ਸਮਾਰਟ ਸ਼ਹਿਰਾਂ ਦੀ ਪਹਿਲੀ ਸੂਚੀ ਵਿਚ ਲੁਧਿਆਣਾ ਨੇ ਮੱਲੀ ਥਾਂ

ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਬਣਾਉਣ ਦੀ ਐਲਾਨੀ ਪਹਿਲੇ 20 ਸ਼ਹਿਰਾਂ ਦੀ ਸੂਚੀ ਵਿਚ ਲੁਧਿਆਣਾ ਬਾਜ਼ੀ ਮਾਰ ਗਿਆ ਹੈ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿਚੋਂ ਕਿਸੇ ਵੀ ਸ਼ਹਿਰ ਦਾ ਨਾਮ ਸੂਚੀ ਵਿਚ ਨਹੀਂ ਹੈ। ਕੇਂਦਰ ਵੱਲੋਂ ਚੁਣੇ (98) ਸ਼ਹਿਰਾਂ ਵਿਚ ਵੱਖ-ਵੱਖ ਮਾਸਕਾਂ ਦੇ ਆਧਾਰ ‘ਤੇ ਕਰਵਾਏ ਮੁਕਾਬਲੇ ‘ਚ ਲੁਧਿਆਣਾ 19ਵੇਂ ਨੰਬਰ ‘ਤੇ ਆਇਆ ਹੈ ਜਦ ਕਿ ਅੰਮ੍ਰਿਤਸਰ ਤੇ ਜਲੰਧਰ ਪਹਿਲੇ ਗੇੜ ਦੀ ਸੂਚੀ ਵਿਚ ਸ਼ਾਮਲ ਹੋਣ ਵਿਚ ਨਾਕਾਮ ਰਹੇ।

ਹਾਲਾਂਕਿ ਉਤਰ ਪ੍ਰਦੇਸ਼, ਜਿਸ ਦੇ ਸਭ ਤੋਂ ਵੱਧ 13 ਸ਼ਹਿਰ ਸਮਾਰਟ ਸ਼ਹਿਰਾਂ ਵਜੋਂ ਚੁਣੇ ਗਏ ਹਨ, ਦਾ ਇਕ ਵੀ ਸ਼ਹਿਰ ਪਹਿਲੇ ਵੀਹਾਂ ਵਿਚ ਥਾਂ ਹਾਸਲ ਨਹੀਂ ਕਰ ਸਕਿਆ। ਪੱਛਮੀ ਬੰਗਾਲ ਤੇ ਬਿਹਾਰ ਦਾ ਕੋਈ ਵੀ ਸ਼ਹਿਰ ਪਹਿਲੇ ਵੀਹ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਨਹੀਂ ਹੈ। ਝਾਰਖੰਡ, ਹਰਿਆਣਾ, ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਵੀ ਕਿਸੇ ਸ਼ਹਿਰ ਦਾ ਨਾਂ ਸ਼ਾਮਲ ਨਹੀਂ ਹੈ, ਜਦ ਕਿ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਮਹਾਂਰਾਸ਼ਟਰ ਤੇ ਆਂਧਰਾ ਪ੍ਰਦੇਸ਼ ਅਜਿਹੇ ਰਾਜ ਹਨ ਜਿਨ੍ਹਾਂ ਦੇ ਦੋ ਜਾਂ ਦੋ ਤੋਂ ਵੱਧ ਸ਼ਹਿਰਾਂ ਦਾ ਨਾਂ ਪਹਿਲੇ 20 ਸ਼ਹਿਰਾਂ ਦੀ ਸੂਚੀ ਵਿਚ ਦਰਜ ਹੈ।
ਸ਼ਹਿਰੀ ਵਿਕਾਸ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਸ਼ਹਿਰਾਂ ਦੀ ਚੋਣ ਵਿਚ ਮੰਤਰਾਲੇ ਦੀ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਮੁਕਾਬਲੇ ਲਈ ਤੈਅ ਮਾਨਕਾਂ ਦੇ ਆਧਾਰ ‘ਤੇ ਹੀ ਫੈਸਲਾ ਕੀਤਾ ਗਿਆ ਹੈ। ਜਿਹੜੇ ਸ਼ਹਿਰ ਪਹਿਲੀ ਸੂਚੀ ਵਿਚ ਥਾਂ ਨਹੀਂ ਪਾ ਸਕੇ, ਉਹ ਹੋਰ ਬਿਹਤਰ ਕਰਨ ਦਾ ਯਤਨ ਕਰਨ ਕਿਉਂਕਿ 40 ਨਾਂ ਤੀਜੇ ਗੇੜ ਵਿਚ ਐਲਾਨੇ ਜਾਣਗੇ। ਇਸ ਸੂਚੀ ਵਿਚ ਪੰਜ ਰਾਜਾਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ ਜਿਨ੍ਹਾਂ ‘ਚ ਭੁਵਨੇਸ਼ਵਰ, ਉੜੀਸਾ ਦਾ ਨਾਂ ਪਹਿਲੇ ਨੰਬਰ ਉਤੇ ਹੈ ਜਦਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਤੀਜੇ ਨੰਬਰ ‘ਤੇ ਆਈ ਹੈ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਆਸਾਮ ਦੀ ਰਾਜਧਾਨੀ ਗੁਹਾਟੀ ਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦਾ ਨਾਂ ਵੀ ਪਹਿਲੇ ਵੀਹਾਂ ਸ਼ਹਿਰਾਂ ‘ਚ ਸ਼ਾਮਲ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ, ਜਿਸ ਦਾ ਨਾਂ ਪਹਿਲੇ 98 ਸਮਾਰਟ ਸ਼ਹਿਰਾਂ ‘ਚ ਸ਼ਾਮਲ ਸੀ, ਵੀ ਇਸ ਸੂਚੀ ਵਿਚ ਥਾਂ ਨਹੀਂ ਬਣਾ ਸਕੀ।
____________________________________
ਸਮਾਰਟ ਸ਼ਹਿਰਾਂ ਨੂੰ ਮਿਲਣਗੀਆਂ ਸਹੂਲਤਾਂ
ਲੁਧਿਆਣਾ: ਸ਼ਹਿਰ ਵਿਚ ਫਰੀ ਵਾਹਨ ਜ਼ੋਨ, ਪੈਦਲ ਤੇ ਬਾਈਕ ਫਰੈਂਡਲੀ ਗਲੀਆਂ ਅਤੇ ਸੜਕਾਂ, ਸਾਈਕਲਾਂ ਲਈ ਵਿਸ਼ੇਸ਼ ਟਰੈਕ, ਰਫਤਾਰ ਹੱਦ 25 ਕਿਲੋਮੀਟਰ ਪ੍ਰਤੀ ਘੰਟਾ, ਬਹੁਮੰਜ਼ਲੀ ਕਾਰ ਪਾਰਕਿੰਗ, ਰੂਫ ਟੌਪ ਸੋਲਰ ਪੈਨਲ, ਹੋਰਡਿੰਗ ਫਰੀ ਸ਼ਹਿਰ, ਸਮਾਰਟ ਪਬਲਿਕ ਪਖਾਨੇ, ਸੌਲਿਡ ਵੇਸਟ ਮੈਨੇਜਮੈਂਟ, ਅੰਡਰਗਰਾਊਂਡ ਪਾਵਰ ਕੇਬਲ, ਸਮਾਰਟ ਸਿਟੀ ਲਾਈਟ, ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਕਰਵਾਇਆ ਜਾਏਗਾ। ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਵਿਸ਼ੇਸ਼ ਪ੍ਰਾਈਵੇਟ ਵਾਹਨ (ਐਸ਼ਪੀæਵੀæ) ਵੀ ਲਿਆਂਦੇ ਜਾਣਗੇ।
______________________________
ਭੁਵਨੇਸ਼ਵਰ ਸਭ ਤੋਂ ਅੱਗੇ, ਲੁਧਿਆਣੇ ਦਾ ਨੰਬਰ 19ਵਾਂ
ਨਵੀਂ ਦਿੱਲੀ: ਸਮਾਰਟ ਸ਼ਹਿਰਾਂ ਦੀ ਪਹਿਲੀ ਸੂਚੀ ਵਿਚ ਭੁਵਨੇਸ਼ਵਰ ਸਭ ਤੋਂ ਉਪਰ ਹੈ ਜਦ ਕਿ ਲੁਧਿਆਣਾ ਦਾ ਨੰਬਰ 19ਵਾਂ ਹੈ। ਇਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ, ਪੁਣੇ, ਜੈਪੁਰ, ਸੂਰਤ, ਕੋਚੀ, ਅਹਿਮਦਾਬਾਦ, ਜਬਲਪੁਰ, ਵਿਸ਼ਾਖਾਪਟਨਮ, ਸੋਲਾਪੁਰ, ਦੇਵਨਗਰੀ, ਇੰਦੌਰ, ਕੋਇੰਬਟੂਰ, ਕਾਕੀਨਾਡਾ, ਬੇਲਾਗਵੀ, ਉਦੈਪੁਰ, ਗੁਹਾਟੀ, ਚੇਨੱਈ, ਭੁਪਾਲ ਤੇ ਨਵੀਂ ਦਿੱਲੀ ਨਗਰ ਨਿਗਮ ਦਾ ਇਲਾਕਾ ਸ਼ਾਮਲ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮæ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਤਹਿਤ ਇਨ੍ਹਾਂ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ।