ਲਾਸਾਨੀ ਅਧਿਆਪਕ ਤੇ ਜ਼ਹੀਨ ਮਾਰਕਸੀ ਚਿੰਤਕ ਪ੍ਰੋæ ਰਣਧੀਰ ਸਿੰਘ

ਮਾਰਕਸੀ ਚਿੰਤਕ ਪ੍ਰੋæ ਰਣਧੀਰ ਸਿੰਘ 31 ਜਨਵਰੀ ਨੂੰ ਦੇਰ ਰਾਤੀਂ 95 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਆਕਸਫੋਰਡ ਬਰੁੱਕਸ ਯੂਨੀਵਰਸਿਟੀ (ਇੰਗਲੈਂਡ) ਦੇ ਪ੍ਰੋæ ਪ੍ਰੀਤਮ ਸਿੰਘ ਤੇ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਉਨ੍ਹਾਂ ਬਾਰੇ ਕੁਝ ਸ਼ਬਦ ਲਿਖੇ ਹਨ ਜੋ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

-ਸੰਪਾਦਕ

ਪ੍ਰੀਤਮ ਸਿੰਘ
ਪ੍ਰੋਫੈਸਰ ਰਣਧੀਰ ਸਿੰਘ ਰਾਜਨੀਤੀ ਸ਼ਾਸਤਰ ਦੇ ਮਾਰਕਸੀ ਵਿਦਵਾਨ ਸਨ ਤੇ ਉਨ੍ਹਾਂ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਦੇ ਹੱਦ ਬੰਨਿਆਂ ਤੋਂ ਆਰ-ਪਾਰ ਫੈਲੀ ਹੋਈ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਥੋੜ੍ਹਾ ਸਮਾਂ ਬਿਤਾਉਣ ਤੋਂ ਬਾਅਦ ਉਨ੍ਹਾਂ ਆਪਣਾ ਪੂਰਾ ਅਕਾਦਮਿਕ ਕਰੀਅਰ ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਿਚ ਬਿਤਾਇਆ। ਉਹ ਅਜਿਹੇ ਅਧਿਆਪਕ ਸਨ ਜੋ ਦੰਦ ਕਥਾ ਦੇ ਪਾਤਰ ਬਣ ਜਾਂਦੇ ਹਨ। ਤੱਤ ਪੱਖੋਂ ਭਰਪੂਰ ਅਤੇ ਪੂਰੀ ਸਿਦਕਦਿਲੀ ਨਾਲ ਦਿੱਤੇ ਜਾਂਦੇ ਉਨ੍ਹਾਂ ਦੇ ਲੈਕਚਰ ਇੰਨੇ ਹਰਮਨ ਪਿਆਰੇ ਹੁੰਦੇ ਸਨ ਕਿ ਅਰਥ ਸ਼ਾਸਤਰ, ਸਮਾਜ ਵਿਗਿਆਨ, ਕਾਨੂੰਨ, ਸਾਹਿਤ, ਗਣਿਤ ਤਾਂ ਕੀ, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਜਿਹੇ ਵਿਸ਼ਿਆਂ ਦੇ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਲੈਕਚਰ ਸੁਣਨ ਆਉਂਦੇ ਸਨ।
ਪ੍ਰੋæ ਰਣਧੀਰ ਸਿੰਘ ਅੱਜ ਕੱਲ੍ਹ ਦੇ ਅਧਿਆਪਕਾਂ ਵਾਂਗ ਨਹੀਂ ਸਨ ਜੋ ਆਪਣੇ ਖੋਜ ਪੇਪਰਾਂ ਦੀ ਪ੍ਰਕਾਸ਼ਨਾ ਵਿਚ ਮਾਣ ਮਹਿਸੂਸ ਕਰਦੇ ਹਨ, ਸਗੋਂ ਆਪਣੀਆਂ ਅਕਾਦਮਿਕ ਪ੍ਰਾਪਤੀਆਂ ‘ਤੇ ਮਾਣ ਜਤਾਉਂਦੇ ਹੁੰਦੇ ਸਨ। ਬਿਨਾਂ ਸ਼ੱਕ, ਉਨ੍ਹਾਂ ਦੇ ਸ਼ਾਗਿਰਦਾਂ ਵਿਚ ਉਹ ਵੀ ਸ਼ਾਮਲ ਹਨ ਜੋ ਰਾਜਨੀਤੀ ਸ਼ਾਸਤਰ ਦੇ ਅਧਿਆਪਨ ਵਿਚ ਤਾਂ ਸਫਲ ਹੋਏ ਹੀ, ਨਾਲ ਹੀ ਉਨ੍ਹਾਂ ਮਾਣਮੱਤੇ ਪ੍ਰਕਾਸ਼ਨਾਂ ਵਿਚ ਵੀ ਨਾਂ ਦਰਜ ਕਰਵਾਏ। ਇਨ੍ਹਾਂ ਵਿਚੋਂ ਬਹੁਤੇ ਅਧਿਆਪਕ ਇਸ ਵਿਸ਼ੇ ਨਾਲ ਸਾਂਝ ਦਾ ਸਿਹਰਾ ਪ੍ਰੋæ ਰਣਧੀਰ ਸਿੰਘ ਦੇ ਦਿੱਲੀ ਯੂਨੀਵਰਸਿਟੀ ਵਿਚ ਦਿੱਤੇ ਲੈਕਚਰਾਂ ਸਿਰ ਬੰਨ੍ਹਦੇ ਹਨ।
1967 ਵਿਚ ਜਦੋਂ ਪ੍ਰੋæ ਰਣਧੀਰ ਸਿੰਘ ਦੀ ਕਿਤਾਬ ‘ਰੀਜਨ, ਰੈਵੋਲਿਊਸ਼ਨ ਐਂਡ ਪੁਲਿਟੀਕਲ ਥਿਊਰੀ’ ਛਪ ਕੇ ਆਈ ਤਾਂ ਰਾਜਨੀਤੀ ਸ਼ਾਸਤਰ ਦੀ ਦੁਨੀਆਂ ਨੇ ਉਨ੍ਹਾਂ ਦੀ ਵਿਦਵਤਾ ਦਾ ਲੋਹਾ ਮੰਨਿਆ। ਇਸ ਕਿਤਾਬ ਵਿਚ ਕੰਜ਼ਰਵੇਟਿਵ ਰਾਜਨੀਤੀ ਸ਼ਾਸਤਰੀ ਮਾਈਕਲ ਓਕਸ਼ਾਟ ਦੇ ਕਾਰਜ ਦੀ ਮਾਰਕਸੀ ਅਲੋਚਨਾ ਦਾ ਵਾਹਵਾ ਲੇਖਾ-ਜੋਖਾ ਕੀਤਾ ਗਿਆ ਹੈ। ਕਮਿਊਨਿਸਟ ਚਿੰਤਕ ਮਰਹੂਮ ਮੋਹਿਤ ਸੇਨ ਨੇ ‘ਇਕਨੌਮਿਕ ਐਂਡ ਪੁਲਿਟੀਕਲ ਵੀਕਲੀ’ (ਈæਪੀæਡਬਲਿਊæ) ਵਿਚ ਇਸ ਕਿਤਾਬ ਦਾ ਰਿਵਿਊ ਕਰਦਿਆਂ ਟਿੱਪਣੀ ਕੀਤੀ ਸੀ ਕਿ ਇਸ ਕਿਤਾਬ ਦੇ ਆਉਣ ਨਾਲ ਭਾਰਤੀ ਰਾਜਨੀਤਕ ਸ਼ਾਸਤਰੀਆਂ ਨੂੰ ਰਾਜਨੀਤਕ ਸਿਧਾਂਤ ਦੇ ਜਗਤ ਵਿਚ ਕੌਮਾਂਤਰੀ ਵਿਦਵਤਾ ਦਾ ਰੁਤਬਾ ਹਾਸਲ ਹੋ ਗਿਆ ਹੈ। ਰਣਧੀਰ ਸਿੰਘ ਪੰਜਾਬ ਦੇ ਹਾਲਾਤ ਬਾਰੇ ‘ਮਾਰਕਸੀ ਅਤੇ ਪੰਜਾਬ ਵਿਚ ਖਾੜਕੂ ਲਹਿਰ’ ਦੇ ਸਿਰਲੇਖ ਵਾਲਾ ਪ੍ਰਭਾਵਸ਼ਾਲੀ ਲੇਖ ਲਿਖਿਆ ਸੀ ਜੋ 1987 ਵਿਚ ‘ਈæਪੀæਡਬਲਿਊæ’ ਵਿਚ ਛਪਿਆ ਸੀ। ਇਹ ਲੇਖ ਉਨ੍ਹਾਂ ਦੀ ਬੌਧਿਕ ਅਤੇ ਰਾਜਨੀਤਕ ਦਿਆਨਤਦਾਰੀ ਦੀ ਮਿਸਾਲ ਹੋ ਨਿਬੜਿਆ। ਉਨ੍ਹਾਂ ਆਪਣੇ ਨਿਜੀ ਸਬੰਧਾਂ ਨਾਲੋਂ ਨਿਖੇੜਾ ਕਰਦਿਆਂ ਆਪਣੇ ਤਾਉਮਰ ਮਿੱਤਰ ਰਹੇ ਇਤਿਹਾਸਕਾਰ ਬਿਪਨ ਚੰਦਰ ਦੀ ਧਾਰਨਾ ਦੀ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਖਾੜਕੂਆਂ ਨੂੰ ਖਤਮ ਕਰਨ ਜਿਹੇ ਰਾਜਕੀ ਦਮਨ ਚੱਕਰ ਰਾਹੀਂ ਪੰਜਾਬ ਸੰਕਟ ਦਾ ਹੱਲ ਕੱਢਣ ਦੀ ਪੈਰਵੀ ਕਰਦੀ ‘ਰਿਬੈਰੋ-ਗਿਰੀ ਲਾਲ ਜੈਨ-ਬਿਪਨ ਚੰਦਰ ਲਾਈਨ’ ਦੇ ਫੀਤੇ ਉਡਾਏ ਸਨ। ਉਨ੍ਹਾਂ ਦਲੀਲ ਪੇਸ਼ ਕੀਤੀ ਸੀ ਕਿ ਇਹ ਲਾਈਨ ਨਾ ਕੇਵਲ ਭਾਰਤੀ ਸਟੇਟ ਦੇ ਜਮਾਤੀ ਰਾਜ ਨੂੰ ਪੱਕੇ ਪੈਰੀਂ ਕਰਦੀ ਹੈ, ਸਗੋਂ ਤਿੱਖੇ ਹਿੰਦੂ ਸ਼ਾਵਨਵਾਦੀ ਰਾਸ਼ਟਰਵਾਦ ਨੂੰ ਵੀ ਪੱਠੇ ਪਾਉਂਦੀ ਹੈ। ਇਸ ਲਾਈਨ ਦੀ ਆਲੋਚਨਾ ਦੀ ਸ਼ਿੱਦਤ ਦਾ ਮਗਰੋਂ ਜਾ ਕੇ ਵਾਪਰੀਆਂ ਘਟਨਾਵਾਂ ਤੋਂ ਪੁਸ਼ਟੀ ਹੋਈ ਜਿਨ੍ਹਾਂ ਤੋਂ ਇਹ ਸਾਫ ਹੋ ਗਿਆ ਕਿ ਇਸ ਲਾਈਨ ਦਾ ਸਭ ਤੋਂ ਵੱਧ ਲਾਹਾ ਭਾਜਪਾ ਦੀ ਅਗਵਾਈ ਵਾਲੇ ਰਾਜਸੀ ਰੁਝਾਨਾਂ ਤੇ ਸ਼ਕਤੀਆਂ ਨੂੰ ਹੋਇਆ।
ਪ੍ਰੋæ ਰਣਧੀਰ ਸਿੰਘ ਆਰਾਮ ਕੁਰਸੀ ‘ਤੇ ਬਹਿ ਕੇ ਵਿਦਵਤਾ ਘੋਟਣ ਵਾਲਿਆਂ ਵਿਚੋਂ ਨਹੀਂ ਸਨ। ਉਹ ਲੰਮਾ ਸਮਾਂ ਦਿੱਲੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਰੂਹੇ-ਰਵਾਂ ਰਹੇ ਤੇ ਬਹੁਤ ਸਾਰੀਆਂ ਟਰੇਡ ਯੂਨੀਅਨ, ਕਿਸਾਨ ਜਥੇਬੰਦੀਆਂ, ਮਨੁੱਖੀ ਅਧਿਕਾਰ ਗਰੁਪਾਂ ਦੇ ਸਰਗਰਮ ਹਮਾਇਤੀ ਰਹੇ ਅਤੇ ਨਾਲ ਹੀ ਦੇਸ਼ ਭਰ ਵਿਚ ਔਰਤਾਂ, ਦਲਿਤਾਂ, ਕਬਾਇਲੀਆਂ ਅਤੇ ਘੱਟ-ਗਿਣਤੀਆਂ ਦੀ ਜਥੇਬੰਦੀਆਂ ਦੀ ਪੈਰਵੀ ਕਰਦੇ ਰਹੇ। ਉਹ ਆਪਣੇ ਵਿਚਾਰਾਂ ਤੇ ਨਜ਼ਰੀਏ ਨੂੰ ਲਗਾਤਾਰ ਨਵਿਆਉਂਦੇ ਰਹਿੰਦੇ ਸਨ। ਉਨ੍ਹਾਂ ਦਾ ਨਾਂ ਉਨ੍ਹਾਂ ਮੁੱਠੀ ਭਰ ਭਾਰਤੀ ਵਿਦਵਾਨਾਂ ਵਿਚ ਵੀ ਸ਼ੁਮਾਰ ਹੁੰਦਾ ਹੈ ਜਿਨ੍ਹਾਂ ਨੇ ਵਾਤਾਵਰਨ ਲਈ ਤਬਾਹਕੁਨ ਪੂੰਜੀਵਾਦ ਦੇ ਕਿਰਦਾਰ ਦੀ ਆਲੋਚਨਾ ਕਰਦਿਆਂ ਵਾਤਾਵਰਨੀ-ਸਮਾਜਵਾਦ ਦੇ ਸੰਕਲਪ ਦੀ ਅਹਿਮੀਅਤ ਨੂੰ ਸਮਝਿਆ ਸੀ। ਪਿੱਛੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਹੈ ਤੇ ਦੋ ਧੀਆਂ ਹਨ ਜੋ ਆਪੋ-ਆਪਣੇ ਪੇਸ਼ੇਵਰ ਖੇਤਰਾਂ ਵਿਚ ਪ੍ਰਬੀਨ ਹਨ।

ਬੌਧਿਕ ਅੰਬਰ ਦਾ ਧਰੂ ਤਾਰਾ
ਬੂਟਾ ਸਿੰਘ
ਮਾਰਕਸੀ ਚਿੰਤਕ ਪ੍ਰੋæ ਰਣਧੀਰ ਸਿੰਘ ਦੇ ਵਿਛੋੜੇ ਨਾਲ ਮਨੁੱਖਤਾ, ਉਚਕੋਟੀ ਦੇ ਜ਼ਹੀਨ ਤੇ ਮਨੁੱਖਤਾਵਾਦੀ ਚਿੰਤਕ ਤੋਂ ਵਾਂਝੀ ਹੋ ਗਈ ਹੈ। ਉਹ ਲੰਮਾ ਵਕਤ ਦਿੱਲੀ ਯੂਨੀਵਰਸਿਟੀ ਵਿਚ ਰਾਜਨੀਤਕ ਸਿਧਾਂਤ ਦੇ ਪ੍ਰੋਫੈਸਰ ਰਹੇ ਜਿਥੇ ਉਨ੍ਹਾਂ ਨੇ ਬੇਸ਼ੁਮਾਰ ਵਿਦਿਆਰਥੀਆਂ ਦੀ ਡੂੰਘੇ ਅਧਿਐਨ ਨਾਲ ਜੁੜਨ ਵਿਚ ਰਹਿਨੁਮਾਈ ਕੀਤੀ ਅਤੇ ਬਹੁਤ ਸਾਰਿਆਂ ਨੂੰ ਵਿਗਿਆਨਕ ਸਮਾਜਵਾਦੀ ਨਜ਼ਰੀਏ ਨਾਲ ਜੋੜਿਆ।
ਉਨ੍ਹਾਂ ਦੀ ਜ਼ਿੰਦਗੀ ਦੇ ਭਰ-ਜੋਬਨ ਦਹਾਕੇ ਕੁਲ ਆਲਮ ਵਿਚ ਸਮਾਜਵਾਦ ਦੀ ਚੜ੍ਹਤ ਦੇ ਦਹਾਕੇ ਵੀ ਸਨ। ਉਹ 1939 ‘ਚ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋਏ ਅਤੇ ਆਖਰੀ ਦਮ ਤਕ ਉਨ੍ਹਾਂ ਨੇ ਸਮਾਜਵਾਦ ਦੇ ਆਦਰਸ਼ ਨੂੰ ਬੁਲੰਦ ਰੱਖਿਆ। ਉਹ ਫਿਰਕਾਪ੍ਰਸਤੀ, ਮੂਲਵਾਦ, ਰੂੜ੍ਹੀਵਾਦ ਸਮੇਤ ਸਮਾਜੀ ਤਰੱਕੀ ਦੇ ਰਾਹ ਦਾ ਰੋੜਾ ਬਣਦੇ ਹਰ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਦੇ ਤਿੱਖੇ ਆਲੋਚਕ ਸਨ। ਔਰਤ ਦੀ ਬੰਦਖ਼ਲਾਸੀ ਨੂੰ ਉਹ ਸਮਾਜੀ ਤਰੱਕੀ ਲਈ ਜ਼ਰੂਰੀ ਸਮਝਦੇ ਸਨ। ਉਹ ਜਮਾਤੀ ਸਾਂਝ-ਭਿਆਲੀ ਦੀ ਸਿਆਸਤ ਦੇ ਬਾਦਲੀਲ ਆਲੋਚਕ ਸਨ ਅਤੇ ਆਪਣੇ ਵਕਤ ਦੇ ਭਖਦੇ ਵਿਚਾਰਧਾਰਕ ਸਿਆਸੀ ਸਵਾਲਾਂ ਉਪਰ ਹਮੇਸ਼ਾ ਅਸੂਲੀ ਪੈਂਤੜਾ ਲੈਂਦੇ ਸਨ। ਉਨ੍ਹਾਂ ਸੱਤ ਦਹਾਕੇ ਲੰਮੀ ਸਰਗਰਮ ਚਿੰਤਨਸ਼ੀਲ ਜ਼ਿੰਦਗੀ ਵਿਚ ਭਖਵੇਂ ਸਵਾਲਾਂ ਉਪਰ ਬੇਸ਼ੁਮਾਰ ਲੈਕਚਰ ਦਿੱਤੇ ਅਤੇ ਇਨ੍ਹਾਂ ਤੋਂ ਇਲਾਵਾ ‘ਕਰਾਈਸਿਸ ਆਫ ਸੋਸ਼ਲਿਜ਼ਮ’, ‘ਰਿਜਨ ਰੈਵੋਲੂਸ਼ਨ ਐਂਡ ਪੁਲੀਟੀਕਲ ਥਿਊਰੀ’, ‘ਫਾਈਵ ਲੈਕਚਰਜ਼ ਇਨ ਮਾਰਕਸਿਸਟ ਮੋਡ’, ‘ਆਫ ਮਾਰਕਸਿਜ਼ਮ ਐਂਡ ਇੰਡੀਅਨ ਪਾਲਿਟਿਕਸ’, ‘ਮਾਰਕਸਿਜ਼ਮ-ਸੋਸ਼ਲਿਜ਼ਮ ਐਂਡ ਇੰਡੀਅਨ ਪਾਲਿਟਿਕਸ’, ‘ਕਾਨਟੈਂਪਰੇਰੀ ਇਕਾਲੋਜੀਕਲ ਕਰਾਈਸਿਸ’, ‘ਇੰਡੀਅਨ ਪਾਲਿਟਿਕਸ ਟੂਡੇ’ ਦੇ ਰੂਪ ਵਿਚ ਬਹੁ-ਮੁੱਲੀਆਂ ਕਿਤਾਬਾਂ ਮਨੁੱਖਤਾ ਦੀ ਝੋਲੀ ਪਾਈਆਂ ਜੋ ਸਮਾਜਕ ਤਬਦੀਲੀ ਲਈ ਸਰਗਰਮ ਸਿਆਸੀ ਤਾਕਤਾਂ, ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਲਈ ਬਹੁਮੁੱਲਾ ਬੌਧਿਕ ਖਜ਼ਾਨਾ ਹਨ। ਸੰਸਾਰ ਸਮਾਜਵਾਦੀ ਪ੍ਰਬੰਧ ਨੂੰ ਲੱਗੀ ਪਛਾੜ ਦੇ ਕਾਰਨਾਂ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਉਨ੍ਹਾਂ ਨੇ ਭਰਵਾਂ ਵਿਸ਼ਲੇਸ਼ਣ ਪੇਸ਼ ਕੀਤਾ। ਉਨ੍ਹਾਂ ਦੀਆਂ ਲਿਖਤਾਂ ਤੋਂ ਮੁਤਾਸਰ ਹੋ ਕੇ ਉਨ੍ਹਾਂ ਦੀ ਬੌਧਿਕ ਲਿਆਕਤ ਬਾਰੇ ਕੌਮਾਂਤਰੀ ਨਾਮਣੇ ਵਾਲੇ ਖੱਬੇ ਪੱਖੀ ਰਸਾਲੇ ‘ਮੰਥਲੀ ਰਿਵਿਊ’ ਦੇ ਸੰਪਾਦਕ ਹੈਰੀ ਮੈਡਗਾਫ ਨੇ ਲਿਖਿਆ, “ਤੁਹਾਡਾ ਠੋਸ ਵਿਸ਼ਲੇਸ਼ਣ ਤੇ ਦ੍ਰਿੜ ਵਚਨਬੱਧਤਾ ਕਾਬਲੇ-ਤਾਰੀਫ ਹੈ।”
ਪ੍ਰੋਫੈਸਰ ਰਣਧੀਰ ਸਿੰਘ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਬੁੱਧੀਜੀਵੀਆਂ ਤੋਂ ਐਨ ਉਲਟ ਸਨ। ਜਦੋਂ ਬੇਸ਼ੁਮਾਰ ਚਿੰਤਕ ਅਤੇ ਵਿਦਵਾਨ ਸਮਾਜਵਾਦ ਦੀ ਇਤਿਹਾਸਕ ਹਾਰ ਤੇ ਪਛਾੜ ਤੋਂ ਨਿਰਾਸ਼ ਹੋ ਕੇ ‘ਸਰਮਾਏਦਾਰੀ ਦਾ ਕੋਈ ਬਦਲ ਨਹੀਂ’ ਦੇ ਢੰਡੋਰਚੀ ਬਣ ਗਏ ਅਤੇ ਸਮਾਜਵਾਦ ਦੇ ਆਦਰਸ਼ ਤੋਂ ਕਿਨਾਰਾ ਕਰ ਗਏ, ਉਸ ਵਕਤ ਪ੍ਰੋਫੈਸਰ ਰਣਧੀਰ ਸਿੰਘ ਨੇ ਆਪਣੀ ਬੌਧਿਕ ਕਾਬਲੀਅਤ ਦਾ ਲੋਹਾ ਮੰਨਵਾਉਂਦਿਆਂ ਸਾਬਤ ਕੀਤਾ ਕਿ ਮਨੁੱਖੀ ਜਾਨਾਂ ਦਾ ਖੌਅ ਨਾਬਰਾਬਰੀ, ਨਹੱਕੀਆਂ ਜੰਗਾਂ, ਸਾਮਰਾਜਵਾਦੀ ਹਿੰਸਾ, ਆਰਥਿਕ ਸਾਧਨਾਂ ਦੀ ਬਰਬਾਦੀ, ਕੁਦਰਤੀ ਚੌਗਿਰਦੇ ਦੀ ਬੇਮਿਸਾਲ ਤਬਾਹੀ ਲਈ ਜ਼ਿੰਮੇਵਾਰ ਸਰਮਾਏਦਾਰੀ ਦਾ ਖ਼ਾਤਮਾ ਕੁਲ ਆਲਮ ਦੇ ਬਿਹਤਰ ਭਵਿੱਖ ਲਈ ਕਿਉਂ ਜ਼ਰੂਰੀ ਹੈ। ਇਨਸਾਨੀ ਤਹਿਜ਼ੀਬ ਦੀ ਤਰੱਕੀ ਤੇ ਬਿਹਤਰੀ ਲਈ ਸਮਾਜਵਾਦੀ ਵਿਕਾਸ ਮਾਡਲ ਕਿਉਂ ਲਾਜ਼ਮੀ ਲੋੜ ਹੈ। ਉਨ੍ਹਾਂ ਨੇ ਰੂਸ, ਪੂਰਬੀ ਯੂਰਪ ਅਤੇ ਚੀਨ ਵਗੈਰਾ ਵਿਚ ਸਮਾਜਵਾਦ ਨੂੰ ਲੱਗੀ ਪਛਾੜ ਤੋਂ ਮਾਯੂਸ ਹੋਣ ਦੀ ਬਜਾਏ ਇਸ ਹਾਰ ਦਾ ਵਿਗਿਆਨਕ ਮਾਰਕਸੀ ਨਜ਼ਰੀਏ ਤੋਂ ਵਿਸ਼ਲੇਸ਼ਣ ਪੇਸ਼ ਕੀਤਾ। ਇਹ ਵਿਸ਼ਲੇਸ਼ਣ ਵੱਡ-ਅਕਾਰੀ ਕਿਤਾਬ ‘ਕਰਾਈਸਿਸ ਆਫ ਸੋਸ਼ਲਿਜ਼ਮ’ ਦੇ ਅਨੁਵਾਨ ਹੇਠ ਛਪਿਆ ਜਿਸ ਦੀ ਇਸ ਮਜਮੂਨ ਬਾਰੇ ਆਲਮੀ ਪ੍ਰਸਿੱਧੀ ਵਾਲੇ ਚੁਣਵੇਂ ਵਿਸ਼ਲੇਸ਼ਣਾਂ ਵਿਚ ਸਿਰਕੱਢ ਥਾਂ ਹੈ।
ਉਨ੍ਹਾਂ ਦੀ ਇਕ ਬਹੁਮੁੱਲੀ ਦੇਣ ਰਾਸ਼ਟਰਵਾਦ ਦੇ ਸਵਾਲ ਬਾਰੇ ਉਨ੍ਹਾਂ ਦਾ ਵਿਸ਼ਲੇਸ਼ਣ ਹੈ। ਜਦੋਂ ਰਵਾਇਤੀ ਕਮਿਊਨਿਸਟ ਲੀਡਰਸ਼ਿਪ ਮੁਲਕ ਵਿਚ ਕੌਮੀਅਤ ਦੇ ਸਵਾਲ ਦੀ ਅਹਿਮੀਅਤ ਨੂੰ ਆਤਮਸਾਤ ਕਰਨ ਦੀ ਬਜਾਏ ਮੁਲਕ ਦੀ ‘ਏਕਤਾ ਤੇ ਅਖੰਡਤਾ ਨੂੰ ਖਤਰਾ’ ਦਾ ਹਾਕਮ ਜਮਾਤੀ ਰਾਗ ਅਲਾਪ ਕੇ ਹਿੰਦੁਸਤਾਨੀ ਹੁਕਮਰਾਨ ਜਮਾਤ ਦੇ ਕੌਮੀ ਹੰਕਾਰਵਾਦੀ ਏਜੰਡੇ ਦੀ ਵਾਹਕ ਬਣੀ ਹੋਈ ਸੀ, ਉਦੋਂ ਪ੍ਰੋਫੈਸਰ ਰਣਧੀਰ ਸਿੰਘ ਨੇ ਸਪਸ਼ਟ ਨਿਖੇੜਾ ਕੀਤਾ ਕਿ ਅੰਗਰੇਜ਼ ਬਸਤੀਵਾਦੀ ਰਾਜ ਦਾ ਖ਼ਾਤਮਾ ਕਰ ਕੇ ਆਜ਼ਾਦੀ ਹਾਸਲ ਕਰਨ ਲਈ ਸੰਘਰਸ਼ ਵਿਚ ਰਾਸ਼ਟਰਵਾਦ ਦੀ ਭੂਮਿਕਾ ਦੀ ਅਟੱਲ ਅਹਿਮੀਅਤ ਸੀ, ਪਰ 1947 ਦੀ ਸੱਤਾਬਦਲੀ ਤੋਂ ਬਾਅਦ ਜਦੋਂ ਸਾਮਰਾਜਵਾਦ ਨਾਲ ਸਿੱਧੀ ਲੜਾਈ ਨਹੀਂ ਰਹੀ, ਇਸ ਦੌਰ ਵਿਚ ਰਾਸ਼ਟਰਵਾਦ ਦੀ ਰਵਾਇਤੀ ਭੂਮਿਕਾ ਵੀ ਗ਼ੈਰ-ਪ੍ਰਸੰਗਿਕ ਹੋ ਚੁੱਕੀ ਹੈ। ਹੁਣ ਰਾਸ਼ਟਰਵਾਦ ਹਿੰਦੁਸਤਾਨ ਦੀ ਹੁਕਮਰਾਨ ਜਮਾਤ ਦੇ ਹੱਥ ਵਿਚ ਸੌੜੇ ਸਵਾਰਥਾਂ ਦੀ ਪੂਰਤੀ ਦਾ ਹਥਿਆਰ ਹੈ ਜਿਸਨੂੰ ਇਹ ਅੰਧ-ਰਾਸ਼ਟਰਵਾਦ ਦਾ ਇੰਤਹਾਵਾਦੀ ਰੂਪ ਦੇ ਕੇ ਆਵਾਮ ਨੂੰ ਜਮਾਤੀ ਸਵਾਲਾਂ ਤੋਂ ਥਿੜਕਾਉਣ, ਆਪਣੀਆਂ ਨਾਕਾਮੀਆਂ ਉਪਰ ਪਰਦਾ ਪਾਉਣ ਅਤੇ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਇਸਤੇਮਾਲ ਕਰ ਰਹੀ ਹੈ। ਇਸ ਹਾਲਤ ਵਿਚ ਰਾਸ਼ਟਰਵਾਦ ਦੇ ਹਾਕਮ ਜਮਾਤੀ ਪੈਂਤੜੇ ਤੋਂ ਸਪਸ਼ਟ ਨਿਖੇੜਾ ਕਰਦੇ ਹੋਏ ਇਸ ਦਾ ਆਵਾਮੀ ਪੈਂਤੜੇ ਤੋਂ ਵਿਰੋਧ ਜ਼ਰੂਰੀ ਹੈ। ਉਹ ਰਵਾਇਤੀ ਕਮਿਊਨਿਸਟ ਪਾਰਟੀਆਂ ਦੀ ਸਥਾਪਤੀ ਵਿਚ ਹਿੱਸੇਦਾਰੀ ਦੀ ਸੁਧਾਰਵਾਦੀ ਸਿਆਸਤ ਦੇ ਤਿੱਖੇ ਆਲੋਚਕ ਸਨ ਅਤੇ ਸਮਾਜੀ ਢਾਂਚੇ ਨੂੰ ਰੈਡੀਕਲ ਕਾਇਆ-ਕਲਪ ਜ਼ਰੀਏ ਸਮਾਜਵਾਦੀ ਲੀਹਾਂ ਉਪਰ ਨਵੇਂ ਸਿਰਿਓਂ ਜਥੇਬੰਦ ਕਰਨ ਦੇ ਹਾਮੀ ਸਨ।
ਮਨੁੱਖਤਾ ਨੂੰ ਐਸੀ ਉਚ ਪਾਏ ਦੀ ਅਮਿੱਟ ਬੌਧਿਕ ਦੇਣ ਦੇਣ ਵਾਲੇ ਵਿਰਲੇ-ਟਾਵੇਂ ਹੀ ਹੁੰਦੇ ਹਨ ਜੋ ਬੌਧਿਕ ਧੁੰਦੂਕਾਰੇ ਦੇ ਆਲਮ ਵਿਚ ਧਰੂ-ਤਾਰੇ ਵਾਂਗ ਰਾਹ-ਦਰਸਾਵਾ ਬਣਦੇ ਹਨ।