ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-9
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।
ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ‘ਪਹਿਲੀ ਚੋਰੀ-ਫ਼ਾਹੇ ਦਾ ਹੁਕਮ’ ਵਿਚ ਪੁਲਿਸ ਦੀ ਤਫਤੀਸ਼ ਦੇ ਢੰਗ-ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਹੁਣ ਦੂਜੀ ਮੁਲਾਕਾਤ ਵਾਲੀ ‘ਕੁੰਡੀ’ ਜੁੜਨੀ ਰਹਿ ਗਈ ਸੀ।
“ਦੂਜੀ ਵਾਰ ਕਿੱਥੇ ਮਿਲਿਆ ਸੈਂ ਬਲਬੀਰ ਨੂੰ?”
ਮੈਂ ਲੋੜ ਅਨੁਸਾਰ ਏਧਰ-ਓਧਰ ਦੌੜ ਲਾਉਣ ਤੋਂ ਬਾਅਦ ਹੀ ‘ਟਿਕਾਣੇ’ ‘ਤੇ ਪੁੱਜਣਾ ਸੀ!
“ਕੀ ਕਹਿ ਸਕਦਾਂ ਕਿ ਦੂਜੀ ਵਾਰ ਉਹਨੂੰ ਕਿੱਥੇ ਮਿਲਿਆਂ? ਮੇਰੀ ਉਸ ਨਾਲ ਬਿਲਕੁਲ ਕੋਈ ਦੋਸਤੀ ਜਾਂ ਨੇੜ ਨਾ ਹੋਣ ਬਾਰੇ ਤਾਂ ਦੱਸ ਹੀ ਚੁੱਕਾਂ। ਇਹੋ ਹੀ ਖ਼ਿਆਲ ਵਿਚ ਆਉਂਦਾ ਹੈ ਕਿ ਕਿਤੇ ਕਿਸੇ ਭੀੜ ਜਾਂ ਇਕੱਠ ਵਿਚ ਹੀ ਉਸ ਨਾਲ ਸਾਧਾਰਨ ‘ਫ਼ਤਹਿ-ਫ਼ਤੂਹੀ’ ਹੋਈ ਹੋਏਗੀ। ਨਿੱਜੀ ਮਿਲਣੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।” ਮੇਰੇ ਕੋਲ ਪਹਿਲਾਂ ਹੀ ਪੁੱਜੀ ਸੂਚਨਾ ਦਾ ਭਰੋਸਾ ਮੇਰੇ ਅੰਦਰੋਂ ਬੋਲ ਰਿਹਾ ਸੀ।
“ਚੱਲ ‘ਨਿੱਜੀ’ ਨਹੀਂ ਤਾਂ ‘ਸਮੂਹ’ ਵਿਚਲੀ ਮਿਲਣੀ ਬਾਰੇ ਹੀ ਦੱਸ।” ਉਹ ਵੀ ਹੁਣ ਛੇਤੀ ਕਿਸੇ ਸਿੱਟੇ ‘ਤੇ ਪਹੁੰਚਣ ਲਈ ਕਾਹਲਾ ਸੀ। ‘ਇਨ੍ਹਾਂ ਤਿਲਾਂ ਵਿਚ ਉਹਨੂੰ ਕੋਈ ਬਹੁਤਾ ਤੇਲ ਨਜ਼ਰ ਨਹੀਂ ਸੀ ਆ ਰਿਹਾ।’
“ਕੋਈ ਵੀ ਕਾਨਫ਼ਰੰਸ, ਕੋਈ ਵੀ ਸਮਾਗਮ ਹੋ ਸਕਦਾ ਹੈ। ਅਸੀਂ ਅੰਬਰਸਰ ਗੁਰਸ਼ਰਨ ਸਿੰਘ ਦੇ ਡਰਾਮੇਂ ਵੇਖਣ ਵੀ ਆਉਂਦੇ ਰਹੇ ਹਾਂ; ਹੋ ਸਕਦਾ ਕਿਸੇ ਇਹੋ ਜਿਹੇ ਮੌਕੇ ਮਿਲਿਆ ਹੋਵੇ।”
ਉਸ ਨੇ ਨਾਂਹ ਵਿਚ ਸਿਰ ਹਿਲਾਇਆ।
ਮੈਂਂ ‘ਘੁੰਮ ਫਿਰ ਆਇਆ’ ਸਾਂ।
“ਉਹਦੇ ਬਿਜਲੀ ਬੋਰਡ ਵਿਚ ਹੋਣ ਤੋਂ ਖ਼ਿਆਲ ਆ ਰਿਹਾ ਏ ਕਿ ਇੱਕ ਵਾਰ ਬਿਜਲੀ ਬੋਰਡ ਵਾਲਿਆਂ ਦੀ ਵੱਡੀ ਹੜਤਾਲ ਹੋਈ ਸੀ, ਜਿਸ ਦੀ ਲੋਕਾਂ ਨੇ ਬੜੀ ਮੁਖ਼ਾਲਫ਼ਤ ਕੀਤੀ ਸੀ। ਹੋ ਸਕਦੈ, ਇਸ ਹੜਤਾਲ ਦੌਰਾਨ ਕਿਤੇ ਮਿਲਿਆ ਹੋਵਾਂ।” ਗੱਡੀ ਲੀਹ ‘ਤੇ ਆ ਗਈ ਸੀ।
“ਹਾਂ, ਹਾਂ। ਚੱਲ ਹੜਤਾਲ ਮੌਕੇ ਕਿੱਥੇ ਮਿਲਿਆ ਸੈਂ?” ਉਹ ਉਤਸ਼ਾਹ ਵਿਚ ਸੀ।
“ਮੈਨੂੰ ਧੁੰਦਲਾ ਜਿਹਾ ਚੇਤਾ ਹੈ ਜਿਵੇਂ ਅਸੀਂ ਦਰਬਾਰ ਸਾਹਿਬ ਕੰਪਲੈਕਸ ਵਿਚ ਹੜਤਾਲੀ ਆਗੂਆਂ ਨੂੰ ਮਿਲੇ ਸਾਂ। ਬਲਬੀਰ ਉਥੇ ਵੀ ਹੋ ਸਕਦਾ ਹੈ।”
ਦੂਜੀ ਵਾਰ ਬਲਬੀਰ ਉਥੇ ਹੀ ਤਾਂ ਮਿਲਿਆ ਸੀ! ਇਹ ਸੂਚਨਾ ਉਹਨੇ ਮੈਨੂੰ ਪਹਿਲਾਂ ਈ ਪਹੁੰਚਾ ਦਿੱਤੀ ਹੋਈ ਸੀ।
ਦੂਜੀ ਕੁੰਡੀ ਵੀ ਜੁੜ ਗਈ ਸੀ। ਗੱਡੀ ‘ਟੇਸ਼ਨ ‘ਤੇ ਪਹੁੰਚ ਗਈ ਸੀ।
ਉਸ ਨੇ ਮੇਰੀ ਪੁਸ਼ਟੀ ਸ਼ਾਇਦ ਜਾਣ-ਬੁੱਝ ਕੇ ਨਾ ਕੀਤੀ। ਉਲਟਾ ਕਹਿਣ ਲੱਗਾ, “ਨਾਲੇ ਕਹਿੰਦਾ ਏਂ ਕਿ ਮੈਂ ਬੇਕਸੂਰ ਆਂ, ਨਾਲੇ ਹੜਤਾਲੀਆਂ ਨੂੰ ਉਨ੍ਹਾਂ ਦੇ ‘ਲੁਕਣ-ਟਿਕਾਣਿਆਂ’ ‘ਤੇ ਮਿਲ ਕੇ ਉਨ੍ਹਾਂ ਨੂੰ ਹੜਤਾਲ ਕਰਨ ਲਈ ਭੜਕਾਉਂਦਾ ਵੀ ਰਿਹਾ ਏਂ।”
“ਮੈਂ ਇਹ ਗੱਲ ਪਹਿਲਾਂ ਹੀ ਕਹਿ ਚੁੱਕਾਂ ਕਿ ‘ਏਨਾ ਕੁ ਪ੍ਰੋਗਰੈਸਿਵ ਹੋਣ’ ਤੋਂ ਮੈਂ ਬਿਲਕੁਲ ਇਨਕਾਰੀ ਨਹੀਂ। ਆਪਣੀਆਂ ਜਾਇਜ਼ ਮੰਗਾਂ ਲਈ ਲੜਨਾ, ਹੜਤਾਲਾਂ ਕਰਨੀਆਂ ਹਰ ਮੁਲਾਜ਼ਮ ਦਾ ਅਧਿਕਾਰ ਹੈ। ਅਸੀਂ ਉਨ੍ਹਾਂ ਆਗੂਆਂ ਨੂੰ ਉਦੋਂ ਇਹ ਵੀ ਕਿਹਾ ਸੀ ਕਿ ਆਮ ਜਨਤਾ ਨੂੰ ਨਾਲ ਲਏ ਬਿਨਾਂ ਨਾ ਕੋਈ ਹੜਤਾਲ ਅਤੇ ਨਾ ਕੋਈ ਲਹਿਰ ਕਾਮਯਾਬ ਹੋ ਸਕਦੀ ਹੈ।”
ਅਸਲ ਵਿਚ ਉਸ ਕੋਲ ਬਲਬੀਰ ਦੇ ਬਿਆਨ ‘ਤੇ ਆਧਾਰਿਤ ਇਹ ਦੋ ਹੀ ਬੁਨਿਆਦੀ ਨੁਕਤੇ ਸਨ। ਉਨ੍ਹਾਂ ਦੀਆਂ ‘ਕੁੰਡੀਆਂ’ ਜੁੜ ਗਈਆਂ ਸਨ। ਉਸ ਨੇ ਬਲਬੀਰ ਦੇ ਦਿੱਤੇ ਬਿਆਨਾਂ ਨਾਲ ਮੇਰੇ ਬਿਆਨ ਮਿਲਾ ਕੇ ਵੇਖਣੇ ਸਨ। ਮੈਂ ਉਸ ਦੇ ਬਿਆਨਾਂ ਅਨੁਸਾਰ ‘ਸੱਚ’ ਬੋਲਿਆ ਸੀ। ਇਹ ਸੱਚ ਮੇਰੇ ਤੀਕ ਪਹਿਲਾਂ ਹੀ ਪਹੁੰਚ ਚੁੱਕਾ ਸੀ। ਬਲਬੀਰ ਨੇ ਕਿਹਾ ਸੀ ਕਿ ਉਹ ਲੇਖਕ ਵਜੋਂ ਮੈਨੂੰ ਜਾਣਦਾ ਸੀ ਅਤੇ ਪਹਿਲੀ ਵਾਰ ਉਹ ਮੈਨੂੰ ਆਪਣੇ ਦੋਸਤ ਪਾਲ ਸਿੰਘ ਨਾਲ ਮੇਰੇ ਪਿੰਡ ਮੇਰੇ ਵਿਆਹ ‘ਤੇ ਮਿਲਿਆ ਸੀ। ਦੂਜੀ ਵਾਰ ਮੈਂ ਬਿਜਲੀ ਬੋਰਡ ਦੇ ਹੜਤਾਲੀ ਮੁਲਾਜ਼ਮਾਂ ਨਾਲ ਉਹਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਿਲਿਆ ਸਾਂ; ਜਿੱਥੇ ਮੈਂ ਹੜਤਾਲੀ ਮੁਲਾਜ਼ਮਾਂ ਨੂੰ ‘ਭਾਸ਼ਣ’ ਵੀ ਦਿੱਤਾ ਸੀ। ਇਸ ਤੋਂ ਵੱਧ ਕਿਸੇ ਹੋਰ ਕਿਸਮ ਦਾ ਮੇਰੇ ਨਾਲ ਕੋਈ ਸਬੰਧ ਹੋਣ ਤੋਂ ਉਸ ਨੇ ਇਨਕਾਰ ਕੀਤਾ ਸੀ।
ਮੇਰੇ ਅਫ਼ਸਰ ਨੇ ਮੇਰੇ ਕੋਲੋਂ ਇਹ ਸੱਚਾਈ ਐਨ ਹੂ-ਬ-ਹੂ ਉਗਲਵਾ ਲਈ ਸੀ। ਵਾਧੂ ਗੱਲ ਇਹ ਸੀ ਕਿ ਉਸ ਨੇ ਮੇਰੇ ਕੋਲੋਂ ਇਹ ਵੀ ਮੰਨਵਾ ਲਿਆ ਕਿ ਮੈਂ ਮੁਲਾਜ਼ਮ-ਘੋਲਾਂ ਵਿਚ ਸਰਗਰਮ ਹਿੱਸਾ ਲੈਂਦਾ ਸਾਂ। ਸਰਕਾਰ ਦੇ ਲੋਕ-ਵਿਰੋਧੀ ਕਿਰਦਾਰ ਦਾ ਨਿੰਦਕ ਅਤੇ ਵਿਰੋਧੀ ਵੀ ਸਾਂ। ਅਧਿਆਪਕਾਂ ਦੀ ਜਥੇਬੰਦੀ ਤੇ ਨੌਜਵਾਨ ਭਾਰਤ ਸਭਾ ਵਿਚ ਕੰਮ ਕਰਦਾ ਸਾਂ ਅਤੇ ਉਸ ਕੰਮ ਨੂੰ ਠੀਕ ਵੀ ਮੰਨਦਾ ਸਾਂ। ਸਭਾ ਦੇ ਮੈਨੀਫ਼ੈਸਟੋ ਦੇ ਹਵਾਲੇ ਨਾਲ ਇਹ ਗੱਲ ਵੀ ਮੰਨਦਾ ਸਾਂ ਕਿ ਸਾਡੀ ਲੜਾਈ ਉਨਾ ਚਿਰ ਜਾਰੀ ਰਹੇਗੀ, ਜਿੰਨਾ ਚਿਰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ।
ਸਿਵਾਏ ਮੇਰੇ ਨਕਸਲੀ ਹੋਣ ਦੇ ਉਸ ਨੇ ਮੇਰੇ ਕੋਲੋਂ ਸਾਰੀ ਲੋੜੀਂਦੀ ਜਾਣਕਾਰੀ ਹਾਸਲ ਕਰ ਲਈ ਸੀ। ਨੌਜਵਾਨ ਭਾਰਤ ਸਭਾ ਦੇ ਮੈਨੀਫ਼ੈਸਟੋ ਵਿਚੋਂ ਜੰਗ ਜਾਰੀ ਰਹਿਣ ਦਾ ਇਕਬਾਲੀਆ ਬਿਆਨ ਵੀ ਉਸ ਲਈ ਵੱਡੀ ਗੱਲ ਸੀ।
ਹੁਣ ਇਸ ਬਿਆਨ ਨੂੰ ਕਲਮਬੰਦ ਕੀਤਾ ਜਾਣਾ ਸੀ। ਇੰਟੈਰੋਗੇਸ਼ਨ ਸੈਂਟਰ ਦੀ ਵੱਡੀ ਬਿਲਡਿੰਗ ਦੇ ਚੜ੍ਹਦੇ ਪਾਸੇ, ਕੰਧ ਦੇ ਨਾਲ ਨਾਲ, ਜਿੱਥੇ ਸਿਆਲਾਂ ਵਿਚ ਚੜ੍ਹਦੇ ਸੂਰਜ ਦੀ ਧੁੱਪ ਪੈਂਦੀ ਸੀ, ਵੱਖ ਵੱਖ ਪੜਤਾਲੀਆ ਅਫ਼ਸਰਾਂ ਨੇ ਆਪਣੇ ਮੇਜ਼-ਕੁਰਸੀਆਂ ਇੱਕ ਲਾਈਨ ਵਿਚ ਲਾਏ ਹੋਏ ਸਨ ਅਤੇ ਉਨ੍ਹਾਂ ਦੇ ਬੱਕਰੇ ਆਪਣੇ ਬਿਆਨ ‘ਮਿਆਂਕ’ ਰਹੇ ਸਨ। ਬਿਆਨ, ਅਫ਼ਸਰਾਂ ਦੀ ਮਰਜ਼ੀ ਅਨੁਸਾਰ ਦੇਣ ਲਈ ਭਾਵੇਂ ‘ਦੋਸ਼ੀਆਂ’ ਦੀ ‘ਸੋਧ-ਸੁਧਾਈ’ ਪਹਿਲਾਂ ਹੀ ਹੋ ਚੁੱਕੀ ਹੁੰਦੀ ਸੀ ਅਤੇ ਉਨ੍ਹਾਂ ਨੂੰ ‘ਤੋਤਾ’ ਬਣਾ ਕੇ ਹੀ ਇੱਥੇ ਲਿਆਂਦਾ ਜਾਂਦਾ ਸੀ, ਫ਼ਿਰ ਵੀ ਲੋੜ ਅਨੁਸਾਰ ਇੱਥੇ ਵੀ ‘ਪੁਲਿਸੀ ਪਿਆਰ ਮੁਹੱਬਤ’ ਦਾ ਪ੍ਰਗਟਾਵਾ ਹੋ ਹੀ ਜਾਂਦਾ ਸੀ।
ਸੈਂਟਰ ਦਾ ਮੁੱਖ ਅਫ਼ਸਰ ਰਾਊਂਡ ‘ਤੇ ਆਇਆ ਅਤੇ ਇਕੱਲੇ ਇਕੱਲੇ ਮੁਲਜ਼ਿਮ ਤੋਂ ਮਿਲੀ ਜਾਣਕਾਰੀ ਬਾਰੇ ਸੰਖੇਪ ਵਿਚ ਪੁੱਛਦਾ ਜਦੋਂ ਸਾਡੇ ਕੋਲ ਪੁੱਜਾ ਤਾਂ ਮੇਰੇ ਪੜਤਾਲ ਅਫ਼ਸਰ ਨੇ ਆਪ ਹੀ ਕਹਿ ਦਿੱਤਾ, “ਬਲਬੀਰ ਵਾਲੀ ਗੱਲ ਸਾਫ਼ ਹੋ ਗਈ ਏ ਜੀ! ਬਿਆਨ ਤਿਆਰ ਕਰ ਰਹੇ ਆਂ।”
ਮੁੱਖ ਅਫ਼ਸਰ ਦੋ ਕਦਮ ਅੱਗੇ ਵਧਿਆ ਅਤੇ ਸਾਥੋਂ ਅਗਲੇ ‘ਇਨਚਾਰਜ’ ਨੂੰ ਪੁੱਛਿਆ, “ਇਹ ਬਕਿਆ ਭੈਣæææ ਕਿ ਨਹੀਂ? ਛੋਈ ਲਾਹ ਦਿਓ ਇਹਦੀ। ਮੁੱਛਾਂ ਪੁੱਟ ਕੇ ਇਹਦੀæææ ‘ਚ ਦੇ ਦਿਓ।”
ਉਨ੍ਹਾਂ ਦਾ ਹਵਾਲਦਾਰ ਪਹਿਲਾਂ ਹੀ ਬੋਲ ਪਿਆ, “ਸਾਹਬ ਬਹਾਦਰ! ਮੁੱਛਾਂ ਤਾਂ ਭੈਣ ਦੇ ਖਸਮ ਨੇ ਮਹਾਰਾਣਾ ਪ੍ਰਤਾਪ ਵਾਂਗ ਰੱਖੀਆਂ ਨੇ ਤੇ ਟੱਟੀ ਭੈਣæææ ਦੀ ਤਿੱਜੇ ਛਿੱਤਰ ‘ਤੇ ਨਿਕਲ ਗਈ ਆ। ਛਿੱਤਰ ਵੀ ਲਬੇੜ’ਤਾ ਭੈਣ ਦੇਣੇ ਨੇ। ਅਹੁ ਵੇਖੋ! ਧੁਆ ਕੇ ਕੰਧ ਨਾਲ ਸੁੱਕਣੇ ਪਾਇਆ ਹੋਇਆ।”
ਜਿੱਥੋਂ ਤੀਕ ਹਵਾਲਦਾਰ ਦੀ ਆਵਾਜ਼ ਗਈ, ਸੁਣ ਕੇ ਕੰਧ ਨਾਲ ਬੈਠੀਆਂ ‘ਟੀਮਾਂ’ ਦਾ ਉਚਾ ਹਾਸਾ ਗੂੰਜਿਆ।
ਮੁੱਖ ਅਫ਼ਸਰ ਨੇ ਮੇਰੇ ਵੱਲ ਮੂੰਹ ਕੀਤਾ, “ਕਿਹੜੀ ਐਮæਏæ ਕੀਤੀ ਆ?”
“ਪੰਜਾਬੀ ਦੀ”
“ਫੇਰ ਤਾਂ ਤੈਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਹੋਣਾ?” ਮੇਰੇ ਸੱਜੇ ਹੱਥ ਵਾਲੀ ਟੋਲੀ ਦੇ ਗੰਜੇ ਥਾਣੇਦਾਰ ਨੇ ਬੜੀ ਉਤਸੁਕਤਾ ਨਾਲ ਪੁੱਛਿਆ। ਉਸ ਅਨੁਸਾਰ ਪੰਜਾਬੀ ਦੀ ਐਮæਏæ ਵਿਚ ਗੁਰੂ ਗ੍ਰੰਥ ਸਾਹਿਬ ਹੀ, ਸ਼ਾਇਦ, ਕੰਠ ਕਰਵਾਇਆ ਜਾਂਦਾ ਸੀ। ਜਿਵੇਂ ਹੋਰ ਬਹੁਤ ਸਾਰਿਆਂ ਲਈ ਪੰਜਾਬੀ ਦੀ ਐਮæਏæ ਵਿਚ ਸਿਰਫ਼ ਹੀਰ-ਰਾਂਝਾ ਅਤੇ ਹੋਰ ਆਸ਼ਕਾਂ ਦੇ ਕਿੱਸੇ ਹੀ ਪੜ੍ਹਾਏ ਜਾਂਦੇ ਹਨ।
ਮੈਂ ਐਮæਏæ ਦੇ ਵੱਖ ਵੱਖ ਪਰਚਿਆਂ ਦੀ ਤਫ਼ਸੀਲ ਦੱਸੀ ਅਤੇ ਇਹ ਵੀ ਦੱਸਿਆ ਕਿ ਗੁਰਬਾਣੀ ਵੀ ਸਾਡੇ ਸਿਲੇਬਸ ਦਾ ਹਿੱਸਾ ਹੈ।
“ਆਹ ਜਿਹੜੀ ਆਰਤੀ ਪੜ੍ਹਦੇ ਨੇ ਗੁਰਦਵਾਰਿਆਂ ਵਿਚ; ਇਹਦਾ ਕੀ ਮਤਲਬ ਆ? ਤੂੰ ਸੁਣਿਐ ਯੂਨੀਵਰਸਿਟੀ ‘ਚੋਂ ਅੱਵਲ ਆਇਆ ਏਂ?” ਗੰਜੇ ਥਾਣੇਦਾਰ ਨੇ ਸਵਾਲ ਕੀਤਾ।
ਮੈਨੂੰ ਕਿਹੜਾ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਚੇਤੇ ਸੀ, ਪਰ ਚੰਗੇ ਭਾਗਾਂ ਨੂੰ ਆਰਤੀ ਤਾਂ ਮੈਨੂੰ ਯਾਦ ਹੀ ਸੀ। ਮੈਂ ਸਾਰੀ ਆਰਤੀ ਪਹਿਲਾਂ ਜ਼ਬਾਨੀ ਬੋਲ ਕੇ ਸੁਣਾਈ ਤੇ ਫਿਰ ਇਕੱਲੀ ਇਕੱਲੀ ਸਤਰ ਦੇ ਅਰਥ ਅਤੇ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਗੱਲ ਬਣਦੀ ਵੇਖ ਕੇ ਮੈਂ ਵਧੇਰੇ ਪ੍ਰਭਾਵਿਤ ਕਰਨ ਵਾਲਾ ਕੁਝ ਮਸਾਲਾ ਕੋਲੋਂ ਵੀ ਜੋੜ ਲਿਆ। ਉਨ੍ਹਾਂ ਨੂੰ ਕਿਹੜੇ ‘ਕੱਲੇ ‘ਕੱਲੇ ਸ਼ਬਦ ਦੇ ਅਰਥ ਆਉਂਦੇ ਸਨ। ਭਾਸ਼ਾ ਨੂੰ ਵੀ ਕੁਝ ਵਧੇਰੇ ਲੱਛੇਦਾਰ ਬਣਾ ਲਿਆ।
ਮੇਰੀ ‘ਵਿਦਵਤਾ’ ਦੀ ‘ਭੱਲ’ ਬਣਾਉਣ ਵਿਚ ਗੰਜੇ ਥਾਣੇਦਾਰ ਨੇ ਮੇਰੀ ਸਹਿਵਨ ਹੀ ਮਦਦ ਕਰ ਦਿੱਤੀ ਸੀ।
ਸਾਰੇ ਜਣੇ ਆਪੋ-ਆਪਣਾ ‘ਕੰਮ’ ਰੋਕ ਕੇ ਮੇਰੇ ਕੋਲ ਆ ਕੇ ਖਲੋ ਗਏ। ਮੈਂ ਵਿਆਖਿਆ ਖ਼ਤਮ ਕੀਤੀ ਤਾਂ ਮੁੱਖ ਅਫ਼ਸਰ ਵਾਪਸ ਮੁੜ ਪਿਆ। ਉਹਨੂੰ ‘ਸੁਣਾ’ ਕੇ ਗੰਜੇ ਥਾਣੇਦਾਰ ਨੇ ਕਿਹਾ, “ਦਲੀਪ ਸਿੰਅ੍ਹਾਂ! ਜੇ ਬਿਆਨ ‘ਮਿਲ’ ਗਏ ਨੇ ਤਾਂ ਇਹਨੂੰ ਪੜ੍ਹੇ-ਲਿਖੇ ਬੰਦੇ ਨੂੰ ਭੁੰਜੇ ਕਿਉਂ ਬਠਾਇਆ ਏ? ਬੈਂਚ ‘ਤੇ ਬਿਠਾ।”
ਦਲੀਪ ਸਿੰਘ ਨਾਲ ਤਾਂ ਮੇਰਾ ਰਾਬਤਾ ਬਣ ਹੀ ਗਿਆ ਸੀ, ਪਰ ਉਹ ਮੇਰੇ ਲਈ ਕੋਈ ‘ਹਮਦਰਦੀ’ ਵਿਖਾਉਂਦਾ ‘ਦਿਸਣਾ’ ਨਹੀਂ ਸੀ ਚਾਹੁੰਦਾ। ਗੰਜੇ ਥਾਣੇਦਾਰ ਨੇ ਮੇਰੇ ਨਾਲ ਉਸ ਦੀ ਵੀ ‘ਮਦਦ’ ਕਰ ਦਿੱਤੀ ਸੀ। ਮੇਰਾ ਬੈਂਚ ‘ਤੇ ਬੈਠਣਾ ਹੁਣ ਉਸ ਲਈ ਕੋਈ ਮਿਹਣਾ ਨਹੀਂ ਸੀ ਬਣਨਾ।
ਮੈਂ ‘ਭਵ-ਸਾਗਰ’ ਪਾਰ ਕਰ ਲਿਆ ਸੀ।
ਅੱਜ ਦੀ ਸ਼ਾਮ ਆਪਣੀ ਕੋਠੜੀ ਵਿਚ ਆਪਣੇ ਦੁਆਲੇ ਕੰਬਲ ਲਪੇਟ ਕੇ ਬੈਠਾ, ਮੈਂ ਸਹਿਜ ਸਾਂ ਅਤੇ ਕਿਸੇ ਦਰਸ਼ਕ ਵਾਂਗ ਸੈਂਟਰ ਦੇ ਸਮੁੱਚੇ ਵਰਤਾਰੇ ਨੂੰ ਵਾਚਣ ਲਈ ‘ਵਿਹਲਾ’ ਸਾਂ! ਇੰਨੇ ਨੂੰ ਨਵੇਂ ਮੁਲਜ਼ਿਮ ਨੂੰ ਲੈ ਕੇ ਆਉਂਦੇ ਹੋਏ, ਗਾਲ੍ਹ-ਮੰਦਾ ਕਰਦੇ ਪੁਲਸੀਏ ਅਹਾਤੇ ਵਿਚ ਦਾਖ਼ਲ ਹੋਏ।
“ਕਿੱਥੇ ਵਾੜੀਏ ਇਹਨੂੰ?” ਇੱਕ ਜਣੇ ਨੇ ਸਵਾਲ ਕੀਤਾ।
“ਮਾਸਟਰ ਹੁਣਾਂ ਵਾਲੀ ਕੋਠੜੀ ਵਿਚ ਵਾੜੋ ਇਹਨੂੰ। ਪੜ੍ਹੇ-ਲਿਖੇ ਬੰਦੇ ਤੋਂ ਕੋਈ ‘ਗਿਆਨ ਦੀ ਗੱਲ’ ਈ ਸਿੱਖੂ।” ਆਖਣ ਵਾਲਾ ਹੱਸਦਾ ਹੋਇਆ ਮੇਰੀ ਕੋਠੜੀ ਦਾ ਦਰਵਾਜ਼ਾ ਖੋਲ੍ਹ ਰਿਹਾ ਸੀ। ਫਿਰ ਉਹ ਮੁਲਜ਼ਿਮ ਨੂੰ ਸੰਬੋਧਤ ਹੋਇਆ, “ਲਾਲਾ! ਹੁਣ ਸਵੇਰੇ ਲਵਾਂਗੇ ਤੇਰੀ ਕੁੜੀ ਨਾਲ ਫ਼ੇਰੇ।”
ਉਸ ਨੇ ਲੰਮੇ-ਝੰਮੇ ‘ਲਾਲੇ’ ਦੇ ਕੰਨਾਂ ‘ਤੇ ਧੌਲ ਜੜੀ।
“ਮੋਤੀਆਂ ਵਾਲਿਆ! ਮੈਂ ਤਾਂ ਆਪਣੇ ਕੁੜਮ ਦਾ ਫਸਾਇਆ ਫਸਿਆਂ! ਮੈਂ ਇੱਜ਼ਤਦਾਰ ਆਦਮੀ! ਧੀਆਂ ਜਵਾਈਆਂ ਵਾਲਾ! ਜਿਹੜਾ ਗੁਨਾਹ ਹੈਗਾ, ਉਹ ਮੈਂ ਪਹਿਲਾਂ ਈ ਮੰਨਦਾਂ।”
ਲ਼ਾਲਾ ਗਿੜਗੜਾਉਂਦਾ ਹੋਇਆ ਅੱਥਰੂ ਕੇਰ ਰਿਹਾ ਸੀ।
“ਚੱਲ! ਚੱਲ! ਅੰਦਰ ਹੋ।”
ਲਾਲਾ ਕੋਠੜੀ ਅੰਦਰ ਵੜਨ ਲੱਗਾ ਤਾਂ ਉਸ ਉਤੇ ਲਿਆ ਕੀਮਤੀ ਕੰਬਲ ਪਿਛਲੇ ਪੁਲਸੀਏ ਨੇ ਉਸ ਦੇ ਗਲ ਵਿਚੋਂ ਪਿੱਛੇ ਨੂੰ ਧੂੰਹਦਿਆਂ ਕਿਹਾ, “ਲਾਹ ਇਹਨੂੰ ਭੈਣæææ ਏਥੇ ਕੁੜਮਾਂ ਦੇ ਨਹੀਂ ਆਇਆ ਤੂੰ। ਕਿੱਡੀ ਕੰਬਲ ਦੀ ਬੁੱਕਲ ਮਾਰੀ ਸੂ। ਕਰਨੀਆਂ ਲੌਂਗਾਂ ਦੀਆਂ ਬਲੈਕਾਂ ਤੇæææ ।”
ਪਿੱਛੋਂ ਧੌਣ ‘ਤੇ ਧੱਫ਼ਾ ਪੈਣ ਕਾਰਨ ਲਾਲਾ ਮੇਰੇ ਉਤੇ ਡਿੱਗਦਾ ਡਿੱਗਦਾ ਬਚਿਆ।
“ਸਾਂਭੋ ਮਾਸਟਰ ਜੀ ਇਹਨੂੰæææ।”
ਉਹ ਦਰਵਾਜ਼ਾ ਬੰਦ ਕਰ ਕੇ ਚਲੇ ਗਏ। ਲਾਲਾ ਡਰੀਆਂ-ਡੈਂਬਰੀਆਂ ਅੱਖਾਂ ਨਾਲ ਮੇਰੇ ਵੱਲ ਵੇਖਣ ਲੱਗਾ। ਅੱਥਰੂ ਉਸ ਦੀਆਂ ਗੱਲ੍ਹਾਂ ‘ਤੇ ਅਟਕੇ ਹੋਏ ਸਨ। ਮੈਂ ਉਹਨੂੰ ‘ਆਪਣੇ’ ਕੰਬਲਾਂ ਵਿਚੋਂ ਇੱਕ ਕੰਬਲ ਉਤੇ ਲੈਣ ਲਈ ਦਿੱਤਾ ਅਤੇ ਹੌਸਲਾ ਕਰਨ ਲਈ ਕਿਹਾ।
“ਸਰਦਾਰ ਜੀ ਮੇਰਾ ਕੀ ਬਣੂੰ? ਮੈਂ ਸ਼ਰੀਫ਼ ਖਾਨਦਾਨ ਵਾਲਾ, ਚੰਗੇ ਅੰਗਾਂ ਸਾਕਾਂ ਵਾਲਾ। ਸਾਡੇ ਕਦੇ ਪਿਓ ਦਾਦੇ ਨੇ ਇਹ ਕੰਮ ਨਾ ਕੀਤੇ। ਕਦੀ ਠਾਣਾ ਹਵਾਲਾਤ ਨਾ ਵੇਖੀ। ਮੈਨੂੰ ਤਾਂ ਪਹਿਲੀ ਚੋਰੀ ‘ਤੇ ਫ਼ਾਹੇ ਦਾ ਹੁਕਮ ਵਾਲੀ ਗੱਲ ਬਣੀ ਜੀ। ਜਿੱਧਰ ਮੇਰਾ ਮੁੰਡਾ ਵਿਆਹਿਆ, ਮੇਰਾ ਉਹ ਕੁੜਮ ਬਲੈਕ ਕਰਦਾ। ਮੈਨੂੰ ਵੀ ਨਾਲ ਰਲਣ ਲਈ ਕਹਿੰਦਾ ਰਹਿੰਦਾ ਸੀ। ਮੈਂ ਨਹੀਂ ਸਾਂ ਮੰਨਦਾ। ਉਹਦੀਆਂ ਮਿੱਠੀਆਂ ਪਿਆਰੀਆਂ ਗੱਲਾਂ ‘ਚ ਆ ਕੇ ਫਸ ਗਿਆ। ਪਹਿਲੀ ਵਾਰ ਈ ਰਲਿਆ ਤੇ ਮਾੜੀ ਕਿਸਮਤ ਨੂੰ ਮਾਲ ਫੜਿਆ ਗਿਆ। ਉਹਨੇ ਅੱਗਿਉਂ ਮੇਰਾ ਨਾਂ ਵੀ ਲੈ ਦਿੱਤਾ। ਪਹਿਲੀ ਚੋਰੀ, ਫ਼ਾਹੇ ਦਾ ਹੁਕਮ!” ਉਸ ਨੇ ਦੁਹਰਾਇਆ।
“ਹੁਣ ਤਾਂ ਜੋ ਹੋਇਆ, ਭੁਗਤਣਾ ਹੀ ਪਊ, ਪਰ ਦਿਲ ਨਾ ਛੱਡੋ, ਤਗੜੇ ਰਹੋ।” ਮੈਂ ਧੀਰਜ ਦਿੱਤਾ।
“ਅਜੇ ਪਿਛਲੇ ਹਫ਼ਤੇ ਹੀ ਮੈਂ ਆਪਣੀ ਧੀ ਬੜੇ ਉਚੇ, ਪੜ੍ਹੇ-ਲਿਖੇ ਅਤੇ ਸ਼ਰੀਫ਼ ਖ਼ਾਨਦਾਨ ਵਿਚ ਮੰਗੀ ਏ। ਉਹਦਾ ਤਾਂ ਰਿਸ਼ਤਾ ਟੁੱਟ ਜੂ ਜੀ। ਮੇਰਾ ਭਾਈਚਾਰਾ ਤੇ ਹੋਰ ਲੋਕ ਮੇਰੇ ਬਾਰੇ ਕੀ ਸੋਚਣਗੇ ਜੀ। ਸਾਡੇ ਤਾਂ ਪੀੜ੍ਹੀਆਂ ‘ਚੋਂ ਕਿਸੇ ਨੇ ਠਾਣੇ ਦਾ ਮੂੰਹ ਨਹੀਂ ਸੀ ਵੇਖਿਆ ਜੀ। ਹੁਣ ਕੀ ਬਣੂੰ?”
ਉਹਨੂੰ ‘ਖ਼ਾਨਦਾਨ ਦੀ ਇੱਜ਼ਤ ਰੁਲ ਜਾਣ’ ਦਾ ਖ਼ਤਰਾ ਵੀ ਸੀ ਅਤੇ ਸੈਂਟਰ ਵਿਚ ਵਾਪਰਨ ਵਾਲੀ ਹੋਣੀ ਦੀ ਦਹਿਸ਼ਤ ਵੀ ਉਹਦੇ ਸਿਰ ਚੜ੍ਹ ਬੋਲ ਰਹੀ ਸੀ। ਮੈਂ ਉਹਨੂੰ ਧਰਵਾਸ ਬੰਨ੍ਹਾਉਣ ਵਾਲੀਆਂ ਗੱਲਾਂ ਕਰਨ ਲੱਗਾ। ਉਸ ਦਾ ਮਨ ਥੋੜ੍ਹਾ ਕੁ ਟਿਕਿਆ ਤਾਂ ਮੈਨੂੰ ਮੇਰੇ ਬਾਰੇ ਪੁੱਛਣ ਲੱਗਾ।
000