ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ
ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਨਾ ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਲਗਾਤਾਰ ਪੁੱਜ ਰਹੀ ਹੈ। ਹਾਲ ਹੀ ਵਿਚ ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ।
ਇਸ ਪ੍ਰਸੰਗ ਵਿਚ ਚਲਦੇ-ਫਿਰਦੇ ਇਤਿਹਾਸ ਅਤੇ ਉਸ ਦੌਰ ਨਾਲ ਡੂੰਘੇ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ‘ਪੰਜਾਬ ਟਾਈਮਜ਼’ ਨੂੰ ਭੇਜਿਆ ਹੈ। ਇਸ ਲੇਖ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਵੱਖ-ਵੱਖ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਜਾਂ ਕੋਈ ਵੱਖਰਾ ਜ਼ਾਵੀਆ ਵੀ ਸੰਭਵ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਵਿਚ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪਾਈ ਗਈ ਹੈ। ਐਤਕੀਂ ਉਨ੍ਹਾਂ ਪੰਜਾਬ ਦੀ ਅਕਾਲੀ ਸਿਆਸਤ ਦੇ ਕੁਝ ਪੱਤਰੇ ਫਰੋਲੇ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 647-982-6091
ਪਿਛਲੀ ਵਾਰ ਚਰਚਾ ਕੀਤੀ ਸੀ ਕਿ ਕਿੰਜ ḔਲਿੱਟੇḔ ਤੋਂ ਪਹਿਲਾਂ ਕਾਮਰੇਡ ਰੋਹਾਨ ਵਿਜੈਵੀਰਾ ਨੇ ਹਥਿਆਰਬੰਦ ਘੋਲ ਵਾਲਾ ਰਾਹ ਖੋਲ੍ਹੀ ਰੱਖਿਆ। ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਦੌਰਾਨ ਜਦੋਂ ḔਲਿੱਟੇḔ ਆਗੂ ਪ੍ਰਭਾਕਰਨ ਨੇ ਆਪਣਾ Ḕਧਰਮ ਯੁੱਧ’ ਆਰੰਭਿਆ ਸੀ, ਉਸ ਸਮੇਂ ਸਿੱਖ ਖਾੜਕੂ ਸੰਘਰਸ਼ ਅਤੇ ਫਿਰ ਜਲਦੀ ਬਾਅਦ ਪਾਕਿਸਤਾਨ ਦੇ ਸਰਗਰਮ ਸਹਿਯੋਗ ਨਾਲ ਕਸ਼ਮੀਰੀ ਨੌਜਵਾਨਾਂ ਨੇ ਵੀ ਸੰਗਰਾਮ ਸ਼ੁਰੂ ਕੀਤੇ ਹੋਏ ਸਨ। ਲਾਤੀਨੀ ਅਮਰੀਕੀ ਦੇਸ਼ ਪੇਰੂ ਅੰਦਰ ਦਾਰਸ਼ਨਿਕ ਗੁਰੀਲਾ ਆਗੂ ਅਬੀਮੀਲ ਗੁਜ਼ਮੈਨ ਦੀ ਅਗਵਾਈ ਹੇਠਲੇ Ḕਸ਼ਾਈਨਿੰਗ ਪਾਥ’ ਨੇ ਇਨ੍ਹਾਂ ਤੋਂ ਵੀ ਕਿਤੇ ਵੱਧ ਹੇਠਲੀ ਉਤੇ ਲਿਆਂਦੀ ਹੋਈ ਸੀ। ਕਿਸੇ ਵੀ ਕਿਸਮ ਦੀ ਧਾਰਮਿਕ ਜਾਂ ਫਿਰਕੂ ਆਸਥਾ ਤੋਂ ਗੁਜ਼ਮੈਨ ਦੇ ਪੈਰੋਕਾਰ ਕੋਹਾਂ ਦੂਰ ਸਨ।
ਗੁਜ਼ਮੈਨ ਨੇ ਕਾਂਟ ਦੇ ਦਰਸ਼ਨ ‘ਤੇ ਡਾਕਟਰੀ ਦੀ ਡਿਗਰੀ ਹਾਸਿਲ ਕੀਤੀ। ਸਾਈਮਨ ਸਟਰੌਂਗ ਨੇ 1992 ਵਿਚ Ḕਦਿ ਸ਼ਾਇਨਗ ਪਾਥ: ਦਿ ਵਰਲਡḔਜ਼ ਡੈੱਡਲੀਐਸਟ ਰੈਵੋਲਿਊਸ਼ਨਰੀ ਫੋਰਸ’ ਸਿਰਲੇਖ ਹੇਠਲੀ ਪੁਸਤਕ ਵਿਚ ਇਸ ਅਲੋਕਾਰ ਗੁਰੀਲਾ ਆਗੂ ਦਾ ਕ੍ਰਿਸ਼ਮਾ ਆਸ਼ਕਾਰ ਕੀਤਾ ਹੋਇਆ ਹੈ। ਗੁਜ਼ਮੈਨ ਕਾਰਲ ਮਾਰਕਸ, ਲੈਨਿਨ ਜਾਂ ਮਾਓ ਦੀਆਂ ਕਿਰਤਾਂ ਦਾ ਮਾਹਿਰ ਸੀ। ਫਿਉਦੋਰ ਦਾਸਤੋਵਸਕੀ ਅਤੇ ਪਾਬਲੋ ਨੇਰੂਦਾ ਉਸ ਦੇ ਮਨ-ਭਾਉਂਦੇ ਲੇਖਕ ਸਨ। ਬਾਖ, ਬੀਥੋਵਨ, ਵਾਗਨਰ ਅਤੇ ਮੋਜ਼ਾਰਟ ਉਸ ਦੇ ਪਸੰਦੀਦਾ ਸੰਗੀਤਕਾਰ ਸਨ। ਜਾਨ ਲਾਕ ਦੀਆਂ ਕਿਰਤਾਂ ਅਤੇ ਜਾਨ ਮਿਲਟਨ ਦੇ Ḕਪੈਰਾਡਾਈਜ਼ ਲੌਸਟ’ ਵਿਚੋਂ ਹਵਾਲੇ ਉਹ ਇੰਝ ਦਿੰਦਾ ਸੀ ਕਿ ਸੁਣਨ ਵਾਲੇ ਮੰਤਰ-ਮੁਗਧ ਹੋ ਜਾਂਦੇ ਸਨ।
ਸਾਈਮਨ ਸਟਰੌਂਗ ਦੀ ਪੁਸਤਕ ਦੇ ਨਾਲ ਹੀ ਮੇਰੇ ਸਾਹਵੇਂ ਪੇਰੂ ਦੇ ਜੁਝਾਰੂ ਪੱਤਰਕਾਰ/ਲੇਖਕ ਗੁਸਤਾਵ ਗੋਰੀਟੀ ਦੀ ਪੁਸਤਕ Ḕਦਿ ਮੈੱਨ ਹੂ ਸੇਵਡ ਦਿਅਰ ਕੰਟਰੀ’ ਪਈ ਹੈ ਜੋ ਬੈਨਡਿਕੀ ਜਿੰਮਨੇਜ਼ ਨਾਂ ਦੇ ਪੇਰੂ ਦੀ ਖੁਫੀਆ ਪੁਲਿਸ ਦੇ ਉਸ ਅਫ਼ਸਰ ਦੀ ਕਥਾ ਸੁਣਾਉਂਦੀ ਹੈ ਜਿਸ ਨੇ ਪੂਰੇ ਦੋ ਵਰ੍ਹੇ ਸਿਰ ‘ਤੇ ਕਫ਼ਨ ਬੰਨ੍ਹ ਕੇ ਸਾਥੀਆਂ ਨਾਲ ਗੁਜ਼ਮੈਨ ਨੂੰ ਲੱਭਣ ਲਈ ਦਿਨ-ਰਾਤ ਇੱਕ ਕੀਤਾ ਅਤੇ 12 ਸਤੰਬਰ 1992 ਨੂੰ ਇਸ ਗੁਰੀਲਾ ਆਗੂ ਤੇ ਉਸ ਦੀ ਡਿਪਟੀ ਆਗੂ ਇਲੈਨਾ ਨੂੰ ਰਾਜਧਾਨੀ ਲੀਮਾ ਦੀ ਇੱਕ ਪੌਸ਼ ਡਾਂਸ ਅਕੈਡਮੀ ਵਿਚੋਂ ਗ੍ਰਿਫਤਾਰ ਕਰ ਲਿਆ।
ਪੱਤਰਕਾਰ ਗੁਸਤਾਵ ਗੋਰੀਟੀ, ਗੁਜ਼ਮੈਨ ਦੇ ਨਾਂਹਵਾਦੀ ਇਨਕਲਾਬੀ ਸੰਗਠਨ ਦਾ ਤਾਂ ਨੁਕਤਾਚੀਨ ਸੀ, ਪਰ ਉਸ ਸਮੇਂ ਦੇ ਰਾਸ਼ਟਰਪਤੀ ਅਲਬਰਟੋ ਫੂਜੀਮੋਰੀ ਨਾਲ ਵੀ ਉਸ ਦਾ ਇੱਟ-ਕੁੱਤੇ ਤੋਂ ਤਿੱਖਾ ਵੈਰ ਸੀ। ਫੂਜੀਮੋਰੀ ਰਾਸ਼ਟਰਪਤੀ ਦੇ ਅਹੁਦੇ ਲਈ 1990 ਦੀਆਂ ਚੋਣਾਂ ਦੌਰਾਨ ਪੇਰੂ ਦੇ ਮਹਾਨ ਚਿੰਤਕ, ਨੋਬੈੱਲ ਵਿਜੇਤਾ ਨਾਵਲਕਾਰ ਇਉਸ਼ਾ ਨੂੰ ਹਰਾ ਕੇ ਜਿੱਤਿਆ ਸੀ, ਪਰ ਚੋਣ ਜਿੱਤਦਿਆਂ ਹੀ ਉਸ ਨੇ ਆਪਣੇ ਮਿੱਤਰ ਤੇ ਸਾਬਕਾ ਕਾਮਰੇਡ ਵਲਾਦੀਮੀਰ ਮੋਨੇਟਸੀਨੋਸ ਨੂੰ ਗ੍ਰਹਿ ਮੰਤਰੀ ਥਾਪ ਕੇ ਗੁਰੀਲਾ ਹਿੰਸਾ ‘ਤੇ ਪਰਦਾ ਪਾਉਣ ਦੇ ਬਹਾਨੇ ਤਾਨਾਸ਼ਾਹ ਅੰਦਾਜ਼ ਵਿਚ ਕੰਮ ਸ਼ੁਰੂ ਕਰ ਦਿੱਤਾ। ਗੁਸਤਾਵ ਗੋਰੀਟੀ ਨੇ 1992 ਵਿਚ ਮੋਨੇਟਸੀਨੋਸ ਦੇ ਕੋਕੀਨ ਸਮੱਗਲਰਾਂ ਨਾਲ ਸਬੰਧਾਂ ਨੂੰ ਬੇਪਰਦ ਕਰਨ ਵਾਲੀ ਰਿਪੋਰਟ ਨਸ਼ਰ ਕੀਤੀ, ਤਾਂ ਫੂਜੀਮੋਰੀ ਬੁਖਲਾ ਉਠਿਆ ਤੇ ਪੁਲਿਸ ਨੇ ਉਸ ਨੂੰ ਘਰੋਂ ਅਗਵਾ ਕਰ ਲਿਆ। ਇਸ ਘਟਨਾ ਤੋਂ ਕੋਹਰਾਮ ਮੱਚ ਗਿਆ। ਗੋਰੀਟੀ ਦੀ ਰਿਹਾਈ ਤਾਂ ਹੋ ਗਈ, ਪਰ ਉਸ ਨੂੰ ਦੇਸ਼ ਛੱਡਣਾ ਪਿਆ। ਫੂਜੀਮੋਰੀ 10 ਵਰ੍ਹੇ ਦੇਸ਼ ਦਾ ਤਾਨਾਸ਼ਾਹ ਬਣਿਆ ਰਿਹਾ, ਫਿਰ ਉਸ ਨੂੰ ਵੀ ਦੇਸ਼ ਛੱਡ ਕੇ ਭੱਜਣਾ ਪੈ ਗਿਆ। ਉਂਜ, ਗੋਰੀਟੀ ਫੂਜੀਮੋਰੀ ਦੀਆਂ ਜੜ੍ਹਾਂ ਵਿਚ ਅਜਿਹਾ ਬੈਠਾ ਕਿ ਪੇਰੂ ਦੀ ਅਗਲੀ ਸਰਕਾਰ ਵੱਲੋਂ ਕਾਇਮ ਕੀਤੇ ਵਿਸ਼ੇਸ਼ ਟ੍ਰਿਬਿਊਨਲ ਨੇ ਗੋਰੀਟੀ ਅਗਵਾ ਕੇਸ ਅਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਦੇ ਕੁਝ ਹੋਰ ਦੋਸ਼ਾਂ ਵਿਚ ਅਪਰੈਲ 2009 ਵਿਚ ਫੂਜੀਮੋਰੀ ਨੂੰ 25 ਵਰ੍ਹੇ ਕੈਦ ਦੀ ਸਜ਼ਾ ਸੁਣਾ ਕੇ ਕਾਲ ਕੋਠੜੀ ਦੇ ਉਸ Ḕਪਿੰਜਰੇ’ ਵਿਚ ਭੇਜ ਦਿੱਤਾ ਜਿੱਥੇ ਗੁਰੀਲਾ ਦਾਰਸ਼ਨਿਕ ਗੁਜ਼ਮੈਨ ਪਹਿਲਾਂ ਹੀ ਕਈ ਵਰ੍ਹਿਆਂ ਤੋਂ ਉਸ ਨੂੰ Ḕਉਡੀਕ’ ਰਿਹਾ ਸੀ।
ਗੁਰੀਲਾ ਹਿੰਸਾ ਦੌਰਾਨ ਸੱਤਰ-ਅੱਸੀ ਹਜ਼ਾਰ ਤੋਂ ਵੀ ਵੱਧ ਜਾਨਾਂ ਗਈਆਂ। ਮਨੋਵਿਗਿਆਨੀਆਂ ਅਤੇ ਸਮਾਜ ਸ਼ਾਸਤਰੀਆਂ ਲਈ ਇਹ ਬਹਿਸ ਅਜੇ ਵੀ ਚਰਚਾ ਦਾ ਵਿਸ਼ਾ ਹੈ ਕਿ ਗੁਜ਼ਮੈਨ ਨੇ ਪੇਰੂ ਦੇ ਨੌਜਵਾਨਾਂ ਦੇ ਦਿਲੋ-ਦਿਮਾਗ ਉਪਰ ਛਾਉਣੀਆਂ ਕਿਵੇਂ ਪਾਈਆਂ!
000
ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ। ਭਾਅ ਜੀ ਕਰਮਜੀਤ ਸਿੰਘ ਪਟਿਆਲੇ ਮਿਲਣ ਆਏ ਹੋਏ ਸਨ। ਸਟਾਲਿਨ ਦੀਆਂ ਸੱਤ-ਅੱਠ ਮੋਟੀਆਂ ਜੀਵਨ ਕਥਾਵਾਂ ਮੇਜ਼ ‘ਤੇ ਪਈਆਂ ਸਨ, ਤੇ ਮੈਂ ਵੀਰ ਆਪਣੇ ਨੂੰ ਉਹ ਪੁਸਤਕਾਂ ਦਿਖਾ ਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਕਾਇਨਾਤ ਦਾ ਉਹ ਕਿੰਨਾ ਵੱਡਾ ਜੱਲਾਦ ਸੀ, ਪਰ 1936-38 ਦੇ ਬਦਨਾਮ ਖੁੱਲ੍ਹੇ ਮਾਸਕੋ ਮੁਕੱਦਮਿਆਂ ਦੌਰਾਨ ਉਸ ਦੀ ਇਹ ਖਸਲਤ ਜੱਗ-ਜ਼ਾਹਿਰ ਹੋ ਜਾਣ ਦੇ ਬਾਵਜੂਦ ਦੁਨੀਆਂ ਭਰ ਵਿਚ ਕਰੋੜਾਂ ਹੀ ਸੁਪਨੇਸਾਜ਼ ਇਨਕਲਾਬੀ ਨੌਜਵਾਨ ਉਸ ਦੀ ਸ਼ਖਸੀਅਤਪ੍ਰਸਤੀ ਦੀ ਗ੍ਰਿਫਤ ਅੰਦਰ ਸਨ।
ਉਨ੍ਹੀਂ ਦਿਨੀ ਹੀ ਅਮਰੀਕਾ ਰਹਿੰਦੇ ਹਰਮਹਿੰਦਰ ਚਾਹਲ ਨੇ 9/11 ਵਾਲੇ ਜਹਾਦੀਆਂ ਦੀ ਹੋਣਹਾਰ ਸਹਾਇਕ ਆਫੀਆ ਸਦੀਕੀ ਦੀ ਤਰਾਸਦੀ ਬਾਰੇ Ḕਆਫੀਆ ਸਦੀਕੀ ਦਾ ਜਹਾਦ’ ਪੁਸਤਕ ਦੀ ਰਚਨਾ ਕੀਤੀ ਸੀ ਜੋ Ḕਪੰਜਾਬ ਟਾਈਮਜ਼Ḕ ਵਿਚ ਲੜੀਵਾਰ ਛਪ ਚੁੱਕੀ ਹੈ। ਕਰਮਜੀਤ ਸਿੰਘ ਨੂੰ ਉਸ ਦੀ ਇਸ Ḕਰੂਹਾਨੀ ਭੈਣ’ ਦੀ ਇਹ ਕਥਾ ਪੜ੍ਹਨ ਲਈ ਦਿੱਤੀ ਸੀ। ਉਦੋਂ ਇਕ ਹੋਰ ਚਰਚਾ ਉਨ੍ਹਾਂ ਨਾਲ ਹੋਈ ਸੀ। ਇਹ ਮਹਾਨ ਮੈਕਸੀਕਨ ਨਾਵਲਕਾਰ ਕਾਰਲੋਸ ਫਿਊਂਨਤੈਸ ਦੇ ਨਾਵਲ Ḕਦਿ ਡੈੱਥ ਆਫ਼ ਆਰਟੇਮੀਓ ਕਰੂਜ਼’ ਨਾਲ ਸਬੰਧਿਤ ਸੀ। ਮਾਨਵੀ ਇਤਿਹਾਸ ਅੰਦਰ ਇਨਸਾਨ ਦੇ ਸਭ ਆਦਰਸ਼, ਖਾਸ ਕਰ ਕੇ ਇਨਕਲਾਬੀ ਆਦਰਸ਼ ਵਾਰ-ਵਾਰ ਬਦਰੰਗ ਕਿੰਝ ਹੁੰਦੇ ਰਹੇ, ਇਸ ਅਹਿਸਾਸ ਦੀ ਸਮਝ ਅਤੇ ਇਸ ਦੇ ਦਰਦ ਦੇ ਮਾਮਲੇ ਵਿਚ ਫਿਊਂਨਤੈਸ ਦਾ ਕੋਈ ਸਾਨੀ ਨਹੀਂ ਹੈ। ਅਸੀਂ ਕਰਮਜੀਤ ਸਿੰਘ ਦੇ ਮਨ ਅੰਦਰ Ḕਮਸੀਹਾ ਦੀ ਉਡੀਕ’ ਲਈ ਅਮੁੱਕ ਤੜਫਾਹਟ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ। ਕੁਝ ਸਮਾਂ ਪਹਿਲਾਂ ਜਦੋਂ ਪੰਜ ਪਿਆਰਿਆਂ ਨੇ ਨਵਾਂ ਕੌਤਕ ਕੀਤਾ ਤਾਂ ਕਰਮਜੀਤ ਸਿੰਘ ਦਾ ਸਦੀਵੀ ਭਟਕਣ ਦੀ ਗ੍ਰਿਫਤ ਵਿਚ ਆਇਆ ਹੋਇਆ ਮਨ ਆਪ-ਮੁਹਾਰੇ ਹੀ Ḕਵਧਾਈਆਂ! ਵਧਾਈਆਂ!!Ḕ ਕਹਿ ਕੇ Ḕਨੱਚ’ ਉੱਠਿਆ। ਫਿਊਂਨਤੈਸ ਦੇ ਉਸ ਮਹਾਨ ਨਾਵਲ ਅੰਦਰ ਇੱਕ ਬਜ਼ੁਰਗ ਪਾਤਰ ਕਿਧਰੇ ਕਰਮਜੀਤ ਸਿੰਘ ਵਰਗੇ ਹੀ ਕਿਸੇ ਉਤਸ਼ਾਹੀ ਸਾਥੀ ਨੂੰ ਇਹ ਕਹਿ ਕੇ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ:
“ਕਦੇ-ਕਦੇ ਇਉਂ ਲਗਦਾ ਹੈ ਕਿ ਖੜਕੇ-ਦੜਕੇ, ਕਾਤਲੋ-ਗਾਰਤ ਅਤੇ ਅਲੀ-ਅਲੀ ਦੇ ਨਾਅਰਿਆਂ ਦੀ ਗੂੰਜ ਤੋਂ ਬਿਨਾਂ ਵੀ ਆਦਮੀ ਸੁੰਨ ਹੋ ਜਾਂਦਾ ਹੈ। ਕਬਰਸਤਾਨ ਵਰਗੀ ਸ਼ਾਂਤੀ ਤੋਂ ਵੀ ਬੰਦਾ ਘਬਰਾ ਜਾਂਦਾ ਹੈ। ਸ਼ਮਸ਼ੀਰਾਂ ਦੇ ਵਜਦ ਦੀ ਲੋੜ ਪੈਂਦੀ ਹੈ। (ਅਖੇ) ਇਉਂ ਲੱਗਦਾ ਹੈ ਕਿ ਜੰਗ-ਯੁੱਧ, ਮਾਰ-ਧਾੜ ਅਤੇ ਕਤਲਗਾਹਾਂ ਸਾਨੂੰ ਵੱਡਾ ਜੀਵਨਦਾਨ ਬਖ਼ਸ਼ਦੀਆਂ ਹਨ। ਇਨਸਾਨ ਬਹੁਤੀ ਦੇਰ ਸੂਹੇ, ਖੂਨੀ ਖੁਆਬਾਂ ਤੋਂ ਬਿਨਾਂ ਜਿੰਦਾ ਰਹਿ ਨਹੀਂ ਸਕਦਾ, ਚਾਹੇ ਉਸ ਨੂੰ ਵਾਰ-ਵਾਰ ਮੂੰਹ ਦੀ ਖਾਣੀ ਹੀ ਕਿਉਂ ਨਾ ਪਵੇ।”
ਖੈਰ! ਸਰਬੱਤ ਖਾਲਸਾ ਦੇ ਰੌਣਕ ਮੇਲੇ ਵਿਚ ਬਾਈ ਜੀ ਕਰਮਜੀਤ ਨੂੰ ਬਾਜਾਂ ਵਾਲੇ ਦੀ ਆਮਦ ਦੀ ਆਹਟ ਸੁਣਾਈ ਦਿੰਦੀ ਹੈ। ਇਸ ਦੇ ਉਲਟ ਕੇæਪੀæਐੱਸ਼ ਗਿੱਲ ਨੇ ਪੰਜਾਬ ਦੀ ਅਕਾਲੀ ਸਿਆਸਤ ਅਤੇ ਖਾੜਕੂ ਲਹਿਰ ਦੀ ਸਾਰਥਿਕਤਾ ਨੂੰ ਨਕਾਰਨ ਲਈ Ḕਨਾਈਟਸ ਆਫ਼ ਫਾਲਸਹੁੱਡ’ ਪੁਸਤਕ ਲਿਖੀ। ਇਸ ਦਾ ਪੰਜਾਬੀ ਅਨੁਵਾਦ Ḕਕੂੜ ਫਿਰੈ ਪਰਧਾਨ’ ਸਿਰਲੇਖ ਤਹਿਤ ਹੋਇਆ। ਕੇæਪੀæਐੱਸ਼ ਗਿੱਲ ਨਾਲ ਕਿਸੇ ਦੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਇਹ ਮੰਨਣ ਦੀ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ ਕਿ ਗੁਰੂ ਨਾਨਕ ਦੇ ਮਿਸ਼ਨ ਅਤੇ ਸੰਦੇਸ਼ ਦੀ ਪਰਿਭਾਸ਼ਾ ‘ਤੇ ਅਜਾਰੇਦਾਰੀ ਕੇਵਲ ਕਰਮਜੀਤ ਸਿੰਘ ਜਾਂ ਹਰਿੰਦਰ ਸਿੰਘ ਮਹਿਬੂਬ ਵਰਗੇ ਮਿੱਤਰਾਂ ਦੀ ਹੀ ਨਹੀਂ ਹੈ। ਇਸ ਉਤੇ ਕੇæਪੀæਐੱਸ਼ ਗਿੱਲ, ਖੁਸ਼ਵੰਤ ਸਿੰਘ, ਦਰਸ਼ਨ ਸਿੰਘ ਕੈਨੇਡੀਅਨ, ਡਾæ ਸਾਧੂ ਸਿੰਘ ਜਾਂ ਡਾæ ਰਵਿੰਦਰ ਰਵੀ ਵਰਗੇ ਸੱਜਣਾਂ ਦਾ ਵੀ ਉਨਾ ਹੀ ਹੱਕ ਹੈ।
ਖੁਸ਼ਵੰਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਦੇਹੜੀ ‘ਤੇ ਡੀæਆਈæਜੀæ ਏæਐੱਸ਼ ਅਟਵਾਲ ਦੀ ਹੱਤਿਆ ਦੀ ਘਟਨਾ ਤੋਂ ਬਾਅਦ ਪੰਜਾਬ ਦੀ ਹਾਲਤ ਉਤੇ ਚਿੰਤਾ ਪ੍ਰਗਟ ਕਰਦਿਆਂ 28 ਅਪਰੈਲ 1983 ਨੂੰ ਬਿਆਨ ਦਿੱਤਾ ਸੀ ਜਿਸ ਨੂੰ ਉਨ੍ਹਾਂ Ḕਪੰਜਾਬ ਬਾਰੇ ਸਪਸ਼ਟ ਬਿਆਨੀ’ ਸਿਰਲੇਖ ਹੇਠਲੇ ਆਪਣੇ ਲੇਖ ਵਿਚ ਵੀ ਅੰਕਿਤ ਕੀਤਾ। ਉਨ੍ਹਾਂ ਕਾਂਗਰਸ ਦਾ ਨੁਮਾਇੰਦਾ ਹੋਣ ਦੇ ਬਾਵਜੂਦ ਅਨੇਕਾਂ ਵਾਰ ਵਕਤ ਦੇ ਹਾਕਮਾਂ ਨੂੰ ਹੋਸ਼ ਤੋਂ ਕੰਮ ਲੈਣ ਅਤੇ ਅਕਾਲੀ ਨੇਤਾਵਾਂ ਨਾਲ ਜ਼ਿੰਮੇਵਾਰਾਨਾ ਅੰਦਾਜ਼ ਵਿਚ ਗੱਲਬਾਤ ਕਰ ਕੇ ਸਭ ਜਾਇਜ਼ ਮੰਗਾਂ ਮੰਨਣ ਲਈ ਜ਼ੋਰ ਦਿੱਤਾ ਅਤੇ ਨਾਲ ਹੀ ਕੰਪਲੈਕਸ ਵਿਚ ਕਿਸੇ ਵੀ ਸੂਰਤ ਵਿਚ ਤਾਕਤ ਦੀ ਵਰਤੋਂ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਹੋਈ ਹੈ। ਇਸੇ ਤਰ੍ਹਾਂ ਫਰਵਰੀ 1984 ਵਿਚ ਉਨ੍ਹਾਂ ਦੀ ਅਜਿਹੀ ਹੀ ਅਹਿਮ ਸਪੀਚ ਹੈ। 1984 ਵਿਚ 3 ਮਾਰਚ ਦਾ Ḕਮੈਲਿਸ ਟੂਵਰਡਜ਼ ਵਨ ਐਂਡ ਆਲ’ ਵਾਲਾ ਕਾਲਮ ਵੀ ਪੜ੍ਹਨ ਵਾਲਾ ਹੈ ਜਿਸ ਵਿਚ ਉਨ੍ਹਾਂ ਕੰਪਲੈਕਸ ਵਿਚ ਹਾਲਤ ਇਤਰਾਜ਼ਯੋਗ ਹੋਣ ਦੇ ਬਾਵਜੂਦ ਬੜੇ ਸਖ਼ਤ ਅਤੇ ਸਪਸ਼ਟ ਸ਼ਬਦਾਂ ਵਿਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਕਿਸੇ ਵੀ ਹਾਲ ਵਿਚ ਤਾਕਤ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਆਖੀਰ ਫੌਜੀ ਕਾਰਵਾਈ ਹੋ ਗਈ ਤਾਂ ਉਹ ਸ਼ਾਇਦ ਸਭ ਤੋਂ ਪਹਿਲੇ ਸ਼ਖ਼ਸ ਸਨ ਜਿਨ੍ਹਾਂ ਨੇ ਰੋਸ ਵਜੋਂ ਇਨਾਮ-ਸਨਮਾਨ ਵਾਪਿਸ ਕੀਤੇ। ਇਸ ਸਾਰੇ ਕਾਸੇ ਦੇ ਬਾਵਜੂਦ ਉਹ ਸਿੱਖ ਲਹਿਰ ਦੇ ਹੱਕ ਵਿਚ ਨਹੀਂ ਸਨ। ਸਿੱਖ ਭਾਈਚਾਰੇ ਬਾਰੇ ਉਨ੍ਹਾਂ ਦੀ ਸਪਸ਼ਟ ਬਿਆਨੀ ਜ਼ਰਾ ਵੇਖੋ:
“ਸਮੁੱਚੀ ਵੱਖਵਾਦੀ ਲਹਿਰ ਹੀ ਗ਼ਲਤ ਸੀ ਅਤੇ ਇਹ ਭਿਆਨਕ ਹੱਦ ਤੱਕ ਗ਼ਲਤ ਪਾਸੇ ਚਲੀ ਗਈ। ਖਾਲਿਸਤਾਨ ਦੀ ਮੰਗ ਕਰਨਾ ਸਿੱਖਾਂ ਲਈ ਖੁਦਕੁਸ਼ੀ ਦੇ ਬਰਾਬਰ ਸੀ। ਨਿੱਕਾ ਜਿਹਾ ਰਾਜ ਹੋਣਾ ਸੀ, ਮੁੱਖ ਤੌਰ ‘ਤੇ ਖੇਤੀ ਉਤੇ ਆਸ਼ਰਿਤ। ਇੱਕ ਪਾਸੇ ਪਾਕਿਸਤਾਨ ਅਤੇ ਦੂਜੇ ਪਾਸੇ ਭਾਰਤ ਦਰਮਿਆਨ ਫਸਿਆ ਹੋਇਆ ਉਕਾ ਹੀ ਨਾ ਜਿਉਣਯੋਗ।æææ (ਸਾਕਾ ਨੀਲਾ ਤਾਰਾ ਦੇ ਦੁਖਾਂਤ ਪਿਛੋਂ) ਸਿੱਖ ਹੌਲੀ-ਹੌਲੀ ਫਿਰ ਪੈਰਾਂ ‘ਤੇ ਖੜ੍ਹੇ ਹੋ ਗਏ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਸਿੱਖ ਹੈ। ਫੌਜ ਦਾ ਮੁਖੀ ਜਨਰਲ ਜੇæਜੇæ ਸਿੰਘ ਸਿੱਖ ਹੈ। ਭਾਰਤੀ ਚੋਣ ਕਮਿਸ਼ਨਰ ਸਿੱਖ ਹੈ ਅਤੇ ਇੱਕ ਸਿੱਖ ਮੋਨਟੇਕ ਸਿੰਘ ਆਹਲੂਵਾਲੀਆ ਹੀ ਭਾਰਤੀ ਯੋਜਨਾ ਕਮਿਸ਼ਨ ਨੂੰ ਚਲਾ ਰਿਹਾ ਹੈ। ਅੱਜ ਖਾਲਸਾ ਕਲਮ ਰਾਹੀਂ ਵੀ ਰਾਜ ਕਰ ਰਿਹਾ ਹੈ।”
ਕਰਮਜੀਤ ਸਿੰਘ ਅਤੇ ਉਨ੍ਹਾਂ ਵਰਗੀ ਸੋਚ ਵਾਲੇ ਮਿੱਤਰਾਂ ਨੂੰ ਇਨ੍ਹਾਂ ਤੱਥਾਂ ਦਾ ਪਤਾ ਹੈ? ਜੇ ਪਤਾ ਹੈ ਤਾਂ ਉਨ੍ਹਾਂ ਦਾ ਇਸ ਬਾਰੇ ਕੀ ਕਹਿਣਾ ਹੈ? ਅਜੋਕੇ ਪੰਜਾਬ ਜਿੱਥੇ ਅੱਜ ਦੀ ਤਰੀਕ ਵਿਚ ਜੱਟ-ਸਿੱਖ ਭਾਈਚਾਰੇ ਨਾਲ ਸਬੰਧਿਤ ਕੋਈ ਨੌਜਵਾਨ ਲੜਕਾ ਜਾਂ ਲੜਕੀ ਰਹਿਣ ਨੂੰ ਰਾਜ਼ੀ ਨਹੀਂ, ਉਸ ਦੀ ਹੋਣੀ ਨੂੰ ਨਵਿਆਉਣ ਲਈ ਉਨ੍ਹਾਂ ਕੋਲ ਭਲਾ ਕਿਹੜੀ ਨਿੱਗਰ ਆਰਥਿਕ ਯੋਜਨਾ ਹੈ? ਉਹ ਉਨ੍ਹਾਂ ਨੂੰ ਵਾਰ-ਵਾਰ Ḕਬ੍ਰਾਹਮਣ-ਬਾਣੀਆਂ’ ਸਰਕਾਰ ਵਿਰੁਧ ਲੜ ਮਰਨ ਲਈ ਲਲਕਾਰ ਜਾਂ ਵੰਗਾਰ ਕੇ ਭਲਾ ਚਾਹੁੰਦੇ ਕੀ ਹਨ?
ਹੁਣ Ḕਵਧਾਈਆਂ! ਵਧਾਈਆਂ!!’ ਵਾਲੇ ਲੇਖ ਦਾ ਸ਼ੁਰੂਆਤੀ ਪੈਰਾ ਜ਼ਰਾ ਵੇਖੋ:
“ਵਧਾਈਆਂ! ਵਧਾਈਆਂ!! ਕਿਉਂਕਿ ਅਕਾਲ ਤਖਤ ‘ਤੇ ਅੰਮ੍ਰਿਤ ਛਕਾਉਣ ਦੀ ਰਸਮ ਨਿਭਾਅ ਰਹੇ ਪੰਜ ਪਿਆਰੇ ਮੁੜ ਸਰਗਰਮ ਹੋ ਗਏ ਹਨ ਅਤੇ ਉਨ੍ਹਾਂ ਨੇ ਮੌਜੂਦਾ ਜੱਥੇਦਾਰਾਂ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ ਉਹ ਪਹਿਲੀ ਜਨਵਰੀ ਤੱਕ ਆਪਣੇ ਅਹੁਦਿਆਂ ਨੂੰ ਨਹੀਂ ਛੱਡਦੇ ਤਾਂ 2 ਜਨਵਰੀ 2016 ਨੂੰ ਉਨ੍ਹਾਂ ਵਿਰੁੱਧ ਕਰਵਾਈ ਕਰਨ ਲਈ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। (ਅਖੇ) ਸੱਚ ਤਾਂ ਇਹ ਹੈ ਕਿ ਇਨ੍ਹਾਂ ਪੰਜ ਪਿਆਰਿਆਂ ਨੇ ਸੰਨ 1699 ਦੀ ਵਿਸਾਖੀ ਵਾਲੇ ਪੰਜ ਪਿਆਰਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਿਨ੍ਹਾਂ ਨੇ ਦਸਮੇਸ਼ ਪਿਤਾ ਦਾ ਹੁਕਮ ਮੰਨਿਆ ਅਤੇ ਉਸ ਦਿਨ ਇਤਿਹਾਸ ਨੇ ਉਹ ਚਮਤਕਾਰ ਵੇਖਿਆ ਜੋ ਸਾਡੇ ਮਨਾਂ ਨੂੰ ਅੱਜ ਤੱਕ ਵੀ ਧੂਹਾਂ ਪਾਈ ਜਾਂਦਾ ਹੈ। ਪੰਜ ਪਿਆਰਿਆਂ ਵੱਲੋਂ ਚੁੱਕੇ ਤਾਜ਼ਾ ਕਦਮ ਨਾਲ ਹੁਣ ਇੰਝ ਮਹਿਸੂਸ ਹੋਇਆ ਹੈ ਜਿਵੇਂ ਦਿਲ ਦੇ ਵਿਹੜੇ ਵਿਚ ਇਲਾਹੀ ਨੂਰ ਦੀ ਕੋਈ ਤਰੋ-ਤਾਜ਼ਾ ਛੱਲ ਆਈ ਹੈ।”
ਸਿੱਖ ਇਤਿਹਾਸ ਦੀ ਪੜ੍ਹਤ ਅਤੇ ਸਮਝ ਦੇ ਪੱਖ ਤੋਂ ਕਰਮਜੀਤ ਸਿੰਘ ਦੀ ਸੁਹਿਰਦਤਾ ਠੀਕ ਹੈ- ਇਹ ਪਤਾ ਹੈ, ਕੋਈ ਕਿੰਤੂ ਨਹੀਂ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜਿਸ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਹੈ। ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਕਬਜ਼ੇ ਵਿਚ ਹੈ ਅਤੇ ਜੱਥੇਦਾਰ ਵੀ ਉਨ੍ਹਾਂ ਦੇ ਹੀ ਨਾਮਜ਼ਦ ਕੀਤੇ ਹੋਏ ਹਨ। ਜ਼ਾਹਿਰ ਹੈ ਕਿ ਰੌਲਾ ਰਾਜਸੀ ਤਾਕਤ ਅਤੇ ਕਬਜ਼ੇ ਦਾ ਹੈ, ਬਾਦਲ ਨੂੰ ਪਾਸੇ ਕਰਨ ਦਾ ਹੈ।
ਇਥੇ ਬਿਹਤਰ ਰਹੇਗਾ ਕਿ ਅਕਾਲੀ ਦਲ ਦੀ Ḕਪਾਵਰ ਪਾਲਿਟਿਕਸ’ ਦੇ ਕੁਝ ਪੁਰਾਣੇ ਅਤੇ ਸਮਕਾਲੀ ਅਧਿਆਏ ਚੇਤੇ ਕੀਤੇ ਜਾਣæææ
ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਫ਼ਤਹਿ ਸਿੰਘ ਨੇ ਚੰਡੀਗੜ੍ਹ ਨੂੰ ਪੰਜਾਬ ਵਿਚ ਸ਼ਾਮਲ ਕਰਵਾਉਣ ਲਈ ਆਪਣਾ ਅੰਤਿਮ ਮਰਨ ਵਰਤ 24 ਜਨਵਰੀ 1970 ਨੂੰ ਰੱਖਿਆ ਸੀ। ਉਨ੍ਹਾਂ ਅਲਟੀਮੇਟਮ ਦਿੱਤਾ ਕਿ ਕੇਂਦਰ ਸਰਕਾਰ ਨੇ 31 ਜਨਵਰੀ ਤੱਕ ਉਨ੍ਹਾਂ ਦੀ ਮੰਗ ਨਾ ਮੰਨੀ, ਤਾਂ ਉਹ ਪਹਿਲੀ ਫ਼ਰਵਰੀ ਨੂੰ ਆਤਮਦਾਹ ਕਰ ਜਾਣਗੇ। ਸਰਕਾਰ ਉਨ੍ਹਾਂ ਦੀ ਆਪਣੀ ਪਾਰਟੀ ਦੀ ਸੀ ਅਤੇ ਜਸਟਿਸ ਗੁਰਨਾਮ ਸਿੰਘ ਉਨ੍ਹਾਂ ਦੇ ਥਾਪੇ ਹੋਏ ਮੁੱਖ ਮੰਤਰੀ ਸਨ ਜਿਨ੍ਹਾਂ ਨੂੰ ਉਨ੍ਹਾਂ ਸ਼ਾਇਦ ਪੂਰੀ ਤਰ੍ਹਾਂ ਵਿਸ਼ਵਾਸ ਵਿਚ ਨਹੀਂ ਸੀ ਲਿਆ। ਅਲਟੀਮੇਟਮ ਕਰ ਕੇ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਨਾਉਣ ਲਈ ਸਿਰ-ਭੇੜ ਆਰੰਭ ਦਿੱਤੇ। ਇੰਦਰਾ ਨੇ ਆਖ ਦਿੱਤਾ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੇ ਹਾਂ, ਪਰ ਹਰਿਆਣਾ ਵਿਚ ਬਰਾਬਰ ਦੀ ਧਿਰ ਹੈ, ਅਬੋਹਰ-ਫ਼ਾਜ਼ਲਿਕਾ ਹਿੰਦੀ ਬੋਲਦੇ ਇਲਾਕੇ ਉਨ੍ਹਾਂ ਨੂੰ ਛੱਡਣੇ ਪੈਣੇ ਹਨ। ਇੰਦਰਾ ਗਾਂਧੀ ਨੇ ਇਹ ਗੱਲ ਸਮਝਾਈ ਅਤੇ ਜਸਟਿਸ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ, ਪਰ ਜਸਟਿਸ ਗੁਰਨਾਮ ਸਿੰਘ ਅਤੇ ਉਸ ਦੇ ਸਹਿਯੋਗੀਆਂ ਨੇ ਸਮਝੌਤੇ ਦਾ ਮਹਿਜ਼ ਅੱਧਾ ਹਿੱਸਾ ਸੰਤ ਨੂੰ ਦਿਖਾ ਕੇ ਉਨ੍ਹਾਂ ਨੂੰ ਜੂਸ ਦਾ ਗਿਲਾਸ ਪਿਆ ਦਿੱਤਾ। ਇਸ ‘ਤੇ ਸਿੱਖ ਸੰਗਤ ਨੇ ਵਿਦਰੋਹ ਕਰ ਦਿੱਤਾ। ਸੰਤਾਂ ਦੀ ਤੋਏ-ਤੋਏ ਸ਼ੁਰੂ ਹੋ ਗਈ, ਤੇ ਇਹੋ ਗੱਲ ਜਸਟਿਸ ਚਾਹੁੰਦਾ ਸੀ। ਅੱਜ ਅੱਧੀ ਸਦੀ ਬਾਅਦ ਵੀ ਜਸਟਿਸ ਦੀ ਚੁਸਤੀ ਨੂੰ ਚਿਤਾਰਦਿਆਂ ਉਸ ਦੀ ਅਨਾੜੀ ਸਿਆਸਤ ‘ਤੇ ਹੈਰਤ ਹੁੰਦੀ ਹੈ!
ਮੁੱਖ ਮੰਤਰੀ ਨੇ ਸੰਤ ਨੂੰ ਸਿਆਸਤ ‘ਚੋਂ ਸਿਫ਼ਰ ਕਰਨ ਦੀ ਜੋ ਕੋਸ਼ਿਸ਼ ਕੀਤੀ ਸੀ, ਉਹ ਸਿਰੇ ਨਾ ਚੜ੍ਹੀ। ਮਹਿਜ਼ ਦੋ-ਤਿੰਨ ਮਹੀਨਿਆਂ ਪਿਛੋਂ, ਮਾਰਚ 1970 ਵਿਚ ਰਾਜ ਸਭਾ ਦੀਆਂ ਤਿੰਨ ਸੀਟਾਂ ਦੀ ਚੋਣ ਆ ਗਈ। ਸੰਤ ਨੇ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜੱਥੇਦਾਰ ਸੰਤੋਖ ਸਿੰਘ ਨੂੰ ਮੈਦਾਨ ਵਿਚ ਉਤਾਰ ਦਿੱਤਾ। ਉਧਰ, ਜਸਟਿਸ ਨੇ ਆਪਣੇ ਪੈਰਾਂ ‘ਤੇ ਕੁਹਾੜਾ ਮਾਰਦਿਆਂ ਅੰਦਰ-ਖਾਤੇ ਸੈਂਟਰਲ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਗਿਆਨੀ ਭੁਪਿੰਦਰ ਸਿੰਘ ਨੂੰ ਥਾਪੜਾ ਦੇ ਦਿੱਤਾ। ਗਿਆਨੀ ਭੁਪਿੰਦਰ ਸਿੰਘ ਚੋਣ ਜਿੱਤ ਗਏ। ਸੰਤ ਜੀ ਸ਼ਾਂਤ ਤਾਂ ਬੜੇ ਸਨ, ਉਨ੍ਹਾਂ ਅੰਦਰ ਸਬਰ ਵੀ ਬਹੁਤ ਸੀ। ਇਨ੍ਹਾਂ ਗੁਣਾਂ ਨਾਲ ਹੀ ਤਾਂ ਕਈ ਵਰ੍ਹੇ ਪਹਿਲਾਂ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਵਰਗੇ ਪੰਥ ਦੇ Ḕਬੇਤਾਜ ਬਾਦਸ਼ਾਹ’ ਨੂੰ ਸਿਫਰ ਕੀਤਾ ਸੀ। ਉਨ੍ਹਾਂ ਕੋਲੋਂ ਜਸਟਿਸ ਦੀ ਸੱਟ ਜਰੀ ਨਾ ਗਈ। ਉਨ੍ਹਾਂ ਜ਼ਖ਼ਮੀ ਸ਼ੇਰ ਵਾਂਗ ਪਲਟਵਾਂ ਵਾਰ ਕੀਤਾ। 25 ਮਾਰਚ 1970 ਦਾ ਦਿਨ ਸੀ। ਦਰਮਿਆਨੇ ਜਿਹੇ ਕੱਦ, ਪਰ ਪੈਰਾਂ ਦਾ ਬੜਾ ਹੀ ਛੋਹਲਾ ਵਿੱਤ ਮੰਤਰੀ ਬਲਵੰਤ ਸਿੰਘ (ਜਿਸ ਦੀ ਜਸਟਿਸ ਗੁਰਨਾਮ ਸਿੰਘ ਨੂੰ Ḕਡੈਡੀ-ਡੈਡੀ’ ਕਹਿੰਦਿਆਂ ਜ਼ੁਬਾਨ ਸੁੱਕਦੀ ਨਹੀਂ ਹੁੰਦੀ ਸੀ) ਨੂੰ ਜਦੋਂ ਮੁੱਖ ਮੰਤਰੀ ਨੇ ਅਸੈਂਬਲੀ ਵਿਚ ਬਜਟ ਪੇਸ਼ ਕਰਨ ਲਈ ਕਿਹਾ, ਉਨ੍ਹਾਂ ਅੱਗਿਉਂ ਹੱਸਣਾ ਸ਼ੁਰੂ ਕਰ ਦਿੱਤਾ। ਜਸਟਿਸ ਨੂੰ ਮਚਲਿਆਂ ਵਾਲੀ ਫੀਲਡ ਦੀ ਰਾਜਨੀਤੀ (ਜਿਸ ਦੇ ਪਿਛੋਂ ਜਾ ਕੇ ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਜੱਥੇਦਾਰ ਟੌਹੜਾ ਗੁਰਜਧਾਰੀ ਚੈਂਪੀਅਨ ਬਣੇ) ਦੀ ਸੋਝੀ ਨਾ ਹੋਣ ਕਾਰਨ ਉਨ੍ਹਾਂ ਫਾਈਲ ਖੁਦ ਚੁੱਕੀ ਅਤੇ ਬਜਟ ਪੇਸ਼ ਕਰ ਦਿੱਤਾ। ਕੁਲ 22 ਵੋਟਾਂ ਮਿਲੀਆਂ; ਪੈਂਤੀ ਅਕਾਲੀ ਅਤੇ ਸੱਤ ਜਨਸੰਘੀ ਬਜਟ ਵਿਰੁੱਧ ਵੋਟਾਂ ਪਾ ਗਏ। ਕਾਂਗਰਸ ਦੇ 28 ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਚਾਰ ਮੈਂਬਰਾਂ ਨੇ ਕਿਸੇ ਪਾਸੇ ਵੀ ਵੋਟ ਨਾ ਪਾਈ।
ਇਹ ਉਹੀ ਦਿਨ ਸੀ ਜਦੋਂ ਜੱਥੇਦਾਰ ਟੌਹੜਾ ਤੇ ਗਿਆਨੀ ਭੁਪਿੰਦਰ ਸਿੰਘ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਰਹੇ ਸਨ ਅਤੇ ਜਸਟਿਸ ਨੂੰ ਠੰਢੀਆਂ ਤਰੇਲੀਆਂ ਆ ਰਹੀਆਂ ਸਨ। ਇਹ ਉਹ ਇਤਿਹਾਸਕ ਦੌਰ ਸੀ ਜਦੋਂ ਅਕਾਲੀ ਸਿਆਸਤ ਵਿਚ ਸ਼ ਪ੍ਰਕਾਸ਼ ਸਿੰਘ ਬਾਦਲ ਦੇ ਪਹਿਲੀ ਵਾਰ ਸਿਤਾਰੇ ਚਮਕੇ। ਸੰਤ ਨੇ ਜਸਟਿਸ ਗੁਰਨਾਮ ਸਿੰਘ ਨੂੰ ਪੜ੍ਹਨੇ ਪਾਉਣ ਲਈ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਦੀ ਤਾਜਪੋਸ਼ੀ ਕਰਵਾਈ।
ਜਸਟਿਸ ਨੂੰ ਧੋਬੀ ਪਟੜਾ ਵੱਜ ਤਾਂ ਗਿਆ, ਪਰ 7-8 ਮਂੈਬਰ ਅਜੇ ਵੀ ਉਸ ਨਾਲ ਚਟਾਨ ਵਾਂਗ ਡਟੇ ਹੋਏ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਨੂੰ ਲੈ ਕੇ ਜਨਸੰਘੀ ਆਪਣੀ ਸਿਆਸਤ ਕਰ ਰਹੇ ਸਨ। ਮਹਿਜ਼ 3-4 ਮਹੀਨਿਆਂ ਪਿਛੋਂ ਹੀ 24 ਜੁਲਾਈ ਨੂੰ ਜਸਟਿਸ ਨੇ ਸੰਤ ਦੇ ਮੁੱਖ ਮੰਤਰੀ ਬਾਦਲ ਨੂੰ ਘੇਰਨ ਲਈ ਸਿਰਤੋੜ ਹੰਭਲਾ ਮਾਰਿਆ। ਬੇਵਿਸ਼ਵਾਸੀ ਦੇ ਮਤੇ ਦੇ ਦਾਖਲੇ ਲਈ 21 ਮੈਂਬਰਾਂ ਦੀ ਲੋੜ ਸੀ। ਜਸਟਿਸ ਦੇ ਦੋ ਬੰਦੇ ਕੋਰਮ ਤੋਂ ਥੁੜ੍ਹ ਗਏ। ਕਾਂਗਰਸ ਦੇ 28 ਮੈਂਬਰ ਪਾਸੇ ਹੋ ਗਏ। ਹੁਣ ਬਾਦਲ ਕੋਲ ਪੰਜਾਬ ਦੀ ਰਾਜਨੀਤੀ ਅੰਦਰ ਤਾਜ਼ਗੀ ਲਿਆਉਣ ਦਾ ਸੁਨਹਿਰੀ ਅਵਸਰ ਸੀ। ਕਹਿੰਦੇ ਹਨ ਕਿ ਇੰਦਰਾ ਗਾਂਧੀ ਅਕਾਲੀਆਂ, ਖਾਸ ਕਰ ਕੇ ਸ਼ ਬਾਦਲ ਨਾਲ ਪੰਜਾਬ ਵਿਚ ਸਾਂਝੀ ਸਿਆਸਤ ਕਰਨ ਲਈ ਤਿਆਰ ਸੀ। ਬਾਦਲ ਸਹਿਜੇ ਹੀ ਉਸ ਨਾਲ ਉਸੇ ਤਰ੍ਹਾਂ ਦੀ ਸਾਂਝ ਪਾ ਸਕਦੇ ਸਨ ਜਿਸ ਕਿਸਮ ਦੀ ਸਾਂਝ ਜਲਦੀ ਹੀ ਤਾਮਿਲਾਂ ਦੇ ਐੱਮæਜੀæ ਰਾਮ ਚੰਦਰਨ ਨੇ ਪਾ ਲਈ ਸੀ, ਪਰ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਇਸ ਸਾਂਝ ਵਿਚਕਾਰ ਆ ਗਏ।
ਫਿਰ ਵੀ ਜਲਦੀ ਬਾਅਦ ਜਨਸੰਘੀਆਂ ਦੇ ਵਿੱਟਰ ਜਾਣ ਪਿੱਛੋਂ ਸਰਕਾਰ ਬਚਾਉਣ ਲਈ ਪ੍ਰਕਾਸ਼ ਸਿੰਘ ਬਾਦਲ ਕੋਲ ਕਾਂਗਰਸ ਦੀ ਮਦਦ ਬਿਨਾਂ ਕੋਈ ਰਾਹ ਨਹੀਂ ਸੀ। ਕਰਮਜੀਤ ਸਿੰਘ, ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਮੱਤਾਂ ਦੇਣ ਲਈ ਪੰਜ ਪਿਆਰਿਆਂ ਤੋਂ ਜਿਸ ਕਿਸਮ ਦੀ ਤਵੱਕੋ ਕਰ ਰਿਹਾ ਹੈ, ਸ਼ਾਇਦ ਉਸੇ ਤਰ੍ਹਾਂ ਦੀ ਤਵੱਕੋ ਜੱਥੇਦਾਰ ਟੌਹੜਾ ਦੇ ਇਸ਼ਾਰੇ ‘ਤੇ ਇਸੇ ਤਰ੍ਹਾਂ ਦੀ ਮਨਸੂਬਾਬੰਦੀ ਤਹਿਤ ਅਕਾਲੀ ਆਗੂ ਸਰਦਾਰ ਬਸੰਤ ਸਿੰਘ ਨੇ ਵੀ ਉਨ੍ਹਾਂ ਭਲੇ ਵਕਤਾਂ ਵਿਚ ਕੀਤੀ। ਉਨ੍ਹਾਂ ਅਕਾਲੀ ਸਰਕਾਰ ਨੂੰ ਕਾਂਗਰਸ ਦੀ ਮਦਦ ਤੋਂ ਬਿਨਾਂ ਅਕਾਲੀ ਏਕੇ ਰਾਹੀਂ ਬਚਾਉਣ ਦੀ Ḕਮੁਹਿੰਮ’ ਤਹਿਤ 16 ਜੁਲਾਈ 1970 ਨੂੰ 72 ਘੰਟੇ ਦਾ ਵਰਤ ਰੱਖਿਆ, ਪਰ ਜਸਟਿਸ ਗੁਰਨਾਮ ਸਿੰਘ ਨੇ ਸਿੱਧਾ ਹੀ ਇਹ ਕਹਿ ਕੇ ਟਕੇ ਵਰਗਾ ਜਵਾਬ ਦੇ ਦਿੱਤਾ ਕਿ ਜੱਥੇਦਾਰ ਤਾਕਤ ‘ਤੇ ਕਾਬਜ਼ ਅਕਾਲੀਆਂ ਦੇ ਤਨਖਾਹਦਾਰ ਮੁਲਾਜ਼ਮ ਹਨ, ਉਹ ਨਿਰਪੱਖ ਨਹੀਂ ਹੋ ਸਕਦੇ।
ਜ਼ਾਹਿਰ ਹੈ ਕਿ ਜੱਥੇਦਾਰਾਂ ਦੇ ਦਖਲ ਦੀ ਗੱਲ ਤਾਂ ਜਸਟਿਸ ਨੇ ਮੰਨੀ ਨਾ, ਪਰ ਇਹ ਸੋਚ ਕੇ ਕਿ ਜੇ ਬਾਦਲ ਨੇ ਕਾਂਗਰਸ ਦੀ ਮਦਦ ਲੈ ਲਈ, ਉਹ ਕਿਧਰੇ ਸਿਫ਼ਰ ਨਾ ਹੋ ਜਾਣ, ਉਨ੍ਹਾਂ ਬਾਦਲ ਨੂੰ ਡੱਕਣ ਲਈ ਆਪ ਹੀ ਸਰਕਾਰ ਨੂੰ ਹਮਾਇਤ ਦੇ ਦਿੱਤੀ। ਹਾਂ, ਇੱਥੇ ਇੱਕ ਗੱਲ ਰਹਿ ਗਈ, ਉਹ ਇਹ ਕਿ ਸੰਤ ਫ਼ਤਹਿ ਸਿੰਘ ਨੇ ਬਾਦਲ ਦੀ ਮੁੱਖ ਮੰਤਰੀ ਵਜੋਂ ਤਾਜਪੋਸ਼ੀ ਜਦੋਂ ਕਰਵਾਈ ਸੀ, ਜੱਥੇਦਾਰ ਟੌਹੜਾ ਵਾਹਦ ਸ਼ਖ਼ਸ ਸਨ ਜਿਨ੍ਹਾਂ ਨੇ ਉਸ ਦਾ ਉਦੋਂ ਪਹਿਲੀ ਵਾਰ ਵਿਰੋਧ ਕੀਤਾ ਸੀ। ਉਸ ਦਿਨ ਤੋਂ ਸ਼ੁਰੂ ਹੋਈ ਦੋਵਾਂ ਮਹਾਂਬਲੀਆਂ ਦੀ ਉਹੋ ਕਸ਼ਮਕਸ਼ ਜੱਥੇਦਾਰ ਦੇ ਅੰਤਿਮ ਸੁਆਸਾਂ ਤੱਕ ਚੱਲੀ। ਇਸ ਕਸ਼ਮਕਸ਼ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਦੇ ਬਾਅਦ ਦੇ ਸਮਿਆਂ ਦੇ ਦੁਖਾਂਤ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ, ਸਚਾਈ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ। ਨਿਰਸੰਦੇਹ, ਦਿੱਲੀ ਦਰਬਾਰ ਦੀ ਸਿਆਸਤ ਖਰੀ ਨਹੀਂ ਸੀ, ਪਰ ਅਫ਼ਸੋਸ, ਕਿ ਅਕਾਲੀ Ḕਪਾਵਰ ਪਾਲਿਟਿਕਸ’ ਉਨ੍ਹਾਂ ਤੋਂ ਵੀ ਮਾੜੀ ਸੀ।
ਉਦੋਂ ਕਾਫ਼ੀ ਸਮੇਂ ਤੱਕ ਕਾਂਗਰਸ ਨੇ ਬਾਦਲ ਪ੍ਰਤੀ ਆਪਣਾ ਰਵੱਈਆ ਨਰਮ ਹੀ ਰੱਖਿਆ। ਉਨ੍ਹੀਂ ਕੁ ਦਿਨੀਂ ਹੀ ਗੁਰਦਾਸਪੁਰ ਪਾਰਲੀਮਾਨੀ ਸੀਟ ਅਤੇ ਨਾਲ ਹੀ ਅਨੰਦਪੁਰ ਤੇ ਡਕਾਲਾ ਅਸੈਂਬਲੀ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਆ ਗਈਆਂ। ਸ਼ ਬਾਦਲ ਜਾਂ ਸੰਤਾਂ ਕੋਲੋਂ ਰਾਜਨੀਤੀ ਦੇ ਸਹੀ ਪੱਤੇ ਖੇਡੇ ਨਾ ਜਾ ਸਕੇæææ ਤੇ ਫਿਰ ਮਾਰਚ 1971 ਨੂੰ ਲੋਕ ਸਭਾਈ ਚੋਣਾਂ ਆ ਗਈਆਂ। ਇਕ ਜਾਣਕਾਰੀ ਮੁਤਾਬਕ ਇੰਦਰਾ ਗਾਂਧੀ 4 ਸੀਟਾਂ ਅਕਾਲੀਆਂ ਨੂੰ ਛੱਡ ਰਹੀ ਸੀ, ਪੰਜਾਬੀ ਸਪੀਕਰ ਦੀ ਜਾਂ ਇੱਕ-ਅੱਧ ਹੋਰ ਸੀਟ ਵੀ ਉਹ ਛੱਡ ਸਕਦੀ ਸੀ। ਅਕਾਲੀਆਂ ਨੂੰ ਮੁੱਖ ਧਿਰ ਮੰਨ ਕੇ ਉਨ੍ਹਾਂ ਨਾਲ ਅੱਗਿਉਂ ਸਾਂਝੀ ਸਰਕਾਰ ਬਣਾਉਣ ਲਈ ਵੀ ਉਹ ਰਾਜ਼ੀ ਸੀ, ਪਰ ਅਜਿਹਾ ਹੋ ਨਾ ਸਕਿਆ। ਹੋਇਆ ਇਹ ਕਿ ਚੋਣਾਂ ਵਿਚ ਕਾਂਗਰਸ (ਇੰਦਰਾ) ਨੂੰ ਹੂੰਝਾ-ਫੇਰ ਜਿੱਤ ਮਿਲ ਗਈ।
ਉਨ੍ਹੀਂ ਦਿਨੀਂ ਤਰਲੋਚਨ ਸਿੰਘ ਰਿਆਸਤੀ ਨਾਂ ਦਾ ਬੜਾ ਹੀ ਸੋਝੀ ਵਾਲਾ ਅਕਾਲੀ ਮਨਿਸਟਰ ਆਫ਼ ਸਟੇਟ ਹੁੰਦਾ ਸੀ। ਉਸ ਨੇ ਹਾਰ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਦਿਆਂ ਕਿਤਾਬਚਾ ਕੱਢ ਦਿੱਤਾ। ਸ਼ ਬਾਦਲ ਨੇ ਜ਼ਾਬਤੇ ਦੀ ਕਰਵਾਈ ਸ਼ੁਰੂ ਕੀਤੀ ਤਾਂ ਮੈਂਬਰ ਉਹਦੇ ਸਿਰ ਹੋ ਗਏ। ਲੋਕ ਸਭਾਈ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਖਾਣ ਕਾਰਨ ਸ਼ ਬਾਦਲ ਜਾਂ ਸੰਤਾਂ ਦਾ ਵੀ ਇਖ਼ਲਾਕੀ ਦਾਅਵਾ ਕੋਈ ਰਹਿ ਨਹੀਂ ਗਿਆ ਸੀ। ਜਸਟਿਸ ਗੁਰਨਾਮ ਸਿੰਘ ਨੇ ਵੀ ਆਪਣਾ ਦਾਅਵਾ ਅਜੇ ਛੱਡਿਆ ਨਹੀਂ ਸੀ। ਉਹ ਕਾਂਗਰਸ ਦੀ ਮਦਦ ਨਾਲ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ।
ਇਹ ਸੀ ਉਹ ਪ੍ਰਸੰਗ ਜਿਸ ਵਿਚ 12 ਜੂਨ 1971 ਦੀ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਗਵਰਨਰ ਡੀæਸੀæ ਪਾਵਟੇ ਨੂੰ ਜਾ ਮਿਲਿਆ ਅਤੇ ਉਨ੍ਹਾਂ ਨਾਲ ਗੱਲ ਕਰ ਕੇ ਅਗਲੇ ਦਿਨ ਸਵੇਰੇ ਹੀ ਅਸੈਂਬਲੀ ਭੰਗ ਕਰਨ ਦੀ ਸਿਫਾਰਸ਼ ਜਾ ਕੀਤੀ। ਇਉਂ ਅਕਾਲੀਆਂ ਦੀ ਸਰਕਾਰ ਇੱਕ ਵਾਰ ਮੁੜ ਕਿਸੇ ਕੇਂਦਰ ਨੇ ਨਹੀਂ, ਅਕਾਲੀਆਂ ਨੇ ਖੁਦ ਤੋੜੀ। 12 ਜੂਨ 1971 ਦੇ ਦਿਨ ਜਦੋਂ ਵੋਟਾਂ ਪਈਆਂ ਤਾਂ ਗਿਆਨੀ ਜ਼ੈਲ ਸਿੰਘ ਦੀ ਕਿਸਮਤ ਖੁੱਲ੍ਹ ਗਈ।
ਹੁਣ ਤਾਕਤ ਤੋਂ ਬਾਹਰ, ਵਿਹਲੇ ਹੋ ਕੇ ਅਕਾਲੀਆਂ ਨੇ ਅਨੰਦਪੁਰ ਸਾਹਿਬ ਦਾ ਮਤਾ ਕਿੰਝ ਬਣਾਇਆ, ਉਸ ਦੀ ਅੰਦਰੂਨੀ ਕਥਾ ਕੋਈ ਮੰਨੇ ਜਾਂ ਨਾ ਮੰਨੇ, ਡਾæ ਜਸਬੀਰ ਸਿੰਘ ਆਹਲੂਵਾਲੀਆ ਨੇ Ḕਅਕਾਲ ਤਖਤ’ ਨਾਂ ਦੀ ਆਪਣੀ ਪੁਸਤਕ ਅੰਦਰ ਬਾਖੂਬੀ ਵਿਸਥਾਰ ਰੂਪ ਵਿਚ ਸੁਣਾਈ ਹੋਈ ਹੈ। ਰਹੀ ਗੱਲ ਜੈ ਪ੍ਰਕਾਸ਼ ਨਰਾਇਣ ਅਤੇ ਐਮਰਜੈਂਸੀ ਦੇ ਅੰਦੋਲਨ ਦੀ, ਉਹ ਬਹੁਤ ਗ਼ਲਤ ਕਾਰੋਬਾਰ ਸੀ। ਜੈ ਪ੍ਰਕਾਸ਼ ਕਲਾਸਿਕ ਕਿਸਮ ਦਾ ਜਮਾਂਦਰੂ ਸੁਪਨੇਸਾਜ਼ ਸੀ, ਹਕੀਕਤ ਦੀ ਦੁਨੀਆਂ ਨਾਲ ਉਸ ਦਾ ਕੋਈ ਵਾਹ ਨਹੀਂ ਸੀ। ਨਵ-ਨਿਰਮਾਣ ਸੰਮਤੀ ਵਾਲੇ ਸੰਘੀਆਂ ਨੇ ਕਥਿਤ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਪਹਿਲਾਂ 1973 ਵਿਚ ਗੁਜਰਾਤ ਦੀ ਸਰਾਕਾਰ ਵਿਰੁੱਧ ਸ਼ੁਰੂ ਕੀਤੀ ਸੀ। ਇੰਦਰਾ ਨੇ ਉਨ੍ਹਾਂ ਦੀ ਮੰਗ ਮੰਨ ਕੇ ਗ਼ਲਤੀ ਕੀਤੀ। ਉਨ੍ਹਾਂ ਦੀ ਦੇਖਾ-ਦੇਖੀ ਸਿਰੇ ਦੇ ਅਰਾਜਕ ਅਤੇ ਵਿਰੋਧੀ ਤੱਤਾਂ ਨੇ ਜੈ ਪ੍ਰਕਾਸ਼ ਨਰਾਇਣ ਨੂੰ ਅੱਗੇ ਲਾ ਕੇ ਬਿਹਾਰ ਦੀ ਗਫ਼ੂਰ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਵੀ ਜਹਾਦ ਆਰੰਭ ਦਿੱਤਾ। ਫੌਜਾਂ ਨੂੰ ਸਰਕਾਰ ਦੇ ਹੁਕਮ ਨਾ ਮੰਨਣ ਲਈ ਸ਼ਿਸ਼ਕੇਰਨਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾ ਦਿੱਤੀ। ਜੇਲ੍ਹਾਂ ਅੰਦਰ ਫਿਰ ਦਾਲਾਂ ਨੂੰ ਤੜਕੇ ਕਿੰਝ ਲੱਗੇ ਅਤੇ ਬਾਹਰ ਆ ਕੇ ਕਿਸ ਤਰ੍ਹਾਂ ਦੇ ਲੋਕਾਂ ਨੇ ਕਿਸ ਤਰ੍ਹਾਂ ਦੀਆਂ ਸਰਕਾਰਾਂ ਬਣਾਈਆਂ, ਸਭ ਨੂੰ ਪਤਾ ਹੈ।æææ ਇਹ ਵੀ ਕਿ ਲੋਕ ਨਾਇਕ ਦੇ Ḕਧਰਮ ਪੁੱਤਰ’ ਲਾਲੂ ਪ੍ਰਸਾਦ ਦੇ ਰੂਪ ਵਿਚ ਭ੍ਰਿਸ਼ਟਾਚਾਰ ਦੇ Ḕਗੁਰਜਧਾਰੀ ਰੁਸਤਮ’ ਤਾਂ ਅਜੇ ਐਮਰਜੈਂਸੀ ਤੋਂ ਬਾਅਦ ਆਉਣੇ ਸਨ!
ਇਸ ਵਿਸਥਾਰ ਨਾਲ ਸਾਡੇ ਬਿਰਤਾਂਤ ਦਾ ਇੰਨਾ ਕੁ ਸਬੰਧ ਹੈ ਕਿ ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਕਾਲੀਆਂ ਨਾਲ ਨੇੜਤਾ ਦੀ ਇੱਕ ਵਾਰ ਮੁੜ ਪੇਸ਼ਕਸ਼ ਕੀਤੀ। ਇਸ ਵਾਰ ਜੱਥੇਦਾਰ ਟੌਹੜਾ ਤਾਂ ਇਹ ਗੱਲ ਚਾਹੁੰਦਾ ਸੀ, ਪਰ ਐਤਕੀਂ ਸ਼ ਬਾਦਲ ਬਿਨਾਂ ਲੰਮੀ ਸੋਚਿਆਂ ਲੋਕ ਨਾਇਕ ਦੇ Ḕਛਕੜੇ’ ਵਿਚ ਛਲਾਂਗ ਮਾਰ ਗਏ। ਇਹ ਚਾਲ ਸਿੱਧੀ ਪੈ ਗਈ ਅਤੇ ਉਨ੍ਹਾਂ ਦੀਆਂ ਪੌਂ ਬਾਰਾਂ ਹੋ ਗਈਆਂ।
(ਚਲਦਾ)