ਗਣਤੰਤਰ ਦਿਵਸ ਪਰੇਡ ‘ਚ ਪੰਜਾਬ ਦੀ ਗੈਰਹਾਜ਼ਰੀ ਬਣੀ ਮੁੱਦਾ

ਅੰਮ੍ਰਿਤਸਰ: ਗਣਤੰਤਰ ਦਿਵਸ ਮੌਕੇ ਪਰੇਡ ਵਿਚ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾ ਕਰਨ ਕਰਕੇ ਮੋਦੀ ਸਰਕਾਰ ‘ਤੇ ਸਵਾਲ ਉਠੇ ਹਨ। ਹੁਣ ਤੱਕ ਅਕਸਰ ਸਿੱਖ ਰੈਜੀਮੈਂਟ ਪੂਰੇ ਉਤਸ਼ਾਹ ਨਾਲ ਪਰੇਡ ਦਾ ਹਿੱਸਾ ਬਣਦੀ ਰਹੀ ਹੈ ਤੇ ਉਸ ਦਾ ਮਾਰਚ ਪਰੇਡ ਵਿਚ ਬੇਹੱਦ ਸ਼ਾਨਦਾਰ ਹੁੰਦਾ ਸੀ। ਪੰਜਾਬ ਭਾਰਤ ਦਾ ਦੋ ਫੀਸਦੀ ਹਿੱਸਾ ਹੈ, ਪਰ ਆਜ਼ਾਦੀ ਵਿਚ ਇਸ ਦੀਆਂ ਕੁਰਬਾਨੀਆਂ 80 ਫੀਸਦੀ ਤੋਂ ਵੀ ਵਧੇਰੇ ਹਨ। ਸਿੱਖ ਜਥੇਬੰਦੀਆਂ ਨੇ ਇਸ ਨੂੰ ਕੋਝੀ ਸਾਜ਼ਿਸ਼ ਕਰਾਰ ਦਿੱਤਾ ਹੈ।

ਇਸ ਵਾਰ ਪੰਜਾਬ ਸਰਕਾਰ ਨੇ ਉਪਰੋਕਤ ਸਮਾਰੋਹ ਵਿਚ ਪੰਜਾਬ ਦੀ ਸ਼ਮੂਲੀਅਤ ਲਈ ਉਚੇਰੇ ਤੌਰ ‘ਤੇ ਵਿਰਾਸਤ-ਏ-ਖਾਲਸਾ ਅਨੰਦਪੁਰ ਸਾਹਿਬ ਦੀ ਝਾਕੀ ਤਿਆਰ ਕੀਤੀ ਸੀ, ਪਰ ਕੇਂਦਰੀ ਰੱਖਿਆ ਮੰਤਰਾਲੇ ਨੇ ਉਸ ਝਾਕੀ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਵਾਰ ਗਣਤੰਤਰ ਦਿਵਸ ਪਰੇਡ ਵਿਚ ਯੂæਪੀæ, ਬਿਹਾਰ, ਗੋਆ, ਗੁਜਰਾਤ, ਸਿੱਕਮ, ਜੰਮੂ ਕਸ਼ਮੀਰ, ਰਾਜਸਥਾਨ, ਚੰਡੀਗੜ੍ਹ (ਯੂæਟੀæ), ਬਿਹਾਰ, ਆਸਾਮ, ਤ੍ਰਿਪੁਰਾ, ਉੜੀਸਾ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉਤਰਾਖੰਡ ਦੀਆਂ 17 ਝਾਕੀਆਂ ਤੇ ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਵੱਲੋਂ ਤਿਆਰ ਛੇ ਝਾਕੀਆਂ ਸ਼ਾਮਲ ਕੀਤੀਆਂ ਗਈਆਂ। ਹੈਰਾਨੀਜਨਕ ਗੱਲ ਇਹ ਹੈ ਕਿ ਪੰਜਾਬ ਦੀ ਝਾਕੀ ਇਥੋਂ ਦੀ ਵਿਰਾਸਤ ਨਾਲ ਸਬੰਧਤ ਸੀ ਤੇ ਪੁਰਾਤਨ ਪੰਜਾਬ ਤੇ ਉਸ ਵੇਲੇ ਦੇ ਪੰਜਾਬੀਆਂ ਦੀ ਰਹਿਣੀ-ਬਹਿਣੀ ਦੀ ਤਸਵੀਰ ਪੇਸ਼ ਕਰ ਰਹੀ ਸੀ, ਜਿਸ ਨੂੰ ਪਰੇਡ ‘ਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਜਦਕਿ ਰਾਜਸਥਾਨ ਦੇ ਹਵਾ ਮਹਿਲ, ਗੋਆ ਦੇ ਇਕ ਲੋਕ ਨਾਚ, ਗੁਜਰਾਤ ਦੇ ਗਿਰ ਖੇਤਰ ਵਿਚਲੇ ਜੰਗਲ ਵਿਚ ਵਸਦੇ ਇਕ ਕਬੀਲੇ ਅਤੇ ਉਥੋਂ ਦੇ ਸ਼ੇਰ, ਯੂæਪੀæ ਦੀ ਜਰਦੋਜੀ ਵਿਰਾਸਤ ਅਤੇ ਮੱਧ ਪ੍ਰਦੇਸ਼ ਦੇ ਸਫੈਦ ਚੀਤੇ ਨੂੰ ਵਧੇਰੇ ਮਹੱਤਵਪੂਰਨ ਮੰਨਦਿਆਂ ਪਰੇਡ ਵਿਚ ਜਗ੍ਹਾ ਦਿੱਤੀ ਗਈ।
ਸਮਾਗਮ ਵਿਚ ਪੰਜਾਬ ਦੀ ਸ਼ਮੂਲੀਅਤ ਲਈ ਵਿਭਾਗ ਨੇ ਕੇਂਦਰੀ ਰੱਖਿਆ ਮੰਤਰਾਲੇ ਨੂੰ ਤਿੰਨ ਝਾਕੀਆਂ ਦੀ ਤਜਵੀਜ਼ ਭੇਜੀ ਸੀ, ਜਿਨ੍ਹਾਂ ‘ਚੋਂ ਇਕ ਝਾਕੀ ਦੀ ਚੋਣ ਕੇਂਦਰੀ ਮੰਤਰਾਲੇ ਨੇ ਕਰਨੀ ਸੀ। ਵਿਭਾਗ ਨੇ ਵਿਰਾਸਤ-ਏ-ਖਾਲਸਾ ਦੇ ਨਾਲ-ਨਾਲ ‘ਮਾਈ ਭਾਗੋ ਆਰਮਡ ਫੋਰਸਿਸ ਇੰਸਟੀਚਿਊਟ’ ਤੇ ‘ਸੂਰਜੀ ਊਰਜਾ’ ਦੀਆਂ ਝਾਕੀਆਂ ਬਾਰੇ ਤਜਵੀਜ਼ਾਂ ਭੇਜੀਆਂ ਸਨ। ਕੇਂਦਰੀ ਮੰਤਰਾਲੇ ਨੇ ਹੋਰਾਂ ਸੂਬਿਆਂ ਤੋਂ ਆਈਆਂ ਝਾਕੀਆਂ ‘ਚੋਂ ਸਭ ਤੋਂ ਬਿਹਤਰੀਨ 10 ਝਾਕੀਆਂ ਦੀ ਚੋਣ ਕਰਨੀ ਸੀ, ਪਰ ਪੰਜਾਬ ਦੀ ਝਾਕੀ ਦੀ ਉਨ੍ਹਾਂ 10 ਝਾਕੀਆਂ ਵਿਚ ਚੋਣ ਨਹੀਂ ਕੀਤੀ ਗਈ। ਤਿੰਨ ਸਾਲ ਪਹਿਲਾਂ ਸਾਲ 2012 ਵਿਚ ਗਣਤੰਤਰ ਦਿਵਸ ਸਮਾਰੋਹ ਮੌਕੇ ਪੰਜਾਬ ਦੀ ਝਾਕੀ ਨਜ਼ਰ ਆਈ ਸੀ। ਉਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਝਾਕੀ ਗਣਤੰਤਰ ਦਿਵਸ ਪਰੇਡ ਵਿਚ ਨਜ਼ਰ ਆਈ ਸੀ। ਉਸ ਤੋਂ ਅਗਲੇ ਸਾਲਾਂ ਪੰਜਾਬ ਵੱਲੋਂ ਤੀਜ ਮੇਲਾ, ਬਾਬਾ ਫਰੀਦ ਅਤੇ ਕਿਲਾ ਰਾਏਪੁਰ ਖੇਡਾਂ ‘ਤੇ ਆਧਾਰਤ ਝਾਕੀਆਂ ਦੀਆਂ ਤਜਵੀਜ਼ਾਂ ਕੇਂਦਰੀ ਮੰਤਰਾਲੇ ਨੂੰ ਭੇਜੀਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਜਗ੍ਹਾ ਨਹੀਂ ਦਿੱਤੀ ਗਈ। ਪਰੇਡ ਵਿਚ ਫੌਜ ਦੇ ਸਿੱਖ ਦਸਤੇ ਨੂੰ ਸ਼ਾਮਲ ਨਾ ਕਰਨ ਦਾ ਮਾਮਲਾ ਵੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿੱਖ ਤੇ ਪੰਜਾਬ ਰੈਜਮੈਂਟਾਂ ਭਾਰਤੀ ਫ਼ੌਜ ਦੇ ਸਭ ਤੋਂ ਪੁਰਾਣੇ ਦਸਤਿਆਂ ਵਿਚੋਂ ਹਨ ਅਤੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਇਸ ਵਾਰੀ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਨਾ ਕਰਨਾ ਕੇਂਦਰ ਦੇ ਘੱਟ ਗਿਣਤੀਆਂ ਪ੍ਰਤੀ ਰਵਈਏ ਦਾ ਪ੍ਰਗਟਾਵਾ ਹੈ।
_______________________________________
ਸ਼੍ਰੋਮਣੀ ਕਮੇਟੀ ਨੇ ਮੋਦੀ ਸਰਕਾਰ ਨੂੰ ਘੇਰਿਆ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਗਣਤੰਤਰ ਦਿਵਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਸਾਹਮਣੇ ਜਾਣਬੁਝ ਕੇ ਸਿੱਖ ਰੈਜਮੈਂਟ ਨੂੰ ਪਰੇਡ ਵਿਚ ਸ਼ਾਮਲ ਨਹੀਂ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਪਤਾ ਨਾ ਲੱਗ ਸਕੇ। ਇਸ ਕਾਰਨ ਸਮੁੱਚੇ ਸਿੱਖ ਵਰਗ ਵਿਚ ਰੋਸ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਸ ਵਾਰ ਗਣਤੰਤਰ ਦਿਵਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਪੁੱਜੇ ਸਨ। ਉਨ੍ਹਾਂ ਨੂੰ ਮਿਲਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਮਾਂ ਵੀ ਮੰਗਿਆ ਗਿਆ ਸੀ। ਇਸ ਬਾਰੇ 21 ਜਨਵਰੀ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਸੀ। ਉਨ੍ਹਾਂ ਆਖਿਆ ਕਿ ਫਰਾਂਸ ਵਿਚ ਸਿੱਖ ਭਾਈਚਾਰੇ ਨੂੰ ਦਸਤਾਰ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸਿੱਖ ਭਾਈਚਾਰਾ ਵਿਦੇਸ਼ੀ ਆਗੂ ਅੱਗੇ ਦਸਤਾਰ ਦੀ ਮਹੱਤਤਾ ਪੇਸ਼ ਕਰਨ ਦਾ ਯਤਨ ਕਰ ਰਿਹਾ ਸੀ ਤਾਂ ਕੇਂਦਰ ਸਰਕਾਰ ਨੇ ਕੌਮੀ ਪਰੇਡ ਵਿਚੋਂ ਸਿੱਖਾਂ ਨੂੰ ਮਨਫ਼ੀ ਕਰ ਦਿੱਤਾ ਤਾਂ ਜੋ ਫਰਾਂਸ ਦੇ ਰਾਸ਼ਟਰਪਤੀ ਨੂੰ ਇਸ ਬਾਰੇ ਪਤਾ ਨਾ ਲੱਗ ਸਕੇ।
________________________________________
ਵਿਦੇਸ਼ੀ ਦਬਾਅ ਹੇਠ ਕੰਮ ਕਰ ਰਹੀ ਹੈ ਸਰਕਾਰ: ਝੀਂਡਾ
ਕਰਨਾਲ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਗਣਤੰਤਰ ਦਿਵਸ ‘ਤੇ ਦਿੱਲੀ ਵਿਚ ਹੋਈ ਪਰੇਡ ਦੌਰਾਨ ਸਿੱਖ ਰੈਜਮੈਂਟ ਨੂੰ ਸ਼ਾਮਲ ਨਾ ਕੀਤੇ ਜਾਣ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵਿਦੇਸ਼ੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਜਥੇਦਾਰ ਝੀਂਡਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ 2015 ਤੱਕ 26 ਜਨਵਰੀ ਦੀ ਪਰੇਡ ਦੌਰਾਨ ਸਿੱਖ ਰੈਜਮੈਂਟ ਨੂੰ ਸ਼ਾਮਲ ਕੀਤਾ ਗਿਆ ਪਰ ਇਸ ਸਾਲ ਮੋਦੀ ਸਰਕਾਰ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ।
_______________________________________
ਬਾਦਲ ਦਾ ਕੇਂਦਰ ਨਾਲ ਗਿਲਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਣਤੰਤਰ ਦਿਵਸ ਦੀ ਪਰੇਡ ਵਿਚੋਂ ਸਿੱਖ ਰੈਜੀਮੈਂਟ ਦੀ ਸ਼ਮੂਲੀਅਤ ਨਾ ਹੋਣ ਨੂੰ ਦੁਖਦਾਈ ਅਤੇ ਅਫ਼ਸੋਸਜਨਕ ਦੱਸਿਆ ਹੈ। ਸ਼ ਬਾਦਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਗਣਤੰਤਰ ਦਿਵਸ ਮੌਕੇ ਸਿੱਖ ਰੈਜੀਮੈਂਟ ਨੂੰ ਪਰੇਡ ਵਿਚ ਸ਼ਾਮਲ ਨਾ ਕਰਨ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਪਰੇਡ ਮੌਕੇ ਸਦਾ ਹੀ ਭਾਰਤ ਦੇ ਬਹ-ਸਭਿਆਚਾਰ, ਬਹੁ ਧਾਰਮਿਕ ਪਛਾਣ ਅਤੇ ਧਰਮ-ਨਿਰਪੱਖ ਵਿਸ਼ਵਾਸਾਂ ਨੂੰ ਦਰਸਾਇਆ ਜਾਂਦਾ ਰਿਹਾ ਹੈ।