ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਲੱਖ-ਲੱਖ ਸ਼ੁਕਰ ਹੈ, ਇਸ ਲੇਖ ਦੇ ਸੂਤਰਧਾਰ ਨੂੰ ਤੰਦਰੁਸਤੀਆਂ ਦੇਣ ਵਾਲੇ ਦਾ! ਇਸੇ ਸਦਕਾ ਮੈਨੂੰ ਆਪਣੀ ਮਨ-ਭਾਉਂਦੀ ਵਿਅੰਗਮਈ ਸ਼ੈਲੀ ਵਿਚ ਇਹ ਲੇਖ ਲਿਖਣ ਦਾ ਮੌਕਾ ਪ੍ਰਾਪਤ ਹੋਇਆ ਹੈ। ਮੈਂ ਕਾਗਜ਼ ਪੈਨ ਉਦੋਂ ਹੀ ਚੁੱਕੇ, ਜਦੋਂ ਪੀæਜੀæਆਈæ ਚੰਡੀਗੜ੍ਹ ਤੋਂ ਖਬਰਾਂ ਆਈਆਂ ਕਿ ਮਾਨਯੋਗ ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲੋਂ ਭਾਵੇਂ ਛੁੱਟੀ ਤਾਂ ਨਹੀਂ ਮਿਲੀ, ਪਰ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
22 ਜਨਵਰੀ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਜਿਸ ਪਿੰਡ ਜਾ ਕੇ ਲੋਹੜੇ ਦੀ ਸਰਦੀ ਕਰਕੇ ਉਨ੍ਹਾਂ ਦੀ ਛਾਤੀ ਜਾਮ ਹੋਈ, ਉਹ ਮੇਰੇ ਆਪਣੇ ਪਿੰਡ ਤੋਂ ਲਹਿੰਦੀ ਗੁੱਠ ਨੂੰ ਦੋ-ਤਿੰਨ ਮੀਲ ਦੇ ਫਾਸਲੇ ‘ਤੇ ਹੀ ਹੈ। ਪਿੰਡ ਬਹਿਲੂਰ ਕਲਾਂ ਤੋਂ ਹੁਣ ਭਾਵੇਂ ਦਰਿਆ ਸਤਲੁਜ, ਹਟਦਾ-ਹਟਦਾ ਦੋ ਕੁ ਮੀਲ ਪਿੱਛੇ ਚਲਾ ਗਿਆ ਹੈ, ਪਰ ਕੁਝ ਦਹਾਕੇ ਪਹਿਲਾਂ ਸਤਲੁਜ ਅੱਜ ਵਾਲੇ ਨੰਗਲਾਂ-ਬਹਿਲੂਰ ਕਲਾਂ ਵਾਲੇ ਥਾਂ ਹੀ ਠਾਠਾਂ ਮਾਰਦਾ ਵਗਦਾ ਹੁੰਦਾ ਸੀ।
ਭੂਗੋਲਿਕ ਸਥਿਤੀ ਮੁਤਾਬਕ ਪੌਰਾਣਿਕ ਇਤਿਹਾਸ ਨਾਲ ਸਬੰਧਤ ਕਸਬੇ ਰਾਹੋਂ ਦਾ ‘ਤਲਾ’ ਕਰ ਕੇ ਜਾਣੇ ਜਾਂਦੇ ਇਸ ਇਲਾਕੇ ਵਿਚ ਸਰਦੀ ਕੁਝ ਵਧੇਰੇ ਹੀ ਪੈਂਦੀ ਹੈ। ਇਕ ਦਰਿਆ ਦੇ ਨੇੜ ਕਾਰਨ ਸਲ੍ਹਾਬਾ, ਤੇ ਦੂਜਾ ਜਨਵਰੀ ਮਹੀਨੇ ਦੀ ਧੁੰਦ, ਇਨ੍ਹਾਂ ਪਿੰਡਾਂ ਵਿਚ ਸੁੰਨ ਹੀ ਵਰਤਾਅ ਦਿੰਦੇ ਨੇ। ਬਹਿਲੂਰ ਕਲਾਂ ਦੀ ਸੰਗਤ ਦੇ ਦਰਸ਼ਨ ਕਰਨ ਤੋਂ ਪਹਿਲਾਂ ਹੀ ਸ਼ ਬਾਦਲ ਨੂੰ ਸਰਦੀ ਨੇ ਜਾਮ ਕਰ ਦਿੱਤਾ ਸੀ। ਇਹ ਖਬਰ ਜਿਉਂ ਹੀ ਮੇਰੇ ਕੰਨੀ ਪਈ, ਤਾਂ ਉਸ ਪਿੰਡ ਦੇ ਸਾਬਕਾ ਸਰਪੰਚ ਨੂੰ ਮੈਂ ਫੋਨ ‘ਤੇ ਮਜ਼ਾਕ ਨਾਲ ਪੁੱਛਿਆ ਕਿ ਤੁਸੀਂ ਤਾਂ ਯਾਰ ‘ਫ਼ਖਰੇ-ਕੌਮ’ ਨੂੰ ਬਿਮਾਰ ਹੀ ਕਰ’ਤਾ?
“ਸੱਚੀਂ ਜਥੇਦਾਰਾ, ਉਸ ਦਿਨ ਬਲੂਰਾਂ (ਬਹਿਲੂਰ) ਦੂਜਾ ਸ਼ਿਮਲਾ ਈ ਬਣਿਆ ਪਿਆ ਸੀ। ਸਾਰਾ ਦਿਨ ਦੰਦੋੜਿੱਕਾ ਵੱਜਦਾ ਰਿਹਾ।” ਬਹਿਲੂਰੀਏ ਦਾ ਜਵਾਬ ਸੀ।
ਮਹੀਨਾ ਤਾਂ ਪਤਾ ਨਹੀਂ ਕਿਹੜਾ ਸੀ, ਪਰ ਸਰਦੀ ਉਦੋਂ ਵੀ ਕਹਿਰ ਦੀ ਪੈ ਰਹੀ ਸੀ, ਜਦ ਮੈਂ ਇਸੇ ਪਿੰਡ ਵਿਚ ਰਹਿੰਦੇ ਆਪਣੇ ਇਕ ਦੋਸਤ ਦੇ ਬਿਮਾਰ ਪਿਤਾ ਦੀ ਮਿਜਾਜ਼-ਪੁਰਸ਼ੀ ਲਈ ਗਿਆ ਸੀ। ਕਰੀਬ ਅੱਸੀਆਂ ਦੇ, ਸ਼ ਬਾਦਲ ਦੀ ਉਮਰ ਦੇ ਹੀ ਉਸ ਬਜ਼ੁਰਗ ਦਾ ਕਈ ਦਿਨਾਂ ਤੋਂ ਬੁਖਾਰ ਨਹੀਂ ਸੀ ਟੁੱਟ ਰਿਹਾ। ਕੋਠੜੀਆਂ ਵਿਚ ਡੱਠੇ ਮੰਜੇ ‘ਤੇ ਰਜਾਈ ਦਾ ਮੋਘੜ ਮਾਰ ਕੇ ਲੇਟੇ ਪਏ ਉਸ ਬਾਪੂ ਦੇ ਪੈਂਦ ਵੱਲ ਲੁਹਾਂਡੇ ਵਿਚ ਅੱਗ ਪਾ ਕੇ ਰੱਖੀ ਹੋਈ ਸੀ। ਖੰਘ-ਰੇਸ਼ੇ ਨੇ ਉਸ ਦਾ ਬੁਰਾ ਹਾਲ ਕੀਤਾ ਹੋਇਆ ਸੀ, ਪਰ ਸੁਭਾਅ ਪੱਖੋਂ ਸਿਰੇ ਦਾ ਸ਼ੁਗਲੀ ਉਹ ਕਈ ਗੱਲਾਂ ਦੇ ਮਜ਼ਾਕੀਆ ਜਵਾਬ ਦੇਈ ਜਾ ਰਿਹਾ ਸੀ। ਅਜਿਹੇ ਮੌਕਿਆਂ ‘ਤੇ ਕੀਤੀਆਂ ਜਾਣ ਵਾਲੀਆਂ ਰੁਟੀਨ ਦੀਆਂ ਗੱਲਾਂ-ਬਾਤਾਂ ਕਰ ਕੇ, ਜਦ ਮੈਂ ਉਠਣ ਲੱਗਿਆਂ ਹੌਸਲਾ ਵਧਾਉਣ ਵਜੋਂ ਕਿਹਾ ਕਿ ਭਾਈਆ, ਫਿਕਰ ਨਾ ਕਰੀਂ, ਜਿਸ ਤੋਂ ਤੇਰੀ ਦਵਾਈ ਚੱਲਦੀ ਐ, ਉਹ ਡਾਕਟਰ ਬੜਾ ਸਿਆਣਾ ਹੈ। ਤੂੰ ਬਿਲਕੁਲ ਠੀਕ ਹੋ ਜਾਣੈਂ। ਦੋ ਕੁ ਵਾਰੀ ਖਊਂ-ਖਊਂ ਕਰਦਿਆਂ ਖੰਘੂਰਾ ਮਾਰ ਕੇ ਕਹਿੰਦਾ, “ਤੂੰ ਹੀ ਕਹਿੰਨੈਂ ਕਿ ਮੈਂ ਤਕੜਾ ਹੋ ਜਾਣੈæææ।”
ਲਾਗੇ ਖੜ੍ਹੇ ਆਪਣੇ ਮੁੰਡੇ ਵੱਲ ਹੱਥ ਕਰ ਕੇ ਬੋਲਿਆ, “ਆਹ ਤੇਰਾ ਮਿੱਤਰ ਤਾਂ ਹਲਵਾਈ ਤੋਂ ਪੁੱਛ ਵੀ ਆਇਐ ਕਿ ਬੁੜ੍ਹੇ ਦੇ ਭੋਗ ‘ਤੇ ਦੋ ਕੁ ਸੌ ਬੰਦੇ ਲਈ ਜਲੇਬੀਆਂ ਨੂੰ ਕਿੰਨਾ ਕੁ ਮੈਦਾ ਲੱਗ ਜੂ! ਇਹ ਤਾਂ ਹਫਤੇ, ਦੋ ਹਫਤੇ ਤੱਕ ਪਾਠੀਆਂ ਨੂੰ ‘ਵਿਹਲ ਰੱਖਣ’ ਲਈ ਵੀ ਕਹਿ ਆਇਐ।”
ਪੰਜਾਬ ਦੇ ਆਮ ਪੇਂਡੂ ਵਰਤ-ਵਰਤਾਰੇ ਵਿਚ ਅੱਸੀਆਂ-ਨੱਬਿਆਂ ਨੂੰ ਢੁੱਕੇ ਤੇ ਦੋਹਤਿਆਂ ਪੋਤਿਆਂ ਨੂੰ ਖਿਡਾ ਕੇ ਚੜ੍ਹਾਈ ਕਰ ਗਏ ਕਿਸੇ ਸਿਆਣੇ ਦੇ ਵਿਛੋੜੇ ਨੂੰ ਬਹੁਤਾ ‘ਦੁਖਦਾਈ’ ਨਹੀਂ ਸਮਝਿਆ ਜਾਂਦਾ। ਅਜਿਹੇ ‘ਪੱਕ ਚੁੱਕੇ ਫਲਾਂ’ ਦੀ ਅੰਤਿਮ ਵਿਦਾਇਗੀ ਮੌਕੇ ਉਨ੍ਹਾਂ ਨੂੰ ਵੱਡੇ ਕਰ ਕੇ ਤੋਰਿਆ ਜਾਂਦਾ ਹੈ। ਕਈ ਬਜ਼ੁਰਗਾਂ ਦੀ ਅਰਥੀ ਅੱਗੇ ਬੈਂਡ-ਵਾਜਾ ਵੱਜਦਾ ਵੀ ਮੈਂ ਦੇਖਿਆ ਹੋਇਆ ਹੈ। ਅਜਿਹੇ ਸੋਗਮਈ ਮੌਕਿਆਂ ‘ਤੇ ਅਕਸਰ ਵਿਅੰਗਮਈ ਨੋਕ-ਝੋਕ ਵੀ ਮਾੜੀ-ਮੋਟੀ ਕਰ ਲਈ ਜਾਂਦੀ ਹੈ।
ਸਾਡੇ ਪਿੰਡ ਸੌ ਸਾਲ ਤੋਂ ਟੱਪਿਆ ਇਕ ਬਜ਼ੁਰਗ ਹੁੰਦਾ ਸੀ ਜੋ ਕਦੇ-ਕਦੇ ਸੰਨ 1920 ਵਿਚ ਵਾਪਰੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ। ਉਹ ਹਰ ਮ੍ਰਿਤਕ ਪ੍ਰਾਣੀ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋ ਕੇ ਹੌਲੀ-ਹੌਲੀ ਤੁਰਦਾ ਸ਼ਮਸ਼ਾਨਘਾਟ ਜ਼ਰੂਰ ਪਹੁੰਚਦਾ। ਕਿਸੇ ਬਜ਼ੁਰਗ ਦੇ ਦਾਹ ਸਸਕਾਰ ਵੇਲੇ ਪਿੰਡ ਦੇ ਬੰਦੇ ਉਸ ਨੂੰ ਛੇੜਦੇ ਰਹਿੰਦੇ ਸਨ, “ਬੁੜ੍ਹਿਆ, ਤੂੰ ਵੀ ਆਪਣੇ ਲਈ ਐਥੇ ਕਿਤੇ ਨਿਸ਼ਾਨੀ ਲਾ ਦੇ! ਉਥੇ ਤੇਰੀ ਮੜ੍ਹੀ ਬਣਾ ਦਿਆਂਗੇ।”
ਖੀ-ਖੀ-ਖੀ ਕਰਦਿਆਂ ਅਗਿਉਂ ਉਸ ਨੇ ਕਹਿਣਾ, “ਓ ਮੱਲਿਉ, ਮੈਂ ਤਾਂ ਦੋਵੇਂ ਵੇਲੇ ਜਮਾਂ ਨੂੰ ਹਾਕਾਂ ਮਾਰਦਾ ਰਹਿਨਾਂ! ਰੱਬਾ, ਜੇ ਮੇਰੀ ਨ੍ਹੀਂ ਸੁਣਨੀ ਤਾਂ ਮੇਰੇ ਮੁੰਡਿਆਂ, ਨੂੰਹਾਂ ਪੋਤ-ਨੂੰਹਾਂ ਦੀ ਈ ਸੁਣ ਲੈ। ਅੱਕੇ ਪਏ ਆ ਮੈਥੋਂ ਸਾਰੇ। ਕਰ ਦੇਹ ਉਨ੍ਹਾਂ ਦੀ ਬੰਦ ਖਲਾਸੀ, ਭੇਜ ਦੇ ਸੱਦਾ ਮੈਨੂੰ ਵੀ।” ਮੇਰੇ ਸਮੇਤ ਸਾਡਾ ਸਾਰਾ ਪਿੰਡ ਗਵਾਹ ਹੈ ਕਿ ਕਿਸੇ ‘ਜਮਦੂਤ’ ਨੇ ਉਹਦੇ ਸਾਰੇ ਟੱਬਰ ਦੀਆਂ ਅਰਦਾਸਾਂ ਨਹੀਂ ਸੁਣੀਆਂ। ਆਪਣੇ ਹਾਣੀਆਂ ਪ੍ਰਾਣੀਆਂ, ਕਈਆਂ ਦਾ ਦਾਹ ਸਸਕਾਰ ਕਰ ਕੇ ਪੂਰੇ ਅਨੰਦ ਨਾਲ ਆਪਣੀ ਉਮਰ ਭੋਗ ਕੇ ਉਹ ਉਦੋਂ ਜਹਾਨੋਂ ਤੁਰਿਆ, ਜਦ ਲੋਕਾਂ ਨੂੰ ਉਸ ਦਾ ਚੇਤਾ ਈ ਭੁੱਲ ਗਿਆ ਸੀ।
ਸਾਡੇ ਇਲਾਕੇ ਵਿਚ ਫੁੰਮਣ ਸਿੰਘ ਨਾਂ ਦਾ ਢਾਡੀ ਪ੍ਰਚਾਰਕ ਖੁਸ਼ੀ-ਗਮੀ ਦੇ ਸਮਾਗਮਾਂ ਮੌਕੇ ਆਉਂਦਾ ਹੁੰਦਾ ਸੀ। ਉਹ ਐਸਾ ਜੁਗਤੀ ਬੁਲਾਰਾ ਸੀ ਕਿ ਹਰ ਇਤਿਹਾਸਕ ਪ੍ਰਸੰਗ ਵਿਚ ਹਾਸੇ ਦੇ ਟੋਟਕੇ ਫਿਟ ਕਰ ਲੈਂਦਾ ਸੀ। ਪੇਂਡੂ ਸਰੋਤੇ ਉਸ ਦੀ ਇਸ ਕਲਾ ਦਾ ਖੂਬ ਅਨੰਦ ਮਾਣਦੇ। ਆਪਣੇ ਲੈਕਚਰ ਦੀ ਸਮਾਪਤੀ ਉਤੇ ਉਹ ਆਪਣਾ ਤੇ ਆਪਣੇ ਸਾਥੀਆਂ ਦਾ ਸਿਰਨਾਵਾਂ ਦੱਸ ਕੇ ਸੰਗਤ ਨੂੰ ਅਪੀਲ ਕਰਦਾ, “ਸਾਧ ਸੰਗਤ ਜੀ, ਵਿਆਹ-ਕੁੜਮਾਈਆਂ ਦੇ ਖੁਸ਼ੀਆਂ ਭਰੇ ਸਮਾਗਮਾਂ ਲਈ ਦਾਸ ਦੇ ਜਥੇ ਨੂੰ ਯਾਦ ਕਰਿਆ ਕਰੋ। ਜਦ ਕਿਤੇ ਭਰ ਸਿਆਲ ਵਿਚ ਕੋਈ ਬੁੱਢਾ-ਠੇਰਾ ‘ਐਧਰ ਉਧਰ’ ਹੋ ਜਾਏ ਤਾਂ ਦਾਸ ਨੂੰ ਦਸ ਪੈਸੇ ਦਾ ਕਾਰਡ ਭੇਜ ਕੇ ਸੂਚਿਤ ਕਰ ਦਿਆ ਕਰੋ। ਆਪਾਂ ਜ਼ਰੂਰ ਹਾਜ਼ਰ ਹੋਇਆ ਕਰਾਂਗੇ।”
ਹੁਣ ਜ਼ਰਾ ਪੀæਜੀæਆਈæ ਦੇ ਇਕ ਵਿਸ਼ੇਸ਼ ਕਮਰੇ ਵਿਚ ਜੇਰੇ-ਇਲਾਜ ਸ਼ ਬਾਦਲ ਬਾਰੇ ਵੀ ਕੁਝ ਹੋਰ ਚਰਚਾ ਕਰ ਲਈਏ। ਆਪਣੇ ਲੰਬੇ ਸਿਆਸੀ ਜੀਵਨ ਵਿਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਹੰਢਾਉਂਦਿਆਂ ਉਨ੍ਹਾਂ ਦਾ ਹੁਣ ਤੱਕ ਦਾ ਜੀਵਨ-ਚਰਿਤਰ ਕੁਝ ਅਜਿਹਾ ਅਜੀਬ ਜਿਹਾ ਬਣ ਗਿਆ ਹੈ ਕਿ ‘ਢਕੀ ਰਿੱਝੇ ਕੋਈ ਨਾ ਬੁੱਝੇ’ ਵਾਲਾ ਅਖਾਣ ਯਾਦ ਆ ਜਾਂਦਾ ਹੈ। ਉਨ੍ਹਾਂ ਦੀਆਂ ਕਹਿਣੀਆਂ-ਕਰਨੀਆਂ ਤਾਂ ਇਕ ਪਾਸੇ, ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੱਕ ਦਾ ਕੋਈ ਸਹੀ ਅੰਦਾਜ਼ਾ ਨਹੀਂ ਲਾ ਸਕਦਾ। ਇਸ ਕਰ ਕੇ ਪੰਜਾਬ ਦੀ ਸਿਆਸਤ ਨਾਲ ਵਾ-ਬਸਤਾ ਲੋਕ, ਉਨ੍ਹਾਂ ਨਾਲ ਸਬੰਧਤ ਗਤੀਵਿਧੀਆਂ ਦੇ ਇਕ ਤੋਂ ਵੱਧ ਅਰਥ ਕੱਢ ਲੈਂਦੇ ਨੇ। ਕਿਸੇ ਬੇਯਕੀਨੇ ਬੰਦੇ ‘ਤੇ ਕਦੇ ਵੀ ਵਿਸ਼ਵਾਸ ਨਾ ਕਰਨ ਵਾਂਗ, ਆਮ ਲੋਕ ਸ਼ ਬਾਦਲ ਦੀ ਹਰ ਗੱਲ ਦਾ ਉਲਟਾ ਅਰਥ ਹੀ ਕੱਢਦੇ ਆ ਰਹੇ ਹਨ।
ਮਿਸਾਲ ਵਜੋਂ ਮਨਪ੍ਰੀਤ ਸਿੰਘ ਬਾਦਲ ਦਾ ਬਾਦਲ ਦਲ ਤੋਂ ਕਿਨਾਰਾ ਕਰਨਾ ਵੀ ਕਾਫੀ ਚਿਰ ਲੋਕਾਂ ਨੂੰ ‘ਸ਼ੱਕੀ’ ਜਾਪਦਾ ਰਿਹਾ। ਲੋਕ ਕਹਿੰਦੇ ਰਹੇ ਕਿ ਇਸ ਵਿਚ ਵੀ ਵੱਡੇ ਬਾਦਲ ਦੀ ਕੋਈ ‘ਡੂੰਘੀ ਚਾਲ’ ਹੈ। ਬੀਤੇ ਸਾਲ ਹੋਏ ‘ਸਰਬੱਤ ਖਾਲਸੇ’ ਦੀ ਭਾਵੇਂ ਸ਼ ਬਾਦਲ ਰੱਜ ਕੇ ਬਦਖੋਈ ਕਰਦੇ ਰਹੇ, ਪਰ ਲੋਕਾਂ ਦਾ ਸੋਚਣਾ ਸੀ ਕਿ ਬੇਅਦਬੀ ਕਾਂਡ ਕਾਰਨ ਪੈਦਾ ਹੋਏ ਪੰਥਕ ਜੋਸ਼ ਦੀ ‘ਫੂਕ ਕੱਢਣ’ ਵਾਸਤੇ ਇਹ ਸਾਰਾ ‘ਡਰਾਮਾ’ ਸ਼ ਬਾਦਲ ਵੱਲੋਂ ਹੀ ਕਰਵਾਇਆ ਜਾ ਰਿਹਾ ਹੈ। ਇਸ ਸਿਲਸਿਲੇ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਇਵੇਂ ਹੀ ਹੁਣ ਭਾਵੇਂ ਉਹ ਸਾਹ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੋ ਕੇ ਹਸਪਤਾਲ ਦਾਖਲ ਨੇ, ਪਰ ਜਿਸ ਦਿਨ ਚੰਡੀਗੜ੍ਹ ਪਹੁੰਚੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਦੀ ਖ਼ਬਰਸਾਰ ਲੈਣ ਪੀæਜੀæਆਈæ ਗਏ ਤਾਂ ਉਸ ਵੇਲੇ ਦੀ ਅਖ਼ਬਾਰਾਂ ਵਿਚ ਛਪੀ ਫੋਟੋ ਦੇਖ ਕੇ ਇਉਂ ਲੱਗਦਾ ਹੈ ਜਿਵੇਂ ਕੋਈ ਬਜ਼ੁਰਗ ਕਿਸੇ ਦੀ ਬਰਾਤੇ ਜਾਣ ਲਈ ਤਿਆਰ ਹੋਇਆ ਬੈਠਾ ਹੋਵੇ। ਹੋ ਸਕਦਾ ਹੈ ਕਿ ਅੱਗਿਉਂਂ-ਪਿਛਿਉਂ ਉਨ੍ਹਾਂ ਦੀ ਛਾਤੀ ‘ਤੇ ਜਾਂ ਨੱਕ ਵਿਚ ਡਾਕਟਰਾਂ ਵੱਲੋਂ ਨਾਲੀਆਂ ਵਗੈਰਾ ਲਾਈਆਂ ਵੀ ਗਈਆਂ ਹੋਣ, ਪਰ ਮੋਦੀ ਨੂੰ ਮਿਲਣ ਮੌਕੇ ਦੀ ਅਖਬਾਰੀ ਤਸਵੀਰ ਵਿਚ ਉਨ੍ਹਾਂ ਦੀ ਚੀਚੀ ਉਂਗਲ ਨੂੰ ਹੀ ਨਾਲੀ ਜਿਹੀ ਲੱਗੀ ਦਿਖਾਈ ਦਿੰਦੀ ਹੈ। ਇੰਜ ਬਹੁਤੇ ਲੋਕਾਂ ਨੇ ਉਨ੍ਹਾਂ ਦੇ ਬਿਮਾਰ ਹੋਣ ਦੇ ਵੀ ‘ਆਪੋ ਆਪਣੇ ਅਰਥ’ ਕੱਢੇ ਨੇ।
ਸ੍ਰੀ ਮੋਦੀ ਨਾਲ ਹੱਸਦਿਆਂ ਹੱਥ ਮਿਲਾ ਰਹੇ ‘ਬਣੇ ਫੱਬੇ’ ਪਏ ਸ਼ ਬਾਦਲ ਦੀ ਲਿਸ਼ਕਾਂ ਮਾਰਦੀ ਟੌਹਰ ਦੇਖ ਕੇ ਮੈਨੂੰ ਆਪਣੇ ਪਿੰਡ ਦੇ ਉੱਤਮ ਬੁੜ੍ਹੇ ਦੀ ਗੱਲ ਯਾਦ ਆ ਗਈ। ਸਾਡੇ ਲਾਗਲੇ ਪਿੰਡ ਮੁਜ਼ੱਫ਼ਰਪੁਰ ਦੇ ਸਰਕਾਰੀ ਹਸਪਤਾਲ ਤੋਂ ਉਹ ਦਵਾਈ ਲੈਣ ਗਿਆ ਹੋਇਆ ਸੀ। ਡਾਕਟਰ ਦੇ ਮੇਜ਼ ਮੂਹਰੇ ਡੱਠੇ ਬੈਂਚਾਂ ਉਪਰ ਮਰੀਜ਼ ਬੈਠੇ ਸਨ ਜੋ ਆਪਣੀ ਵਾਰੀ ਉਡੀਕ ਰਹੇ ਸਨ। ਇਨ੍ਹਾਂ ਵਿਚ ਕੁੜੀਆਂ-ਬੁੜ੍ਹੀਆਂ ਜ਼ਿਆਦਾ ਸਨ, ਪਰ ਬੰਦੇ ਘੱਟ। ਇਕ ਬੈਂਚ ‘ਤੇ ਡੰਗੋਰੀ ਲੈ ਕੇ ਬੈਠਾ ਉੱਤਮ, ਟਿਕ-ਟਿਕੀ ਲਾ ਕੇ ਸਾਹਮਣੇ ਬੈਠੀਆਂ ਬੀਬੀਆਂ ਵੱਲ ਦੇਖੀ ਗਿਆ। ਰੰਗ-ਬਰੰਗੇ ਸੂਟ, ਚੁੰਨੀਆਂ ਲਈ ਤੇ ਮੂੰਹ ਸਿਰ ਸਵਾਰ ਕੇ ਬੈਠੀਆਂ ਬੀਬੀਆਂ ਆਪੋ ਵਿਚੀਂ ਹੌਲੀ-ਹੌਲੀ ਗੱਲਾਂ ਕਰ ਰਹੀਆਂ ਸਨ। ਕਈਆਂ ਨੇ ਲਾਲ ਗੂੜ੍ਹੀਆਂ ਸੁਰਖੀਆਂ-ਬਿੰਦੀਆਂ ਵੀ ਲਾਈਆਂ ਹੋਈਆਂ ਸਨ।
ਉਨ੍ਹਾਂ ਵੱਲ ਘੂਰ-ਘੂਰ ਦੇਖ ਰਹੇ ਉੱਤਮ ਬੁੜ੍ਹੇ ਕੋਲੋਂ ਰਹਿ ਨਾ ਹੋਇਆ।
“ਕੁੜੇ ਮੁੰਨੀਉਂ, ਤੁਸੀਂ ਇਥੇ ‘ਡਾਕਦਾਰ’ ਕੋਲੋਂ ਦਵਾਈ ਲੈਣ ਆਈਆਂ ਓ ਭਲਾ?”
“ਆਹੋ ਭਾਈਆ!” ਕੁਝ ਬੀਬੀਆਂ ਨੇ ਉਹਦੇ ਵੱਲ ਬੜੀ ਉਤਸੁਕਤਾ ਨਾਲ ਦੇਖਦਿਆਂ ਜਵਾਬ ਦਿੱਤਾ।
“ਮੱਲਿਉ ਗੁੱਸਾ ਨਾ ਕਰਿਉ ਭਾਈ, ਮੈਨੂੰ ਤਾਂ ਤੁਹਾਡੇ ਵਿਚੋਂ ਕੋਈ ਵੀ ਬਿਮਾਰ ਨਹੀਂ ਲਗਦੀ।”
ਬਾਪੂ ਉੱਤਮ ਦੇ ਅੰਦਾਜ਼ੇ ਵਾਂਗੂ ਸ਼ ਬਾਦਲ ਦੇ ਬਿਮਾਰ ਹੋਣ ‘ਤੇ ਆਪੋ ਆਪਣੇ ਕਿਆਸੇ ਲਗਾ ਰਹੇ ਲੋਕਾਂ ਨੂੰ ਭਲਾ ਕੌਣ ਰੋਕ ਸਕਦਾ ਹੈ?