ਖਾਲਸਾ ਕਾਲਜ ਨੂੰ ਪ੍ਰਾਈਵੇਟ ‘ਵਰਸਿਟੀ ਬਣਾਉਣ ਲਈ ਮੁੜ ਮੁਹਿੰਮ

ਚੰਡੀਗੜ੍ਹ: ਪੰਜਾਬ ਦੀ ਵੱਕਾਰੀ ਵਿੱਦਿਅਕ ਸੰਸਥਾ ਤੇ ਵਿਰਾਸਤੀ ਧ੍ਰੋਹਰ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪ੍ਰਾਈਵੇਟ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੁਹਿੰਮ ਮੁੜ ਸ਼ੁਰੂ ਹੋ ਗਈ ਹੈ। ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਜੋ ਪ੍ਰਸਤਾਵ ਭੇਜਿਆ ਗਿਆ ਹੈ, ਉਸ ਵਿਚ 300 ਏਕੜ ਵਿਚ ਯੂਨੀਵਰਸਿਟੀ ਕੈਂਪਸ ਬਣਾਉਣ ਦੀ ਪ੍ਰਵਾਨਗੀ ਮੰਗੀ ਗਈ ਹੈ,

ਜਦੋਂ ਕਿ ਵਿਵਾਦਾਂ ਤੋਂ ਬਚਣ ਲਈ ਪ੍ਰਬੰਧਕਾਂ ਨੇ ਮੌਜੂਦਾ ਕਾਲਜ ਨੂੰ ਪਹਿਲਾਂ ਦੀ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਤ (ਐਫੀਲਿਏਟਿਡ) ਰੱਖਣ ਦਾ ਫੈਸਲਾ ਕੀਤਾ ਹੈ। ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਅਨੁਰਾਗ ਵਰਮਾ ਦੀ ਅਗਵਾਈ ਹੇਠ ਇਕ ਉਚ ਪੱਧਰੀ ਟੀਮ ਨੇ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਖਾਲਸਾ ਕਾਲਜ ਕੈਂਪਸ ਦਾ ਜਾਇਜ਼ਾ ਲੈ ਲਿਆ ਹੈ।
ਇਸ ਬਾਰੇ ਰਿਪੋਰਟ ਅਗਲੇ ਹਫਤੇ ਤੱਕ ਸਰਕਾਰ ਨੂੰ ਸੌਂਪੇ ਜਾਣ ਦੇ ਆਸਾਰ ਹਨ। ਇਸ ਪ੍ਰਾਈਵੇਟ ਯੂਨੀਵਰਸਿਟੀ ਸਬੰਧੀ ਬਿੱਲ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਲਿਆਂਦਾ ਜਾ ਸਕਦਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੁੜਮ ਸੱਤਿਆਜੀਤ ਸਿੰਘ ਮਜੀਠੀਆ ਦੇ ਪਰਿਵਾਰ ਦਾ ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ‘ਤੇ ਦਬਦਬਾ ਹੈ।
ਪ੍ਰਬੰਧਕੀ ਕਮੇਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਕਾਲਜ ਪਹਿਲਾਂ ਵਾਂਗ ਰਹੇਗਾ ਪਰ ਯੂਨੀਵਰਸਿਟੀ ਕੈਂਪਸ ਵੱਖਰਾ ਹੋਵੇਗਾ। ਪ੍ਰਬੰਧਕਾਂ ਵਲੋਂ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੀ ਸਥਾਪਤ ਇਸ ਵਿੱਦਿਅਕ ਸੰਸਥਾ ਦੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਹਨ, ਜਿਸ ਲਈ ਇਸ ਨੂੰ ਯੂਨੀਵਰਸਿਟੀ ਦਾ ਦਰਜਾ ਮਿਲਣਾ ਚਾਹੀਦਾ ਹੈ। ਨਾਲ ਹੀ ਇਹ ਦਾਅਵਾ ਕੀਤਾ ਗਿਆ ਹੈ ਕਿ ਪ੍ਰਬੰਧਕੀ ਕਮੇਟੀ ‘ਤੇ ਕਿਸੇ ਵਿਅਕਤੀ ਵਿਸ਼ੇਸ਼ ਦਾ ਕਬਜ਼ਾ ਨਹੀਂ ਹੈ, ਬਲਕਿ ਵੱਖ-ਵੱਖ ਵਰਗਾਂ ਦੇ ਵਿਅਕਤੀ ਸ਼ਾਮਲ ਹਨ।
ਇਕ ਤਰਕ ਇਹ ਵੀ ਦਿੱਤਾ ਗਿਆ ਹੈ ਕਿ ਆਜ਼ਾਦੀ ਤੋਂ ਪਹਿਲਾਂ ਦੀਆਂ ਵਿਦਿਅਕ ਸੰਸਥਾਵਾਂ ਬਨਾਰਸ ਦੇ ਹਿੰਦੂ ਕਾਲਜ ਤੇ ਅਲੀਗੜ੍ਹ ਦੇ ਮੁਸਲਿਮ ਕਾਲਜ ਨੂੰ ਯੂਨੀਵਰਸਿਟੀਆਂ ਦਾ ਦਰਜਾ ਕਈ ਸਾਲ ਪਹਿਲਾਂ ਦਿੱਤਾ ਜਾ ਚੁੱਕਾ ਹੈ ਤਾਂ ਖਾਲਸਾ ਕਾਲਜ ਨੂੰ ਵੀ ਉਸੇ ਤਰ੍ਹਾਂ ਯੂਨੀਵਰਸਿਟੀ ਦਾ ਦਰਜਾ ਮਿਲਣਾ ਚਾਹੀਦਾ ਹੈ।
ਇਹ ਦੋਵੇਂ ਯੂਨੀਵਰਸਿਟੀਆਂ ਸਰਕਾਰ ਅਧੀਨ ਹਨ ਜਦੋਂ ਕਿ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪ੍ਰਾਈਵੇਟ ਯੂਨੀਵਰਸਿਟੀ ਵਿਚ ਤਬਦੀਲ ਕੀਤੇ ਜਾਣ ਦਾ ਪ੍ਰਸਤਾਵ ਹੈ। ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪ੍ਰਾਈਵੇਟ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੁਹਿੰਮ ਸਾਲ 2011 ਵਿਚ ਵੀ ਸ਼ੁਰੂ ਹੋਈ ਸੀ ਪਰ ਮੁਲਾਜ਼ਮਾਂ ਦੇ ਸੰਘਰਸ਼ ਅਤੇ ਮਾਝੇ ਦੇ ਅਕਾਲੀ ਆਗੂਆਂ ਦੇ ਦਬਾਅ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ। ਇਸ ਵਾਰ ਵੀ ਸਾਰੀ ਟੇਕ ਮੁੱਖ ਮੰਤਰੀ ਬਾਦਲ ਉਤੇ ਹੀ ਹੈ।
_________________________________________________
ਕੈਪਟਨ ਵੱਲੋਂ ਬਾਦਲ ਸਰਕਾਰ ਨੂੰ ਚਿਤਾਵਨੀ
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਖਾਲਸਾ ਯੂਨੀਵਰਸਿਟੀ ਬਣਾਉਣ ਦਾ ਮਾਮਲਾ ਗਰਮਾ ਗਿਆ ਹੈ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ‘ਤੇ ਧਰਨਾ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਯੂਨੀਵਰਸਿਟੀ ਸਥਾਪਤ ਕਰਨ ਦੇ ਫੈਸਲੇ ਨਾਲ ਇਤਿਹਾਸਕ ਖਾਲਸਾ ਕਾਲਜ ਦੀ ਵਿਰਾਸਤ ਖਤਮ ਹੋ ਜਾਵੇਗੀ। ਜੇ ਗਵਰਨਿੰਗ ਕੌਂਸਲ ਆਪਣੇ ਫੈਸਲੇ ‘ਤੇ ਅੱਗੇ ਵਧੀ ਤਾਂ ਉਹ ਅਜਿਹੇ ਕਦਮ ਖਿਲਾਫ ਨਿੱਜੀ ਤੌਰ ‘ਤੇ ਖਾਲਸਾ ਕਾਲਜ ਦੇ ਬਾਹਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਨਿੱਜੀ ਤੌਰ ‘ਤੇ ਕਾਲਜ ਦੀ ਗਵਰਨਿੰਗ ਕੌਂਸਲ ਨੂੰ ਕੰਟਰੋਲ ਕਰਨ ਵਾਲੇ ਕੁਝ ਲੋਕਾਂ ਦੇ ਲਾਲਚ ਨੂੰ ਪੂਰਾ ਕਰਨ ਲਈ ਖਾਲਸਾ ਕਾਲਜ ਦੀ ਸਭਿਆਚਾਰਕ ਵਿਰਾਸਤ ਤੇ ਵੱਖਰੀ ਪਛਾਣ ਨੂੰ ਖਤਮ ਨਹੀਂ ਕਰਨ ਦੇਣਗੇ। ਉਹ ਕਿਸੇ ਵੱਲੋਂ ਵੀ ਪ੍ਰਾਈਵੇਟ ਯੂਨੀਵਰਸਿਟੀ ਸਥਾਪਤ ਕਰਨ ਖਿਲਾਫ ਨਹੀਂ ਹਨ, ਪਰ ਇਸ ਨੂੰ ਖਾਲਸਾ ਕਾਲਜ ਦੇ ਮਹਾਨ ਵਿਰਾਸਤ ਦੀ ਕੀਮਤ ‘ਤੇ ਨਹੀਂ ਹੋਣ ਦਿੱਤਾ ਜਾਵੇਗਾ।