ਪਰਦੇ ‘ਤੇ ਕਵਿਤਾ: ਮੇਰੇ ਅਪਨੇ

ਕੁਲਦੀਪ ਕੌਰ
ਫੋਨ: +91-98554-04330
ਗੁਲਜ਼ਾਰ ਕਵੀ ਹੈ। ਉਸ ਵੱਲੋਂ ਨਿਰਦੇਸ਼ਿਤ ਫਿਲਮਾਂ ਦੀ ਸੁਰ ਕਾਵਿਮਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਫਿਲਮਾਂ ਬੰਗਲਾ ਸਾਹਿਤ ‘ਤੇ ਆਧਾਰਤ ਹਨ। ਪਹਿਲੀ ਫਿਲਮ ‘ਮੇਰੇ ਅਪਨੇ’ ਦਾ ਗਾਣਾ ‘ਕੋਈ ਹੋਤਾ ਜਿਸ ਕੋ ਅਪਨਾ, ਹਮ ਅਪਨਾ ਕਹਿ ਲੇਤੇ ਯਾਰੋ, ਪਾਸ ਨਹੀਂ ਤੋ ਦੂਰ ਹੀ ਹੋਤਾ, ਲੇਕਿਨ ਕੋਈ ਮੇਰਾ ਅਪਨਾ’ ਬੇਗਾਨਗੀ ਦੇ ਘੇਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ।

ਇਸ ਫਿਲਮ ਨਾਲ ਜੁੜਿਆ ਦੂਜਾ ਮਹੱਤਵਪੂਰਨ ਤੱਥ ਸੀ ਕਿ ਇਹ ਫਿਲਮ ਅਦਾਕਾਰਾ ਮੀਨਾ ਕੁਮਾਰੀ ਦੀ ਆਖਰੀ ਫਿਲਮ ਸੀ। ਫਿਲਮ ਵਿਚ ਉਸ ਦਾ ਕਿਰਦਾਰ ਅਜਿਹੀ ਬਜ਼ੁਰਗ ਔਰਤ ਦਾ ਹੈ ਜੋ ਰਿਸ਼ਤਿਆਂ ਦੀ ਘੁੰਮਣਘੇਰੀ ਵਿਚ ਉਲਝ ਕੇ ਰਹਿ ਜਾਂਦੀ ਹੈ, ਪਰ ਉਹ ਹਾਰਦੀ ਨਹੀਂ, ਸਗੋਂ ਮੁੰਡਿਆਂ ਦੇ ਦੋ ਅਜਿਹੇ ਗਰੁਪਾਂ ਨਾਲ ਜਜ਼ਬਾਤੀ ਤੌਰ ‘ਤੇ ਜੁੜ ਜਾਂਦੀ ਹੈ ਜਿਹੜੇ ਦੋ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕੰਮ ਕਰ ਰਹੇ ਹਨ। ਸਮਾਂ 20ਵੀਂ ਸਦੀ ਦਾ 7ਵਾਂ ਦਹਾਕਾ ਹੈ। ਇਹ ਦਹਾਕਾ ਸਿਆਸੀ ਵਿਚਾਰਾਂ ਦੇ ਭੇੜ, ਲੱਕ ਤੋੜਵੀਂ ਮਹਿੰਗਾਈ, ਬੇਰੁਜ਼ਗਾਰਾਂ ਦੀਆਂ ਭੀੜਾਂ ਅਤੇ ਅਲਗਰਜ਼ੀ ਵਾਲਾ ਹੈ। ਮੀਨਾ ਕੁਮਾਰੀ ਬਿਮਾਰੀ ਦੇ ਕਮਜ਼ੋਰ ਕੀਤੇ ਸਰੀਰ, ਪਰ ਮਜ਼ਬੂਤ ਇਰਾਦੇ ਨਾਲ ਫਿਲਮ ‘ਤੇ ਆਪਣੀ ਛਾਪ ਛੱਡਦੀ ਹੈ। ਫਿਲਮ ਵਿਚ ਫਿਲਮ ਸੰਸਥਾ ਪੂਨੇ ਤੋਂ ਤਾਜ਼ਾ-ਤਾਜ਼ਾ ਅਦਾਕਾਰ ਬਣ ਕੇ ਨਿਕਲੇ ਅਸਰਾਨੀ, ਡੈਨੀ, ਦੇਵਨ ਵਰਮਾ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਆਪਣੀ ਇਸ ਫਿਲਮ ਨਾਲ ਗੁਲਜ਼ਾਰ ਦਾ ਰਿਸ਼ਤਾ ਕਾਫੀ ਭਾਵਨਾਤਮਿਕ ਹੈ ਜਿਸ ਨੂੰ ਉਸ ਦੇ ਇਸ ਖੂਬਸੂਰਤ ਬਿਆਨ ਰਾਹੀਂ ਸਮਝਿਆ ਜਾ ਸਕਦਾ ਹੈ: “ਜਦੋਂ ਸ਼ਹਿਰ ਦਿਆਂ ਨੁੱਕੜਾਂ ‘ਤੇ ਇਸ ਫਿਲਮ ਦੇ ਪੋਸਟਰ ਲੱਗੇ, ਤਾਂ ਕਈ ਦੋਸਤਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਕਿ ਗੁੰਡਿਆਂ-ਬਦਮਾਸ਼ਾਂ ਨਾਲ ਭਰੀ ਇਸ ਫਿਲਮ ਵਿਚ ਮੀਨਾ ਕੁਮਾਰੀ ਕੀ ਕਰ ਰਹੀ ਹੈ? ਦੱਸਣਾ ਪਿਆ ਕਿ ਜਦੋਂ ਮੈਂ ਤਪਨ ਸਿਨਹਾ ਦੀ ਬੰਗਲਾ ਫਿਲਮ ‘ਅਪਨ ਜਾਨ’ ਦੇਖੀ ਤਾਂ ਇਸ ਵਿਚਲਾ ਪਿਆਰ ਤੇ ਹਿੰਸਾ ਦਾ ਦਵੰਦ ਕਿੰਨੇ ਦਿਨ ਮੇਰੇ ਅੰਦਰ ਚੱਲਦਾ ਰਿਹਾ। ਜੇ ਮੀਨਾ ਕੁਮਾਰੀ ਪਿਆਰ ਦੀ ਨੁਮਾਇੰਦਗੀ ਕਰਦੀ ਹੈ ਤਾਂ ਫਿਲਮ ਵਿਚ ਵਿਨੋਦ ਖੰਨਾ ਤੇ ਸ਼ਤਰੂਘਨ ਸਿਨਹਾ ਹਿੰਸਾ ਦੀਆਂ ਚਲਦੀਆਂ-ਫਿਰਦੀਆਂ ਦੁਕਾਨਾਂ ਹਨ, ਪਰ ਜਿਹੜੀ ਗੱਲ ਉਨ੍ਹਾਂ ਨੂੰ ਪੁੱਛਣੀ ਚਾਹੀਦੀ ਸੀ, ਪਰ ਉਨ੍ਹਾਂ ਨਹੀਂ ਪੁੱਛੀ, ਉਹ ਇਹ ਸੀ ਕਿ ਮੈਂ ਲੇਖਕ ਅਤੇ ਨਿਰਦੇਸ਼ਕ ਵਿਚਕਾਰਲਾ ਆਪਸੀ ਰਿਸ਼ਤਾ ਕਿਵੇਂ ਹੰਢਾਇਆ? ‘ਮੇਰੇ ਅਪਨੇ’ ਮੇਰੇ ਲਈ ਦੋਹਰਾ ਕਿਰਦਾਰ ਨਿਭਾਉਣ ਵਾਂਗ ਸੀ। ਫਿਲਮ ਦਾ ਨਿਰਦੇਸ਼ਕ ਨੌਸਿਖੀਆ ਸੀ, ਪਰ ਲੇਖਕ ਦੇ ਪੈਰ ਜੰਮ ਚੁੱਕੇ ਸਨ। ਉਹ ਉਸ ਸਮੇਂ ਪਟਕਥਾ ਲੇਖਕ ਵਜੋਂ ਸਥਾਪਿਤ ਹੋ ਚੁੱਕਾ ਸੀ। ਹੁੰਦਾ ਇਹ ਸੀ ਕਿ ਬਹੁਤੀ ਵਾਰ ਪਟਕਥਾ-ਲੇਖਕ ਭਾਰੂ ਪੈ ਜਾਂਦਾ, ਉਹ ਅਕਸਰ ਨਿਰਦੇਸ਼ਕ ਨੂੰ ਡਾਂਟ ਦਿੰਦਾ, ਅਖੇæææ ਪਹਿਲਾਂ ਮੇਰੀ ਗੱਲ ਸੁਣ! ਮੈਂ ਉਸ ਨੂੰ ਵਰਜਦਾ, ਪਰ ਹੌਲੀ-ਹੌਲੀ ਉਸ ਦਾ ਆਗਿਆਕਾਰੀ ਬਣ ਗਿਆ। ਕਈ ਵਾਰ ਉਹ ਮੇਰੇ ਵੱਲ ਕੁਨੱਖਾ ਝਾਕਦਾ, ਜਿਵੇਂ ਕਹਿ ਰਿਹਾ ਹੋਵੇ ਕਿ ਮੇਰੀ ਵਜ੍ਹਾ ਨਾਲ ਹੀ ਤਾਂ ਤੂੰ ਅੱਜ ਨਿਰਦੇਸ਼ਕ ਬਣਿਆ ਏਂ! ਸੈੱਟ ‘ਤੇ ਬੈਠਾ ਉਹ ਮੈਨੂੰ ਸੰਮੋਹਿਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਦੋਹਾਂ ਵਿਚਕਾਰ ਕਸ਼ਮਕਸ਼ ਚੱਲਦੀ ਰਹਿੰਦੀ। ਅਚਾਨਕ ਮੈਂ ਕੁਝ ਇੱਦਾਂ ਦੇ ਸ਼ਾਟ ਲੈਂਦਾ ਜਿਨ੍ਹਾਂ ਬਾਰੇ ਉਹਨੂੰ ਕਿਆਸ ਵੀ ਨਹੀਂ ਸੀ ਹੋ ਸਕਦਾ। ਕੁਨੱਖੀਆਂ ਵਿਚੋਂ ਮੈਂ ਉਸ ਦੇ ਚਿਹਰੇ ‘ਤੇ ਫੈਲਦੀ ਹੈਰਾਨੀ ਪੜ੍ਹਨ ਦੀ ਕੋਸ਼ਿਸ਼ ਕਰਦਾ। ਦਿਨ ਬੀਤਣ ਨਾਲ ਨਿਰਦੇਸ਼ਕ ਦਾ ਆਤਮ-ਵਿਸ਼ਵਾਸ ਵਧਦਾ ਗਿਆ।æææ ਜਦੋਂ ਕਦੀ ਉਹ ਮੈਨੂੰ ਨਿੱਠ ਕੇ ਲਿਖਣ ਲਈ ਆਖਦਾ, ਮੈਂ ਘੇਸਲ ਮਾਰ ਜਾਂਦਾ। ਮੈਂ ਘਰੋਂ ਤਿਆਰੀ ਕਰ ਕੇ ਨਾ ਜਾਂਦਾ। ਉਹ ਸੈੱਟ ‘ਤੇ ਮੂੰਹ ਵਿੰਗਾ ਕਰ ਲੈਂਦਾ ਤੇ ਕੰਮ ਤੋਂ ਜੀ ਚੁਰਾਉਂਦਾ। ਜੇ ਕਿਸੇ ਸੀਨ ਵਿਚ ਮੈਂ ਕੁਝ ਬਦਲਣਾ ਚਾਹੁੰਦਾ ਤਾਂ ਉਹ ਭੱਜ ਖਲੋਂਦਾ। ਮੈਂ ਉਸ ਦੇ ਪਿੱਛੇ ਜਾਂਦਾ ਤੇ ਉਹਨੂੰ ਮਨਾ ਲੈਂਦਾ। ਆਖਿਰ ਅਸੀਂ ਇਕੱਠਿਆਂ ਕੰਮ ਕਰਨਾ ਸੀ! ਅਸੀਂ ਇਹ ਕਿਵੇਂ ਭੁੱਲ ਸਕਦੇ ਸਾਂ ਕਿ ਅਸੀਂ ਪਰਦੇ ਪਿੱਛੇ ਦੋਹਰਾ ਕਿਰਦਾਰ ਨਿਭਾ ਰਹੇ ਸਾਂ। ਹੌਲੀ-ਹੌਲੀ ਅਸੀਂ ਇੱਕ-ਦੂਜੇ ਨੂੰ ਬਰਦਾਸ਼ਤ ਕਰਨਾ ਸਿੱਖ ਲਿਆ। ਮੈਂ ਘਰੋਂ ਪੂਰੀ ਤਿਆਰੀ ਨਾਲ ਆਉਂਦਾ। ਜਦੋਂ ਦ੍ਰਿਸ਼ ਸਿਰਜਣਾ ਹੁੰਦਾ, ਉਹ ਮੈਨੂੰ ਇਕੱਲਾ ਛੱਡ ਦਿੰਦਾ। ਮੈਂ ਉਸ ਦੇ ਮਾਧਿਅਮ ਦੀ ਇੱਜ਼ਤ ਕਰਦਾ ਸਾਂ ਅਤੇ ਹੁਣ ਉਹ ਮੇਰੇ ਨਵੇਂ ਹੁਨਰ ਨੂੰ ਪਸੰਦ ਕਰਨਾ ਸਿੱਖ ਰਿਹਾ ਸੀ। ਅਸੀਂ ‘ਲੇਖਕ-ਨਿਰਦੇਸ਼ਕ ਭਾਈ-ਭਾਈ’ ਬਣ ਚੁੱਕੇ ਸਾਂ।æææ ਜੇ ‘ਮੇਰੇ ਅਪਨੇ’ ਦੇ ਬਣਾਉਣ ਸਮੇਂ ਮੈਂ ਇਸ ਕਲਾਤਮਿਕ ਕਸ਼ਮਕਸ਼ ਵਿਚ ਲੰਘ ਰਿਹਾ ਸੀ ਤਾਂ ਕਈ ਹੋਰ ਮੁੱਦੇ ਵੀ ਸਨ ਜਿਨ੍ਹਾਂ ਨਾਲ ਮੈਨੂੰ ਜੂਝਣਾ ਪੈ ਰਿਹਾ ਸੀ। ਸਭ ਤੋਂ ਪਹਿਲਾਂ ਤਾਂ ਫਿਲਮ ਦਾ ਵਿਸ਼ਾ ਪਿਆਰ ਅਤੇ ਹਿੰਸਾ ਦੇ ਆਪਸੀ ਰਿਸ਼ਤੇ ‘ਤੇ ਆਧਾਰਤ ਹੋਣਾ ਸੀ। ਕੀ ਇਹ ਰਿਸ਼ਤਾ ਸਿਰਫ ਸਮਾਜਕ ਹੀ ਹੈ? ਕੀ ਇਨ੍ਹਾਂ ਦੋਹਾਂ ਨਾਲ ਜੁੜੀਆਂ ਮਾਨਵੀ ਭਾਵਨਾਵਾਂ ਦਾ ਕੋਈ ਮੁੱਲ ਨਹੀਂ? ਇਨ੍ਹਾਂ ਭਾਵਨਾਵਾਂ ਨੂੰ ਵੀ ਤਾਂ ਬੇਕਾਬੂ ਹੋਣ ਤੋਂ ਬਚਾਉਣਾ ਪਏਗਾ! ਪੇਸ਼ਕਾਰੀ ਦੇ ਢੰਗ ਵਿਚ ਇਨ੍ਹਾਂ ਭਾਵਨਾਵਾਂ ਨੂੰ ਕਿਵੇਂ ਵਰਤਿਆਂ ਜਾ ਸਕਦਾ ਹੈ? ਭੀੜ ਵਿਚੋਂ ਬੰਦਿਆਂ ਨੂੰ ਕਿਵੇਂ ਵੱਖ ਕੀਤਾ ਜਾਵੇ? ਘੱਟ ਤੋਂ ਘੱਟ ਸ਼ਬਦਾਂ ਵਿਚ ਗੁੰਡਿਆਂ ਵਿਚੋਂ ਬੰਦਿਆਈ ਕਿਵੇਂ ਬਾਹਰ ਲਿਆਂਦੀ ਜਾਵੇ? ਫਲੈਸ਼ ਬੈਕ ਤਕਨੀਕ ਕਿਵੇਂ ਵਰਤੀਆ ਜਾਵੇ? ਸਭ ਤੋਂ ਜ਼ਿਆਦਾ ਮਸਲਾ ਇਹ ਬਣਿਆ ਕਿ ਹਿੰਸਾ ਤੇ ਪਿਆਰ ਵਿਚੋਂ ਕਿਸ ਨੂੰ ਜਿਤਾਇਆ ਜਾਵੇ? ਹੁਣ ਤ੍ਰਾਸਦੀ ਇਹ ਹੈ ਕਿ ਬੰਦੂਕ ਦੀ ਨੋਕ ‘ਤੇ ਹਮੇਸ਼ਾ ਪਿਆਰ ਹੀ ਹੁੰਦਾ ਹੈ। ਇਹੀ ਫਿਲਮ ਦੇ ਅੰਤ ਸਮੇਂ ਹੋਇਆ ਜਿਥੇ ਫਿਲਮ ਦੀ ਸਭ ਤੋਂ ਪਿਆਰੀ ਕਿਰਦਾਰ ਆਨੰਦੀ ਨੂੰ ਦੋਹਾਂ ਗਰੁਪਾਂ ਦੀ ਲੜਾਈ ਵਿਚ ਜਾਨ ਦੇਣੀ ਪੈਂਦੀ ਹੈ।”

ਫਿਲਮ ਵਿਚ ਸਲਿਲ ਚੌਧਰੀ ਦੇ ਸੰਗੀਤ ਵਿਚ ਭਿੱਜਿਆ ਗਾਣਾ ‘ਰੋਜ਼ ਅਕੇਲੀ ਆਏ, ਰੋਜ਼ ਅਕੇਲੀ ਜਾਏæææ ਚਾਂਦ ਕਟੋਰਾ ਲੀਏ ਭਿਖਾਰਨ ਰਾਤ’ ਫਿਲਮ ਦਾ ਹਿੱਸਾ ਨਾ ਬਣ ਸਕਣ ਦੇ ਬਾਵਜੂਦ ਹੁਣ ਤੱਕ ਹਿੰਦੀ ਸਿਨੇਮਾ ਦੇ ਬਿਹਰਤਰੀਨ ਗੀਤਾਂ ਵਿਚ ਸ਼ਾਮਿਲ ਹੈ। ਇਹੀ ਗੁਲਜ਼ਾਰ ਦੇ ਸ਼ਬਦਾਂ ਦੀ ਜਾਦੂਗਰੀ ਹੈ।