ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਤਰੇੜਾਂ ਉਭਰ ਆਈਆਂ ਹਨ। ਗੱਠਜੋੜ ਵਿਚ ਹੁਣ ਤੱਕ ਹੇਠਲੇ ਲੀਡਰਾਂ ਤੇ ਵਰਕਰਾਂ ਵਿਚਾਲੇ ਹੀ ਖਿੱਚੋਤਾਣ ਸੀ, ਪਰ ਪਿਛਲੇ ਦਿਨੀਂ ਭਾਜਪਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਵੀ ਇਕ-ਦੂਜੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਖਰਾ ਰਾਹ ਚੁਣ ਸਕਦੀ ਹੈ।
ਖਡੂਰ ਸਾਹਿਬ ਜ਼ਿਮਨੀ ਚੋਣ ਵਿਚ ਭਾਜਪਾ ਨੇ ਅਕਾਲੀ ਦਲ ਦੇ ਉਮੀਦਵਾਰ ਬਾਰੇ ਚੁੱਪ ਧਾਰੀ ਹੋਈ ਹੈ। ਗਣਤੰਤਰ ਦਿਹਾੜੇ ‘ਤੇ ਪਰੇਡ ਵਿਚ ਸਿੱਖ ਰੈਜੀਮੈਂਟ ਦੀ ਟੁਕੜੀ ਸ਼ਾਮਲ ਨਾ ਕਰਨ ‘ਤੇ ਅਕਾਲੀ ਦਲ ਨੇ ਮੋਦੀ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੋਦੀ ਸਰਕਾਰ ਦੇ ਰਵੱਈਏ ਤੋਂ ਖੁਸ਼ ਨਹੀਂ ਹਨ। ਇਸ ਮਾਮਲੇ ਨੂੰ ਲੈ ਕੇ ਬਾਦਲ ਨੇ ਮੋਦੀ ਨੂੰ ਚਿੱਠੀ ਵੀ ਲਿਖੀ ਹੈ।
ਇਸ ਗੱਲ ਦੀ ਚਰਚਾ ਹੈ ਕਿ ਭਾਜਪਾ, ਪੰਜਾਬ ਦੀ ਕਮਾਨ ਸਿੱਖ ਚਿਹਰੇ ਨਵਜੋਤ ਸਿੰਘ ਸਿੱਧੂ ਨੂੰ ਦੇਣ ਜਾ ਰਹੀ ਹੈ। ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਅਕਾਲੀ ਦਲ ਦੀਆਂ ਨੀਤੀਆਂ ਦੇ ਕੱਟੜ ਆਲੋਚਕ ਹਨ। ਇਸ ਲਈ ਜੇ ਸਿੱਧੂ ਪੰਜਾਬ ਭਾਜਪਾ ਦੇ ਪ੍ਰਧਾਨ ਬਣਦੇ ਹਨ ਤਾਂ ਗੱਠਜੋੜ ਕਾਇਮ ਰਹਿਣਾ ਮੁਸ਼ਕਿਲ ਹੈ। ਭਾਜਪਾ ਫਰਵਰੀ ਦੇ ਆਖਰੀ ਹਫਤੇ ਪੰਜਾਬ ਪ੍ਰਧਾਨ ਦਾ ਐਲਾਨ ਕਰ ਸਕਦੀ ਹੈ। ਇਸ ਮਗਰੋਂ ਹੀ ਗੱਠਜੋੜ ਦਾ ਭਵਿਖ ਤੈਅ ਹੋਏਗਾ।
ਇਸ ਤੋਂ ਇਲਾਵਾ ਭਾਜਪਾ ਅਕਾਲੀ ਦਲ ਨਾਲੋਂ ਵੱਖ ਹੋ ਕੇ ਸੱਤਾ ਵਿਰੋਧੀ ਹਵਾ ਤੋਂ ਵੀ ਬਚਣਾ ਚਾਹੁੰਦੀ ਹੈ ਕਿਉਂਕਿ ਪਿਛਲੇ 10 ਸਾਲਾਂ ਤੋਂ ਸੱਤਾ ‘ਤੇ ਬਿਰਾਜਮਾਨ ਸਰਕਾਰ ਤੇ ਖਾਸਕਰ ਅਕਾਲੀ ਦਲ ਖਿਲਾਫ ਕਾਫੀ ਰੋਸ ਹੈ। ਭਾਜਪਾ ਦੇ ਹੇਠਲੇ ਲੀਡਰ ਅਤੇ ਕਾਡਰ ਪਹਿਲਾਂ ਹੀ ਅਕਾਲੀ ਦਲ ਤੋਂ ਵੱਖ ਹੋਣ ਦੀ ਦੁਹਾਈ ਦਿੰਦਾ ਆ ਰਿਹਾ ਹੈ। ਹੁਣ ਸੀਨੀਅਰ ਲੀਡਰਸ਼ਿਪ ਵੀ ਅਕਾਲੀ ਦਲ ‘ਤੇ ਅਣਦੇਖਿਆ ਕਰਨ ਦੇ ਇਲਜ਼ਾਮ ਲਾ ਰਹੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਦੀ ਅੰਮ੍ਰਿਤਸਰ ਫੇਰੀ ਮੌਕੇ ਵੀ ਭਾਜਪਾ ਲੀਡਰਾਂ ਨੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ। ਭਾਜਪਾ ਲੀਡਰਾਂ ਨੇ ਕਿਹਾ ਹੈ ਕਿ ਗੱਠਜੋੜ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਦੂਜੇ ਪਾਸੇ ਪੰਥਕ ਮੁੱਦਿਆਂ ‘ਤੇ ਖੁੱਲ੍ਹ ਕੇ ਸਿਆਸਤ ਕਰਨ ਲਈ ਅਕਾਲੀ ਦਲ ਵੀ ਭਾਜਪਾ ਤੋਂ ਵੱਖ ਹੋਣਾ ਹੀ ਬਿਹਤਰੀ ਸਮਝ ਰਿਹਾ ਹੈ। ਇਸ ਲਈ ਸੀਨੀਅਰ ਅਕਾਲੀ ਲੀਡਰ ਵੀ ਬੋਲਣ ਲੱਗੇ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਸੇਵਾ ਸਿੰਘ ਸੇਖਵਾਂ ਤੇ ਤੋਤਾ ਸਿੰਘ ਨੇ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਹੈ। ਅਕਾਲੀ ਲੀਡਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।