ਰਿਗਵੇਦ ਅਤੇ ਗ੍ਰਾਮੋਫੋਨ

ਹਰਪਾਲ ਸਿੰਘ ਪੰਨੂ
ਫੋਨ: +91-94642-51454
ਟਾੱਮਸ ਅਲਵਾ ਐਡੀਸਨ (1847-1931) ਨੇ ਉਨੀਵੀਂ ਸਦੀ ਵਿਚ ਗ੍ਰਾਮੋਫੋਨ ਬਣਾਇਆ। ਬਿਜਲੀ ਦਾ ਬਲਬ ਅਤੇ ਚਲਦੀਆਂ-ਫਿਰਦੀਆਂ ਤਸਵੀਰਾਂ ਵੀ ਪਰਦੇ ਉਪਰ ਦਿਖਾ ਕੇ ਉਸ ਨੇ ਸੰਸਾਰ ਵਿਚ ਧੁੰਮਾਂ ਪਾ ਦਿੱਤੀਆਂ ਸਨ। ਘੜੇ ਵਿਚ ਪਾਣੀ ਜਾਂ ਦਾਣੇ ਤਾਂ ਭਰੇ ਜਾ ਸਕਦੇ ਹਨ, ਆਵਾਜ਼ ਕਿਵੇਂ ਭਰੀ ਜਾ ਸਕਦੀ ਹੈ, ਕਿਸੇ ਨੂੰ ਯਕੀਨ ਨਹੀਂ ਆਉਂਦਾ ਸੀ। ਐਚæਐਮæਵੀæ ਕੰਪਨੀ ਨੇ ਆਵਾਜ਼ ਰਿਕਾਡਿੰਗ ਦੀ ਘਟਨਾ ਦਾ ਇਤਿਹਾਸ ਦੱਸਿਆ ਹੈ। ਘਟਨਾ 1877 ਦੀ ਹੈ।

ਪ੍ਰਯੋਗਸ਼ਾਲਾ ਵਿਚ ਕਈ ਵਾਰ ਪਰਖ ਕਰ ਕੇ ਵਿਸ਼ਵਾਸ ਹੋ ਗਿਆ ਕਿ ਯੰਤਰ ਸਹੀ ਹੈ। ਇਸ ਨੂੰ ਪਬਲਿਕ ਵਿਚ ਲਾਂਚ ਕਰਨ ਵੇਲੇ ਕਿਸੇ ਵੱਡੀ ਹਸਤੀ ਦੀ ਆਵਾਜ਼ ਰਿਕਾਰਡ ਕਰ ਕੇ ਸੁਣਾਉਣੀ ਹੈ। ਉਸ ਨੂੰ ਲੱਗਾ, ਸਰ ਆਰਥਰ ਮੈਕਸ ਮੂਲਰ ਸੰਸਾਰ ਦਾ ਪ੍ਰਸਿਧ ਵਿਦਵਾਨ ਹੈ। ਜੇ ਉਸ ਦੀ ਆਵਾਜ਼ ਰਿਕਾਰਡ ਕੀਤੀ ਜਾਵੇ ਤਾਂ ਸ਼ੁਭ ਸ਼ਗਨ ਹੋਵੇ। ਮਿਲਣ ਵਾਸਤੇ ਖਤ ਲਿਖਿਆ। ਮੈਕਸ ਮੂਲਰ ਨੇ ਕਿਹਾ ਕਿ ਯੂਰਪ ਦੇ ਬਹੁਤ ਸਾਰੇ ਚਿੰਤਕ ਲੰਡਨ ਵਿਚ ਇਕੱਠੇ ਹੋਣਗੇ, ਉਥੇ ਰਿਕਾਰਡਿੰਗ ਕਰਾਂਗੇ।
ਬਹੁਤ ਸਾਰੇ ਲੋਕਾਂ ਦਾ ਇਕੱਠ ਸੀ ਜਿਨ੍ਹਾਂ ਨੇ ਦੋ ਵੱਡਿਆਂ ਨੂੰ ਦੇਖਣਾ ਸੀ ਤੇ ਆਵਾਜ਼ ਰਿਕਾਰਡ ਹੋ ਸਕਦੀ ਹੈ, ਜਾਣਨਾ ਸੀ। ਮੈਕਸ ਮੂਲਰ ਸਟੇਜ ‘ਤੇ ਗਿਆ। ਐਡੀਸਨ ਦੀ ਟੀਮ ਲੈਬ ਵਿਚ ਤਾਇਨਾਤ ਹੋ ਗਈ। ਆਵਾਜ਼ ਰਿਕਾਰਡ ਕਰਵਾਉਣ ਤੋਂ ਪਹਿਲਾਂ ਉਸ ਨੇ ਐਡੀਸਨ ਦੀ ਪ੍ਰਸ਼ੰਸਾ ਵਿਚ ਬਹੁਤ ਸੁੰਦਰ ਵਾਕ ਕਹੇ। ਆਖਰ ਐਲਾਨ ਹੋਇਆ ਕਿ ਹੁਣ ਮਹਾਨ ਬੋਲ ਰਿਕਾਰਡ ਹੋਣਗੇ। ਇਸ਼ਾਰਾ ਮਿਲਣ ‘ਤੇ ਮੈਕਸ ਮੂਲਰ ਨੇ ਕੁਝ ਵਾਕ ਕਹੇ। ਕੁਝ ਦੇਰ ਬਾਅਦ ਇਹ ਵਾਕ ਮਸ਼ੀਨ ਨੇ ਲੋਕਾਂ ਨੂੰ ਸੁਣਾਏ।
ਸਰੋਤਿਆਂ ਨੇ ਮਸ਼ੀਨ ਬੋਲਦੀ ਸੁਣੀ ਤਾਂ ਤਾੜੀਆਂ ਨਾਲ ਸਵਾਗਤ ਕੀਤਾ, ਪਰ ਕਿਸੇ ਨੂੰ ਪਤਾ ਨਾ ਲੱਗਾ, ਮੈਕਸ ਮੂਲਰ ਨੇ ਕਿਹਾ ਕੀ ਹੈ। ਅੰਦਾਜ਼ੇ ਲਾ ਰਹੇ ਸਨ, ਲਾਤੀਨੀ ਜਾਂ ਯੂਨਾਨੀ ਹੋਵੇ ਸ਼ਾਇਦ। ਜਦੋਂ ਤਾੜੀਆਂ ਦੀ ਗੁੰਜਾਰ ਬੰਦ ਹੋਈ, ਮੈਕਸ ਮੂਲਰ ਫਿਰ ਸਟੇਜ ਉਪਰ ਚਲਾ ਗਿਆ ਤੇ ਕਿਹਾ- ਸੱਜਣੋਂ ਤੇ ਸਹੇਲੀਓ, ਪਹਿਲਾਂ ਤੁਸੀਂ ਮੇਰੇ ਵਾਕ ਸੁਣੇ, ਫਿਰ ਮਸ਼ੀਨ ਨੇ ਉਹੋ ਬੋਲ ਤੁਹਾਨੂੰ ਦੂਜੀ ਵਾਰ ਸੁਣਾਏ। ਜੋ ਮੈਥੋਂ ਅਤੇ ਮਸ਼ੀਨ ਤੋਂ ਸੁਣਿਆ, ਪਤਾ ਹੈ ਉਹ ਕੀ ਹੈ? ਲਾਤੀਨੀ ਅਤੇ ਯੂਨਾਨੀ ਜਾਣਨ ਵਾਲੇ ਯੂਰਪੀ ਵਿਦਵਾਨ ਵੀ ਮੌਜੂਦ ਸਨ, ਉਨ੍ਹਾਂ ਨੂੰ ਵੀ ਕੁਝ ਪਤਾ ਨਾ ਲੱਗਾ।
ਮੈਕਸ ਮੂਲਰ ਨੇ ਦੱਸਿਆ, ਇਹ ਪ੍ਰਾਚੀਨ ਵੈਦਿਕ ਸੰਸਕ੍ਰਿਤ ਹੈ। ਜੋ ਵਾਕ ਮੈਂ ਬੋਲੇ, ਉਹ ਰਿਗਵੇਦ ਦਾ ਪਹਿਲਾ ਮੰਤਰ ਹੈ। ਅਗਨੀ ਦੇਵਤਾ ਦੀ ਉਸਤਤਿ ਵਿਚ ਉਚਾਰਿਆ ਗਿਆ ਮੰਤਰ ਫਿਰ ਸੁਣੋ,
ਅਗਨੀਮੀਲੇ ਪੁਰੋਹਿਤੰ ਯਗਅਸਯ ਦੇਵੰ ਰਤਵੀਜਮ।
ਹੋਤਾਰੰ ਰਤਨਧਾਤਮਮ॥ 1æ001æ01
ਤੁਸੀਂ ਇਹ ਜਾਣਨਾ ਚਾਹੋਗੇ ਕਿ ਅੱਜ ਸੰਸਾਰ ਦੀ ਪਹਿਲੀ ਰਿਕਾਰਡਿੰਗ ਵਕਤ ਇਹੋ ਮੰਤਰ ਮੈਂ ਕਿਉਂ ਚੁਣਿਆ? ਰਿਗਵੇਦ ਸੰਸਾਰ ਦਾ ਪ੍ਰਾਚੀਨਤਮ ਪਰਾ-ਪੂਰਬਲਾ ਗ੍ਰੰਥ ਹੈ ਜਿਸ ਦਾ ਇਹ ਮੰਤਰ ਹੈ। ਆਦਿਕਾਲ ਵਿਚ ਪ੍ਰਗਟ ਹੋਈਆਂ ਇਹ ਪੰਕਤੀਆਂ ਉਦੋਂ ਦੀਆਂ ਹਨ ਜਦੋਂ ਆਦਮੀ ਨੂੰ ਕੱਪੜੇ ਪਹਿਨਣੇ ਨਹੀਂ ਆਉਂਦੇ ਸਨ। ਉਦੋਂ ਸ਼ਿਕਾਰ ਉਪਰ ਗੁਜ਼ਾਰਾ ਹੁੰਦਾ ਤੇ ਰਿਹਾਇਸ਼ ਕੰਦਰਾਂ ਗੁਫਾਵਾਂ ਵਿਚ ਸੀ। ਇੰਨੇ ਪੁਰਾਣੇ ਸਮੇਂ ਵਿਚ ਭਾਰਤੀ ਰਿਸ਼ੀਆਂ ਨੇ ਸੰਸਾਰ ਨੂੰ ਅਬਿਨਾਸ਼ੀ ਗ੍ਰੰਥ ਦਿੱਤਾ।
ਇਸ ਮੰਤਰ ਦੇ ਅਰਥ ਸੁਣੋ,
ਅੰਧਕਾਰਮਈ ਸੰਸਾਰ ਨੂੰ ਰੋਸ਼ਨੀ ਦੇਣ ਵਾਲੇ ਹੇ ਅਗਨੀ ਦੇਵ!
ਨਿਤ ਦਿਨ ਅਸੀਂ ਤੇਰੀ ਉਸਤਤਿ ਕਰਨ ਲਈ ਤੇਰੇ ਪਾਸ ਆਈਏ।
ਪਿਤਾ ਜਿਵੇਂ ਆਪਣੀ ਸੰਤਾਨ ਨੂੰ ਆਪਣੇ ਨੇੜੇ ਸੁਰੱਖਿਅਤ ਰੱਖਦਾ ਹੈ
ਇਸ ਤਰ੍ਹਾਂ ਤੂੰ ਸਾਡੀ ਪਰਵਰਿਸ਼ ਕਰੇਂ।
ਮੈਕਸ ਮੂਲਰ ਨੇ ਕਿਹਾ, ਇਕ ਵਾਰ ਫਿਰ ਇਹ ਮੰਤਰ ਸੁਣੀਏ। ਜਦੋਂ ਮਸ਼ੀਨ ਨੇ ਮੁੜ ਮੰਤਰ ਸੁਣਾਉਣਾ ਸ਼ੁਰੂ ਕੀਤਾ, ਸਾਰੇ ਮੌਜੂਦ ਸਰੋਤਿਆਂ ਨੇ ਖੜ੍ਹੇ ਹੋ ਕੇ ਰਿਗਬਾਣੀ ਸੁਣੀ।
ਇਸ ਰਿਕਾਰਡਿੰਗ ਦਾ ਨਾਮ ਫੋਨੋਗਰਾਫ ਸੀ ਜਿਸ ਵਿਚ ਸੁਧਾਰ ਕਰ ਕੇ ਗ੍ਰਾਹਮ ਬੈੱਲ ਨੇ ਗ੍ਰਾਮੋਫੋਨ ਦਾ ਨਾਮ ਦਿੱਤਾ।