ਪਾਕਿਸਤਾਨ ਤਸਕਰਾਂ ਦਾ ਪੰਜਾਬ ਪੁਲਿਸ ਨਾਲ ਕੁਨੈਕਸ਼ਨ?

ਅੰਮ੍ਰਿਤਸਰ: ਸਰਹੱਦ ਪਾਰੋਂ ਹੁੰਦੀ ਨਸ਼ਿਆਂ ਦੀ ਤਸਕਰੀ ਦਾ ਕੁਨੈਕਸ਼ਨ ਪੰਜਾਬ ਪੁਲਿਸ ਨਾਲ ਵੀ ਜੁੜਿਆ ਹੋਇਆ ਹੈ। ਇਸ ਦਾ ਖੁਲਾਸਾ ਬਰਖਾਸਤ ਥਾਣੇਦਾਰ ਦੀ ਗ੍ਰਿਫਤਾਰੀ ਤੋਂ ਹੋਇਆ ਹੈ। ਅਜਨਾਲਾ ਪੁਲਿਸ ਨੇ ਪੰਜਾਬ ਪੁਲਿਸ ਦੇ ਬਰਖਾਸਤ ਥਾਣੇਦਾਰ ਰਣਜੀਤ ਸਿੰਘ ਨੂੰ ਪਾਕਿਸਤਾਨੀ ਸਮਗਲਰਾਂ ਨਾਲ ਮਿਲ ਕੇ ਸਮਗਲਿੰਗ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਕੋਲੋਂ ਭਾਰਤੀ ਮੋਬਾਈਲ ਸਮੇਤ ਪਾਕਿਸਤਾਨੀ ਸਿਮ ਤੇ ਪਾਕਿਸਤਾਨੀ ਨੰਬਰਾਂ ਵਾਲੀ ਡਾਇਰੀ ਬਰਾਮਦ ਕੀਤੀ ਹੈ।

ਪੁਲਿਸ ਮੁਤਾਬਕ 27-28 ਜਨਵਰੀ ਦੀ ਰਾਤ ਨੂੰ ਅਜਨਾਲਾ ਸੈਕਟਰ ਵਿਚ ਆਉਂਦੀ ਭਾਰਤ-ਪਾਕਿ ਸਰਹੱਦ ਦੇ ਇਲਾਕੇ ਵਿਚ ਤਿੰਨ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਸਰਹੱਦ ‘ਤੇ ਤਾਇਨਾਤ ਬੀæਐਸ਼ਐਫ਼ ਦੀ ਮਹਿਲਾ ਫੋਰਸ ਨੇ ਫਾਇਰਿੰਗ ਕਰਕੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਬੀæਐਸ਼ਐਫ਼ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਾਰਵਾਈ ਗਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਨਾਕਾਬੰਦੀ ਕੀਤੀ ਗਈ ਸੀ ਤੇ ਵਿਸ਼ੇਸ਼ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ ਸੀ।
ਇਸੇ ਦੌਰਾਨ ਪਿੰਡ ਬੱਲੜਵਾਲ ਨੇੜੇ ਲੱਗੇ ਨਾਕੇ ‘ਤੇ ਪੁਲਿਸ ਨੇ ਰਣਜੀਤ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਤੇ ਉਸ ਦਾ ਇਕ ਸਾਥੀ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ਵਿਚ ਥਾਣੇਦਾਰ ਸੀ। ਪੁਲਿਸ ਨੇ ਜਾਂਚ ਵਿੱਚ ਪਾਇਆ ਕਿ ਰਣਜੀਤ ਸਿੰਘ ਪਹਿਲਾਂ ਵੀ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਪੁਲਿਸ ਨੂੰ ਲੋੜੀਂਦਾ ਸੀ। ਪੁਲਿਸ ਹੁਣ ਇਸ ਜਾਂਚ ਵਿਚ ਜੁਟ ਚੁੱਕੀ ਹੈ ਕਿ ਰਣਜੀਤ ਸਿੰਘ ਦੇ ਪਾਕਿਸਤਾਨ ਵਿਚ ਕਿਨ੍ਹਾਂ ਸਮਗਲਰਾਂ ਨਾਲ ਸੰਪਰਕ ਵਿਚ ਹਨ ਤੇ ਉਹ ਪਹਿਲਾਂ ਕਿੰਨੀ ਵਾਰ ਸਰਹੱਦ ਪਾਰੋਂ ਨਸ਼ੇ ਦੀ ਖੇਪ ਭਾਰਤ ਪਹੁੰਚਾ ਚੁੱਕਾ ਹੈ।
______________________________________________
ਜੇਲ੍ਹਾਂ ‘ਚ ਨਸ਼ਈ ਕੈਦੀਆਂ ਦੀ ਭਰਮਾਰ
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਨਸ਼ਈ ਕੈਦੀਆਂ ਦੀ ਭਰਮਾਰ ਹੈ। ਨਸ਼ੀਲੇ ਪਦਾਰਥਾਂ ਨੂੰ ਲੈ ਕੇ ਦਰਜ ਕੇਸਾਂ ਨਾਲ ਜੁੜੇ ਕੈਦੀ ਤੇ ਹਵਾਲਾਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਸੂਬੇ ਦੀਆਂ ਜੇਲ੍ਹਾਂ ‘ਚ 25616 ਕੈਦੀ ਬੰਦ ਹਨ, ਜਿਨ੍ਹਾਂ ਵਿਚੋਂ 1353 ਔਰਤ ਹਨ। ਮਰਦ ਕੈਦੀਆਂ ਦੀ ਕੁੱਲ ਗਿਣਤੀ 24626 ਹੈ। ਜੇਲ੍ਹਾਂ ‘ਚ ਬੰਦ ਕੁੱਲ 25616 ਲੋਕਾਂ ਵਿਚੋਂ 7068 ਕੈਦੀ, 7055 ਹਵਾਲਾਤੀ, 133 ਸਿਵਲ ਕੈਦੀ, 4058 ਐਨæਡੀæਪੀæਐਸ਼ ਐਕਟ ਕੈਦੀ, 7197 ਐਨæਡੀæਪੀæਐਸ਼ ਐਕਟ ਹਵਾਲਾਤੀ ਅਤੇ 105 ਵਿਦੇਸ਼ੀ ਹਨ। ਜੇਲ੍ਹਾਂ ‘ਚ 6699 ਮਰਦ ਅਤੇ 369 ਔਰਤ ਕੈਦੀ ਬੰਦ ਹਨ। 438 ਔਰਤ ਹਵਾਲਾਤੀ ਸ਼ਾਮਲ ਹਨ, ਜਦੋਂ ਕਿ ਨਸ਼ਿਆਂ ਨੂੰ ਲੈ ਕੇ ਦਰਜ ਕੇਸਾਂ ‘ਚ 227 ਔਰਤਾਂ ਵੀ ਸ਼ਾਮਲ ਹਨ। ਸਰਕਾਰ ਵੱਲੋਂ ਸਖਤੀ ਦੇ ਦਾਅਵਿਆਂ ਦੇ ਬਾਵਜੂਦ ਜੇਲ੍ਹਾਂ ਵਿਚ ਸ਼ਰੇਆਮ ਨਸ਼ੇ ਪਹੁੰਚ ਰਹੇ ਹਨ।