ਸਮਕਾਲੀ ਭਾਰਤ ਦੀ ਕਹਾਣੀ ਕੁਲਦੀਪ ਨਈਅਰ ਦੀ ਜ਼ੁਬਾਨੀ

-ਗੁਲਜ਼ਾਰ ਸਿੰਘ ਸੰਧੂ
ਅਸੀਂ ਹੁਣੇ ਹੁਣੇ ਆਪਣੇ ਭਾਰਤ ਦਾ ਗਣਤੰਤਰ ਦਿਵਸ ਮਨਾ ਕੇ ਹਟੇ ਹਾਂ। ਨਿਸਚੇ ਹੀ ਅਜਿਹੇ ਮੌਕੇ ਦੇਸ਼ ਦੀ ਰਾਜਨੀਤੀ ਅਤੇ ਦੇਸ਼ ਦੇ ਟੋਟੇ ਹੋਣ ਦਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ। ਪਿਛਲਝਾਤ ਮਾਰਨ ਲਈ ਮੇਰੇ ਕੋਲ ਆਪਣੇ ਸੀਨੀਅਰ ਮਿੱਤਰ ਕੁਲਦੀਪ ਨਈਅਰ ਦੀ ਸਵੈ-ਜੀਵਨੀ Ḕਬਿਔਂਡ ਦੀ ਲਾਈਨਜ਼’ ਦਾ ਪੰਜਾਬੀ ਅਨੁਵਾਦ ਪਿਆ ਹੈ। ਉਸ ਦਾ ਅਨੁਭਵ ਵਿਸ਼ਾਲ ਹੈ। ਉਹ ਨਾ ਕੇਵਲ ਸੁਤੰਤਰਤਾ ਸੰਗਰਾਮ ਦੇ ਸਮੇਂ ਵਿਚੋਂ ਲੰਘਿਆ ਹੈ ਸਗੋਂ ਉਸ ਨੇ ਐਮਰਜੈਂਸੀ ਦੇ ਦਿਨ ਵੀ ਨੇੜਿਉਂ ਵੇਖੇ ਹਨ। ਉਹ ਹਰ ਘਟਨਾ ਨੂੰ ਮਨੁੱਖੀ ਅਧਿਕਾਰ ਦੀ ਸੁਤੰਤਰਤਾ ਦੇ ਸ਼ੀਸ਼ੇ ਰਾਹੀਂ ਵੇਖਦਾ ਹੈ। ਪਾਠਕਾਂ ਦੀ ਦਿਲਚਲਪੀ ਲਈ ਮੈਂ ਇਸ ਪੁਸਤਕ ਦੀਆਂ ਕੁਝ ਟੂਕਾਂ ਪੇਸ਼ ਕਰਦਾ ਹਾਂ।

ਨਿੱਜੀ ਤੌਰ ‘ਤੇ ਇਹ ਗੱਲ ਮੇਰੀ ਸਮਝ ਨਹੀਂ ਆਈ ਕਿ ਮੁਸਲਮ ਲੀਗ ਨੂੰ ਦੋ ਸੀਟਾਂ ਦੇਣ ਤੋਂ ਇਨਕਾਰ ਕਰਨ ਨਾਲ ਮੁਸਲਿਮ ਭਾਈਚਾਰੇ (ਅਬੁਲ ਕਲਾਮ ਆਜ਼ਾਦ ਸਮੇਤ) ਨੂੰ ਏਨੀ ਠੇਸ ਪਹੁੰਚੀ ਕਿ ਉਹ ਇਕ ਵੱਖਰਾ ਮੁਲਕ ਪਾਕਿਸਤਾਨ ਬਣਾਉਣ ਦੇ ਰਾਹ ਪੈ ਤੁਰੇ। ਨਹਿਰੂ ਨੇ 1959 ਵਿਚ ਆਪਣਾ ਪੱਖ ਸਪੱਸ਼ਟ ਕਰਦਿਆਂ ਇਸ ਮੁੱਦੇ ‘ਤੇ ਆਜ਼ਾਦ ਨੂੰ ਸਹੀ ਨਹੀਂ ਸੀ ਕਿਹਾ। ਉਹ ਆਜ਼ਾਦ ਵੱਲੋਂ ਆਪਣੇ ਆਪ (ਨਹਿਰੂ) ਨੂੰ ਫਜ਼ੂਲ ਬੰਦਾ ਆਖੇ ਜਾਣ ਤੋਂ ਵੀ ਦੁਖੀ ਸੀ। ਨਹਿਰੂ ਬਾਰੇ ਇਹ ਸ਼ਬਦ ਲਿਖਤੀ ਰੂਪ ਵਿਚ ਆਜ਼ਾਦ ਵੱਲੋਂ ਉਨ੍ਹਾਂ 30 ਪੰਨਿਆਂ ਵਿਚ ਵੀ ਵਾਰ-ਵਾਰ ਵਰਤੇ ਗਏ ਹਨ ਜੋ ਆਜ਼ਾਦ ਦੀ ਇੱਛਾ ਅਨੁਸਾਰ ਉਸ ਦੀ ਮੌਤ ਤੋਂ ਕਈ ਵਰ੍ਹੇ ਪਿਛੋਂ ਪ੍ਰਕਾਸ਼ਿਤ ਕੀਤੇ ਗਏ। ਨਹਿਰੂ ਦੀ ਮੌਤ ਤੋਂ 24 ਵਰ੍ਹੇ ਬਾਅਦ 1988 ਵਿਚ।
ḔḔਪਾਕਿਸਤਾਨ ਦੇ ਪੁਨਰਵਸੇਬਾ ਮੰਤਰੀ ਇਫਤਿਖ਼ਾਰ-ਉਦ-ਦੀਨ ਅਤੇ Ḕਪਾਕਿਸਤਾਨ ਟਾਈਮਜ਼’ ਦੇ ਸੰਪਾਦਕ ਮਜ਼ਹਰ ਅਲੀ ਖ਼ਾਨ ਨੇ ਮੁਹੰਮਦ ਅਲੀ ਜਿਨਹਾ ਨਾਲ ਇਕ ਦਿਨ ਲਾਹੌਰ ਤੋਂ ਡਕੋਟਾ ਜਹਾਜ਼ ਰਾਹੀਂ ਵੰਡੇ ਹੋਏ ਪੰਜਾਬ ਦਾ ਹਵਾਈ ਦੌਰਾ ਕੀਤਾ। ਉਸ ਨੇ ਜਦੋਂ ਭਾਰਤ ਵਾਲੇ ਪਾਸਿਉਂ ਪਾਕਿਸਤਾਨ ਵੱਲ ਆ ਰਹੀ ਅਤੇ ਪਾਕਿਸਤਾਨ ਤੋਂ ਭਾਰਤ ਵੱਲ ਜਾ ਰਹੀ ਅਮੁੱਕ ਮਨੁੱਖੀ ਲੜੀ ਉਪਰੋਂ ਦੇਖੀ ਤਾਂ ਉਸ ਨੇ ਆਪਣੇ ਮੱਥੇ ‘ਤੇ ਹੱਥ ਮਾਰਦਿਆਂ ਪ੍ਰੇਸ਼ਾਨੀ ‘ਚ ਆਖਿਆ, ḔḔਇਹ ਮੈਂ ਕੀ ਕਰ ਬੈਠਾ।” ਇਫ਼ਤਿਖਾਰ ਅਤੇ ਮਜ਼ਹਰ ਦੋਹਾਂ ਨੇ ਸਹੁੰ ਪਾਈ ਕਿ ਉਹ ਜਿਨਾਹ ਵੱਲੋਂ ਆਖੀ ਗਈ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਨਗੇ। ਮਜ਼ਹਰ ਨੇ ਇਹ ਗੱਲ ਸਿਰਫ਼ ਆਪਣੀ ਪਤਨੀ ਤਾਹਿਰਾ ਨਾਲ ਸਾਂਝੀ ਕੀਤੀ ਅਤੇ ਉਸ ਨੇ ਆਪਣੇ ਪਤੀ ਦੀ ਮੌਤ ਤੋਂ ਕਈ ਵਰ੍ਹੇ ਬਾਅਦ ਇਹ ਗੱਲ ਮੈਨੂੰ ਦੱਸੀ।”
ḔḔਮੈਂ ਦੇਰ ਸ਼ਾਮ ਸ਼ਾਸਤਰੀ ਜੀ ਦੇ ਘਰ ਪੁੱਜਿਆ। ਉਨ੍ਹਾਂ ਮੈਨੂੰ ਕਿਹਾ, ḔḔਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਦੀ ਚੋਣ ਸਰਬਸੰਮਤੀ ਨਾਲ ਹੋਵੇ।” ਥੋੜ੍ਹਾ ਰੁਕਦਿਆਂ ਉਨ੍ਹਾਂ ਕਿਹਾ, ḔḔਜੇਕਰ ਮੁਕਾਬਲਾ ਲਾਜ਼ਮੀ ਹੀ ਹੋਇਆ ਤਾਂ ਮੈਂ ਮੋਰਾਰਜੀ ਭਾਈ ਦੇ ਖਿਲਾਫ ਚੋਣ ਲੜ ਸਕਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਉਨ੍ਹਾਂ ਨੂੰ ਹਰਾ ਸਕਦਾ ਹਾਂ ਪਰ ਇੰਦਰਾ ਜੀ ਨੂੰ ਨਹੀਂ।”
ḔḔਜਿੱਥੋਂ ਤੱਕ ਮੈਨੂੰ ਜਾਣਕਾਰੀ ਸੀ ਮਸਜਿਦ ਢਾਹੁਣ ਲਈ ਤਤਕਾਲੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਵੀ ਮਿਲੀਭੁਗਤ ਸੀ। ਕਾਰ ਸੇਵਕਾਂ ਨੇ ਜਿਸ ਵੇਲੇ ਬਾਬਰੀ ਮਸਜਿਦ ਢਾਹੁਣੀ ਸ਼ੁਰੂ ਕੀਤੀ ਤਾਂ ਉਹ ਪੂਜਾ ‘ਤੇ ਬੈਠ ਗਿਆ ਅਤੇ ਉਦੋਂ ਹੀ ਉਠਿਆ ਜਦੋਂ ਮਸਜਿਦ ਦੀ ਆਖਰੀ ਇੱਟ ਵੀ ਪੁੱਟੀ ਗਈ ਸੀ। ਸੋਸ਼ਲਿਸਟ ਆਗੂ ਮਧੂ ਲਿਮਏ ਨੇ ਮਗਰੋਂ ਮੈਨੂੰ ਦੱਸਿਆ ਸੀ ਕਿ ਰਾਓ ਦੇ ਸਹਾਇਕ ਨੇ ਪੂਜਾ ‘ਤੇ ਬੈਠਿਆਂ ਹੀ ਉਸ ਦੇ ਕੰਨ ਵਿਚ ਆਖਿਆ ਸੀ, ‘ਮਸਜਿਦ ਢਾਹ ਦਿੱਤੀ ਗਈ ਹੈ।’ ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਝਟਪਟ ਪੂਜਾ ਸਮਾਪਤ ਕਰ ਦਿੱਤੀ ਗਈ।”
ਉਪਰੋਕਤ ਟੂਕਾਂ ਕੁਲਦੀਪ ਨਈਅਰ ਦੇ ਸਵੈ-ਜੀਵਨੀ ਦੇ ਪੰਜਾਬੀ ਰੂਪ, Ḕਅਜੋਕੇ ਭਾਰਤ ਦੀ ਅਣਕਹੀ ਦਾਸਤਾਨ’ (ਅਨੁਵਾਦ ਅਰਵਿੰਦ ਕੌਰ, ਪ੍ਰਕਾਸ਼ਕ ਯੂਨੀਸਟਾਰ ਬੁਕਸ ਚੰਡੀਗੜ੍ਹ, ਪੰਨੇ 606, ਮੁੱਲ 595) ਵਿਚੋਂ ਹਨ। ਪੁਸਤਕ ਇਹ ਵੀ ਦੱਸਦੀ ਹੈ ਕਿ ਆਜ਼ਾਦ, ਪਟੇਲ ਨੂੰ ਅਤਿ ਦਾ ਹਿੰਦੂ ਪੱਖੀ ਤੇ ਕ੍ਰਿਸ਼ਨ ਮੈਨਨ ਨੂੰ ਓਨਾ ਹੀ ਅਣਭਰੋਸੇਯੋਗ ਮੰਨਦਾ ਸੀ। ਏਥੋਂ ਤੱਕ ਕਿ ਜਦੋਂ ਨਹਿਰੂ ਨੇ ਪਹਿਲੀ ਵਾਰ 1954 ਵਿਚ ਕੈਬਨਿਟ ਮੰਤਰੀ ਲੈਣਾ ਚਾਹਿਆ ਸੀ ਤਾਂ ਆਜ਼ਾਦ ਨੇ ਨਹਿਰੂ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ।
ਪੁਸਤਕ ਵਿਚ ਸਵੈ-ਜੀਵਨੀ ਅੰਸ਼ ਤਾਂ ਨਾ ਮਾਤਰ ਹੀ ਹੈ ਕੁਝ ਏਦਾਂ ਜਿਵੇਂ ਉਹ ਵਕੀਲ ਬਣਨਾ ਚਾਹੁੰਦਾ ਸੀ ਪਰ ਹਾਲਾਤ ਨੇ ਪੱਤਰਕਾਰੀ ਵੱਲ ਧੱਕ ਦਿੱਤਾ। ਪੱਤਰਕਾਰਾਂ ਨੂੰ ਪੱਤਰਕਾਰੀ ਇੰਜ ਜੱਫਾ ਮਾਰ ਲੈਂਦੀ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀਆਂ ਹੋਰ ਘਟਨਾਵਾਂ ਦਿਖਾਈ ਦੇਣੋਂ ਹੱਟ ਜਾਂਦੀਆਂ ਹਨ। ਕੁਲਦੀਪ ਨਈਅਰ ਨਾਲ ਵੀ ਕੁਝ ਏਸੇ ਤਰ੍ਹਾਂ ਵਾਪਰਿਆ। ਉਸ ਦੇ ਪਾਠਕਾਂ ਲਈ ਤਾਂ ਇਹ ਗੱਲ ਸੁਭਾਗੀ ਹੈ ਕਿ ਉਨ੍ਹਾਂ ਨੂੰ ਉਪਰੋਕਤ ਗੱਲਾਂ ਕਿਸੇ ਇਕ ਪੁਸਤਕ ਦੇ ਰੂਪ ਵਿਚ ਹੋਰ ਕਿਧਰੇ ਨਹੀਂ ਸੀ ਮਿਲਣੀਆਂ। ਲੇਖਕ ਨੇ ਕਿਹਾ ਹੈ ਕਿ ਉਸ ਨੂੰ ਇਹ ਗੱਲਾਂ ਚੇਤੇ ਕਰਨ ‘ਤੇ ਇਕੱਠੀਆਂ ਕਰਨ ਵਿਚ ਦੋ ਦਹਾਕੇ ਲੱਗੇ ਹਨ। ਜੇ ਪੂਰਾ ਸਵਾਦ ਲੈਣਾ ਹੋਵੇ ਤਾਂ ਇਹ ਪੁਸਤਕ ਸਚਮੁੱਚ ਹੀ ਪੜ੍ਹਨ ਵਾਲੀ ਹੈ।
ਸੰਗਤਰੀ ਪੈਂਡੇ ਦਾ ਪਾਂਧੀ: ਮੈਨੂੰ ਕਿਸੇ ਕੰਮ ਪਿਛਲੇ ਐਤਵਾਰ ਦਿੱਲੀ ਜਾਣਾ ਪੈ ਗਿਆ। ਇਹ ਪਹਿਲੀ ਵਾਰ ਸੀ ਕਿ ਮੈਂ ਗੱਡੀ ਆਪ ਨਹੀਂ ਚਲਾਈ। ਜਦੋਂ ਗੱਡੀ ਦਾ ਸਟੇਅਰਿੰਗ ਡਰਾਈਵਰ ਹੱਥ ਹੋਵੇ ਤਾਂ ਆਲਾ ਦੁਆਲਾ ਦੇਖਣ ਦਾ ਆਪਣਾ ਹੀ ਸੁਆਦ ਹੈ। ਏਸ ਵਾਰ ਚੰਡੀਗੜ੍ਹ ਤੋਂ ਦਿੱਲੀ ਦਾ ਅੱਧਾ ਪੈਂਡਾ ਸੜਕ ਉਤੇ ਸੰਗਤਰੇ ਵੇਚਣ ਵਾਲੇ ਸੰਗਤਰਿਆਂ ਦੇ ਬੋਹਲ ਲਾ ਕੇ ਉਨ੍ਹਾਂ ਦੀ ਰਾਖੀ ਕਰਦੇ ਦੇਖੇ। ਇਹ ਸੰਗਤਰੇ ਦੀਆਂ ਬਰਕਤਾਂ ਸੁਤੰਤਰਤਾ ਦੀ ਦੇਣ ਹਨ। ਇਸ ਤੋਂ ਪਹਿਲਾਂ ਸੰਗਤਰਾ ਏਨਾ ਘੱਟ ਮਿਲਦਾ ਸੀ ਕਿ ਜੇ ਕਿਸੇ ਦੇ ਘਰ ਸੰਗਤਰਾ ਜਾਣ ਦਾ ਪਤਾ ਲੱਗਦਾ ਸੀ ਤਾਂ ਫਿਕਰ ਲੱਗ ਜਾਂਦਾ ਸੀ ਕਿ ਉਸ ਘਰ ਕੋਈ ਬਿਮਾਰ ਨਾ ਪੈ ਗਿਆ ਹੋਵੇ। ਏਸ ਵਾਰੀ ਮੈਨੂੰ ਏਸ ਪੈਂਡੇ ਦਾ ਪਾਂਧੀ ਹੋਣਾ ਵਧੀਆ ਲੱਗਿਆ।
ਅੰਤਿਕਾ:
ਹੀਰੇ, ਜ਼ਮੁਰਦ, ਮੋਤੀ, ਗੀਟੇ ਜਿਹੇ ਨਾ ਭਾਵੇਂ
ਪੈਂਦਾ ਹੈ ਮੁੱਲ ਐਪਰ, ਅੰਦਰ ਦੀ ਰੌਸ਼ਨੀ ਦਾ।