ਹਾਇ ਜੇ ਤੂੰ ਰਤਾ ਵੱਡਾ ਹੁੰਦਾ

ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ ਲਿਖਿਆ ਹੈ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ, ਤੇ ਨਾਲ ਹੀ ਨੱਚ-ਨੱਚ ਫਾਵੀਂ ਹੁੰਦੀ ਹੋਈ। ਰਚਨਾ ਵਿਚ ਲੋਹੜੇ ਦੀ ਰਵਾਨੀæææ।

ਕਰਤਾਰ ਸਿੰਘ ਦੁੱਗਲ ਅਤੇ ਪ੍ਰੋæ ਮੋਹਨ ਸਿੰਘ ਤੋਂ ਬਾਅਦ ਉਹਦੀਆਂ ਰਚਨਾਵਾਂ ਵਿਚ ਪੋਠੋਹਾਰ ਭਰਵੇਂ ਰੂਪ ਵਿਚ ਪੇਸ਼ ਪੇਸ਼ ਹੈ। ਐਤਕੀਂ ‘ਹਾਇ ਜੇ ਤੂੰ ਰਤਾ ਵੱਡਾ ਹੁੰਦਾ’ ਲੇਖ ਵਿਚ ਉਹਨੇ ਆਪਣੇ ਪਰਿਵਾਰਕ ਪਿਛੋਕੜ ਉਤੇ ਉਡਦੀ ਜਿਹੀ ਝਾਤੀ ਮਾਰੀ ਹੈ। ਕਾਨਾ ਸਿੰਘ ਦੀਆਂ ਲਿਖਤਾਂ ਦੀ ਖਾਸੀਅਤ ਇਹੀ ਹੈ ਕਿ ਇਹ ਬਹੁਤ ਸਹਿਜ ਅਤੇ ਸਲੀਕੇ ਵਾਲੀਆਂ ਹੁੰਦੀਆਂ ਹਨ, ਇਸੇ ਕਰ ਕੇ ਪਾਠਕ ਸੁੱਤੇ-ਸਿੱਧ ਹੀ ਇਨ੍ਹਾਂ ਰਚਨਾਵਾਂ ਦੀ ਉਂਗਲ ਫੜ ਕੇ ਨਾਲ-ਨਾਲ ਤੁਰਨ ਲਗਦਾ ਹੈ। -ਸੰਪਾਦਕ
ਕਾਨਾ ਸਿੰਘ
ਫੋਨ:+91-95019-44944
‘ਇਕ ਗੱਲ ਪੁੱਛਾਂ?’
‘ਪੁੱਛੋ।’
‘ਸੱਚ ਸੱਚ ਦੱਸੋਗੇ?’
‘ਪੁੱਛ ਤਾਂ ਵੇਖੋ।’
‘ਤੁਸਾਂ ਦੱਸਣਾ ਨਹੀਂ। ਚਲੋ ਪਹਿਲਾਂ ਮੈਂ ਹੀ ਦੱਸਦਾ ਹਾਂ, ਆਪਣੇ ਬਾਰੇ। ਤੇ ਮੈਨੂੰ ਯਕੀਨ ਹੈ ਕਿ ਫਿਰ ਤੁਸੀਂ ਵੀ ਨਹੀਂ ਝਿਜਕੋਗੇ।’
ਮੰਗਣੀ ਤੋਂ ਕੁਝ ਦਿਨ ਪਿਛੋਂ ਬੈਠੇ ਹੋਏ ਸਾਂ, ਇਕ ਸ਼ਾਮ। ਸਾਗਰ ਕੰਢੇ, ਜੁਹੂ ਦੇ ਤੱਟ ਉਤੇ। ਪੈਰਾਂ ਨਾਲ ਪਾਣੀ ਉਛਾਲਦੇ, ਡੁੱਬਦੇ ਸੂਰਜ ਦੀ ਡਲ੍ਹਕਦੀ ਲਾਲੀ ਨੂੰ ਇਕ ਟੱਕ ਨਿਹਾਰਦੇ, ਰੇਤ ਵਿਚ ਉਂਗਲਾਂ ਫੇਰਦੇ, ਹੱਥਾਂ ਦੀਆਂ ਲਕੀਰਾਂ ਨਾਲ ਤਕਦੀਰਾਂ ਮੇਚਦੇ ਤੇ ਭਵਿੱਖ ਦੇ ਸੁਪਨੇ ਬੁਣਦੇ, ਜੀਤ ਤੇ ਮੈਂ। ਮੈਂ ਤੇ ਜੀਤ! ਅਚਾਨਕ ਉਸ ਪੁੱਛਿਆ ਤੇ ਫਿਰ ਆਪੇ ਹੀ ਦੱਸਣ ਲੱਗਾ, ਆਪਣੇ ਬਾਰੇ।
‘ਤਰੱਕੀ ਤੋਂ ਬਾਅਦ ਭਾਪਾ ਜੀ ਦੀ ਬਦਲੀ ਸਤਵਾਰੀ ਹੋ ਗਈ ਸੀ, ਸ਼ਿਮਲੇ ਕੋਲ। ਗਰਮੀ ਦੀਆਂ ਛੁੱਟੀਆਂ ਸਨ। ਭਾਪਾ ਜੀ ਨੇ ਪਰਿਵਾਰ ਨੂੰ ਵੀ ਉਥੇ ਬੁਲਾ ਲਿਆ, ਜੰਮੂ ਤੋਂ। ਮੈਂ ਸ਼ਾਇਦ ਨੌ-ਦਸ ਵਰ੍ਹਿਆਂ ਦਾ ਸਾਂ, ਪਰ ਭਰਿਆ ਭਰਿਆ ਤੇ ਕੱਦਾਵਰ ਹੋਣ ਕਰ ਕੇ ਆਪਣੀ ਉਮਰ ਤੋਂ ਵਡੇਰਾ ਜਾਪਦਾ ਸਾਂ। ਬਲਬੀਰ ਮੈਥੋਂ ਚਾਰ ਸਾਲ ਵੱਡਾ ਸੀ ਪਰ ਵੇਖਣ ਨੂੰ ਛੋਟਾ ਲਗਦਾ ਸੀ। ਅੰਮ੍ਰਿਤ ਤੇ ਦੀਪ ਭੈਣਾਂ ਬਲਬੀਰ ਤੋਂ ਵੀ ਵੱਡੀਆਂ ਸਨ, ਦੋ ਦੋ ਸਾਲ ਦੀ ਵਿੱਥ ਉਤੇ। ਉਨ੍ਹਾਂ ਦੀ ਹੀ ਸਹੇਲੀ ਸੀ ਚੰਦਨ। ਬੜੀ ਸੁਹਣੀ। ਤੁਹਾਡੇ ਵਾਂਗ ਹੀ ਗੋਰੀ ਨਿਛੋਹ। ਉਹਦੇ ਮਾਪੇ ਕਿੱਥੇ ਰਹਿੰਦੇ ਸਨ, ਯਾਦ ਨਹੀਂ। ਉਹ ਨਾਨਕੇ ਆਈ ਹੋਈ ਸੀ, ਜੰਮੂ। ਉਹਦੇ ਨਾਨਾ ਜੀ ਸਾਡੇ ਭਾਪਾ ਜੀ ਦੇ ਗੂੜ੍ਹੇ ਮਿੱਤਰ ਸਨ। ਨਾਲ ਨਾਲ ਹੀ ਸਨ ਸਾਡੇ ਘਰ। ਚੰਦਨ ਵੀ ਸਾਡੇ ਨਾਲ ਹੀ ਸਤਵਾਰੀ ਗਈ। ਅੱਠ ਅਸੀਂ ਭੈਣ ਭਰਾ ਤੇ ਨੌਵੀਂ ਚੰਦਨ, ਇਕੱਠੇ ਹੀ ਵਿਚਰਦੇ ਬਾਗਾਂ ਵਿਚ ਨਿੱਕੇ-ਵੱਡੇ। ਟਾਹਣੀਆਂ ਨਾਲ ਪਲੰਮਦੇ, ਖੱਟੇ ਮਿੱਠੇ ਸੇਬ ਕੁਤਰਦੇ, ਰਲ ਕੇ ਗੀਤ ਗਾਂਦੇ, ਟੱਪਿਆਂ ਦੀਆਂ ਵਾਰੀਆਂ ਦੇਂਦੇ-ਲੈਂਦੇ, ਖਿੱਦੋ-ਪਿੱਠੂ, ਟਾਹਲ ਪਲਾਂਘਾ ਤੇ ਬੈਡਮਿੰਟਨ ਖੇਡਦੇ ਨਾ ਰੱਜਦੇ। ਚੰਦਨ ਅੰਮ੍ਰਿਤ ਤੇ ਦੀਪ ਦਾ ਵਸਾਹ ਨਾ ਖਾਂਦੀ। ਉਨ੍ਹਾਂ ਨਾਲ ਹੀ ਰਹਿੰਦੀ। ਉਹ ਉਨ੍ਹਾਂ ਦੇ ਹਾਣ ਦੀ ਹੀ ਸੀ ਲਗਭਗ। ਸ਼ਾਇਦ ਇਕ-ਅੱਧ ਸਾਲ ਨਿੱਕੀ ਹੀ ਹੋਵੇ, ਕਿਉਂਕਿ ਉਹ ਉਨ੍ਹਾਂ ਦੋਹਾਂ ਨੂੰ ਭੈਣ ਜੀ ਕਰ ਕੇ ਹੀ ਬੁਲਾਂਦੀ ਸੀ। ਲੱਗਦੀਆਂ ਵੀ ਤਿੰਨੋਂ ਇਕੋ ਜਿਹੀਆਂ ਸਨ ਤੇ ਰਹਿੰਦੀਆਂ ਵੀ ਸਦਾ ‘ਕੱਠੀਆਂ।
‘ਆ ਗਿਐ ਮੇਰਾ ਤ੍ਰੈਲੜਾ ਬੋਦਾ।’ ਭਾਪਾ ਜੀ ਅਕਸਰ ਛੇੜਦੇ।
ਜਲਦੀ ਹੀ ਚੰਦਨ ਮੇਰੇ ਵਿਚ ਸਭ ਤੋਂ ਵੱਧ ਰੁਚੀ ਲੈਣ ਲੱਗ ਪਈ। ਜਿਵੇਂ ਸਭ ਤੋਂ ਵੱਧ ਉਸ ਨੂੰ ਮੈਂ ਹੀ ਚੰਗਾ ਲੱਗਦਾ ਹੋਵਾਂ। ਬਲਬੀਰ ਉਸ ਦੇ ਹਾਣ ਦਾ ਸੀ, ਪਰ ਚੰਦਨ ਦੀ ਉਸ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਸੀ। ਉਹ ਮੈਨੂੰ ਚੰਦਨ ਦੇ ਨਾਂ ਨਾਲ ਜੋੜ ਕੇ ਬੜਾ ਛੇੜਦਾ।
ਮੈਂ ਪੜ੍ਹਾਈ ਵਿਚ ਬੜਾ ਕਮਜ਼ੋਰ ਸਾਂ। ਭਾਪਾ ਜੀ ਨੇ ਭਾਵੇਂ ਮੇਰੇ ਲਈ ਟਿਊਸ਼ਨ ਵੀ ਲਗਾਈ ਹੋਈ ਸੀ, ਪਰ ਉਹ ਮਾਸਟਰ ਬੜਾ ਜ਼ਾਲਮ ਸੀ। ਫੁੱਟੇ ਮਾਰ ਮਾਰ ਕੇ ਮੇਰੇ ਹੱਥਾਂ ਉਪਰ ਛਾਲੇ ਪਾ ਦੇਂਦਾ। ਮੈਂ ਉਸ ਨੂੰ ਨਫ਼ਰਤ ਕਰਦਾ ਸਾਂ। ਉਪਰੋਂ ਸਾਡੇ ਅਨਪੜ੍ਹ ਭਾਬੀ ਜੀ ਵਲੋਂ ਵੀ ਉਸ ਨੂੰ ਖੁੱਲ੍ਹੀ ਛੁੱਟੀ ਸੀ ਮਾਰਨ ਦੀ। ਜੇ ਸਬਕ ਯਾਦ ਨਾ ਹੋਵੇ ਤਾਂ।
ਇਕ ਦਿਨ ਮੇਰੇ ਚਿਹਰੇ ਉਪਰ ਮਾਸਟਰ ਦੀ ਚੁਪੇੜ ਦੀ ਲਾਸ ਵੇਖ ਕੇ ਚੰਦਨ ਤੜਫ਼ ਉਠੀ। ਮੈਂ ਰੋ ਪਿਆ। ਚੰਦਨ ਨੇ ਮੈਨੂੰ ਪੁਚਕਾਰਿਆ ਅਤੇ ਭਾਬੀ ਜੀ ਭਾਪਾ ਜੀ ਨੂੰ ਆਖ ਕੇ ਮੇਰੀ ਪੜ੍ਹਾਈ ਦਾ ਜ਼ਿੰਮਾ ਆਪਣੇ ਉਪਰ ਲੈ ਲਿਆ। ਉਹ ਬੜੇ ਪਿਆਰ ਤੇ ਧੀਰਜ ਨਾਲ ਮੈਨੂੰ ਪੜ੍ਹਾਂਦੀ ਤੇ ਮੇਰੇ ਲਈ ਖਾਣ ਲਈ ਵੀ ਕੁਝ ਨਾ ਕੁਝ ਜ਼ਰੂਰ ਰੱਖਦੀ। ਕਈ ਵੇਰਾਂ ਹੋਰਨਾਂ ਤੋਂ ਛੁਪਾ ਕੇ ਆਪਣਾ ਹਿੱਸਾ ਵੀ ਮੈਨੂੰ ਖੁਆ ਦੇਂਦੀ। ਮੈਂ ਮਿੱਠੇ ਦਾ ਮਾਰੂ ਸਾਂ ਤੇ ਹਾਂ ਵੀ। ਚੰਦਨ ਮੇਰੇ ਠੀਕ ਸੁਆਲ ਕੱਢਣ ‘ਤੇ ਇਨਾਮ ਵਜੋਂ ਮੈਨੂੰ ਕਿਸ਼ਮਿਸ਼, ਸ਼ਕਰਪਾਰੇ, ਫਲ ਜਾਂ ਮਿਠਾਈ ਦੇਂਦੀ ਤੇ ਮੈਨੂੰ ਖਾਂਦੇ ਖਾਂਦੇ ਨੂੰ ਤੱਕ ਕੇ ਖੁਸ਼ ਹੁੰਦੀ, ਖੀਵੀ ਖੀਵੀ। ਕਈ ਵੇਰਾਂ ਮੈਨੂੰ ਚੂਰੀ ਖੁਆਉਂਦੀ ਹੋਈ ਅਚਾਨਕ ਮੇਰਾ ਮੱਥਾ ਚੁੰਮ ਕੇ ਲੰਮਾ ਹੌਕਾ ਭਰਦੀ: ‘ਹਾਇ ਜੇ ਤੂੰ ਰਤਾ ਵੱਡਾ ਹੁੰਦਾ’।
ਮੈਂ ਵੀ ਡਾਢਾ ਲੋਚਦਾ ਕਿ ਹਾਇ! ਜੇ ਮੈਂ ਵੱਡਾ ਹੁੰਦਾ, ਉਸ ਦੇ ਹਾਣ ਦਾ। ਤੇ ਫੇਰ ਮੈਂ ਛੇਤੀ ਛੇਤੀ ਵੱਡੇ ਹੋਣ ਦੇ ਯਤਨ ਵਿਚ ਦੱਬ ਕੇ ਖਾਂਦਾ, ਗਲਾਸਾਂ ਦੇ ਗਲਾਸ ਦੁੱਧ ਡੀਕਦਾ, ਛਲਾਂਗਾਂ ਮਾਰਦਾ, ਵਰਜਿਸ਼ਾਂ ਕਰਦਾ ਤੇ ਦਰਖ਼ਤਾਂ ਨਾਲ ਲਟਕ ਲਟਕ ਕੇ ਲੰਮਾ ਹੋਣ ਦੀ ਕੋਸ਼ਿਸ਼ ਕਰਦਾ।
æææ ਚੰਦਨ ਮੇਰਾ ਪਹਿਲਾ ਪਿਆਰ ਸੀ ਜਾਂ ਨਹੀਂ, ਇਹ ਤਾਂ ਨਹੀਂ ਕਹਿ ਸਕਦਾ ਪਰ ਅੱਲੜ੍ਹ ਉਮਰ ਵਿਚ ਵਿਰੋਧੀ ਲਿੰਗ ਲਈ ਖਿੱਚ ਜਾਂ ਮੋਹ ਵਰਗਾ ਮੇਰਾ ਪਹਿਲਾ ਅਹਿਸਾਸ ਉਸੇ ਲਈ ਹੀ ਸੀ, ਮੇਰੀ ਯਾਦ ਦਾ ਸਭ ਤੋਂ ਪਿਆਰਾ ਜ਼ਖੀਰਾ, ਮੇਰਾ ਕਾਫ਼ ਲਵæææ।
‘ਕੱਚੀ ਉਮਰ ਦਾ ਲਗਾਓ ਬਚਗਾਨਾ ਹੀ ਹੁੰਦਾ ਹੈ, ਬਸ ਇਕ ਮਿੱਠੀ ਜਿਹੀ ਅਭੁੱਲ ਯਾਦ। ਜੀਵਨ ਸਾਥ ਦੇ ਫੈਸਲੇ ਤਾਂ ਸਭ ਪਾਸਿਓਂ ਸੋਚ ਵਿਚਾਰ ਕੇ ਪੂਰੇ ਤਵਾਜ਼ਨ ਦੇ ਆਧਾਰ ਉਤੇ ਹੀ ਲਏ ਹੋਏ ਸਹੀ ਰਹਿੰਦੇ ਹਨ। ਜੇ ਪੁੱਗ ਗਏ ਤਾਂ ਪਿਆਰ ਨਹੀਂ ਤਾਂ ਉਹ ਵੀ ਨਹੀਂ।’ ਮੈਂ ਸੋਚ ਰਹੀ ਸਾਂ।
ਜੇ ਪਿਆਰ ਹੋ ਜਾਵੇ ਤਾਂ ਤਵਾਜ਼ਨ ਦਾ ਭੁਲੇਖਾ ਵੀ ਆਪੇ ਹੀ ਸਿਰਜ ਲਈਦਾ ਹੈ। ਇਹ ਉਦੋਂ ਨਹੀਂ ਸੀ ਪਤਾ।
ਉਸ ਦਿਨ ਤੋਂ ਬਾਅਦ ਅਕਸਰ ਹੀ ਚੰਦਨ ਦਾ ਜ਼ਿਕਰ ਛਿੜ ਪੈਂਦਾ।
ਸਾਡੇ ਵਿਆਹ ਨੂੰ ਮਸਾਂ ਸਾਲ ਹੀ ਹੋਇਆ ਸੀ ਕਿ ਸਾਡੇ ਕੋਲ ਦੀਪ ਭੈਣ ਬੱਚਿਆਂ ਸਮੇਤ ਬੰਗਲੌਰੋਂ ਆ ਗਈ ਤੇ ਅੰਮ੍ਰਿਤ ਅਲੀਗੜ੍ਹ ਤੋਂ।
ਰਲ ਕੇ ਬੈਠੇ ਭੈਣ ਭਰਾ ਜਦੋਂ ਬਚਪਨ ਤੋਂ ਵਿਆਹਾਂ ਤੱਕ ਦੀਆਂ ਆਪਣੀਆਂ ਯਾਦਾਂ ਦੇ ਕਿੱਸੇ ਉਧੇੜਨ ਲੱਗਦੇ ਤਾਂ ਕਈ ਨਾਵਾਂ ਦਾ ਜ਼ਿਕਰ ਆਉਂਦਾ। ਲਲਿਤਾ ਜੋ ਜੀਤ ਨੂੰ ਨਾਲ ਵਾਲੇ ਕੋਠੇ ਤੋਂ ਰੁੱਕੇ ਸੁੱਟਦੀ ਸੀ। ਲਜਿਆ ਜੋ ਬਾਲ ਵਿਧਵਾ ਸੀ ਤੇ ਬੀæਐਸਸੀæ ਕਰਦਾ ਜੀਤ ਉਸ ਦੀ ਦਸਵੀਂ ਦੀ ਪੜ੍ਹਾਈ ਵਿਚ ਉਸ ਨੂੰ ਉਸੇ ਤਰ੍ਹਾਂ ਧੀਰਜ ਨਾਲ ਪੜ੍ਹਾਂਦਾ ਸੀ ਜਿਸ ਤਰ੍ਹਾਂ ਚੰਦਨ, ਜੀਤ ਨੂੰ। ਰਾਇ ਬਹਾਦਰ ਦੀ ਇਕਲੌਤੀ ਪੋਤੀ ਕਾਂਤਾ ਜੋ ਜੀਤ ਨੂੰ ਛਿਪ ਛਿਪ ਕੇ ਮਿਲਦੀ ਸੀ, ਦੋਹਾਂ ਵਿਚ ਕੌਲ ਕਰਾਰ ਵੀ ਹੋ ਗਏ ਪਰ ਜਦੋਂ ਇਕ ਮਿਲਣੀ ਦੌਰਾਨ ਕਾਂਤਾ ਨੇ ਜੀਤ ਨੂੰ ਕੇਸ ਕਟਾਉਣ ਲਈ ਕਿਹਾ ਤਾਂ ਅੱਗ ਬਗੂਲਾ ਹੋਏ ਜੀਤ ਨੇ ਉਸ ਦੀ ਬਾਂਹ ਮਰੋੜ ਦਿੱਤੀ, ਅਰ ਆਪਣੀ ਲਵੀ ਲਵੀ ਦਾਹੜੀ ਨੂੰ ਚੁੰਮਦਾ ਹੋਇਆ ਭਰਿਆ ਪੀਤਾ ਉਸ ਦੇ ਸਾਹਮਣੇ ਥੁੱਕ ਕੇ ਪਿੱਠ ਮੋੜ ਆਇਆ। ਹੋਰ ਵੀ ਕਈ ਨਾਵਾਂ ਦਾ ਜ਼ਿਕਰ ਚੱਲਦਾ, ਪਰ ਗੱਲ ਆਖਰ ਚੰਦਨ ਉਤੇ ਆ ਟਿਕਦੀ।
‘ਉਹ ਮੈਨੂੰ ਪਿਆਰ ਕਰਦੀ ਸੀ।’ ਜੀਤ ਕਹਿੰਦਾ।
‘ਤੂੰ ਗਲਤ ਸੋਚਦਾ ਏਂ। ਉਹ ਤਾਂ ਤੈਥੋਂ ਪੰਜ ਸਾਲ ਵੱਡੀ ਸੀ। ਉਹ ਤੈਨੂੰ ਆਪਣਾ ਨਿੱਕਾ ਵੀਰ ਸਮਝਦੀ ਸੀ।’ ਅੰਮ੍ਰਿਤ ਕਹਿੰਦੀ।
‘ਜੇ ਵੀਰ ਸਮਝਦੀ ਸੀ ਤਾਂ ਫਿਰ ਹੌਕੇ ਭਰ ਕੇ ਕਿਉਂ ਕਹਿੰਦੀ ਸੀ, ਹਾਇ ਜੇ ਤੂੰ ਰਤਾ ਵੱਡਾ ਹੁੰਦਾ।’ ਜੀਤ ਜਿਰਾਹ ਕਰਦਾ।
‘ਉਹਨੇ ਨਹੀਂ ਕਿਹਾ ਹੋਣਾ। ਇਹ ਤੂੰ ਆਪੇ ਖੁਸ਼ਫਹਿਮੀ ਸਿਰਜ ਲਈ ਏ।’ ਦੀਪ ਕਹਿੰਦੀ।
ਮੈਨੂੰ ਇਹ ਸਾਰੀ ਗੱਲਬਾਤ ਬਚਗਾਨੀ ਜਿਹੀ ਲੱਗਦੀ। ਪਿਆਰ ਕੋਈ ਖਾਨਿਆਂ ਵਿਚ ਤਾਂ ਨਹੀਂ ਵੰਡਿਆ ਹੁੰਦਾ ਤੇ ਨਾ ਹੀ ਉਸ ਦਾ ਸ਼੍ਰੇਣੀਕਰਨ ਹੋ ਸਕਦਾ ਹੈ। ਕੋਈ ਚੰਗਾ ਲੱਗਦਾ ਹੈ ਤੇ ਬੱਸ ਲੱਗਦਾ ਹੈ ਚੰਗਾ। ਉਹ ਨਿਰਾ ਪਤੀ, ਮਿੱਤਰ, ਭਰਾ ਜਾਂ ਪਿਓ ਸਮਾਨ ਤਾਂ ਹੋਣਾ ਜ਼ਰੂਰੀ ਨਹੀਂ।
ਉਹ ਸਾਰੇ ਭੈਣ ਭਰਾ ਧਾਰਮਿਕ ਜਕੜ ਵਿਚ ਪਲੇ ਹੋਏ, ਉਸ ਵੇਲੇ ਦੀਆਂ ਹਿੰਦੀ ਫਿਲਮਾਂ ਦੇ ਭਰਮਾਏ ਹੋਏ, ਰਾਖੀਬੰਦ ਭਾਈ ਭੈਣ ਦੇ ਰਿਸ਼ਤੇ ਬਣਾਉਣ ਅਤੇ ਮੰਨਣ ਵਾਲੇ ਸਨ। ਉਨ੍ਹਾਂ ਲਈ ਰਿਸ਼ਤੇ ਨੂੰ ਨਾਂ ਦੇਣਾ ਲਾਜ਼ਮੀ ਹੁੰਦਾ ਸੀ।
ਹੋ ਸਕਦਾ ਹੈ ਉਨ੍ਹਾਂ ਭੈਣਾਂ ਨੂੰ ਆਪਣੀ ਸਖੀ ਚੰਦਨ ਦੇ ਮੂੰਹੋਂ ‘ਹਾਇ ਜੇ ਤੂੰ ਰਤਾ ਵੱਡਾ ਹੁੰਦਾæææ’ ਉਚਰੇ ਸ਼ਬਦ ਆਪਣੇ ਆਪ ਉਤੇ ਇਖ਼ਲਾਕੀ ਚੋਟ ਲੱਗਦੇ ਹੋਣ।
ਬਲਬੀਰ ਭਰਾ ਜੀ ਕਿਸੇ ਕਾਰਨ ਵੱਸ ਸਾਡੇ ਵਿਆਹ ਵਿਚ ਸ਼ਾਮਿਲ ਨਹੀਂ ਸਨ ਹੋ ਸਕੇ। ਦੋ ਸਾਲਾਂ ਬਾਅਦ ਜਦੋਂ ਸਾਡੇ ਕੋਲ ਮੁੰਬਈ ਆਏ ਤਾਂ ਮੈਨੂੰ ਵੇਖਦਿਆਂ ਹੀ ਬੋਲੇ: ‘ਇਹ ਤਾਂ ਚੰਦਨ ਵਰਗੀ ਲਗਦੀ ਹੈ।’
‘ਜੇ ਤੁਸੀਂ ਇਸ ਦੀ ਵੱਡੀ ਭੈਣ ਨੂੰ ਵੇਖੋ ਤਾਂ ਹੈਰਾਨ ਹੀ ਹੋ ਜਾਵੋ। ਉਹੀ ਰੰਗ, ਉਹੀ ਡੀਲ-ਡੌਲ, ਉਹੀ ਆਵਾਜ਼ ਤੇ ਉਹੀ ਚਾਲ- ਸਗਵੀਂ ਚੰਦਨ।’ ਜੀਤ ਬੋਲਿਆ।
‘ਤਾਂ ਫਿਰ ਤੂੰ ਸਾਲੀ ਕਰ ਕੇ ਹੀ।’ ਭਾਅ ਜੀ ਨੇ ਛੇੜਿਆ।
000
ਜਿੰਦਰ ਭੈਣ ਜੀ ਮੈਥੋਂ ਲਗਭਗ ਸੋਲ੍ਹਾਂ ਸਾਲ ਵੱਡੇ ਸਨ। ਡਾਢੇ ਗੋਰੇ, ਮੋਟੀਆਂ ਕਾਲੀਆਂ ਅੱਖਾਂ ਤੇ ਸ਼ਾਹ ਕਾਲੇ ਲਹਿਰੀਏ ਵਾਲ। ਸੁਹਣੇ ਕੱਦਾਵਰ, ਭਰੇ ਭਰੇ। ਕੱਦ-ਕਾਠ ਵਿਚ ਮਧਰੀ, ਸੂਖ਼ਮ ਤੇ ਮਲੂਕ ਹੁੰਦੀ ਵੀ ਮੈਂ ਕੁਝ ਕੁਝ ਉਨ੍ਹਾਂ ਦੀ ਭਾ ਮਾਰਦੀ ਹਾਂ। ਖੂਨ, ਖਾਨਦਾਨ ਤੇ ਹਾਵ-ਭਾਵ ਦੀਆਂ ਸਮਾਨਤਾਵਾਂ ਕਾਰਨ ਕੋਈ ਵੀ ਕਹਿ ਸਕਦਾ ਹੈ ਕਿ ਇਹ ਸਕੀਆਂ ਭੈਣਾਂ ਹਨ, ਮਾਂ ਪਿਓ ਜਾਈਆਂ।
ਮੇਰੇ ਮੁੰਬਈ ਪਰਵਾਸ ਕਰਨ ਤੋਂ ਪਹਿਲਾਂ ਹੀ ਜੀਤ ਮੇਰੀ ਭੈਣ ਜੀ ਦਾ ਫੈਮਿਲੀ ਡਾਕਟਰ ਨੀਯਤ ਹੋ ਚੁੱਕਿਆ ਸੀ। ਡਾਕਟਰ ਹੀ ਨਹੀਂ, ਫੈਮਿਲੀ ਮੈਂਬਰ ਹੀ ਸਮਝੋ। ਉਸ ਦੇ ਦਵਾਖ਼ਾਨੇ ਦਾ ਮਹੂਰਤ ਤਾਂ ਸਿਨੇ ਗਾਇਕ ਮੁਹੰਮਦ ਰਫ਼ੀ ਨੇ ਕੀਤਾ ਸੀ ਪਰ ਖਾਰ, ਬਾਂਦਰਾ, ਸਾਂਤਾ ਕਰੂਜ਼ ਅਤੇ ਅੰਧੇਰੀ ਦੀ ਸਿੱਖ ਬਰਾਦਰੀ ਨਾਲ ਪ੍ਰੀਚੈ ਕਰਾਉਣ ਵਜੋਂ ਮੁੱਖ ਤਕਰੀਰਕਾਰ ਸਿੰਘ ਸਭਾ, ਖਾਰ ਦੇ ਸਕੱਤਰ, ਮੇਰੇ ਜੀਜਾ ਜੀ ਹੀ ਸਨ।
‘ਮੈਨੂੰ ਇਹਦੇ ਭੈਣ ਜੀ ਬੜੇ ਚੰਗੇ ਲੱਗੇ। ਬੜੇ ਮਿਲਾਪੜੇ, ਖੁਸ਼ ਰਹਿਣੇ ਤੇ ਨਿੱਘੇ। ਰਿਸ਼ਤੇ ਦੀ ਗੱਲ ਛਿੜਦਿਆਂ ਹੀ ਮੇਰੀ ਉਤਸੁਕਤਾ ਵਧੀ।’
‘ਸਮਝ ਗਿਆ। ਤੂੰ ਸਾਲੀ ‘ਤੇ ਮੋਹਿਤ ਹੋ ਕੇ ਬੀਵੀ ਪਸੰਦ ਕਰ ਲਈ। ਇਥੋਂ ਤੱਕ ਕਿ ਆਪਣੀਆਂ ਤਿੰਨੇ ਸ਼ਰਤਾਂ ਭੁੱਲ ਕੇ ਇਸ ਦੀ ਭੈਣ ਦਾ ਭਣਵਈਆ ਬਣ ਗਿਆ।’ ਬਲਬੀਰ ਭਰਾ ਜੀ ਹੱਸੇ।
‘ਸ਼ਰਤਾਂ?’ ਮੇਰੇ ਕੰਨ ਖੜ੍ਹੇ ਹੋ ਗਏ।
‘ਹਾਂ, ਜਦੋਂ ਵੀ ਇਸ ਦੇ ਵਿਆਹ ਦੀ ਅਸੀਂ ਗੱਲ ਛੇੜਦੇ, ਇਹ ਤਿੰਨ ਸ਼ਰਤਾਂ ਰੱਖਦਾ: ਪਹਿਲੀ, ਕੁੜੀ ਮਧਰੀ ਨਾ ਹੋਵੇ। ਦੂਜੀ, ਐਨਕ ਨਾ ਲਗਾਂਦੀ ਹੋਵੇ ਤੇ ਤੀਜੀ, ਉਹ ਜ਼ਰੂਰ ਗੋਰੀ ਚਿੱਟੀ ਹੋਵੇ, ਚੰਦਨ ਵਰਗੀ ਪਰ ਇਸ ਨੂੰ ਕੀ ਪਤਾ ਸੀ ਕਿ ਕੋਈ ਕੁੜੀ ਮਧਰੀ ਅਤੇ ਐਨਕ ਲਗਾਂਦੀ ਹੋਈ ਵੀ ਸੁਹਣੀ ਹੋ ਸਕਦੀ ਹੈ, ਚੰਦਨ ਵਰਗੀ।’ ਬਲਬੀਰ ਭਰਾ ਜੀ ਨੇ ਠਹਾਕਾ ਲਗਾਇਆ।
ਤਾਂ ਇਹ ਚੰਦਨ ਹੀ ਸੀ ਜੋ ਮੇਰੀ ਜਿੰਦਰ ਭੈਣ ਜੀ ਦੇ ਚਿਹਰੇ ਤੋਂ ਤਿਲ੍ਹਕਦੀ ਤਿਲ੍ਹਕਦੀ ਮੇਰੇ ਚਿਹਰੇ ਉਤੇ ਆਣ ਟਿਕੀ। ਰਸ਼ਕ ਹੁੰਦਾ ਮੈਨੂੰ ਉਸ ਅਣਡਿੱਠੀ ਚੰਦਨ ਉਤੇ ਜੋ ਮੈਂ ਨਹੀਂ ਸਾਂ ਤੇ ਸਾਂ ਵੀ। ਜਿਸ ਕਾਰਨ ਜੀਤ ਮੇਰਾ ਹੋ ਗਿਆ ਸੀ ਤੇ ਮੈਂ ਉਸ ਦੀ।
000
ਬੜੇ ਸਾਵਣ ਆਏ, ਬਰਸੇ। ਬਸੰਤਾਂ ਆਈਆਂ ਤੇ ਖਿੜ ਖਿੜਾ ਕੇ ਪਤਝੜ ਹੁੰਦੀਆਂ ਗਈਆਂ। ਸਮੇਂ ਦੀ ਲਗਾਤਾਰ ਗਰਦ ਹੇਠਾਂ ਚੰਦਨ ਕਿਧਰੇ ਦਬ ਜਿਹੀ ਗਈ। ਕੋਈ ਭੈਣ ਊਧਮਪੁਰ ਚਲੀ ਗਈ, ਕੋਈ ਚੰਡੀ ਮੰਦਰ ਤੇ ਕੋਈ ਬੰਗਲੌਰ। ਭੈਣਾਂ ਭਰਾਵਾਂ ਦਾ ਮੇਲ ਕਦੇ ਦੁੱਖਾਂ ਸੁੱਖਾਂ ‘ਤੇ ਹੀ ਹੋਇਆ। ਕਿਸੇ ਦਾ ਹੋਇਆ ਤੇ ਕਿਸੇ ਦਾ ਨਹੀਂ ਵੀ ਹੋਇਆ। ਭੁੱਲ ਵਿਸਰ ਗਈ ਚੰਦਨ। ਬਸ ਗੁਆਚ ਜਿਹੀ ਹੀ ਗਈ।
000
ਚੁਰਾਸੀ ਦੇ ਦੰਗਿਆਂ ਦੀ ਲਪੇਟ ਵਿਚ ਸਾਡਾ ਨਿੱਜੀ ਪਰਿਵਾਰ ਵੀ ਖੇਰੂੰ ਖੇਰੂੰ ਹੋ ਗਿਆ। ਜੀਤ ਮੁੰਬਈ ਦਵਾਖਾਨਾ ਸੰਭਾਲਦਾ ਤੇ ਮੈਂ ਮੁਹਾਲੀ ਆ ਟਿਕੀ। ਵੱਡਾ ਪੁੱਤਰ, ਸੰਨੀ ਮੁੰਬਈ, ਪਿਓ ਕੋਲ ਤੇ ਨਿੱਕਾ, ਦੀਪੀ ਮੁਹਾਲੀ, ਮੇਰੇ ਨਾਲ।
ਪਰਦੇਸ ਜਿਹਾ ਹੀ ਲੱਗੇ ਮੈਨੂੰ ਦੇਸ ਪੰਜਾਬ। ਨਾ ਕੋਈ ਮਿੱਤਰ ਨਾ ਸਨੇਹੀ। ਕਹਿਰਾਂ ਦੀ ਇਕੱਲ ਤੇ ਉਦਰੇਵਾਂ। ਅਜਿਹੀ ਹਾਲਤ ਵਿਚ ਇਕੋ ਇਕ ਸਹਾਰਾ ਮੇਰੀ ਮਾਂ ਬੋਲੀ, ਪੰਜਾਬੀ ਮੇਰੇ ਲਈ ਠੁੰਮ੍ਹਣਾ ਬਣ ਖਲੋਤੀ। ਜਿਹੜੇ ਨਜ਼ਮਾਂ, ਕਹਾਣੀਆਂ ਤੇ ਲੇਖਾਂ ਦੇ ਕੱਚੇ ਪੱਕੇ ਖਰੜੇ, ਜੀਤ ਦੀ ਪੰਜਾਬੀ ਨਾਲ ਨਫ਼ਰਤ ਹੋਣ ਕਾਰਨ ਮੈਂ ਮੁਦਤ ਤੋਂ ਸੰਦੂਕ ਵਿਚ ਦੱਬ ਛੱਡੇ ਸਨ, ਕਦੇ ਨਾ ਕੱਢ ਤੇ ਫਰੋਲ ਸਕਣ ਦੀ ਪੀੜ ਨਾਲ, ਹੁਣ ਉਹ ਆਪੇ ਹੀ ਜੰਦਰਾ ਭੰਨ, ਢੱਕਣ ਉਠਾਅ ਤੇ ਬਾਗ਼ੀ ਹੋ ਕੇ ਮੇਰਾ ਧਿਆਨ ਬੰਨ੍ਹ ਖਲੋਤੇ। ਮੈਂ ਮੁੜ ਪੰਜਾਬੀ ਕਿਤਾਬਾਂ ਖਰੀਦਣ ਲੱਗੀ ਹੋਰ ਹੋਰ ਤੇ ਦਿਨ ਰਾਤ ਪੜ੍ਹਨ ਲੱਗੀ।
ਹੁਣ ਮੇਰੀ ਹਾਲਤ ਭੁੱਖੇ ਹੱਥ ਕਟੋਰਾ ਲੱਭਣ ਵਾਲੀ ਸੀ। ਸਾਹਿਤ ਸਭਾਵਾਂ ਵਿਚ ਸ਼ਾਮਲ ਹੁੰਦੀ, ਲੇਖਕਾਂ ਤੇ ਕਲਾਕਾਰਾਂ ਨੂੰ ਮਿਲਦੀ ਗਿਲਦੀ, ਸਹਿਜੇ ਸਹਿਜੇ ਦਿੱਲੀ ਤੇ ਪੰਜਾਬ ਵਿਚ ਹੋਣ ਵਾਲੇ ਹੋਰ ਸੈਮੀਨਾਰਾਂ, ਸਮਾਗਮਾਂ, ਗੋਸ਼ਟੀਆਂ ਅਤੇ ਕਾਨਫਰੰਸਾਂ ਵਿਚ ਵੀ ਸ਼ਾਮਲ ਹੋਣ ਲੱਗੀ। ਪਹਿਲਾਂ ਪਹਿਲਾਂ ਓਪਰੀ ਓਪਰੀ, ਝਿਜਕਦੀ ਸ਼ਰਮਾਉਂਦੀ, ਨਵੀਂ ਨਵੇਲੀ ਵਹੁਟੀ ਵਾਂਗ ਜੋ ਪਹਿਲਾਂ ਤੋਂ ਪਰਵਾਨਿਤ ਹੋਈਆਂ ਨੂੰਹਾਂ ‘ਤੇ ਰਸ਼ਕ ਕਰਦੀ ਹੈ ਤੇ ਫਿਰ ਸਹਿਜੇ ਸਹਿਜੇ ਆਪਣੇ ਬਲਬੂਤੇ ‘ਤੇ ਖੜੋਂਦੀ ਆਪਣੀ ਥਾਂ ਬਣਾ ਲੈਂਦੀ ਹੈ, ਪਰ ਫਿਰ ਵੀ ਨਵੀਂ ਤਾਂ ਨਵੀਂ ਹੀ ਹੁੰਦੀ ਹੈ।
ਸਿਰਕੱਢ ਸਾਹਿਤ ਰਚੇਤਿਆਂ ਦੀਆਂ ਕਿਰਤਾਂ ਪੜ੍ਹ ਪੜ੍ਹ ਜਿੰਦ ਵਲਿੱਅਸੀ ਜਿਹੀ ਜਾਂਦੀ।
ਹਾਇ ਕਦੇ ਮੈਂ ਵੀ ਲਿਖ ਸਕਾਂਗੀ। ਮੁੱਦਤਾਂ ਤੋਂ ਇਕ ਸਤਰ ਵੀ ਨਹੀਂ ਸੀ ਲਿਖੀ ਪੰਜਾਬੀ ਵਿਚ। ਮੁੰਬਈ ਦੀ ਰਿਹਾਇਸ਼ ਦੌਰਾਨ ਮੈਂ ਤਾਂ ਸੋਚਣਾ ਵੀ ਅੰਗਰੇਜ਼ੀ ਵਿਚ ਹੀ।
ਪੰਝੀ ਤੀਹ ਸਾਲ ਇਕ ਉਮਰ ਹੁੰਦੀ ਹੈ ਲਿਖਣ ਦੇ ਅਭਿਆਸ ਲਈ ਅਤੇ ਨਾ ਲਿਖ ਸਕਣ ਦੇ ਅਹਿਸਾਸ ਲਈ ਵੀ। ਲਗਾਤਾਰ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਨਾਲ ਸਹਿਜੇ ਸਹਿਜੇ ਅੰਗਰੇਜ਼ੀ ਵਾਲੀ ਉੱਲੀ ਲਹਿਣ ਲੱਗੀ। ਜਿਸ ਵੀ ਲੇਖਕ ਨੂੰ ਪੜ੍ਹਦੀ, ਨਾਲੋ ਨਾਲ ਉਸ ਲਈ ਸੁਆਲਨਾਮਾ ਤਿਆਰ ਕਰੀ ਜਾਂਦੀ। ਇਹ ਕੰਮ ਰਤਾ ਸੌਖਾ ਤੇ ਰੌਚਕ ਲੱਗਾ। ਨਾਲੇ ਮੁੰਬਈ ਦੇ ਫ਼ਿਲਮ ਜਗਤ ਦੇ ਨੇੜੇ ਰਹਿਣ ਕਾਰਨ ਫਿਲਮ ਕਲਾਕਾਰਾਂ ਦੀਆਂ ਨੋਕਾਂ ਝੋਕਾਂ ਪੜ੍ਹਨ ਦਾ ਪਹਿਲਾਂ ਤੋਂ ਝੱਸ ਜਿਹਾ ਵੀ ਪਿਆ ਹੋਇਆ ਸੀ। ਮੇਰੀ ਕਲਮ ਦੇ ਖੰਭ ਕੁਝ ਕੁਝ ਹਰਕਤ ਕਰਦੇ ਫੜਫੜਾਣ ਲੱਗੇ। ਕੁਝ ਮੁਲਾਕਾਤਾਂ, ਕਹਾਣੀਆਂ ਤੇ ਵਿਅੰਗ ਲੇਖਾਂ ਦੇ ਲਿਖਣ-ਛਪਣ ਕਾਰਨ ਮੇਰੀ ਹਲਕੀ ਹਲਕੀ ਪਛਾਣ ਵੀ ਬਣ-ਹੋਣ ਲੱਗੀ। ਕੁਝ ਨਵ-ਪ੍ਰਕਾਸ਼ਿਤ ਪਹਿਲੇ ਕਾਵਿ ਸੰਗ੍ਰਹਿ ‘ਲੋਹਿਓਂ ਪਾਰਸ’ ਨੇ ਵੀ ਖਾਸੀ ਹਲਚਲ ਪੈਦਾ ਕੀਤੀ। ਇਹ ਸਭ ਕੁਝ ਮੇਰੀ ਆਸ ਤੋਂ ਵੱਧ ਚੜ੍ਹ ਕੇ ਸੀ।
000
ਜਲੰਧਰ ਕਹਾਣੀ ਦਰਬਾਰ ਸੀ। ਹੁਮ-ਹੁਮਾ ਕੇ ਪੁੱਜੇ ਹੋਏ ਸਨ ਸਾਰੇ ਪੰਜਾਬ ਤੋਂ। ਦਿੱਲੀ, ਕਲਕੱਤਾ ਮੁੰਬਈ ਤੋਂ ਇਲਾਵਾ ਹੋਰ ਪ੍ਰਾਂਤਾਂ ਤੇ ਵਿਦੇਸ਼ਾਂ ਤੋਂ ਵੀ। ਲੇਖਕ, ਕਲਾਕਾਰ ਤੇ ਲੇਖਕਾਵਾਂ ਵੀ।
000
‘ਤੁਸੀਂ ਮੈਨੂੰ ਬੜੇ ਚੰਗੇ ਲੱਗਦੇ ਹੋ। ਤੁਹਾਨੂੰ ਵੇਖਦੀ ਹਾਂ ਤਾਂ ਮੈਨੂੰ ਆਪਣੇ ਵੱਡੇ ਭੈਣ ਜੀ ਯਾਦ ਆ ਜਾਂਦੇ ਹਨ। ਤੁਹਾਡੀ ਸ਼ਕਲ ਉਨ੍ਹਾਂ ਨਾਲ ਬਹੁਤ ਮਿਲਦੀ ਹੈ। ਕੱਦ ਕਾਠ, ਆਵਾਜ਼ ਅੰਦਾਜ਼ ਸਗਵਾਂ ਉਨ੍ਹਾਂ ਵਰਗਾ। ਜਦੋਂ ਉਹ ਤੁਹਾਡੀ ਉਮਰ ਦੇ ਸਨ ਤਾਂ ਹੂ-ਬ-ਹੂ ਤੁਹਾਡੇ ਵਰਗੇ ਹੀ ਸਨ।’ ਮਿਲਦਿਆਂ ਹੀ ਮੈਥੋਂ ਕਹਿ ਹੋ ਗਿਆ।
‘ਕਿੱਥੇ ਹੁੰਦੇ ਨੇ ਤੁਹਾਡੇ ਭੈਣ ਜੀ?’
‘ਮੁੰਬਈ ਤੇ ਕਦੇ ਕਦੇ ਦਿੱਲੀ ਵੀ। ਤੁਸੀਂ ਮੈਨੂੰ ਆਪਣੇ ਪਾਸੇ ਦੇ ਹੀ ਲੱਗਦੇ ਹੋ। ਤੁਹਾਡਾ ਲਹਿਜ਼ਾ ਵੀ ਕੁਝ ਪੱਛਮੀ ਪੰਜਾਬੀ ਵਾਲਾ ਹੈ। ਤੁਸੀਂ ਕਿਧਰੇ ਪਿੰਡੀ ਦੇ ਤਾਂ ਨਹੀਂ?’
‘ਨਹੀਂ, ਮੈਂ ਪਿੱਛੋਂ ਪਿਸ਼ੌਰ ਦੀ ਹਾਂ। ਜ਼ਿਆਦਾ ਕਰ ਕੇ ਜੰਮੂ ਹੀ ਰਹੀ ਹਾਂ ਤੇ ਹੁਣ ਕੁਝ ਅਰਸੇ ਤੋਂ ਦਿੱਲੀ ਹਾਂ।’
‘ਜੰਮੂ ਨਾਲ ਮੇਰਾ ਵੀ ਗੂੜ੍ਹਾ ਰਿਸ਼ਤਾ ਹੈ। ਮੇਰੇ ਸਹੁਰੇ ਜੰਮੂ ਦੇ ਹਨ।’
‘ਜੰਮੂ ਦੇ? ਜੰਮੂ ਦੇ ਤਾਂ ਬੱਚੇ ਬੱਚੇ ਤੋਂ ਵਾਕਿਫ਼ ਹਾਂ ਮੈਂ। ਕੌਣ ਨੇ ਉਹ?’
‘ਲੈਫ਼ਟੀਨੈਂਟ ਕਰਨਲ ਡਾæ ਅਨੰਤ ਸਿੰਘ ਜੀ, ਸਵਰਗਵਾਸੀ ਡਾæ ਪ੍ਰੀਤਮ ਸਿੰਘ ਜੀ ਦੇ ਸਪੁੱਤਰ। ਮੈਂ ਉਨ੍ਹਾਂ ਦੀ ਨੂੰਹ ਹਾਂ?’
‘ਕਰਨਲ ਅਨੰਤ ਸਿੰਘ ਦੀ ਨੂੰਹ?’ ਉਸ ਘੁੱਟ ਕੇ ਮੈਨੂੰ ਜੱਫ਼ੀ ਪਾ ਲਈ।
‘ਮੈਂ ਉਨ੍ਹਾਂ ਦੇ ਗੁਰਭਾਈ ਮੰਗਤ ਸਿੰਘ ਬਾਹਰੀ ਦੀ ਦੋਹਤਰੀ ਹਾਂ। ਤੇਰੇ ਸਹੁਰਿਆਂ ਨਾਲ ਮੇਰਾ ਬਿਲਕੁਲ ਨਾਨਕਿਆਂ ਵਾਲਾ ਰਿਸ਼ਤਾ ਹੈ।’
‘ਉਹ ਕਿਸ ਤਰ੍ਹਾਂ?’
‘ਮੈਂ ਮਸਾਂ ਚਾਰ ਵਰ੍ਹਿਆਂ ਦੀ ਸਾਂ ਜਦੋਂ ਮੇਰੀ ਜਨਨੀ ਮਾਂ ਮੈਨੂੰ ਤੇ ਮੇਰੇ ਛੋਟੇ ਵੀਰ ਨੂੰ ਛੱਡ ਕੇ ਪਰਲੋਕ ਸਿਧਾਰ ਗਈ। ਸਾਨੂੰ ਸਾਡੀ ਨਵੀਂ ਮਾਂ, ਬਾਹਰੀ ਜੀ ਦੀ ਧੀ ਨੇ ਹੀ ਪਾਲਿਆ। ਮੈਂ ਦਸਾਂ ਵਰ੍ਹਿਆਂ ਦੀ ਸਾਂ ਜਦੋਂ ਮੇਰਾ ਭਰਾ ਜੋ ਮੈਥੋਂ ਸਾਲ ਹੀ ਛੋਟਾ ਸੀ, ਮੈਨੂੰ ਛੱਡ ਕੇ ਸਦਾ ਲਈ ਮਾਂ ਕੋਲ ਚਲਾ ਗਿਆ। ਅਨੰਤ ਸਿੰਘ ਨਾਨਾ-ਚਾਚਾ ਜੀ ਨੇ ਮੈਨੂੰ ਆਪਣੀ ਦੋਹਤਰੀ ਹੀ ਕਰ ਕੇ ਜਾਣਿਆ ਤੇ ਅੰਮ੍ਰਿਤ, ਦੀਪ ਦੇ ਬਰਾਬਰ ਹੀ ਰੱਜਵਾਂ ਪਿਆਰ ਦਿੱਤਾ। ਵੀਰੇ ਦੀ ਮੌਤ ਮਗਰੋਂ ਮੈਂ ਬੜੀ ਉਦਾਸ ਰਹਿੰਦੀ ਸਾਂ, ਗੁੰਮ ਸੁੰਮ, ਬੇਚੈਨ, ਇਕਲਾਪੇ ਦੀ ਮਾਰੀ। ਉਸ ਨੂੰ ਮਰੇ ਨੂੰ ਚਾਰ ਪੰਜ ਸਾਲ ਹੋ ਚੁੱਕੇ ਸਨ, ਪਰ ਮੈਂ ਉਸ ਦੀ ਮੌਤ ਦੇ ਸਦਮੇ ਤੋਂ ਅਜੇ ਬਾਹਰ ਨਹੀਂ ਸਾਂ ਨਿਕਲ ਸਕੀ। ਉਨ੍ਹਾਂ ਦਿਨਾਂ ਵਿਚ ਹੀ ਮੈਂ ਨਾਨਕੇ ਆਈ, ਜੰਮੂ। ਅਨੰਤ ਸਿੰਘ ਚਾਚਾ ਜੀ ਦੇ ਪਰਿਵਾਰ ਵਿਚ ਮੈਂ ਅਜਿਹੀ ਰਚ ਮਿਚ ਗਈ ਕਿ ਵਾਪਸ ਜਾਣ ਦਾ ਨਾਂ ਹੀ ਨਾ ਲਵਾਂ। ਬਲਬੀਰ, ਮਨਜੀਤ, ਤੇਜੀ, ਨੰਨੀ ਭਰਾਵਾਂ ਤੇ ਅੰਮ੍ਰਿਤ ਦੀਪ ਭੈਣਾਂ ਨਾਲ ਹੱਸਦੀ ਖੇਡਦੀ ਮੈਂ ਆਪਣੇ ਭਰਾ ਦੇ ਵਿਛੋੜੇ ‘ਚੋਂ ਕੁਝ ਨਿਕਲਣ ਲੱਗੀ। ਬਲਬੀਰ ਵੀਰੇ ਦੀ ਆਵਾਜ਼ ਵਿਚ ਜਾਦੂ ਸੀ, ਉਹ ਰੇਡੀਓ ਸਿੰਗਰ ਸੀ ਤੇ ਮਨਜੀਤ? ਗੋਲ ਮੋਲ ਗੋਭਲਾ ਜਿਹਾ ਮੇਰੇ ਵੀਰੇ ਦਾ ਸਿਰਨਾਵੀਂ। ਸਗਵਾਂ ਉਹਦਾ ਰੂਪ, ਉਸੇ ਦੀ ਉਮਰ ਦਾ ਸੀ ਮੇਰਾ ਵੀਰ ਜਦੋਂ ਸਦਾ ਸਦਾ ਲਈ ਤੁਰ ਗਿਆ। ਮੈਂ ਮਨਜੀਤ ਨੂੰ ਪਿਆਰ ਕਰਦੀ ਨਾ ਰੱਜਦੀ। ਹਰ ਹੀਲੇ ਉਸ ਕੋਲ ਢੁੱਕ ਢੁੱਕ ਬਹਿੰਦੀ। ਉਹ ਪੜ੍ਹਾਈ ਵਿਚ ਕਮਜ਼ੋਰ ਸੀ। ਮੈਂ ਉਸ ਨਾਲ ਬੜੀ ਮਿਹਨਤ ਕੀਤੀ। ਕਾਫ਼ੀ ਹੁਸ਼ਿਆਰ ਹੋ ਗਿਆ ਉਹ। ਉਸ ਲਈ ਮੇਰੇ ਮੋਹ ਦਾ ਕੋਈ ਅੰਤ ਨਹੀਂ ਸੀ। ਸੋਚਦੀ ਜੇ ਮਨਜੀਤ ਚਾਰ ਪੰਜ ਸਾਲ ਹੋਰ ਵੱਡਾ ਹੁੰਦਾ ਤਾਂ ਮੇਰੇ ਵੀਰੇ ਦੇ ਕਿਸ਼ੋਰ ਰੂਪ ਦੇ ਵੀ ਮੈਨੂੰ ਉਸ ‘ਚੋਂ ਦੀਦਾਰ ਹੋ ਜਾਂਦੇ। ਬਸ ਮੈਂ ਉਸ ਵੱਲ ਤਕਦੀ ਰਹਿੰਦੀ, ਤੱਕਦੀ ਰਹਿੰਦੀ।’
ਮੇਰਾ ਹੱਥ ਚੰਦਨ ਦੀ ਮੁੱਠੀ ਵਿਚ ਘੁਟਿਆ ਹੋਇਆ ਸੀ। ਪੱਕੀ ਪੀਢੀ ਮੁੱਠੀ, ਪਰ ਉਹ ਬੇਖ਼ਬਰ ਸੀ, ਇਕ ਟੱਕ ਦੂਰ ਨੀਝਦੀ, ਅਤੀਤ ਵਿਚ ਗੁਆਚੀ ਹੋਈæææ
‘ਉਸੇ ਮਨਜੀਤ ਦੀ ਬੀਵੀ ਹਾਂ ਨਾ ਮੈਂ, ਪਰ ਉਹ ਤਾਂ ਕਿਸੇ ਚੰਦਨ ਦਾ ਜ਼ਿਕਰ ਕਰਦੇ ਹੁੰਦੇ ਸਨ ਜਿਹੜੀ ਉਨ੍ਹਾਂ ਨੂੰ ਪੜ੍ਹਾਉਂਦੀ ਸੀ, ਖੁਆਉਂਦੀ ਸੀ, ਪਿਆਰ ਕਰਦੀ ਸੀ। ਉਨ੍ਹਾਂ ਦਾ ਕਾਫ਼æææ।’
‘ਤੇ ਉਹੀ ਚੰਦਨ ਹਾਂ ਨਾ ਮੈਂ, ਹੋਰ ਕੌਣ?’
‘ਤੁਸੀਂ ਤਾਂ ਚੰਦਨ ਨੇਗੀ ਹੋæææ ਉਹੋ, ਮੈਂ ਤੁਹਾਨੂੰ ਨੇਗੀ ਤੋਂ ਬਗੈਰ ਕਦੇ ਸੋਚਿਆ ਹੀ ਨਹੀਂ। ਤਾਂ ਤੁਸੀਂ ਹੀ ਉਹ ਚੰਦਨ, ਉਨ੍ਹਾਂ ਦੀæææ।’
‘ਹਾਂ, ਉਸ ਦੀ ਭੈਣ ਤੇ ਤੇਰੀ ਨਨਾਣ ਕਾਨਾ ਭਾਬੀਏ। ਅੰਮ੍ਰਿਤ ਤੇ ਦੀਪ ਜਿੰਨੀ ਹੀ ਸਕੀ। ਤੇ ਇਕ ਵੇਰਾਂ ਫਿਰ ਘੁੱਟਵੀਂ ਜੱਫ਼ੀ ਨਾਲ ਉਸ ਮੇਰਾ ਮੱਥਾ ਚੁੰਮ ਲਿਆ।
‘ਕਿਆ ਬਾਤ ਹੈ। ਦਾਦ ਦੇਂਦੀ ਹਾਂ ਜੀਤ ਦੇ ਕਾਫ਼ ਲਵ ਦੀ।’
ਮੇਰੇ ਹੋਠ ਫਰਕੇ ਤਾਂ ਸਹੀ, ਪਰ ਆਵਾਜ਼ ਨੇ ਉਨ੍ਹਾਂ ਦਾ ਸਾਥ ਨਾ ਦਿੱਤਾ ਤੇ ਮੈਂ ਇਕਦਮ ਗੁਆਚ ਗਈ ਅਤੀਤ ਵਿਚ। ਪਥਰਾਈ ਪਥਰਾਈ।
000
ਅੱਠਵੀਂ ਵਿਚ ਪੜ੍ਹਦਾ ਸੀ ਮੇਰਾ ਪਲੇਠਾ ਪੁੱਤਰ, ਸੰਨੀ। ਗੋਲ ਮਟੋਲ, ਭਰਿਆ ਭਰਿਆ, ਸੋਹਣਾ ਗਦਰਾਇਆ ਕਿਸ਼ੋਰ, ਬਾਰ੍ਹਾਂ ਤੇਰ੍ਹਾਂ ਵਰ੍ਹਿਆਂ ਦਾ। ਸਾਲਾਨਾ ਇਮਤਿਹਾਨ ਦੇ ਦਿਨ ਸਨ। ਦੋਵੇਂ ਭਰਾ ਆਪਣੇ ਸਾਂਝੇ ਕਮਰੇ ਵਿਚ ਆਪੋ-ਆਪਣੇ ਮੇਜ਼ਾਂ ਉਪਰ ਪੜ੍ਹਨ ਲਿਖਣ ਵਿਚ ਮਸ਼ਗੂਲ। ਦੁਪਹਿਰ ਦੇ ਖਾਣੇ ਦਾ ਵਕਤ। ਜੀਤ ਅਛੋਪਲੇ ਹੀ ਘਰ ਵਿਚ ਦਾਖ਼ਲ ਹੋਇਆ। ਉਸ ਦੀ ਗੱਡੀ ਦੇ ਦਲਾਨ ਵਿਚ ਪ੍ਰਵੇਸ਼ ਕਰਦਿਆਂ ਹੀ ਆਂਢ ਗੁਆਂਢ ਸਮੇਤ ਸਾਰੇ ਹੀ ਖ਼ਬਰਦਾਰ ਹੋ ਜਾਂਦੇ ਸਨ, ਪਰ ਅੱਜ ਉੱਕਾ ਹੀ ਪਤਾ ਨਾ ਲੱਗਾ। ਉਹ ਆਪਣੀ ਗੱਡੀ ਮੁਰੰਮਤ ਲਈ ਗੈਰੇਜ ਵਿਚ ਛੱਡ ਆਇਆ ਸੀ। ਜੀਤ ਟੈਕਸੀ ਕਰ ਕੇ ਆਇਆ ਹੋਣੈ ਤੇ ਟੈਕਸੀਆਂ ਸੁਸਾਇਟੀ ਦੇ ਬਾਈ ਘਰਾਂ ਦੇ ਸਾਂਝੇ ਦਲਾਨ ਵਿਚ ਆਉਂਦੀਆਂ ਹੀ ਰਹਿੰਦੀਆਂ ਸਨ। ਸਾਡੇ ਫਲੈਟ ਦਾ ਪਿਛਲੇਰਾ ਬੂਹਾ ਸਿੱਧਾ ਕੰਪਾਊਂਡ ਵਿਚ ਖੁੱਲ੍ਹਦਾ ਤੇ ਸਾਰਾ ਦਿਨ ਖੁੱਲ੍ਹਾ ਰਹਿੰਦਾ ਸੀ। ਸੋ, ਸਾਨੂੰ ਕੋਈ ਖ਼ਬਰ ਨਾ ਹੋਈ ਤੇ ਜੀਤ ਸਿੱਧਾ ਹੀ ਜਾ ਵੜਿਆ ਬੱਚਿਆਂ ਦੇ ਕਮਰੇ ਵਿਚ। ਦਾਖ਼ਲ ਹੋਇਆ ਹੀ ਸੀ ਕਿ: ‘ਤੇਰੀ ਇਹ ਮਜਾਲ? ਖੋਲ੍ਹ ਮੁੱਠੀ ਦੱਸ ਕੀ ਏ?’
ਜੀਤ ਦੇ ਗਰਜਣ ਨਾਲ ਮੈਂ ਰਸੋਈ ਵਿਚੋਂ ਦੌੜੀ ਗਈ। ਉਹ ਸੰਨੀ ਦੀ ਬੰਦ ਮੁੱਠੀ ਜ਼ਬਰਦਸਤੀ ਖੋਲ੍ਹਣ ਦਾ ਜਤਨ ਕਰ ਰਿਹਾ ਸੀ ਤੇ ਸੰਨੀ ਪੂਰੇ ਜ਼ੋਰ ਨਾਲ ਪੱਕੀ ਭੀੜਨ ਦਾ।
‘ਜ਼ਰੂਰ ਕੁਝ ਵਾਹਯਾਤ ਹੀ ਲਿਖਿਆ ਹੋਣੈ ਹਰਾਮਜ਼ਾਦੇ ਨੇæææ।’ ਕਾੜ ਕਰਦੀ ਚੁਪੇੜ ਸੰਨੀ ਦੇ ਮੂੰਹ ‘ਤੇ।
‘ਕੀ ਹੋ ਗਿਐ? ਸਬਰ ਤੋਂ ਕੰਮ ਲਵੋ।æææ ਪਿਆਰ ਨਾਲ ਪੁੱਛੋæææ।’ ਤ੍ਰਹਿਕੀ ਤ੍ਰਹਿਕੀ ਮੈਂ, ਤੇ ਸੰਨੀ ਨਿਰਾ ਖੌਫ਼ ਦਾ ਬੁੱਤ!
ਕਿੱਥੇ ਸੁਣਾਈ ਸੀ ਮੇਰੀ।
ਅੱਖ ਪਲਕਾਰੇ ਵਿਚ ਹੀ ਸੰਨੀ ਬੰਦ ਮੁੱਠੀ ਮੂੰਹ ਤੱਕ ਲੈ ਗਿਆ, ਗੜੱਪ ਮੂੰਹ ਵਿਚ, ਕੁਝ ਨਿਗਲਣ ਦੇ ਇਰਾਦੇ ਨਾਲ।
ਜੀਤ ਨੇ ਝਪਟ ਕੇ ਸੰਨੀ ਦਾ ਮੂੰਹ ਦੋਹਾਂ ਹੱਥਾਂ ਵਿਚ ਕੱਸ ਕੇ ਜਬਾੜਿਆਂ ਤੋਂ ਦਬਾਇਆ। ਚਿਚਲਾਅ ਉਠਿਆ ਮਾਸੂਮ ਬਾਲਕ ਤੇ ਜੀਤ ਨੇ ਜਬਰਨ ਉਸ ਦੇ ਮੂੰਹ ਵਿਚ ਉਂਗਲ ਪਾ ਕੇ ਕੱਢ ਲਿਆ, ਗੁਲਾਬੀ ਕਾਗਜ਼ ਦਾ ਪੁਰਜਾ। ਖੋਲ੍ਹਿਆ, ਪੜ੍ਹਿਆ ਤੇ ਚੁੱਪ ਚਾਪ ਸਿਰ ਸੁੱਟੀ ਚਲਾ ਗਿਆ ਆਪਣੇ ਕਮਰੇ ਵਿਚ।
ਪਿੱਛੇ ਪਿੱਛੇ ਮੈਂ। ਥਰ ਥਰ ਕੰਬਦੀ। ਖ਼ਾਮੋਸ਼। ਸਕਤੇ ਵਿਚ। ਸਾਰਾ ਵਜੂਦ ਸੁਆਲੋ ਸੁਆਲ।
‘ਇਹ ਕਰਦਾ ਪਿਆ ਈ ਪੜ੍ਹਾਈਆਂ, ਤੇਰਾ ਪੁੱਤਰ।’ ਜੀਤ ਨੇ ਕਾਗਜ਼ ਦਾ ਪੁਰਜ਼ਾ ਮੇਰੇ ਹੱਥ ਵਿਚ ਥਮਾਅ ਦਿੱਤਾ। ਲਿਖਿਆ ਸੀ: ‘ਆਈ ਲਵ ਬਬਲੀ ਐਂਡ ਸ਼ੀ ਲਵਜ਼ ਮੀ ਟੂ।’
ਬਬਲੀ ਸਾਡੇ ਗੁਆਂਢ ਵਿਚ ਵਸਦੇ ਨਰੂਲਾ ਭਾਅ ਜੀ ਦੀ ਕੁੜੀ। ਦੋਵੇਂ ਜਮਾਤੀ ਰੋਜ਼ ਸਵੇਰੇ ਇਕੱਠੇ ਹੀ ਸਕੂਲ ਜਾਂਦੇ ਤੇ ਸ਼ਾਮੀ ਖੇਡਦੇ ਵੀ ਸਾਂਝੀਆਂ ਖੇਡਾਂ।
ਜੇ ਪਤੰਗ ਸੰਨੀ ਉਡਾਂਦਾ ਤਾਂ ਫਿਰਕੀ ਬਬਲੀ ਪਕੜਦੀ।
‘ਕਾਫ਼ ਲਵ।’
ਮੇਰੇ ਹੋਠ ਫਰਕੇ ਤਾਂ ਸਹੀ ਪਰ ਕੁਸਕ ਨਾ ਸਕੇ।
‘ਕਿਥੇ ਗੁਆਚ ਗਈ ਏਂ ਮੇਰੀ ਕਾਨਾ ਭਾਬੀਏ।’ ਚੰਦਨ ਨੇ ਮੇਰਾ ਮੋਢਾ ਝੰਜੋੜਿਆ।