-ਜਤਿੰਦਰ ਪਨੂੰ
ਕਰੀਬ ਪੰਜਾਹ ਸਾਲ ਪਹਿਲਾਂ, ਜਦੋਂ ਸਾਡੀ ਪੀੜ੍ਹੀ ਵਾਲੇ ਲੋਕ ਹਾਲੇ ਬੱਚੇ ਸਨ, ਕਦੇ-ਕਦੇ ਸਕੂਲ ਦੇ ਸਮਾਜਕ ਸਿੱਖਿਆ ਦੇ ਅਧਿਆਪਕ ਇਤਿਹਾਸ ਪੜ੍ਹਾਉਣ ਸਮੇਂ ਇੱਕ ਗੱਲ ਕਿਹਾ ਕਰਦੇ ਸਨ ਕਿ ਦੋ ਸੰਸਾਰ ਜੰਗਾਂ ਵਿਚ ਤਬਾਹੀ ਬਹੁਤ ਹੋਈ ਹੈ। ਪਹਿਲੀ ਜੰਗ ਦੇ ਬਾਅਦ ਧੜਾ-ਧੜ ਆਟੋਮੈਟਿਕ ਹਥਿਆਰ ਬਣਨ ਲੱਗੇ ਸਨ। ਦੂਸਰੀ ਸੰਸਾਰ ਜੰਗ ਪਿੱਛੋਂ ਐਟਮ ਬੰਬ ਬਣਨ ਨਾਲ ਹੋਰ ਵੀ ਤਬਾਹੀ ਦਾ ਖਤਰਾ ਪੈਦਾ ਹੋ ਗਿਆ ਹੈ। ਤੀਸਰੀ ਸੰਸਾਰ ਜੰਗ ਜੇ ਹੋ ਗਈ ਤਾਂ ਐਟਮ ਬੰਬ ਨੇ ਸਭ ਕੁਝ ਤਬਾਹ ਕਰ ਦੇਣਾ ਹੈ। ਅਸੀਂ ਉਸ ਤੋਂ ਬਾਅਦ ਦੀ ਹਾਲਤ ਬਾਰੇ ਪੁੱਛਦੇ ਸਾਂ।
ਅੱਗੋਂ ਜਵਾਬ ਮਿਲਦਾ ਸੀ ਕਿ ਚੌਥੀ ਜੰਗ ਲੜਨ ਵਾਸਤੇ ਫਿਰ ਬੰਦੇ ਹੀ ਨਹੀਂ ਰਹਿਣੇ। ਇਹ ਗੱਲ ਕਰਦਿਆਂ ਕਦੇ-ਕਦੇ ਉਹ ਇੱਕ ਗੱਲ ਹੋਰ ਕਹਿੰਦੇ ਹੁੰਦੇ ਸਨ ਕਿ ਉਂਜ ਤਾਂ ਸੰਸਾਰ ਦੀ ਸੁੱਖ ਮੰਗਣੀ ਚਾਹੀਦੀ ਹੈ, ਪਰ ਹਾਲਾਤ ਜਿਹੋ ਜਿਹੇ ਬਣਦੇ ਜਾਪਦੇ ਹਨ, ਅਗਲੀ ਇੱਕੀਵੀਂ ਸਦੀ ਤੱਕ ਇਨਸਾਨਾਂ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ।
ਬੱਚੇ ਡਰ ਜਾਂਦੇ। ਘਰ ਜਾ ਕੇ ਮਾਪਿਆਂ ਤੋਂ ਪੁਛਦੇ। ਮਾਪੇ ਆਖਦੇ, ਏਦਾਂ ਦੀ ਕੋਈ ਗੱਲ ਨਹੀਂ ਹੋਣੀ। ਉਹ ਰੱਬ ਉਤੇ ਡੋਰੀ ਰੱਖਣ ਨੂੰ ਕਿਹਾ ਕਰਦੇ।
ਅਗਲੇ ਸਾਲਾਂ ਵਿਚ ਇਹੋ ਗੱਲ ਅਮਰੀਕਾ ਦੇ ਸਾਮਰਾਜੀ ਦੇਸ਼ਾਂ ਤੇ ਸੋਵੀਅਤ ਰੂਸ ਨਾਲ ਜੁੜੇ ਸਮਾਜਵਾਦੀ ਕੈਂਪ ਵਿਚਾਲੇ ਚੱਲਦੀ ਖਿੱਚੋਤਾਣ ਨੂੰ ਠੰਢੀ ਜੰਗ ਦੇ ਰੂਪ ਵਿਚ ਪ੍ਰਚਾਰਨ ਵਾਲੇ ਕਹਿੰਦੇ ਰਹੇ। ਰੂਸ ਅੰਦਰ ਹਾਲਾਤ ਇੱਕ-ਦਮ ਬਦਲ ਗਏ ਤੇ ਫਿਰ ਉਸ ਨਾਲ ਕਈ ਦੇਸ਼ਾਂ ਵਿਚ ਸਮਾਜਵਾਦੀ ਲੀਹ ਦਾ ਭੋਗ ਪੈਣ ਲੱਗ ਪਿਆ। ਅਮਰੀਕੀ ਧਿਰ ਨੇ ਅਗਲਾ ਪ੍ਰਚਾਰ ਸ਼ੁਰੂ ਕੀਤਾ ਕਿ ਹੁਣ ਹੋਰ ਜੋ ਵੀ ਹੁੰਦਾ ਰਹੇ, ਤੀਸਰੀ ਜੰਗ ਲੱਗਣ ਅਤੇ ਇਨਸਾਨੀਅਤ ਨੂੰ ਖਤਰੇ ਵਾਲੀ ਕੋਈ ਗੱਲ ਨਹੀਂ ਰਹਿ ਗਈ। ਸੰਸਾਰ ਨੂੰ ਖਤਰਾ ਦੱਸਣ ਵਾਲੀ ਘੜੀ ਦੀ ਸੂਈ ਵੀ ਥੋੜ੍ਹੀ ਜਿਹੀ ਪਿੱਛੇ ਕਰ ਦਿੱਤੀ ਗਈ। ਉਂਜ ਖਤਰਾ ਤਾਂ ਹੁਣ ਵੀ ਖੜਾ ਹੈ ਤੇ ਗੰਭੀਰਤਾ ਨਾਲ ਖੜਾ ਹੈ।
ਸਾਡੇ ਸਾਹਮਣੇ ਸੰਸਾਰ ਦੇ ਕਈ ਦੇਸ਼ ਇਹੋ ਜਿਹੇ ਹਨ, ਜਿਹੜੇ ਕਦੇ ਤਰੱਕੀ ਦੀ ਸਿਖਰ ਛੋਹ ਰਹੇ ਮੰਨੇ ਜਾਂਦੇ ਸਨ। ਹੁਣ ਉਹ ਸਥਿਤੀ ਨਹੀਂ। ਚਾਲੀ ਸਾਲ ਪਹਿਲਾਂ ਤੱਕ ਪੰਜਾਬ ਦੇ ਨੌਜਵਾਨ ਲਿਬਨਾਨ ਨੂੰ ਨੌਕਰੀ ਕਰਨ ਜਾਇਆ ਕਰਦੇ ਸਨ। ਉਹ ਦੱਸਦੇ ਕਿ ਉਥੇ ਤਰੱਕੀ ਬਹੁਤ ਹੋਈ ਹੈ। ਇਸ ਵੇਲੇ ਲਿਬਨਾਨ ਜਾਣ ਲਈ ਕਿਸੇ ਦੇਸ਼ ਦੀ ਕੋਈ ਏਅਰਲਾਈਨ ਵੀ ਛੇਤੀ ਕੀਤੇ ਤਿਆਰ ਨਹੀਂ ਹੁੰਦੀ। ਪਿੱਛੇ ਜਿਹੇ ਯੂ ਐਨ ਮਿਸ਼ਨ ਦੇ ਨਾਲ ਜੁੜੇ ਇੱਕ ਦੂਤ ਨੇ ਦਿੱਲੀ ਵਿਚ ਇਹ ਵੱਡਾ ਖੁਲਾਸਾ ਕੀਤਾ ਕਿ ਬੈਰੂਤ ਦੇ ਏਅਰਪੋਰਟ ਦੇ ਬਾਹਰ ਪੰਜਾਬੀ ਭਾਸ਼ਾ ਵਿਚ ਲਿਖੇ ਇਹੋ ਜਿਹੇ ਲਫਜ਼ ਪੜ੍ਹਨ ਨੂੰ ਮਿਲੇ ਸਨ ਕਿ ‘ਸਾਨੂੰ ਕਿਸੇ ਤਰ੍ਹਾਂ ਏਥੋਂ ਕੱਢੋ’। ਇਰਾਕ ਵਿਚ ਗਏ ਪੰਜਾਬੀ ਮੁੰਡਿਆਂ ਵਿਚੋਂ ਜਿਹੜੇ 39 ਮੁੰਡੇ ਉਥੇ ਫਸ ਗਏ ਸਨ, ਅਜੇ ਤੱਕ ਉਨ੍ਹਾਂ ਬਾਰੇ ਕੋਈ ਪੱਕੀ ਸੂਹ ਨਹੀਂ ਮਿਲਦੀ। ਕਦੀ ਫਲਸਤੀਨੀਆਂ ਦਾ ਸਦਰ ਕਹਿੰਦਾ ਹੈ ਕਿ ਮੁੰਡੇ ਠੀਕ-ਠਾਕ ਹਨ ਤੇ ਕਦੀ ਕਿਸੇ ਹੋਰ ਦੇਸ਼ ਦੇ ਦੂਤ ਦੇ ਹਵਾਲੇ ਨਾਲ ਏਨੀ ਕੁ ਸੂਚਨਾ ਮਿਲਦੀ ਹੈ। ਪੰਝੀ ਕੁ ਸਾਲ ਪਹਿਲਾਂ ਤੱਕ ਇਰਾਕ ਵੀ ਖੁਸ਼ਹਾਲ ਸੀ। ਸੱਦਾਮ ਹੁਸੈਨ ਨੇ ਅਚਾਨਕ ਕੁਵੈਤ ਉਤੇ ਹਮਲਾ ਕਰ ਦਿੱਤਾ ਤੇ ਕੁਵੈਤ ਦੀ ਮਦਦ ਲਈ ਆਏ ਅਮਰੀਕਾ ਨੇ ਪਹਿਲਾਂ ਕੁੱਟ ਕੇ ਪਿੱਛੇ ਭਜਾ ਦਿੱਤਾ ਅਤੇ ਦੂਸਰੀ ਯਲਗਾਰ ਵਿਚ ਉਸ ਦੇਸ਼ ਉਤੇ ਕਬਜ਼ਾ ਕਰ ਕੇ ਸੱਦਾਮ ਹੁਸੈਨ ਨੂੰ ਫਾਹੇ ਲਾ ਦਿੱਤਾ। ਉਥੋਂ ਖੁਸ਼ਹਾਲੀ ਖੰਭ ਲਾ ਕੇ ਉਡ ਗਈ ਤੇ ਹੁਣ ਰੋਜ਼ ਸ਼ਹਿਰਾਂ ਤੋਂ ਪਿੰਡਾਂ ਤੱਕ ਬੰਬ ਚੱਲੀ ਜਾਂਦੇ ਹਨ। ਗਵਾਂਢ ਸੀਰੀਆ ਵੀ ਖੁਸ਼ਹਾਲ ਹੁੰਦਾ ਸੀ। ਹੁਣ ਉਥੇ ਆਪਸ ਵਿਚ ਕੁਝ ਧੜੇ ਲੜੀ ਜਾਂਦੇ ਹਨ। ਜਦੋਂ ਘਰ ਵਿਚ ਏਦਾਂ ਦੀ ਹਾਲਤ ਹੋਵੇ ਤਾਂ ਬਾਹਰ ਦੇ ਵੀ ਇੱਕ ਜਾਂ ਦੂਸਰੀ ਧਿਰ ਦੀ ਮਦਦ ਕਰਨ ਦੇ ਬਹਾਨੇ ਆ ਜਾਂਦੇ ਹਨ। ਉਥੇ ਅਮਰੀਕਾ ਅਤੇ ਰੂਸ ਜਾ ਪਹੁੰਚੇ ਹਨ। ਇਸ ਤੋਂ ਉਸ ਦੇਸ਼ ਨੂੰ ਅਮਨ ਦੀ ਬਹਾਲੀ ਲਈ ਕੋਈ ਮਦਦ ਨਹੀਂ ਮਿਲਣ ਲੱਗੀ, ਜਿਵੇਂ ਯੂਕਰੇਨ ਵਿਚ ਦੋ ਵੱਡੀਆਂ ਧਿਰਾਂ ਦੇ ਭੇੜ ਮਗਰੋਂ ਕਦੇ ਹਾਲਾਤ ਸੁਧਰ ਨਹੀਂ ਸਕੇ, ਉਸੇ ਤਰ੍ਹਾਂ ਸੀਰੀਆ ਵੀ ਇੱਕ ਹੋਰ ਇਰਾਕ ਬਣ ਚੁੱਕਾ ਹੈ। ਮਿਸਰ ਦਾ ਆਗੂ ਸਾਦਾਤ ਅਮਰੀਕਾ ਦਾ ਭਗਤ ਬਣਿਆ ਤਾਂ ਕੌਮੀ ਪਰੇਡ ਦੌਰਾਨ ਪੰਜਤਾਲੀ ਕੁ ਸਾਲ ਪਹਿਲਾਂ ਉਸ ਦਾ ਕਤਲ ਹੋ ਗਿਆ ਸੀ, ਪਰ ਉਸ ਦੀ ਥਾਂ ਕਈ ਸਾਲ ਮੁਲਕ ਚਲਾਉਣ ਵਾਲਾ ਹੋਸਨੀ ਮੁਬਾਰਕ ਵੀ ਹੁਣ ਦਿਖਾਈ ਨਹੀਂ ਦੇਂਦਾ।
ਭਾਰਤ ਦੇ ਗਵਾਂਢ ਵਿਚ ਬਹੁਤੇ ਹਾਲਾਤ ਮਾੜੇ ਨਹੀਂ ਸੀ ਹੁੰਦੇ। ਇਸ ਦੀ ਇੱਕ ਜੰਗ ਚੀਨ ਨਾਲ ਅਤੇ ਦੋ ਵਾਰੀ ਪਾਕਿਸਤਾਨ ਨਾਲ ਹੋ ਗਈ, ਪਰ ਇਸ ਖਿੱਤੇ ਵਿਚ ਜੰਗ ਦੇ ਦਿਨਾਂ ਤੋਂ ਬਿਨਾਂ ਹਾਲਤ ਠੀਕ ਸੀ। ਜਦੋਂ ਪਾਕਿਸਤਾਨ ਤੋਂ ਵੱਖਰਾ ਹੋ ਕੇ ਬੰਗਲਾ ਦੇਸ਼ ਬਣਿਆ ਅਤੇ ਇਸ ਕੰਮ ਲਈ ਭਾਰਤ ਨੇ ਬੰਗਲਾ ਦੇਸ਼ੀਆਂ ਦਾ ਸਾਥ ਦਿੱਤਾ, ਉਸ ਪਿੱਛੋਂ ਪਾਕਿਸਤਾਨ ਨੇ ਕੌੜ ਖਾ ਕੇ ਜੰਮੂ-ਕਸ਼ਮੀਰ ਵਿਚ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਦਾ ਪੱਕਾ ਮੋਰਚਾ ਵਿੱਢ ਲਿਆ। ਇਸ ਕੰਮ ਲਈ ਉਸ ਦਾ ਸਾਥ ਮੁੱਢਲੇ ਦਿਨਾਂ ਵਿਚ ਅਮਰੀਕਾ ਵੀ ਦੇਂਦਾ ਰਿਹਾ। ਅਮਰੀਕਾ ਦੀ ਲੋੜ ਇਹ ਸੀ ਕਿ ਸੋਵੀਅਤ ਰੂਸ ਨਾਲ ਨੇੜ ਵਾਲੇ ਭਾਰਤ ਨੂੰ ਆਰਾਮ ਨਾਲ ਨਹੀਂ ਬਹਿਣ ਦੇਣਾ। ਅਫਗਾਨਿਸਤਾਨ ਵਿਚ ਸੋਵੀਅਤ ਰੂਸ ਦੇ ਦਖਲ ਪਿੱਛੋਂ ਅਮਰੀਕਾ ਦੀ ਸ਼ਹਿ ਉਤੇ ਪਾਕਿਸਤਾਨ ਨੇ ਰੂਸ-ਪੱਖੀ ਸਰਕਾਰ ਦੇ ਖਿਲਾਫ ਵੀ ਪੱਕਾ ਮੋਰਚਾ ਲਾ ਲਿਆ। ਉਥੋਂ ਉਜੜ ਕੇ ਆਏ ਸ਼ਰਨਾਰਥੀਆਂ ਵਿਚੋਂ ਜਹਾਦੀ ਬਣਾਏ ਗਏ ਅਫ਼ਗਾਨਿਸਤਾਨ ਵਿਚ ਲੜਨ ਦੇ ਨਾਂ ਉਤੇ ਮਾਰਨ ਤੇ ਮਰਨ ਲਈ ਭੇਜੇ ਜਾਣ ਲੱਗੇ। ਅਮਰੀਕਾ ਇਸ ਤੋਂ ਖੁਸ਼ ਸੀ। ਜਦੋਂ ਰੂਸ ਵਿਚ ਉਸ ਦੇ ਵਿਰੋਧ ਦੀ ਸੋਵੀਅਤ ਸਰਕਾਰ ਟੁੱਟ ਗਈ ਤੇ ਅਫਗਾਨਿਸਤਾਨ ਵੀ ਜਹਾਦੀਆਂ ਦੇ ਕਬਜ਼ੇ ਹੇਠ ਆ ਗਿਆ, ਇਸ ਨਾਲ ਅਮਰੀਕਾ ਨੂੰ ਹੋਰ ਵੀ ਤਸੱਲੀ ਹੋਈ ਸੀ, ਪਰ ਜਹਾਦੀ ਆਪਣੇ ਇਸਲਾਮੀ ਮਨੋ-ਵੇਗ ਵਿਚ ਹੋਰ ਅੱਗੇ ਵਹਿੰਦੇ ਹੋਏ ਅਮਰੀਕਾ ਵਿਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉਤੇ ਹਮਲਾ ਕਰਨ ਤੱਕ ਜਾ ਪਹੁੰਚੇ। ਉਦੋਂ ਅਮਰੀਕਾ ਦੀ ਹੁਣ ਤੱਕ ਦੀ ਸਾਰੀ ਖੁਸ਼ੀ ਖਿੰਡ ਗਈ ਤੇ ਉਸ ਨੂੰ ਇਰਾਕ ਵਾਂਗ ਹੀ ਅਫਗਾਨਿਸਤਾਨ ਵਿਚ ਆਣ ਕੇ ਇੱਕ ਹੋਰ ਲੜਾਈ ਲੜਨੀ ਪੈ ਗਈ, ਜਿਹੜੀ ਹੁਣ ਤੱਕ ਮੁੱਕਣ ਵਿਚ ਨਹੀਂ ਆ ਰਹੀ। ਖਿਲਾਰਾ ਹੱਦੋਂ ਬਾਹਲਾ ਵਧ ਚੁੱਕਾ ਹੈ।
ਹੁਣ ਦੀ ਹਾਲਤ ਇਹ ਹੈ ਕਿ ਅਮਰੀਕਾ ਦਾ ਪਾਇਆ ਖਿਲਾਰਾ ਬਾਕੀ ਸੰਸਾਰ ਤੱਕ ਹੀ ਨਹੀਂ, ਅਮਰੀਕਾ ਵਿਚ ਵੀ ਬਹੁਤ ਗੰਭੀਰ ਸਥਿਤੀ ਧਾਰਨ ਕਰਦਾ ਮਹਿਸੂਸ ਹੋਣ ਲੱਗਾ ਹੈ। ਉਥੋਂ ਦੇ ਰਾਸ਼ਟਰਪਤੀ ਦੀ ਚੋਣ ਇਸ ਵਕਤ ਸ਼ੁਰੂ ਹੋ ਚੁੱਕੀ ਹੈ। ਇਸ ਅਹੁਦੇ ਦੇ ਉਮੀਦਵਾਰ ਬਣਨ ਲਈ ਆਪੋ-ਆਪਣੀ ਪਾਰਟੀ ਵਿਚ ਚੱਲਦੀਆਂ ਬਹਿਸਾਂ ਵਿਚ ਘੱਟੋ-ਘੱਟ ਤਿੰਨ ਆਗੂ ਇਹ ਮੰਨ ਚੁੱਕੇ ਹਨ ਕਿ ਇਹ ਦਾਅਵਾ ਕਰ ਸਕਣਾ ਔਖਾ ਹੈ ਕਿ ਅਮਰੀਕਾ ਵਿਚ ਕਦੇ ਵੀ ਕੋਈ ਅਤਿਵਾਦੀ ਹਮਲਾ ਨਹੀਂ ਹੋਣ ਦਿਆਂਗੇ। ਜਦੋਂ ਪਿਛਲੀ ਚੋਣ ਹੋਈ ਸੀ, ਉਦੋਂ ਆਹਮੋ-ਸਾਹਮਣੇ ਦੀ ਬਹਿਸ ਵਿਚ ਇੱਕ ਉਮੀਦਵਾਰ ਨੇ, ਜਿਹੜਾ ਬਾਅਦ ਵਿਚ ਚੋਣ ਹਾਰ ਗਿਆ ਸੀ, ਇਹ ਗੱਲ ਆਖ ਦਿੱਤੀ ਸੀ ਕਿ ਸਾਡਾ ਦੇਸ਼ ਅਜੇ ਤੱਕ ਦਹਿਸ਼ਤਗਰਦੀ ਵਿਰੁੱਧ ਫੂਲ-ਪਰੂਫ ਇੰਤਜ਼ਾਮ ਨਹੀਂ ਕਰ ਸਕਿਆ। ਜਦੋਂ ਅਮਰੀਕਾ ਵਰਗਾ ਸੁਪਰ ਪਾਵਰ ਦੇਸ਼ ਇਹੋ ਜਿਹੇ ਪੱਕੇ ਪ੍ਰਬੰਧ ਨਹੀਂ ਕਰ ਸਕਿਆ ਤਾਂ ਬਾਕੀ ਦੇਸ਼ਾਂ ਦੇ ਹਾਕਮਾਂ ਤੋਂ ਇਹ ਆਸ ਕਿਸ ਤਰ੍ਹਾਂ ਹੋ ਸਕਦੀ ਹੈ?
ਸਭ ਤੋਂ ਤਾਜ਼ਾ ਖਤਰਾ ਇਸ ਤੋਂ ਹਟਵਾਂ ਇਹ ਹੈ ਕਿ ਜਿਹੜਾ ਐਟਮ ਬੰਬ ਦੂਸਰੀ ਸੰਸਾਰ ਜੰਗ ਮੁੱਕਣ ਮਗਰੋਂ ਕੁਝ ਦੇਸ਼ਾਂ ਨੇ ਆਪਣੀ ਰਾਖੀ ਦੀ ਗਾਰੰਟੀ ਤੇ ਦੂਸਰਿਆਂ ਨੂੰ ਡਰਾਵੇ ਦੇਣ ਲਈ ਬਣਾਇਆ ਸੀ, ਉਹ ਬੰਬ ਹੁਣ ਸਾਰੇ ਸੰਸਾਰ ਦੇ ਲੋਕਾਂ ਲਈ ਡਰਾਵਾ ਬਣ ਗਿਆ ਹੈ। ਪਿਛਲੇ ਦਿਨੀਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅਮਰੀਕਾ ਕੋਲ ਇਹ ਮੰਗ ਰੱਖੀ ਕਿ ਉਸ ਦੇ ਦੇਸ਼ ਨਾਲ ਭਾਰਤ ਵਾਂਗ ਐਟਮੀ ਸਮਝੌਤਾ ਕੀਤਾ ਜਾਵੇ। ਉਥੇ ਇਹ ਦੁਹਾਈ ਪੈ ਗਈ ਕਿ ਜਿਸ ਦੇਸ਼ ਦੇ ਰੱਖਿਆ ਮੰਤਰੀ, ਫੌਜ ਦਾ ਮੁਖੀ ਅਤੇ ਵਿਦੇਸ਼ ਸੈਕਟਰੀ ਰੋਜ਼ ਇਹ ਧਮਕੀ ਦੇਂਦੇ ਹਨ ਕਿ ਭਾਰਤ ਸਮਝ ਲਵੇ ਕਿ ਸਾਡੇ ਕੋਲ ਉਸ ਨਾਲ ਲੜਨ ਲਈ ਐਟਮ ਬੰਬ ਪਿਆ ਹੈ, ਉਸ ਦੇਸ਼ ਨਾਲ ਇਹ ਸਮਝੌਤਾ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਚਰਚਾ ਦਾ ਕੇਂਦਰ ਇਹ ਗੱਲ ਬਣ ਗਈ ਕਿ ਪਾਕਿਸਤਾਨ ਸਰਕਾਰ ਵਿਚ ਬੈਠੇ ਕੁਝ ਲੋਕਾਂ ਨੇ ਐਟਮੀ ਤਕਨੀਕ ਕੁਝ ਗੈਰ-ਜ਼ਿਮੇਵਾਰ ਦੇਸ਼ਾਂ ਨੂੰ ਵੇਚੀ ਹੈ। ਕੱਲ੍ਹ ਨੂੰ ਕਿਸੇ ਦਹਿਸ਼ਤਗਰਦ ਟੋਲੇ ਨੂੰ ਵੇਚ ਸਕਦੇ ਹਨ ਜਾਂ ਸਰਕਾਰ ਵਿਚ ਬੈਠੇ ਦਹਿਸ਼ਤਗਰਦਾਂ ਦੇ ਸਾਥੀ ਉਨ੍ਹਾਂ ਦੀ ਬੰਬ ਤੱਕ ਪਹੁੰਚ ਕਰਵਾ ਦੇਣ ਤਾਂ ਉਸ ਹਾਲਤ ਤੋਂ ਬਚਣ ਦਾ ਇਸ ਦੇਸ਼ ਕੋਲ ਕੋਈ ਪ੍ਰਬੰਧ ਨਹੀਂ ਹੈ ਤੇ ਪਾਕਿਸਤਾਨ ਸਰਕਾਰ ਇਸ ਬਾਰੇ ਗੰਭੀਰ ਵੀ ਨਹੀਂ ਹੈ।
ਸਵਾਲ ਤਾਂ ਇਹ ਅਮਰੀਕਾ ਦੇ ਅੰਦਰੋਂ ਉਠਿਆ ਹੈ ਤੇ ਸਿਰਫ ਪਾਕਿਸਤਾਨ ਦੇ ਸਬੰਧ ਵਿਚ ਉਠਿਆ ਹੈ ਕਿ ਉਸ ਦੇਸ਼ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ, ਜਿੱਥੇ ਸਰਕਾਰ ਕਮਜ਼ੋਰ ਅਤੇ ਦਹਿਸ਼ਤਗਰਦਾਂ ਦੇ ਉਭਾਰ ਦਾ ਵੱਧ ਖਤਰਾ ਹੈ, ਪਰ ਇਹੋ ਗੱਲ ਕਈ ਹੋਰ ਥਾਂ ਕਹੀ ਜਾ ਸਕਦੀ ਹੈ। ਜਿਹੜੇ ਦੇਸ਼ਾਂ ਦੇ ਲੋਕਾਂ ਨੇ ਲੰਮਾ ਸਮਾਂ ਖੁਸ਼ਹਾਲੀ ਵੇਖੀ ਤੇ ਸਾਰੇ ਸੰਸਾਰ ਤੋਂ ਕਿਰਤ ਦੀ ਭਾਲ ਵਿਚ ਲੋਕ ਉਥੇ ਆਉਂਦੇ ਹੁੰਦੇ ਸਨ, ਜਦੋਂ ਅੱਜ ਉਨ੍ਹਾਂ ਦੇਸ਼ਾਂ ਦੀ ਜਨਤਾ ਖਾਨਾ-ਜੰਗੀ ਤੋਂ ਦੁਖੀ ਹੋ ਕੇ ਦੂਸਰੇ ਦੇਸ਼ਾਂ ਨੂੰ ਭੱਜ ਰਹੀ ਹੈ ਤਾਂ ਉਥੇ ਨਵੇਂ ਖਤਰੇ ਉਭਰ ਰਹੇ ਹਨ। ਸੀਰੀਆ, ਇਰਾਕ, ਲੀਬੀਆ, ਮਿਸਰ ਵਗੈਰਾ ਸਾਰੇ ਦੇਸ਼ਾਂ ਵਿਚ ਇਕ ਪਿੱਛੋਂ ਦੂਜਾ ਦਹਿਸ਼ਤਗਰਦ ਗਰੁੱਪ ਖੜੇ ਹੋਈ ਜਾਂਦੇ ਹਨ ਤੇ ਉਨ੍ਹਾਂ ਦੀ ਆਪੋ ਵਿਚ ਤਾਰ ਜੁੜੀ ਹੋਈ ਹੈ। ਜੜ੍ਹ ਲੱਭਣ ਲੱਗੋ ਤਾਂ ਫਿਰ ਪਾਕਿਸਤਾਨ ਨੂੰ ਆਉਂਦੀ ਹੈ। ਜਿਹੜੇ ਅਬੂ ਬਕਰ ਅਲ ਬਗਦਾਦੀ ਨੇ ਇਰਾਕ ਵਿਚ ਆਈ ਐਸ ਆਈ ਐਸ ਖੜੀ ਕੀਤੀ ਅਤੇ ਫਿਰ ਸੀਰੀਆ ਨੂੰ ਤੁਰਨ ਪਿੱਛੋਂ ਹੁਣ ਪਾਕਿਸਤਾਨ ਵੱਲ ਮੂੰਹੀ ਕਰੀ ਜਾਂਦਾ ਹੈ, ਉਹ ਦਹਿਸ਼ਤਗਰਦੀ ਦੀ ਮੁੱਢਲੀ ਟਰੇਨਿੰਗ ਪਾਕਿਸਤਾਨ ਵਿਚ ਓਸਾਮਾ ਬਿਨ ਲਾਦੇਨ ਦੇ ਕੋਲ ਰਹਿ ਕੇ ਹਾਸਲ ਕਰਦਾ ਰਿਹਾ ਸੀ। ਜਦੋਂ ਉਹ ਪਾਕਿਸਤਾਨ ਵਿਚ ਆਵੇ ਤਾਂ ਉਸ ਨੂੰ ਟਰੇਨਿੰਗ ਦੇਣ ਵਾਲੇ ਉਸ ਦੇਸ਼ ਦੀ ਫੌਜ ਦੇ ਉਦੋਂ ਵਾਲੇ ਅਫਸਰ ਉਸ ਦਾ ਪਹਿਲਾ ਸੰਪਰਕ ਬਣ ਜਾਣਗੇ। ਉਹ ਮੌਤ ਦਾ ਵਣਜ ਕਰਨ ਵਾਲਾ ਬੰਦਾ ਹੈ ਤੇ ਉਸ ਦੀ ਇਸ ਪਾਸੇ ਨੂੰ ਧਾਈ ਖਤਰੇ ਬਹੁਤ ਵਧਾ ਸਕਦੀ ਹੈ। ਜਿਹੜੇ ਐਟਮ ਬੰਬ ਬਣਨ ਦੇ ਬਾਅਦ ਅਮਰੀਕਾ ਤੇ ਫਿਰ ਕਈ ਹੋਰ ਦੇਸ਼ਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਸੀ, ਅਬੂ ਬਕਰ ਅਲ ਬਗਦਾਦੀ ਉਸ ਤੋਂ ਹੁਣ ਬਹੁਤੀ ਦੂਰ ਨਹੀਂ। ਹਰ ਨਵੇਂ ਦਿਨ ਉਹ ਕੁਝ ਹੋਰ ਕਦਮ ਉਸ ਦੇ ਕੋਲ ਪਹੁੰਚ ਰਿਹਾ ਹੈ।
ਸ਼ਾਇਦ ਇਹੋ ਕਾਰਨ ਹੈ ਕਿ ਜਿਹੜੀ ਗੱਲ ਬਚਪਨ ਵਿਚ ਸੁਣਦੇ ਸਾਂ ਕਿ ਇੱਕੀਵੀਂ ਸਦੀ ਤੱਕ ਇਨਸਾਨਾਂ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ, ਉਹ ਹੁਣ ਸੱਚੀ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋਣ ਲੱਗੀਆਂ ਹਨ। ਸੰਸਾਰ ਦੇ ਸਾਰੇ ਸੱਭਿਅਕ ਦੇਸ਼ਾਂ ਨੂੰ ਇਸ ਵਕਤ ਸਿਰ ਜੋੜਨ ਦੀ ਲੋੜ ਹੈ। ਇਹ ਖਤਰਾ ਸਭ ਦੇ ਲਈ ਹੈ। ਐਟਮੀ ਹਥਿਆਰਾਂ ਤੀਕਰ ਦਹਿਸ਼ਤਗਰਦੀ ਦੀ ਪਹੁੰਚ ਰੋਕਣ ਲਈ ਜੋ ਕੁਝ ਵੀ ਕਰਨ ਦੀ ਲੋੜ ਹੈ, ਸਾਰਿਆਂ ਨੂੰ ਮਿਲ ਕੇ ਕਰਨਾ ਪਵੇਗਾ। ਹਾਲੇ ਤੱਕ ਜਿਹੜੇ ਦੇਸ਼ ਦਹਿਸ਼ਤਗਰਦੀ ਨੂੰ ਆਪਣੇ ਹਿੱਤਾਂ ਲਈ ਵਰਤਣ ਦੀ ਸੋਚਦੇ ਹਨ, ਉਨ੍ਹਾਂ ਨੂੰ ਵੀ ਹੁਣ ਇਹ ਸੋਚਣਾ ਪਵੇਗਾ ਕਿ ‘ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ, ਨਾ ਤੁਮ ਹੀ ਬਚੋਗੇ, ਨਾ ਸਾਥੀ ਤੁਮਾਰੇ’।