ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਉਮਰਾਉ ਜਾਨ’ 1981 ਵਿਚ ਰਿਲੀਜ਼ ਹੋਈ। ਇਹ ਫਿਲਮ ਉਰਦੂ ਵਿਚ ਰਚੀ ਖੂਬਸੂਰਤ ਗਜ਼ਲ ਹੈ। ਫਿਲਮ ਦੇ ਵਿਸ਼ਾ-ਵਸਤੂ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਸ ਦੇ ਗਾਣਿਆਂ ਬਾਰੇ ਚਰਚਾ ਕੁਥਾਂ ਨਹੀਂ ਹੋਵੇਗੀ। ‘ਕਾਹੇ ਕੋ ਬਿਹਾਈ ਬਿਦੇਸ਼’ ਔਰਤ ਦੇ ਵਲਵਲਿਆਂ ਅਤੇ ਮਨੋਦਸ਼ਾ ਨੂੰ ਸੂਖਮ ਢੰਗ ਨਾਲ ਚਿਤਰਨ ਵਾਲੇ ਅਨੋਖੇ ਸ਼ਾਇਰ ਅਮੀਰ ਖੁਸਰੋ ਦੀ ਕਲਮ ਵਿਚੋਂ ਨਿਕਲਿਆ ਸੀ। ਗਾਣੇ ਦੇ ਬੋਲਾਂ ‘ਭਈਆ ਕੋ ਦਿਉਂ ਬਾਬਲ ਮਹਿਲ ਦੋ-ਮਹਿਲ, ਅਰੇ ਹਮਕੋ ਦੀਆ ਪਰਦੇਸ।
ਕਾਹੇ ਕੋ ਬਿਹਾਈ ਬਿਦੇਸ਼’ ਰਾਹੀਂ ਅਮੀਰ ਖੁਸਰੋ ਭਾਰਤੀ ਸਮਾਜ ਵਿਚ ਔਰਤ ਹੋਣ ਦੇ ਨਾਤੇ ਹੁੰਦੇ ਵਿਤਕਰਿਆਂ ਦਾ ਕੱਚਾ ਚਿੱਠਾ ਬਿਆਨ ਕਰਦਾ ਹੈ। ਫਿਲਮ ਦਾ ਇੱਕ ਹੋਰ ਗਾਣਾ ‘ਜ਼ਿੰਦਗੀ ਜਬ ਭੀ ਤੇਰੀ ਬਜ਼ਮ ਮੇਂ ਲਾਤੀ ਹੈ ਮੁਝੇ, ਯੇ ਜ਼ਮੀਂ ਚਾਂਦ ਸੇ ਬਿਹਤਰ ਨਜ਼ਰ ਆਤੀ ਹੈ ਮੁਝੇ।
ਯਾਦ ਤੇਰੀ ਕਭੀ ਦਸਤਕ ਕਭੀ ਸਰਗੋਸ਼ੀ ਸੇ, ਰਾਤ ਕੇ ਪਿਛਲੇ ਪਹਿਰ ਰੋਜ਼ ਜਗਾਤੀ ਹੈ ਹਮੇਂ’ ਸ਼ਾਇਰ ਸ਼ਹਿਰਯਾਰ ਦੀ ਰਚਨਾ ਸੀ ਤੇ ਇਸ ਨੂੰ ਤਲਤ ਅਜ਼ੀਜ਼ ਨੇ ਆਪਣੀ ਮਦਹੋਸ਼ ਆਵਾਜ਼ ਵਿਚ ਗਾਇਆ ਸੀ। ਸ਼ਹਿਰਯਾਰ ਦਾ ਹੀ ਲਿਖਿਆ ਗਾਣਾ ‘ਜਬ ਭੀ ਮਿਲਤੀ ਹੈ ਅਜਨਬੀ ਲਗਤੀ ਕਿਉਂ ਹੈ, ਜ਼ਿੰਦਗੀ ਰੋਜ਼ ਨਏ ਰੰਗ ਬਦਲਤੀ ਕਿਉਂ ਹੈ’ ਆਸ਼ਾ ਭੌਸਲੇ ਦੀ ਆਵਾਜ਼ ਵਿਚ ਸੀ। ‘ਜੁਸਤਜੂ ਜਿਸਕੀ ਥੀ ਉਸਕੋ ਤੋ ਨਾ ਪਾਇਆ ਹਮਨੇ, ਇਸ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮਨੇ, ਤੁਮਕੋ ਰੁਸਵਾ ਨਾ ਕੀਆ ਖੁਦ ਵੀ ਪਸ਼ੇਮਾਂ ਨਾ ਹੂਏ, ਇਸ਼ਕ ਕੀ ਰਸਮ ਕੋ ਇਸ ਤਰਹ ਨਿਭਾਇਆ ਹਮਨੇ’ ਵਿਚ ਉਮਰਾਉ ਜਾਨ ਅਦਾ ਦੀ ਜ਼ਿੰਦਗੀ ਸਮੇਟੀ ਹੋਈ ਹੈ।
ਫਿਲਮ ‘ਉਮਰਾਉ ਜਾਨ’ ਮਿਰਜ਼ਾ ਰੁਸਵਾ ਦੁਆਰਾ ਲਿਖੇ ਨਾਵਲ ‘ਉਮਰਾਉ ਜਾਨ ਅਦਾ’ ਉਤੇ ਆਧਾਰਤ ਸੀ। ਕਿਹਾ ਜਾਂਦਾ ਹੈ ਕਿ ਇਹ ਸਾਰੀ ਕਹਾਣੀ ਲਖਨਊ ਦੀ ਕੋਠੇ ਵਾਲੀ ਉਮਰਾਉ ਜਾਨ ਨੇ ਖੁਦ ਲਿਖਵਾਈ ਸੀ। ਉਮਰਾਉ ਜਾਨ ਫੈਜ਼ਾਬਾਦ ਦੇ ਕਿਸੇ ਸਰਕਾਰੀ ਕਰਮਚਾਰੀ ਦੇ ਘਰ ਪੈਦਾ ਹੋਈ। ਜਦੋਂ ਉਹ ਮਹਿਜ਼ ਨੌਂ ਸਾਲ ਦੀ ਸੀ, ਤਾਂ ਉਸ ਦੇ ਅੱਬਾ ਦੇ ਦੁਸ਼ਮਣ ਦਿਲਾਵਰ ਖਾਨ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਲਖਨਊ ਦੇ ਇੱਕ ਕੋਠੇ ‘ਤੇ ਲਿਜਾ ਕੇ ਵੇਚ ਦਿੱਤਾ। ਇਹ ਕੋਠਾ ਲਖਨਊ ਦੇ ਅਮੀਰਾਂ ਦਾ ਪੇਸ਼ਾਵਰ ਕੋਠਾ ਸੀ ਜਿੱਥੇ ਉਹ ਆਪਣੇ ਜਿਸਮ ਵਿਚੋਂ ਨਿਕਲ ਕੇ ਰੂਹ ਲਈ ਸਕੂਨ ਤਲਾਸ਼ਦੇ ਹਨ। ਸਕੂਨ ਦਾ ਜ਼ਰੀਆ ਸੀ ਉਮਰਾਉ ਜਾਨ ਦੀ ਸ਼ਾਇਰੀ ਅਤੇ ਗਾਇਕੀ ਜਿਸ ਨੂੰ ਉਹ ਵਿਕਣ ਵਾਲੀ ਸ਼ੈਅ ਵਜੋਂ ਪਛਾਣਦੇ ਸਨ, ਪਰ ਉਮਰਾਉ ਜਾਨ ਦਾ ਇਹ ਦਰਦ, ਇਕਲਾਪਾ ਤੇ ਤੜਫਾਹਟ ਸੀ ਜੋ ਉਸ ਦੀਆਂ ਅਦਾਵਾਂ ਵਿਚੋਂ ਝਲਕਦੀ ਸੀ, ਪਰ ਸਮਾਜ ਵਿਚ ਨੀਵਾਂ ਪੇਸ਼ਾ ਕਰਨ ਵਾਲੀ ਉਚ ਪਾਏ ਦੀ ਸ਼ਾਇਰਾ ਦਾ ਕੀ ਮੁੱਲ ਪਾਇਆ ਜਾ ਸਕਦਾ ਹੈ? ਇਸ ਨੂੰ ਦੂਜੇ ਅਰਥਾਂ ਵਿਚ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਕਈ ਵਾਰ ਕਲਾ ਵੀ ਸਮਾਜਕ ਰੁਤਬੇ ਦੀਆਂ ਨੀਵੀਆਂ ਵਲਗਣਾਂ ਦੀ ਮੁਹਤਾਜ਼ ਬਣ ਕੇ ਰਹਿ ਸਕਦੀ ਹੈ।
ਉਮਰਾਉ ਜਾਨ ਦੀ ਜ਼ਿੰਦਗੀ ਵਿਚ ਕਈ ਮਰਦ ਆਏ ਜਿਨ੍ਹਾਂ ਨਾਲ ਉਸ ਨੇ ਪੇਸ਼ਾਵਰ ਤੌਰ ‘ਤੇ ‘ਪਿਆਰ’ ਕੀਤਾ ਪਰ ‘ਪਿਆਰ’ ਦੀ ਅਦਾਇਗੀ ਵੀ ਪੇਸ਼ਗੀ ਲਈ। ਨਾਵਲ ਦੀ ਕਹਾਣੀ ਵਿਚ ਉਮਰਾਉ ਜਾਨ ਆਖਦੀ ਹੈ- ਨਾ ਤਾਂ ਮੈਂ ਕਿਸੇ ਨੂੰ ਪਿਆਰ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਦਿਲੋਂ ਪਿਆਰ ਕੀਤਾ।
ਇਸ ਫਿਲਮ ਲਈ ਨਾਇਕਾ ਰੇਖਾ ਨੂੰ ਖੂਬ ਤਾਰੀਫ ਮਿਲੀ, ਪਰ ਕਈ ਆਲੋਚਕਾਂ ਅਨੁਸਾਰ ਉਸ ਦੀ ਅਦਾਕਾਰੀ ਸਾਧਾਰਨ ਸੀ। ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਮੁਜ਼ੱਫਰ ਅਲੀ ਦੁਆਰਾ ਲਖਨਊ ਦੀ ਨਫਾਸਤ ਅਤੇ ਤਹਿਜ਼ੀਬ ਨੂੰ ਪਰਦੇ ‘ਤੇ ਜ਼ਿੰਦਾ ਕਰਨਾ ਸੀ। ਇਸ ਲਈ ਉਨ੍ਹਾਂ ਫਿਲਮ ਵਿਚ ਵਰਤੀ ਭਾਸ਼ਾ ਦੇ ਉਰਦੂ ਰੰਗ, ਕੋਠਿਆਂ ਦੀ ਸਜਾਵਟ, ਰਈਸਾਂ-ਨਵਾਬਾਂ ਦੀ ਮਨਸੂਈ ਹੈਂਕੜ ਅਤੇ ਸਮਾਜਕ ਤੌਰ ‘ਤੇ ਕੋਠਿਆਂ ਪ੍ਰਤੀ ਖਿੱਚ ਭਰੀ ਨਫਰਤ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ।
ਉਮਰਾਉ ਜਾਨ ਲਖਨਊ ਦੀ ਉਹ ਬੇਬਾਕ ਰੂਹ ਹੈ ਜੋ ਇਸ ਸ਼ਹਿਰ ਦੀਆਂ ਰਗਾਂ ਵਿਚ ਲਹੂ ਨੂੰ ਰਵਾਂ ਰੱਖਦੀ ਹੈ। ਉਹ ਫਿਲਮਸਾਜ਼ ਮੁਜ਼ੱਫਰ ਅਲੀ ਵੱਲੋਂ ਲਖਨਊ ਦੇ ਅਦਬ ਨੂੰ ਦਿੱਤੀ ਲੋਰੀ ਹੈ।