜ ਕਪੂਰ ਦਾ ਅੰਦਾਜ਼-ਏ-ਬਿਆਨ ਵਿਲੱਖਣ ਹੋ ਨਿਬੜਦਾ ਹੈ ਅਤੇ ਜਦੋਂ ਨਾਟਕ ਦੇ ਆਖਰੀ ਸੀਨ ਉਤੇ ਪਰਦਾ ਡਿੱਗਦਾ ਹੈ ਤਾਂ ਦਰਸ਼ਕ ਆਪ-ਮੁਹਾਰੇ ਉਠ ਖੜ੍ਹੇ ਹੋ ਜਾਂਦੇ ਹਨ ਅਤੇ ਜ਼ੋਰਦਾਰ ਤਾੜੀਆਂ ਤੇ ਹਲਕੀਆਂ ਕੂਕਾਂ ਮਾਰਦੇ ਹਨ। ਇਹ ਉਨ੍ਹਾਂ ਦੀ ਪੰਕਜ ਕਪੂਰ ਦੀ ਅਦਾਕਾਰੀ ਨੂੰ ਸੁੱਚੀ ਸਲਾਮੀ ਹੈ।
ਪੰਕਜ ਕਪੂਰ ਨੈਸ਼ਨਲ ਸਕੂਲ ਆਫ ਡਰਾਮਾ ਦਾ ਗਰੈਜੂਏਟ ਹੈ ਅਤੇ ਉਸ ਦਾ ਨਾੜੂਆ ਅੱਜ ਤੱਕ ਇਸੇ ਨਾਲ ਜੁੜਿਆ ਹੋਇਆ ਹੈ। ਥਿਏਟਰ ਰਾਹੀਂ ਹੀ ਉਸ ਦੇ ਕਦਮ ਪਹਿਲਾਂ ਟੈਲੀਵਿਜ਼ਨ ਅਤੇ ਫਿਰ ਫਿਲਮਾਂ ਵੱਲ ਵਧੇ ਸਨ। ਉਦੋਂ ਥਿਏਟਰ ਵਿਚ ਫਾਕਾਕਸ਼ੀ ਦੇ ਦਿਨ ਉਸ ਨੂੰ ਕਦੀ ਨਹੀਂ ਭੁੱਲਦੇ। ਇਸ ਲਈ ਹੁਣ ਜਦੋਂ ਉਹ ਰਤਾ ਸੌਖਾ ਹੋਇਆ ਹੈ ਤਾਂ ਇਕ ਵਾਰ ਫਿਰ ਆਪਣੇ ਪਹਿਲੇ ਇਸ਼ਕ ਦੀ ਗਲੀ ਵਿਚ ਗੇੜਾ ਮਾਰਨ ਚਲਾ ਆਇਆ ਹੈ। ਉਸ ਦੀ ਪਤਨੀ ਸੁਪ੍ਰਿਯਾ ਪਾਠਕ ਵੀ ਇਸ ਗੇੜੇ ਵਿਚ ਉਸ ਦੇ ਨਾਲ ਹੈ। ਦੋਹਾਂ ਨੇ ਰਲ ਕੇ ਹੀ ḔਥਿਏਟਰੌਨḔ ਦੀ ਸਥਾਪਨਾ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਯੋਜਨਾ ਹੈ ਕਿ ਵਿਤ ਮੁਤਾਬਕ ḔਥਿਏਟਰੌਨḔ ਨੂੰ ਬਾਕਾਇਦਾ ਵਿਸਥਾਰ ਦਿੱਤਾ ਜਾਵੇ। ਉਨ੍ਹਾਂ ਦਾ ਆਖਣਾ ਹੈ ਕਿ ਇਸ ਮੁਕਾਮ ਉਤੇ ਪਹੁੰਚ ਕੇ ਹੁਣ ਸਪਾਂਸਰਸ਼ਿਪ ਉਨ੍ਹਾਂ ਲਈ ਕੋਈ ਸਮੱਸਿਆ ਨਹੀਂ ਹੈ ਜੋ ਅਕਸਰ ਕਲਾਕਾਰਾਂ ਦਾ ਰਾਹ ਰੋਕੀ ਖੜ੍ਹੀ ਰਹਿੰਦੀ ਹੈ। ḔਦੋਪਹਿਰੀḔ ਨੂੰ ਮਿਲੇ ਹੁੰਗਾਰੇ ਤੋਂ ਮੀਆਂ-ਬੀਵੀ ਬਾਗੋ-ਬਾਗ ਹਨ ਅਤੇ ਹੁਣ ਆਪਣੀ ਅਗਲੀ ਰਚਨਾ ਬਾਰੇ ਸਕੀਮਾਂ ਲੜਾ ਰਹੇ ਹਨ। ਉਹ ਚਾਹੁੰਦੇ ਹਨ ਕਿ ḔਥਿਏਟਰੌਨḔ ਸਟੇਜ ਦੀ ਦੁਨੀਆਂ ਦਾ ਰਾਹ-ਦਸੇਰਾ ਹੋ ਨਿਬੜੇ।

ਪੰਕਜ ਕਪੂਰ: ਕਲਾ ਦਾ ਕੁਰਸੀਨਾਮਾ
ਪੰਕਜ ਕਪੂਰ ਦਾ ਜਨਮ ਲੁਧਿਆਣਾ ਵਿਚ 29 ਮਈ 1954 ਨੂੰ ਹੋਇਆ। ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਚਾਰ ਸਾਲ ਥਿਏਟਰ ਕੀਤਾ। ਫਿਰ ਉਸ ਨੂੰ ਰਿਚਰਡ ਐਟਨਬਰੋਅ ਨੇ ਆਪਣੀ ਚਰਚਿਤ ਫਿਲਮ ḔਗਾਂਧੀḔ ਵਿਚ ਗਾਂਧੀ ਦੇ ਸੈਕਟਰੀ ਵਾਲੇ ਰੋਲ ਦੀ ਪੇਸ਼ਕਸ਼ ਕੀਤੀ। ਇਹ 1982 ਦੀਆਂ ਗੱਲਾਂ ਹਨ। ਇਸ ਤੋਂ ਬਾਅਦ ਫਿਰ ਚੱਲ ਸੋ ਚੱਲ! ਹੁਣ ਤੱਕ ਉਹ 74 ਨਾਟਕਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿਚ ਕੰਮ ਕਰ ਚੁੱਕਾ ਹੈ। ਇਨ੍ਹਾਂ ਵਿਚੋਂ ਬਹੁਤੇ ਉਸ ਨੇ ਖੁਦ ਡਾਇਰੈਕਟ ਕੀਤੇ ਹਨ। ਪਹਿਲੀ ਵਾਰ ਉਹ 1982 ਵਿਚ ਆਈ ਫਿਲਮ ḔਅਰੋਹਨḔ ਵਿਚ ਦਿਸਿਆ। ਇਸ ਫਿਲਮ ਦੇ ਡਾਇਰੈਕਟਰ ਸਨ ਫਿਲਮਸਾਜ਼ ਸ਼ਿਆਮ ਬੈਨੇਗਲ। ਬੱਸ! ਪੰਕਜ ਕਪੂਰ ਧੰਨ ਹੋ ਗਿਆ। ਫਿਲਮਸਾਜ਼ ਤਪਨ ਸਿਨਹਾ ਦੀ ਫਿਲਮ Ḕਏਕ ਡਾਕਟਰ ਕੀ ਮੌਤḔ ਵਿਚ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਅੱਜ ਉਸ ਦੀ ਵੱਖਰੀ ਪਛਾਣ ਹੈ।