ਗੁਰਚਰਨ ਪੱਖੋਕਲਾਂ
ਫੋਨ: 91-94177-27245
ਪੰਜਾਬ ਵਿਧਾਨ ਸਭਾ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਂਦੀ ਖਡੂਰ ਸਾਹਿਬ ਵਿਧਾਨ ਹਲਕੇ ਦੀ ਜਿਮਨੀ ਚੋਣ ਦਿਲਚਸਪ ਮੋੜ ‘ਤੇ ਹੈ ਅਤੇ ਇਸ ਦਾ ਨਤੀਜਾ ਵੀ ਹੈਰਾਨਕੁਨ ਤੇ ਰਾਹ ਦਸੇਰਾ ਹੋਣ ਦੀ ਸੰਭਾਵਨਾ ਹੈ।
ਪਿਛਲੇ ਮਹੀਨੇ ਚੋਣ ਸਰਗਰਮੀ ਵਿਚ ਹਿੱਸਾ ਲੈਦਿਆਂ ਅਠਾਰਾਂ ਦਿਨ ਇਸ ਹਲਕੇ ਦੇ ਪਿੰਡਾਂ ਵਿਚ ਕੰਮ ਕਰਦਿਆਂ ਬਹੁਤ ਸਾਰੇ ਲੋਕ ਮਨਾਂ ਨੂੰ ਟੋਹਣ ਦਾ ਮੌਕਾ ਮਿਲਿਆ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਾਰਜ ਸ਼ੈਲੀ ਨੂੰ ਵੀ ਨੇੜਿਉਂ ਦੇਖਣ ਕਰਕੇ ਕੁੱਝ ਸੰਕੇਤ ਮਿਲਦੇ ਹਨ। ਦੂਰੋਂ ਦੇਖਿਆਂ ਬਹੁਤੇ ਵਿਸ਼ਲੇਸ਼ਕ ਅਕਾਲੀ ਦਲ ਨੂੰ ਇੱਕਪਾਸੜ ਜਿੱਤ ਦਾ ਦਾਅਵੇਦਾਰ ਸਮਝਣ ਲੱਗੇ ਹਨ ਪਰ ਸਥਿਤੀ ਅਜਿਹੀ ਨਹੀਂ ਹੈ। ਬ੍ਰਹਮਪੁਰਾ ਪਰਿਵਾਰ ਦੀ ਹੱਦ ਦਰਜੇ ਦੀ ਦਾਦਾਗਿਰੀ ਤੋਂ ਡਰਦੇ ਲੋਕ ਭਾਵੇਂ ਬੋਲਣ-ਦੱਸਣ ਦੇ ਰਾਹ ਤੁਰਨ ਤੋਂ ਵੀ ਗੁਰੇਜ ਕਰਦੇ ਹਨ ਪਰ ਥੋੜਾ ਜਿਹਾ ਪਿਆਰ ਬਣਾ ਕੇ ਫਰੋਲਣ ‘ਤੇ ਅਕਾਲੀ ਦਲ ਪ੍ਰਤੀ ਨਫਰਤ ਦਾ ਵਿਖਾਵਾ ਵੀ ਖੂਬ ਕਰਦੇ ਹਨ। ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਨੂੰ ਇੱਕ ਵੀ ਵਿਅਕਤੀ ਮਾੜਾ ਬੋਲਦਾ ਨਹੀਂ ਮਿਲਿਆ ਪਰ ਕੁੱਝ ਸਿਆਣੇ ਲੋਕ ਉਸ ਦੀ ਨਰਮਾਈ ਨੂੰ ਜਰੂਰ ਲਾਹੇਵੰਦਾ ਨਹੀਂ ਮੰਨਦੇ ਜੋ ਅਕਾਲੀ ਦਲ ਦੇ ਦਬਾਅ ਨੂੰ ਉਪਜਣ ਦੇਣ ਦਾ ਕਾਰਨ ਮੰਨਦੇ ਹਨ। ਅਕਾਲੀ ਦਲ ਦਾ ਦਬਾਅ ਅਫਸਰਸ਼ਾਹੀ ਅਤੇ ਆਮ ਲੋਕਾਂ ‘ਤੇ ਵੀ ਹੈ। ਕੁੱਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਫਸਰਸ਼ਾਹੀ ਅਕਾਲੀ ਅਹੁਦੇਦਾਰਾਂ ਅੱਗੇ ਆਪਣੀ ਨਿਸ਼ਚਿਤ ਕੁਰਸੀ ‘ਤੇ ਵੀ ਬੈਠਣ ਦੀ ਹਿੰਮਤ ਨਹੀਂ ਕਰਦੇ। ਕਈ ਵਾਰ ਤਾਂ ਅਕਾਲੀ ਦਲ ਦੇ ਆਗੂ ਵੱਡੇ ਅਫਸਰਾਂ ਦੀ ਕੁਰਸੀ ‘ਤੇ ਵੀ ਖੁਦ ਬੈਠ ਜਾਂਦੇ ਹਨ। ਹੋ ਸਕਦਾ ਹੈ ਇਹ ਗਲਤ ਹੋਵੇ ਪਰ ਆਮ ਕਰਕੇ ਪੱਤਰਕਾਰਾਂ ਅਤੇ ਸਿਆਣੇ ਲੋਕਾਂ ਵਿਚ ਇਸ ਨੂੰ ਸੱਚ ਮੰਨਿਆ ਜਾਂਦਾ ਹੈ।
ਇਸ ਸਮੇਂ ਉਸ ਹਲਕੇ ਵਿਚ ਕਾਂਗਰਸ ਦੇ ਦੋ ਧੜੇ ਹਨ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ। ਭੁਪਿੰਦਰ ਸਿੰਘ ਬਿੱਟੂ ਸਾਬਕਾ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਰਿਸ਼ਤੇਦਾਰ ਜਾਂ ਨਜ਼ਦੀਕੀ ਹੈ। ਅਜਿਹੇ ਹਾਲਾਤ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਖਡੂਰ ਸਾਹਿਬ ਵਿਚ ਪੈਨਲਟੀ ਸਟਰੋਕ ਹੈ, ਸਿੱਕੀ ਨੂੰ ਬਿਠਾਉਣਾ ਜਿਸ ਨੂੰ ਇੱਕ ਮਜਬੂਤ ਵਿਰੋਧੀ ਭੁਪਿੰਦਰ ਬਿੱਟੂ ਦੇ ਵਿਰੋਧ ਕਾਰਨ ਹਾਰਨਾ ਪੈਣਾ ਸੀ। ਸਿੱਧੇ ਤੌਰ ‘ਤੇ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਪਰ ਹੁਣ ਅਸਿੱਧੇ ਤੌਰ ‘ਤੇ ਕਾਂਗਰਸ ਦਾ ਇੱਕ ਉਮੀਦਵਾਰ ਵੀ ਹੈ ਬਿੱਟੂ ਜਿਸ ਨੇ ਆਪਣੇ ਰਿਸ਼ਤੇਦਾਰ ਸਾਬਕਾ ਚੋਣ ਕਮਿਸ਼ਨਰ ਦੇ ਐਮæਪੀæ ਖਾਤੇ ਦੇ 25 ਕਰੋੜ ਰੁਪਏ ਗਰਾਂਟਾਂ ਦੇ ਰੂਪ ਵਿਚ ਵੰਡੇ ਹਨ ਅਤੇ ਸਿੱਕੀ ਨਾਲੋਂ ਜ਼ਿਆਦਾ ਰਾਬਤਾ ਲੋਕਾਂ ਨਾਲ ਬਣਾਈ ਰੱਖਿਆ ਹੈ। ਹੋ ਸਕਦਾ ਹੈ ਗਰਾਂਟਾਂ ਵੰਡਣ ਦਾ ਕੰਮ ਘੱਟ ਵੱਧ ਹੋਵੇ ਪਰ ਲੋਕਾਂ ਵਿਚ ਇਹ ਅਕਸ ਬਣ ਚੁਕਾ ਹੈ। ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਇਸ ਨੂੰ ਅੰਦਰਖਾਤੇ ਅਕਾਲੀ ਦਲ ਦਾ ਇਸ਼ਾਰਾ ਜਾਂ ਮਦਦ ਵੀ ਹੋਵੇ, ਸਿੱਕੀ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਣ ਲਈ ਪਰ ਇਸ ਸਮੇਂ ਉਹ ਸਿਰਦਰਦੀ ਸਿੱਧ ਹੋਵੇਗਾ। ਰਾਜਨੀਤੀ ਵਿਚ ਬਹੁਤ ਕੁੱਝ ਗੁਪਤ ਹੁੰਦਾ ਹੈ ਅਤੇ ਇਸ ਵਿਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਅਤੇ ਹਰ ਸਿਆਸੀ ਮੌਕੇ ਨੂੰ ਆਪਣੀ ਤਾਕਤ ਅਤੇ ਲਿਆਕਤ ਅਨੁਸਾਰ ਵਰਤਦਾ ਹੈ, ਮੌਕੇ ‘ਤੇ ਫੈਸਲੇ ਲੈਂਦਾ ਹੈ ਜੋ ਜਰੂਰੀ ਵੀ ਹੈ। ਮੌਜੂਦਾ ਸਥਿਤੀ ਵਿਚ ਕਿਉਂਕਿ ਲੋਕਾਂ ਵਿਚ ਅਕਾਲੀ ਦਲ ਦਾ ਭਾਰੀ ਵਿਰੋਧ ਅਤੇ ਨਫਰਤ ਹੈ ਅਤੇ ਬਿੱਟੂ ਹੀ ਹੁਣ ਅਕਾਲੀ ਦਲ ਦਾ ਮੁੱਖ ਵਿਰੋਧੀ ਬਣ ਚੁੱਕਿਆ ਹੈ ਜਿਸ ਨੂੰ ਕਾਂਗਰਸ ਦੇ ਵੱਡੇ ਆਗੂਆਂ ਦਾ ਪੂਰਾ ਸਮਰਥਨ ਹਾਸਲ ਹੈ। ਹੁਣ ਅਕਾਲੀ ਦਲ ਨੂੰ ਬਿੱਟੂ ਨੂੰ ਹਰਾਉਣ ਲਈ ਕਿਸੇ ਨਵੇਂ ਉਮੀਦਵਾਰ ਦੀ ਮਦਦ ਕਰਕੇ ਬਿੱਟੂ ਦੀ ਵੋਟ ਘਟਾਉਣ ਲਈ ਉਸ ਨੂੰ ਵਰਤਣਾ ਹੈ ਜਿਸ ਨਾਲ ਬਿੱਟੂ ਕਮਜੋਰ ਹੋਵੇ। ਇਹ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗੇਗਾ। ਬਸਪਾ ਅੰਬੇਦਕਰ ਦੇ ਉਮੀਦਵਾਰ ਨੂੰ ਅੰਦਰਖਾਤੇ ਮਦਦ ਜਾਂ ਕੋਈ ਹੋਰ ਆਜ਼ਾਦ ਉਮੀਦਵਾਰ ਜਿਸ ਵਿਚ ਸੁਮੇਲ ਸਿੰਘ ਜਾਂ ਕੋਈ ਹੋਰ ਦੀ ਉਡੀਕ ਕਰਨੀ ਪਵੇਗੀ ਅਤੇ ਇਸ ਦਾ ਪਤਾ ਆਉਣ ਵਾਲੇ ਸਮੇਂ ਵਿਚ ਲੱਗ ਹੀ ਜਾਵੇਗਾ।
ਭਾਈ ਬਲਦੀਪ ਸਿੰਘ ਜਿਨ੍ਹਾਂ ਦੇ ਕਾਗਜ਼ ਹੀ ਰੱਦ ਹੋ ਗਏ ਹਨ, ਨੂੰ ਵੀ ਗੁਪਤ ਤੌਰ ‘ਤੇ ਇਸ ਏਜੰਡੇ ਤਹਿਤ ਵਰਤਿਆ ਜਾਣਾ ਸੀ ਪਰ ਇਹ ਹਥਿਆਰ ਵਕਤ ਤੋਂ ਪਹਿਲਾਂ ਹੀ ਖੁੰਢਾ ਹੋ ਚੁੱਕਾ ਸੀ ਜਿਸ ‘ਤੇ ਦਾਅ ਲਾਉਣ ਵਾਲੇ ਰਾਜਨੀਤੀ ਤੋਂ ਅਣਜਾਣ ਨਵੇਂ ਲੋਕ ਸਨ ਜਿਨ੍ਹਾਂ ਦੇ ਕੁੱਝ ਨਿਜੀ ਕਾਰਨ ਅਤੇ ਹਿੱਤ ਸਨ ਜਿਨ੍ਹਾਂ ਕਾਰਨ ਇਹ ਸਭ ਕੁਝ ਹੋਇਆ। ਭਾਈ ਬਲਦੀਪ ਸਿੰਘ ਰਾਜਨੀਤਕ ਵਿਅਕਤੀ ਨਹੀਂ ਹੈ। ਉਨ੍ਹਾਂ ਵੱਲੋਂ ਲਗਵਾਏ ਗਏ ਸਵਾ ਲੱਖ ਖਾਲਸਾ ਜਾਂ ਅਬਦਾਲੀ ਰਾਜ ਦੇ ਵੱਡੇ ਵੱਡੇ ਫਲੈਕਸ ਉਨ੍ਹਾਂ ਨੂੰ ਗੈਰ ਰਾਜਨੀਤਕ ਵਿਅਕਤੀ ਸਿੱਧ ਕਰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿਚ ਲੱਗੇ ਅਣਗਿਣਤ ਫਲੈਕਸਾਂ ‘ਤੇ ਖਰਚੇ ਲੱਖਾਂ ਰੁਪਏ ਵੀ ਗੁਪਤ ਕਹਾਣੀ ਦੀ ਬਾਤ ਪਾਉਂਦੇ ਹਨ। ਸਵਰਾਜ ਗਰੁਪ ਦੇ ਮਨਜੀਤ ਸਿੰਘ ਨਿਜ ਹਾਉਮੈ ਕਾਰਨ ਜੋਗਿੰਦਰ ਯਾਦਵ ਅਤੇ ਕੁੱਝ ਹੋਰ ਆਗੂਆਂ ਨੂੰ ਵੀ ਰਗੜਾ ਲਾ ਗਏ ਹਨ।
ਇਸ ਸਮੇਂ ਵਿਦੇਸ਼ਾਂ ਵਿਚਲੇ ਬਹੁਤੇ ਸਮਝਦਾਰ ਲੋਕ ਪੰਜਾਬ ਨੂੰ ਵਧੀਆ ਤਰੱਕੀਪਸੰਦ ਸੂਬਾ ਬਣਾਉਣਾ ਲੋਚਦੇ ਹਨ ਪਰ ਵਿਦੇਸ਼ਾਂ ਵਿਚ ਬੈਠੇ ਕੁੱਝ ਮਤਲਬਪ੍ਰਸਤ ਅਤੇ ਏਜੰਸੀਆਂ ਦੇ ਲੋਕਾਂ ਦਾ ਵੀ ਇਸ ਪਿੱਛੇ ਹੱਥ ਹੈ, ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਵਿਚ। ਖਡੂਰ ਸਾਹਿਬ ਦੀ ਚੋਣ ਵਿਚ ਉਸ ਹਲਕੇ ਵਿਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਆਧਾਰ ਹੀ ਨਹੀਂ ਹੈ। ਆਮ ਆਦਮੀ ਪਾਰਟੀ ਵਿਚ ਧੜੇਬਾਜ਼ੀ ਸਿਖਰਾਂ ‘ਤੇ ਹੈ। ਇਸ ਵੇਲੇ ਇਸ ਦੇ ਵਧੇਰੇ ਆਗੂ ਰਾਜਨੀਤੀ ਤੋਂ ਦੂਰ ਗੁਪਤ ਨੀਤੀਆਂ ਤਹਿਤ ਵਿਸੇæਸ਼ ਵਿਅਕਤੀਆਂ ਲਈ ਨਿਜੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਅਤੇ ਬਿਆਨਬਾਜ਼ੀ ਵੀ, ਜੋ ਪਾਰਟੀ ਦੇ ਵੱਕਾਰ ਨੂੰ ਢਾਹ ਲਾਵੇਗੀ। ਇਸ ਹਲਕੇ ਵਿਚ ਜਿੱਤ ਕਿਸੇ ਦੀ ਵੀ ਹੋਵੇ ਪਰ ਫੈਸਲਾ ਇਸ ਗੱਲ ‘ਤੇ ਹੋਵੇਗਾ ਕਿ ਅਕਾਲੀ ਦਲ ਦੇ ਹੱਕ ਵਿਚ ਕਿੰਨੇ ਪ੍ਰਤੀਸ਼ਤ ਵੋਟ ਭੁਗਤਦੀ ਹੈ ਅਤੇ ਵਿਰੋਧ ਵਿਚ ਕਿੰਨੀ। ਜੇ ਅਕਾਲੀ ਦਲ ਦੇ ਵਿਰੋਧ ਵਿਚ ਜਿਆਦਾ ਵੋਟ ਭੁਗਤਦੀ ਹੈ ਭਾਵੇਂ ਉਹ ਜਿੱਤ ਵੀ ਜਾਵੇ ਤਦ ਇਹ ਉਸ ਦੀ ਹਾਰ ਹੀ ਹੋਵੇਗੀ ਪਰ ਜੇ ਅਕਾਲੀ ਦਲ ਖਿਲਾਫ ਵੋਟ ਜਿਆਦਾ ਨਹੀਂ ਭੁਗਤਦੀ ਤਦ ਅਕਾਲੀ ਦਲ ਫਾਈਨਲ ਦਾ ਦਾਅਵੇਦਾਰ ਹੋਵੇਗਾ ਅਤੇ ਸ਼ਾਇਦ ਜਿੱਤਣ ਦਾ ਵੀ।