ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਖਡੂਰ ਸਾਹਿਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ ਅਹਿਮ ਸਿਆਸੀ ਧਿਰਾਂ ਵੱਲੋਂ ਮੈਦਾਨ ਛੱਡ ਜਾਣ ਕਾਰਨ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਲਈ ਕਸੂਤੀ ਸਥਿਤੀ ਬਣ ਗਈ ਹੈ। ਖਾਸਕਰ, ਕਾਂਗਰਸ ਵੱਲੋਂ ਐਨ ਮੌਕੇ ਉਤੇ ਖੇਡੇ ਪੱਤੇ ਨੇ ਅਕਾਲੀ ਦਲ ਲਈ ਧਰਮ ਸੰਕਟ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਵੱਲੋਂ ਚੋਣ ਮੈਦਾਨ ਵਿਚ ਨਾ ਉਤਰਨ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਨੂੰ ਦੱਸਿਆ ਜਾ ਰਿਹਾ ਹੈ
ਤੇ ਇਸੇ ਰੋਸ ਵਜੋਂ ਹਲਕੇ ਦੇ ਲੋਕਾਂ ਨੂੰ ਵੀ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਅਕਾਲੀ ਦਲ ਨੂੰ ਕਾਂਗਰਸ ਦਾ ਇਹ ਪੱਤਾ ਕਾਫੀ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ, ਕਿਉਂਕਿ ਹਾਕਮ ਧਿਰ ਜੇ ਚੋਣ ਜਿੱਤ ਵੀ ਜਾਂਦੀ ਹੈ ਤਾਂ ਉਸ ਨੂੰ ਪੰਥਕ ਵੋਟ ਨੂੰ ਖੋਰਾ ਲੱਗਣ ਦਾ ਡਰ ਸਤਾ ਰਿਹਾ ਹੈ।
ਯਾਦ ਰਹੇ ਕਿ ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਅਸਤੀਫਾ ਦਿੱਤਾ ਸੀ ਤੇ ਇਸੇ ਰੋਸ ਨੂੰ ਆਧਾਰ ਬਣਾ ਕੇ ਹੁਣ ਚੋਣਾਂ ਲੜਨ ਤੋਂ ਨਾਂਹ ਕਰ ਦਿੱਤੀ; ਹਾਲਾਂਕਿ ਇਕ ਵਾਰ ਕਾਂਗਰਸ ਹਾਈਕਮਾਨ ਨੇ ਚੋਣਾਂ ਲਈ ਕਮਰ ਕੱਸੇ ਕਰ ਲਏ ਸਨ ਤੇ ਸਿੱਕੀ ਨੂੰ ਹੀ ਮੁੜ ਉਮੀਦਵਾਰ ਐਲਾਨ ਦਿੱਤਾ ਸੀ, ਪਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਚੋਣ ਲੜਨ ਤੋਂ ਨਾਂਹ ਕਰ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਸ਼ ਸਿੱਕੀ ਨੇ ਖੁਦ ਹੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਸਿਰਫ ਅਕਾਲੀ ਦਲ ਹੀ ਮੁੱਖ ਸਿਆਸੀ ਧਿਰ ਵਜੋਂ ਮੈਦਾਨ ਵਿਚ ਹੈ। ਆਮ ਆਦਮੀ ਪਾਰਟੀ (ਆਪ) ਪਹਿਲਾਂ ਹੀ ਮੈਦਾਨ ਤੋਂ ਬਾਹਰ ਹੈ। ਇਸ ਵੇਲੇ ਸੱਤ ਉਮੀਦਵਾਰ ਮੈਦਾਨ ਵਿਚ ਹਨ। ਲੋਕ ਸਭਾ ਚੋਣਾਂ ਦੌਰਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਭਾਈ ਬਲਦੀਪ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ। ਇਸ ਜ਼ਿਮਨੀ ਚੋਣ ਲਈ ਵੋਟਾਂ 13 ਫਰਵਰੀ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 16 ਫਰਵਰੀ ਨੂੰ ਹੋਵੇਗੀ। ਉਧਰ, ਸ਼ ਰਮਨਜੀਤ ਸਿੰਘ ਸਿੱਕੀ ਦਾ ਦਾਅਵਾ ਹੈ ਕਿ ਖਡੂਰ ਸਾਹਿਬ ਜ਼ਿਮਨੀ ਚੋਣ ਦਾ ਬਾਈਕਾਟ ਕਰ ਕੇ ਕਾਂਗਰਸ ਦੀ ਬਿਨਾਂ ਚੋਣ ਲੜੇ ਹੀ ਵੱਡੀ ਜਿੱਤ ਹੋਈ ਹੈ। ਕਾਂਗਰਸ ਦੋਸ਼ ਲਾ ਰਹੀ ਹੈ ਕਿ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਵੱਲੋਂ ਲਗਾਤਾਰ ਕੀਤੇ ਸੰਗਤ ਦਰਸ਼ਨਾਂ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਬਾਰੇ ਪਤਾ ਲਾਉਣ ਨਾਲੋਂ ਵਧੇਰੇ ਜ਼ਰੂਰੀ ਖਡੂਰ ਸਾਹਿਬ ਸੀਟ ਹੈ।
ਖਡੂਰ ਸਾਹਿਬ ਚੋਣ ਨੂੰ ਸਿਆਸੀ ਹਲਕਿਆਂ ਵਿਚ ਪੰਜਾਬ ਵਿਧਾਨ ਸਭਾ ਦੀਆਂ 2017 ਵਿਚ ਹੋਣ ਜਾ ਰਹੀਆਂ ਚੋਣਾਂ ਲਈ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਸੀ ਤੇ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਲਈ ਵੱਕਾਰ ਦਾ ਸਵਾਲ ਮੰਨਿਆ ਜਾ ਰਿਹਾ ਸੀ। ਹੁਣ ਜੋ ਦ੍ਰਿਸ਼ਾਵਲੀ ਹੈ, ਉਸ ਅਨੁਸਾਰ ਟੱਕਰ ਸਿਰਫ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੇ ਬਾਗੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ, ‘ਆਪ’ ਵਿਚੋਂ ਟੁੱਟੇ ਇਕ ਧੜੇ ਦੇ ਨੇਤਾ ਸੁਮੇਲ ਸਿੰਘ ਸਿੱਧੂ ਅਤੇ ਬਹੁਜਨ ਸਮਾਜ ਪਾਰਟੀ (ਅੰਬੇਦਕਰ) ਦੇ ਉਮੀਦਵਾਰ ਪੂਰਨ ਸਿੰਘ ਵਿਚਕਾਰ ਹੀ ਰਹਿ ਗਈ ਹੈ। ਇਹ ਵੇਖਣਾ ਹਾਲੇ ਬਾਕੀ ਹੈ ਕਿ ਭਾਈ ਬਲਦੀਪ ਸਿੰਘ ਤੇ ਕਾਂਗਰਸ ਦੇ ਸਮਰਥਕ ਹੁਣ ਕਿਸ ਉਮੀਦਵਾਰ ਦੇ ਹੱਕ ਵਿਚ ਭੁਗਤਣਗੇ।
ਚੋਣ ਮੁਕਾਬਲਾ ਨਰਮ ਹੋ ਜਾਣ ਨਾਲ ਜਿਥੇ ਮੁੱਖ ਮੰਤਰੀ ਬਾਦਲ ਵੱਲੋਂ ਕੀਤੇ ਗਏ ਸੰਗਤ ਦਰਸ਼ਨ ਬੇਮਾਅਨਾ ਹੋ ਗਏ ਹਨ, ਉਥੇ ਇਹ ਚੋਣ ਵੀ ਆਮ ਲੋਕਾਂ ਲਈ ਮਹੱਤਵਹੀਣ ਜਾਪਣ ਲੱਗੀ ਹੈ। ਖਡੂਰ ਸਾਹਿਬ ਜ਼ਿਮਨੀ ਚੋਣ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸੱਤਾਧਾਰੀ ਧਿਰ ਅਤੇ ਕਾਂਗਰਸ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸੂਬੇ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਜਿੱਤਣਾ ਹੀ ਇਕੋ ਇਕ ਮਿਸ਼ਨ ਹੈ ਤੇ ਲੋਕ ਹਿੱਤ ਉਨ੍ਹਾਂ ਦੇ ਕਿਸੇ ਏਜੰਡੇ ‘ਤੇ ਨਹੀਂ ਹਨ। ਸਿਰਫ ਅੱਠ-ਦਸ ਮਹੀਨਿਆਂ ਲਈ ਇਕ ਵਿਧਾਇਕ ਦੀ ਚੋਣ ਮੌਜੂਦਾ ਸੂਬਾਈ ਵਿਧਾਨ ਸਭਾ ਦੇ ਕਾਰਜ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕੇਗੀ ਤੇ ਨਾ ਹੀ ਇਸ ਵਿਚ ਹੋਣ ਵਾਲੀ ਜਿੱਤ-ਹਾਰ ਵਿਚ ਇਸ ਹਲਕੇ ਦੀ ਕਾਇਆ ਹੀ ਕਲਪ ਕਰ ਸਕਦੀ ਹੈ।ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਤੋਂ ਲਾਂਭੇ ਹੋਣ ਕਾਰਨ ਵੋਟਰਾਂ ਵਿਚ ਵੀ ਚੋਣ ਪ੍ਰਤੀ ਕੋਈ ਉਤਸ਼ਾਹ ਨਹੀਂ, ਪਰ ਅਕਾਲੀ ਦਲ ਆਪਣੀ ਮੁਹਿੰਮ ਵਿਚ ਡਟਿਆ ਹੋਇਆ ਹੈ। ਪੂਰੇ ਹਲਕੇ ਨੂੰ 25 ਜ਼ੋਨਾਂ ਵਿਚ ਵੰਡ ਕੇ ਸਾਰੇ ਮੁੱਖ ਆਗੂਆਂ ਨੂੰ ਹਲਕੇ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਪਾਰਟੀ ਆਗੂਆਂ ਨੇ ਪਿੰਡਾਂ ਵਿਚ ਲੋਕਾਂ ਨਾਲ ਘਰੋ-ਘਰੀ ਜਾ ਕੇ ਸੰਪਰਕ ਮੁਹਿੰਮ ਵੀ ਆਰੰਭ ਦਿੱਤੀ ਹੈ। ਸਿੱਖਿਆ ਮੰਤਰੀ ਡਾæ ਦਲਜੀਤ ਸਿੰਘ ਚੀਮਾ ਸਮੇਤ ਸਮੁੱਚੀ ਲੀਡਰਸ਼ਿਪ ਨੇ ਹਲਕੇ ਵਿਚ ਡੇਰੇ ਲਾਏ ਹੋਏ ਹਨ। ਪਤਾ ਲੱਗਾ ਹੈ ਕਿ ਅਕਾਲੀ ਦਲ ਦਾ ਮੁੱਖ ਨਿਸ਼ਾਨਾ ਚੋਣ ਮੁਹਿੰਮ ਭਖਾਉਣ ਦਾ ਨਹੀਂ, ਸਗੋਂ ਵੱਧ ਤੋਂ ਵੱਧ ਗਿਣਤੀ ਵਿਚ ਵੋਟ ਭੁਗਤਾਉਣ ਦਾ ਹੈ। ਇਸ ਜ਼ਿਮਨੀ ਚੋਣ ਲਈ ਹੁਣ ਸੱਤ ਉਮੀਦਵਾਰ ਮੈਦਾਨ ਵਿਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ, ਪੰਜਾਬ ਸਾਂਝੀਵਾਲ ਮੋਰਚਾ ਦੇ ਉਮੀਦਵਾਰ ਡਾæ ਸੁਮੇਲ ਸਿੰਘ ਸਿੱਧੂ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪੂਰਨ ਸਿੰਘ, ਕਾਂਗਰਸ ਪਾਰਟੀ ਤੋਂ ਬਾਗ਼ੀ ਹੋਏ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ, ਹਰਜੀਤ ਸਿੰਘ, ਅਨੰਤਜੀਤ ਸਿੰਘ ਤੇ ਸੁਖਦੇਵ ਸਿੰਘ ਹਨ।
_________________________________________________
ਕਾਂਗਰਸ ਦੀ ਪਲਟੀ ‘ਤੇ ਵਾਰ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖਡੂਰ ਸਾਹਿਬ ਵਿਧਾਨ ਸਭਾ ਦੀ ਉਪ ਚੋਣ ਦੇ ਕਾਗਜ਼ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਚੋਣ ਨਾ ਲੜਨ ਦੇ ਐਲਾਨ ਨੇ ਸਿਆਸੀ ਹਲਕਿਆਂ ਵਿਚ ਬਹਿਸ ਛੇੜ ਦਿੱਤੀ ਹੈ। ਕਾਂਗਰਸ ਦਾਅਵਾ ਕਰ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ, ਪਰ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਤੱਕ ਪਾਰਟੀ ‘ਚੋਣ ਲੜੇ ਜਾਂ ਨਾ ਲੜੇ’ ਵਾਲੇ ਗੇੜ ਵਿਚ ਫਸੀ ਰਹੀ। ਇਸ ਤੋਂ ਇਲਾਵਾ ਕੈਪਟਨ ਨੇ ਚੋਣਾਂ ਵਿਚ ਅਕਾਲੀ ਦਲ ਨਾਲ ਟਾਕਰੇ ਲਈ ਸਾਰੀ ਰਣਨੀਤੀ ਉਲੀਕੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੀ ਸਲਾਹ ‘ਤੇ ਹੀ ਹਾਈਕਮਾਨ ਨੇ ਰਮਨਜੀਤ ਸਿੰਘ ਸਿੱਕੀ ਨੂੰ ਮੁੜ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਸੀ, ਪਰ ਐਨ ਮੌਕੇ ‘ਤੇ ਕਾਂਗਰਸ ਦੇ ਕੱਟ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਅਸਲ ਵਿਚ ਸਿੱਕੀ ਨੂੰ ਉਮੀਦਵਾਰ ਐਲਾਨਣ ਪਿੱਛੋਂ ਸਵਾਲ ਉੱਠਣ ਲੱਗੇ ਸਨ ਕਿ ਜਿਸ ਮਕਸਦ ਨਾਲ ਕਾਂਗਰਸ ਵਿਧਾਇਕ ਨੇ ਅਸਤੀਫਾ ਦਿੱਤਾ ਸੀ, ਉਹ ਪੂਰਾ ਹੋ ਗਿਆ ਹੈ। ਬੇਅਦਬੀ ਕਾਂਡ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ 21 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਡਾæ ਸ਼ਕੀਲ ਅਹਿਮਦ ਤੇ ਸਹਾਇਕ ਇੰਚਾਰਜ ਹਰੀਸ਼ ਚੌਧਰੀ ਵਿਚਕਾਰ ਹੋਈ ਮੀਟਿੰਗ ਵਿਚ ਇਹ ਫੈਸਲਾ ਵੀ ਕਰ ਲਿਆ ਗਿਆ ਸੀ ਕਿ ਕਾਂਗਰਸ ਇਹ ਉਪ ਚੋਣ ‘ਜ਼ਰੂਰ’ ਲੜੇਗੀ। ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਰਮਨਜੀਤ ਸਿੰਘ ਸਿੱਕੀ ਨੂੰ ਖਡੂਰ ਸਾਹਿਬ ਉਪ ਚੋਣ ਵਿਚ ਕਾਂਗਰਸੀ ਉਮੀਦਵਾਰ ਬਣਾਉਣ ਦੀ ਇਜਾਜ਼ਤ ਵੀ ਲੈ ਲਈ ਗਈ। ਕਾਂਗਰਸ ਵੱਲੋਂ ਚੋਣ ਨਾ ਲੜਨ ਦੇ ਅਚਾਨਕ ਫੈਸਲੇ ਨੇ ਜਿਥੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਧਿਰਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ, ਉਥੇ ਇਸ ਦੇ ਅੰਦਰ ਵੀ ਬਾਗ਼ੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਸੀਨੀਅਰ ਕਾਂਗਰਸੀ ਨੇਤਾ ਜਗਮੀਤ ਸਿੰਘ ਬਰਾੜ ਸਮੇਤ ਕਈ ਹੋਰ ਨੇਤਾਵਾਂ ਨੇ ਇਸ ਫੈਸਲੇ ਲਈ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ ਜਦੋਂਕਿ ਹਾਈਕਮਾਂਡ ਇਸ ਫੈਸਲੇ ਨੂੰ ਦਰੁਸਤ ਠਹਿਰਾ ਰਹੀ ਹੈ।