ਡੇਰਾ ਮੁਖੀ ਦੀ ਮੁਆਫੀ ਬਾਰੇ ਜਥੇਦਾਰ ਨੇ ਕਬੂਲੀ ਗਲਤੀ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਿੱਤੇ ਜਾਣ ਦੇ ਮਾਮਲੇ ਉਤੇ ਪਹਿਲੀ ਵਾਰ ਆਪਣੀ ਗਲਤੀ ਮੰਨੀ ਹੈ। ਇਕ ਨਿਊਜ਼ ਚੈਨਲ ‘ਤੇ ਗੱਲਬਾਤ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਮੁੜ ਕੇ ਉਹ ਅਜਿਹੀ ਗਲਤੀ ਨਹੀਂ ਕਰਨਗੇ।

ਡੇਰਾ ਮੁਖੀ ਨੂੰ ਮੁਆਫੀ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਪਹਿਲੀ ਵਾਰ ਕੈਮਰੇ ਅੱਗੇ ਆਪਣੀ ਗਲਤੀ ਮੰਨੀ ਹੈ। ਉਨ੍ਹਾਂ ਆਖਿਆ ਕਿ ਡੇਰਾ ਮੁਖੀ ਦਾ ਮੁਆਫੀ ਵਾਲਾ ਪੱਤਰ ਉਨ੍ਹਾਂ ਨੂੰ ਮਿਲਿਆ ਸੀ ਜਿਸ ਨੂੰ ਪ੍ਰਵਾਨ ਕਰ ਕੇ ਵਿਚਾਰ-ਵਟਾਂਦਰੇ ਲਈ ਰੱਖਿਆ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਡੇਰਾ ਮੁਖੀ ਨੂੰ ਮੁਆਫੀ ਨਹੀਂ ਦਿੱਤੀ ਗਈ ਸੀ, ਸਿਰਫ ਉਨ੍ਹਾਂ ਦਾ ਪੱਤਰ ਪ੍ਰਵਾਨ ਕੀਤਾ ਗਿਆ ਸੀ।
ਮੁਆਫੀ ਦਿੱਤੇ ਜਾਣ ਦੀ ਗੱਲ ਨੂੰ ਉਨ੍ਹਾਂ ਨੇ ਮਨਘੜਤ ਦੱਸਿਆ ਹੈ ਪਰ ਸਿੱਖ ਸੰਗਤ ਦੇ ਰੋਸ ਨੂੰ ਦੇਖਦੇ ਹੋਏ ਡੇਰਾ ਮੁਆਫੀ ਦੇ ਪੱਤਰ ਨੂੰ ਵਾਪਸ ਕਰ ਦਿੱਤਾ। ਉਨ੍ਹਾਂ ਸਪਸ਼ਟ ਕੀਤਾ ਕਿ ਡੇਰਾ ਮੁਖੀ ਨੂੰ ਮੁਆਫੀ ਕਦੇ ਵੀ ਨਹੀਂ ਸੀ ਦਿੱਤੀ ਗਈ।
ਉਨ੍ਹਾਂ ਆਖਿਆ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਆਖੇਗੀ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਵਿਚ ਸੁਧਾਰ ਵੀ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿੱਖ ਪੰਥ ਦੀ ਡੇਰਾ ਮੁਖੀ ਨਾਲ ਕੋਈ ਸਾਂਝ ਨਹੀਂ ਹੈ।
____________________________________
ਮੁਆਫੀ ਮਾਮਲੇ ਵਿਚ ਕੋਈ ਭੂਮਿਕਾ ਨਹੀਂ: ਗੁਰਮੁਖ ਸਿੰਘ
ਚੰਡੀਗੜ੍ਹ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਆਖਿਆ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦਿਵਾਉਣ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ। ਉਨ੍ਹਾਂ ਕਿਹਾ ਕਿ”ਮੁਲਾਕਾਤ ਦਾ ਦੂਰ ਦੀ ਗੱਲ, ਉਨ੍ਹਾਂ ਨੇ ਅੱਜ ਤੱਕ ਕਦੇ ਡੇਰਾ ਮੁਖੀ ਦਾ ਮੂੰਹ ਨਹੀਂ ਦੇਖਿਆ।”ਲੋਕਾਂ ਵੱਲੋਂ ਉਨ੍ਹਾਂ ‘ਤੇ ਫਲੈਟਾਂ, ਕੋਠੀਆਂ ਦੇ ਲਾਏ ਗਏ ਇਲਜ਼ਾਮ ਬਿਲਕੁਲ ਝੂਠੇ ਹਨ ਤੇ ਜੇ ਕੋਈ ਸਾਬਤ ਕਰ ਦੇਵੇ ਤਾਂ ਉਹ ਕਿਤੇ ਵੀ ਖੜ੍ਹਾ ਹੋਣ ਨੂੰ ਤਿਆਰ ਹਨ।”ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਕੋਲ ਜਥੇਦਾਰਾਂ ਨੂੰ ਹੁਕਮ ਦੇਣ ਦਾ ਅਧਿਕਾਰ ਨਹੀਂ ਕਿਉਂਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ।
____________________________________
ਜਥੇਦਾਰ ਦੇ ਕਬੂਲਨਾਮੇ ‘ਤੇ ਅਕਾਲੀ ਦਲ ਦੀ ਮੋਹਰ
ਅੰਮ੍ਰਿਤਸਰ :”ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਉਤੇ ਗਲਤੀ ਮੰਨਣ ਦੇ ਫੈਸਲੇ ਉਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੋਹਰ ਲਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੀæਪੀæਐਸ਼ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਹੈ ਕਿ ਜਥੇਦਾਰ ਨੇ ਗਲਤੀ ਮੰਨ ਕੇ ਸਹਿ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਵਿੱਖ ‘ਚ ਅਜਿਹੀ ਕੋਈ ਗਲਤੀ ਨਾ ਹੋਵੇ ਇਸ ਦੀ ਆਸ ਕਰਦੇ ਹਾਂ। ਉਧਰ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਹੈ ਕਿ ਜੇਕਰ ਜਥੇਦਾਰ ਮੰਨਦੇ ਹਨ ਕਿ ਉਨ੍ਹਾਂ ਗਲਤੀ ਕੀਤੀ ਹੈ ਤਾਂ ਉਹ ਜਲਦ ਹੀ ਇਸ ਦੇ ਪਸ਼ਚਾਤਾਪ ਵਜੋਂ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਸੇਵਾ ਦੇ ਦੇਣ।