ਬਲਕਾਰ ਸਿੰਘ (ਪ੍ਰੋæ)
ਫੋਨ: +91-93163-01328
ਮੌਜੂਦਾ ਪੰਜਾਬੀ ਸੂਬਾ, ਭਾਰਤੀ ਵਿਧਾਨ ਦੇ ਅਧੀਨ ਜਿਹੋ ਜਿਹਾ ਉਨ੍ਹਾਂ ਹਾਕਮਾਂ ਵਿਚ ਸੰਭਵ ਹੋ ਸਕਦਾ ਸੀ, ਉਹੋ ਜਿਹਾ ਬਣ ਗਿਆ ਪਰ ਜੇ ਸਿੱਖ ਲੀਡਰਸ਼ਿੱਪ ਸੁਚੱਜੀ ਹੁੰਦੀ ਤਾਂ ਇਸ ਦਾ ਖੇਤਰ ਹੋਰ ਵਿਸ਼ਾਲ ਹੋ ਸਕਦਾ ਸੀ। ਪੰਜਾਬ ਵਿਚ ਰਾਜ ਸਿੱਖਾਂ ਦਾ ਹੀ ਰਹਿਣਾ ਹੈ ਅਤੇ ਸਿੱਖਾਂ ਵਿਚੋਂ ਵੀ ਜੱਟਾਂ ਦੇ ਰਾਜ ਦੀ ਸੰਭਾਵਨਾ ਵੱਧ ਹੈ। ਇਸ ਨਾਲ ਬਹੁਤ ਸਾਰੀਆਂ ਸਿਆਸੀ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਹਿਸਾਬ ਦੇਣਾ ਪਵੇਗਾ ਕਿ ਕਿਸੇ ਸਮੇਂ ਸਾਰੇ ਖੇਤਰਾਂ ਵਿਚੋਂ ਮੋਹਰੀ ਪੰਜਾਬ ਅੱਜ ਨਸ਼ਾਖੋਰੀ, ਰਿਸ਼ਵਤਖੋਰੀ ਅਤੇ ਗੁੰਡਾਗਰਦੀ ਨੂੰ ਛੱਡ ਕੇ ਬਾਕੀ ਸਭ ਖੇਤਰਾਂ ਵਿਚ ਫਾਡੀ ਕਿਉਂ ਰਹਿ ਗਿਆ ਹੈ?
ਹੁਣ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਗੁੰਡਾਗਰਦੀ ਨੂੰ ਸਿਆਸਤ ਨਾਲੋਂ ਵੱਖ ਕੀਤੇ ਬਿਨਾਂ ਕੋਈ ਵਿਕਾਸ ਜਾਂ ਸੁਧਾਰ ਸੰਭਵ ਨਹੀਂ। ਅਮੀਰੀ ਦੀ ਸਿਆਸਤ ਦਾ ਅੰਤ ਹੋਣਾ ਚਾਹੀਦਾ ਹੈ। ਇਹ ਮਹਿਸੂਸ ਤਾਂ ਸਭ ਨੂੰ ਹੋਣ ਲੱਗ ਪਿਆ ਹੈ ਪਰ ਲੋੜ ਇਸ ਨੂੰ ਅਮਲ ਵਿਚ ਲਿਆਉਣ ਲਈ ਯਤਨ ਕਰਨ ਦੀ ਹੈ। ਮਹਿਜ਼ ਵਿਰੋਧ ਦੀ ਸਿਆਸਤ ਵਿਚ ਸਮਾਂ ਅਤੇ ਪੈਸਾ ਬਰਬਾਦ ਕਰਨ ਦੀ ਥਾਂ ਅਜਿਹੇ ਮੁੱਦਿਆਂ ਨੂੰ ਆਮ ਲੋਕਾਂ ਤਕ ਲੈ ਕੇ ਜਾਣ ਦੀ ਲੋੜ ਹੈ। ਇਸ ਦੀ ਸ਼ੁਰੂਆਤ ਪੰਜਾਬ ਤੋਂ ਹੋਣੀ ਚਾਹੀਦੀ ਹੈ, ਕਿਉਂਕਿ ਪੰਜਾਬ ਦੇ ਚੇਤੰਨ ਲੋਕਾਂ ਨੇ ਹਮੇਸ਼ਾਂ ਹੀ ਹਰ ਖੇਤਰ ਵਿਚ ਪਹਿਲ ਕੀਤੀ ਹੈ। ਹਰ ਪੰਜਾਬੀ ਨੂੰ ਮੁੱਦਿਆਂ ਦੀ ਸਿਆਸਤ ਵਾਸਤੇ ਇਸ ਲਈ ਤਿਆਰ ਕੀਤੇ ਜਾਣ ਦੀ ਲੋੜ ਹੈ, ਕਿਉਂਕਿ ਜਜ਼ਬਾਤ ਦੇ ਸ਼ੋਸ਼ਣ ਦੀ ਸਿਆਸਤ ਦਾ ਪਹਿਲਾਂ ਹੀ ਬਹੁਤ ਮੁੱਲ ਤਾਰਿਆ ਜਾ ਚੁੱਕਾ ਹੈ।
ਇਸ ਵੇਲੇ ਪੰਜਾਬ ਵਿਚ ਇੱਕ ਖ਼ਾਸ ਕਿਸਮ ਦੀ ਮਾਯੂਸੀ, ਉਦਾਸੀ ਅਤੇ ਬੇਵਸੀ ਪਸਰ ਰਹੀ ਹੈ। ਇਸ ਦੇ ਹੋਰ ਵੀ ਬਥੇਰੇ ਕਾਰਨ ਹੋਣਗੇ, ਪਰ ਸਭ ਤੋਂ ਵੱਡਾ ਕਾਰਨ ਸੌੜੀ ਸਿਆਸਤ ਅਤੇ ਭ੍ਰਿਸ਼ਟ ਸਿਆਸਤਦਾਨ ਹੀ ਹਨ। ਲੋਕ ਭਲਾਈ ਲਈ ਸੇਵਾ ਭਾਵਨਾ ਦਾ ਜਜ਼ਬਾ ਸਿਆਸਤ ਦੀ ਭੇਟ ਚੜ੍ਹ ਗਿਆ ਹੈ। ਸਿਆਸਤ ਵੀ ਬਾਕੀ ਧੰਦਿਆਂ ਵਾਂਗ ਧੰਦਾ ਬਣ ਰਹੀ ਹੈ। ਹਰ ਕਿਸਮ ਦੇ ਅਪਹਰਣ ਨੂੰ ਸਿਆਸਤ ਮੰਨ ਲਿਆ ਗਿਆ ਹੈ। ਹਿੱਤਾਂ ਦਾ ਅਪਹਰਣ, ਨੈਤਿਕਤਾ ਦਾ ਅਪਹਰਣ, ਜਜ਼ਬਾਤ ਦਾ ਅਪਹਰਣ ਅਤੇ ਸੰਸਥਾਵਾਂ ਦਾ ਅਪਹਰਣ ਸਿਆਸੀ ਸ਼ੁਗਲ ਵਾਂਗ ਸਭ ਦੇ ਸਾਹਮਣੇ ਹੈ। ਪੰਜਾਬ ਦੇ ਹਿੱਤਾਂ ਦੀ ਬਲੀ ਭਾਰਤ ਦੀ ਇਕਸਾਰ ਖ਼ੁਸ਼ਹਾਲੀ ਲਈ ਜ਼ਰੂਰੀ ਮੰਨ ਲਈ ਗਈ ਹੈ। ਪੰਜਾਬ ਵਿਰੋਧੀਆਂ ਦੀ ਸਿਆਸਤ ਵੀ ਪੰਜਾਬੀ ਸਿਆਸਤ ਦਾ ਹਿੱਸਾ ਹੁੰਦੀ ਜਾ ਰਹੀ ਹੈ। ਇਸ ਪ੍ਰਸੰਗ ਵਿਚ ਸਿੱਖ ਸਿਆਸਤਦਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਿਆਂ ਦੀ ਵੀ ਕੋਈ ਸੀਮਾ ਅਤੇ ਪ੍ਰਸੰਗਿਕਤਾ ਵੀ ਹੁੰਦੀ ਹੈ। ਹੱਥ ਮਿਲਾਉਣ ਦੀ ਸਿਆਸਤ ਨੂੰ ਚਰਨਾਂ ਉਤੇ ਡਿੱਗੇ ਰਹਿਣ ਦੀ ਸਿਆਸਤ ਮੰਨ ਲੈਣਾ, ਪੰਜਾਬ ਨੂੰ ਕਦੇ ਰਾਸ ਨਹੀਂ ਆਇਆ। ਪ੍ਰਾਪਤ ਜਮਹੂਰੀ ਸਿੱਖ ਸਿਆਸਤ ਨੂੰ ਸਿੱਖ ਤੰਤਰ ਦਾ ਰੰਗ ਸਿੱਖ ਸਿਆਸਤਦਾਨਾਂ ਨੇ ਦੇਣਾ ਸੀ, ਪਰ ਉਨ੍ਹਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਤੋਂ ਬਿਲਕੁਲ ਉਲਟ ਨਿਜੀ ਸਿਆਸੀ ਇਜਾਰੇਦਾਰੀ ਕਾਇਮ ਕਰਨ ਨੂੰ ਪੰਥਕ ਐਲਾਨਣ ਦੀ ਵਧੀਕੀ ਹੁੰਦੀ ਰਹੀ ਹੈ। ਪੰਜਾਬ ਦੇ ਚੇਤੰਨ ਵਰਗ ਨੇ ਵੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ, ਸਿੱਟੇ ਵਜੋਂ ਪੰਜਾਬ ਸੰਕਟਗ੍ਰਸਤ ਹੋ ਗਿਆ ਹੈ।
ਮੌਜੂਦਾ ਹਾਲਾਤ ਵਿਚ ਸਿੱਖ ਰੰਗ ਵਿਚ ਸਿਆਸੀ ਪੈਂਤੜਾ ਲੈਣ ਅਤੇ ਸਿੱਖ ਦਾਅਵਿਆਂ ‘ਤੇ ਸੁਜੱਗਤਾ ਨਾਲ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ। ਗੁਰੂ ਸਾਹਿਬਾਨ ਨੇ 1708 ਈਸਵੀ ਤਕ ਸਿੱਖ ਲੋਕਤੰਤਰ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਪੰਥ ਨੂੰ ਸੌਂਪ ਦਿੱਤੀ ਸੀ। ਲਿਹਾਜ਼ਾ, ਸਿੱਖ ਰੰਗ ਵਾਲੀ ਲੋਕ ਹਿਤੈਸ਼ੀ ਸਿਆਸਤ ਦੀ ਬਹਾਲੀ ਲਈ ਪ੍ਰਾਪਤ ਮੌਕਿਆਂ ਨੂੰ ਸਿੱਖ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ। ਜਮਹੂਰੀਅਤ ਦੇ ਉਸਰੱਈਆਂ ਨੂੰ ਸਮਝਣਾ ਪਵੇਗਾ ਕਿ ਜੋ ਆਪਣੀ ਰੱਖਿਆ ਆਪ ਨਹੀਂ ਕਰ ਸਕਦਾ, ਉਸ ਕੋਲੋਂ ਸੁਰੱਖਿਅਤ ਰਹਿਣ ਦਾ ਹੱਕ ਆਪਣੇ ਆਪ ਖੁੱਸ ਜਾਂਦਾ ਹੈ। ਇਹ ਇਤਿਹਾਸ ਵਿਚ ਵਾਰ ਵਾਰ ਵਾਪਰਦਾ ਰਿਹਾ ਹੈ। ਇਸ ਵਿਚੋਂ ਨਿਕਲਣ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬੰਦੇ ਦੇ ਨਹੀਂ, ਬਾਣੀ ਸਿਧਾਂਤਕੀ ਦੇ ਲੜ ਲਾਇਆ ਸੀ। ਵਰਤਮਾਨ ਸਿਆਸੀ ਸਥਿਤੀ ਵਿਚ ਪੰਜਾਬ ਨੂੰ ਇਸ ਗੁਰੂ ਜੁਗਤਿ ਦੇ ਸਨਮੁਖ ਹੋਣਾ ਪੈਣਾ ਹੈ। ਸਿਆਸੀ ਚੌਧਰ ਦੀ ਗੱਲ ਬਹੁਤ ਦੂਰ ਰਹਿ ਗਈ ਹੈ। ਹੁਣ ਤਾਂ ਸਿਰ ਬਚਾਉਣ ਦੇ ਲਾਲੇ ਪਏ ਹੋਏ ਹਨ। ਸ਼ਾਹ ਮੁਹੰਮਦ ਦੇ ਬੋਲ ਫਿਰ ਸਾਰਥਕ ਲੱਗਣ ਲੱਗ ਪਏ ਹਨ:
ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ,
ਕੋਈ ਅਕਲ ਦਾ ਕਰੋ ਇਲਾਜ ਯਾਰੋ।
ਜੰਗਾਂ ਤਾਂ ਸਦਾ ਨਾਬਰੀ ਸੁਰ ਵਾਲਿਆਂ ਨੇ ਹੀ ਲੜੀਆਂ ਹਨ। ਧਰਮ ਨਿਰਪੇਖ ਸਿਆਸਤ ਅਤੇ ਧਰਮ ਆਧਾਰਿਤ ਸਿਆਸਤ ਵਿਚੋਂ ਕਿਸੇ ਇੱਕ ਨੂੰ ਚੁਣਨ ਲੱਗਿਆਂ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਦੇਸ਼ ਦੇ ਹਿੱਤ ਵਿਚ ਕੀ ਹੈ? ਇਸ ਹਾਲਤ ਵਿਚ ਪੰਜਾਬ ਦੇ ਰੋਲ ਨੂੰ ਧਿਆਨ ਨਾਲ ਵੇਖਿਆ ਜਾ ਰਿਹਾ ਹੈ, ਕਿਉਂਕਿ ਪੰਜਾਬ ਦੀ ਲੜਾਕੂ ਸਮਰੱਥਾ ਦੇ ਸਭ ਭੇਤੀ ਹਨ। ਇਸ ਨੂੰ ਪਾੜ ਕੇ ਰੱਖਣ ਦੀ ਲੋੜ ਨਹੀਂ ਪੈਣੀ, ਕਿਉਂਕਿ ਇਹ ਸ਼ੁਭ ਕਾਰਜ ਪੰਜਾਬੀ ਸਿਆਸਤਦਾਨ ਆਪ ਹੀ ਕਰੀ ਜਾ ਰਹੇ ਹਨ। ਅਕਾਲੀਅਤ ਦੇ ਨਾਂ ‘ਤੇ ਜੋ ਸਿਆਸੀ ਧੜੇ ਬਣ ਗਏ ਹਨ, ਉਹ ਪੰਜਾਬ ਦੀ ਸਿਆਸੀ ਭੂਮਿਕਾ ਨੂੰ ਖੁੰਢਾ ਕਰ ਰਹੇ ਹਨ। ਇਸ ਵੇਲੇ ਦੀ ਲੋੜ ਸਿਆਸਤ ਨੂੰ ਨਿਜੀ ਚੌਧਰ ਦੀ ਥਾਂ ਜ਼ਿੰਮੇਵਾਰੀ ਦੀ ਨੈਤਿਕਤਾ ਨਾਲ ਜੋੜਨ ਦੀ ਹੈ। ਇਸ ਪਾਸੇ ਸਿੱਖ ਸੁਰ ਵਿਚ ਤੁਰਨ ਦੀ ਪਹਿਲ ਅਕਾਲੀ ਸਿਆਸਤਦਾਨਾਂ ਨੂੰ ਕਰਨੀ ਚਾਹੀਦੀ ਹੈ। ਇਸ ਵਿਚ ਰੁਕਾਵਟ ਸਿੱਖ ਸਿਆਸਤਦਾਨਾਂ ਅੰਦਰੋਂ ਸਿੱਖ ਰੀਝ ਦਾ ਮਰ ਜਾਣਾ ਹੈ। ਸਿਆਸੀ ਗਰਜ਼ਾਂ ਦੀ ਬਲੀ ਬਹੁਤ ਕੁਝ ਚੜ੍ਹ ਚੁੱਕਾ ਹੈ। ਇਸ ਨਾਲ ਉਹ ਸਾਰੇ ਰਾਹ ਜਿਨ੍ਹਾਂ ਨੂੰ ਸਿਧਾਂਤਕ, ਰਵਾਇਤੀ ਅਤੇ ਇਤਿਹਾਸਕ ਮਾਨਤਾ ਅਤੇ ਮਹੱਤਤਾ ਹਾਸਲ ਸੀ, ਇੱਕ ਵਾਰ ਬੇਲੋੜੇ, ਬੇਅਸਰ ਅਤੇ ਸਮਾਂ ਵਿਹਾ ਗਏ ਲੱਗਣ ਲੱਗ ਪਏ ਹਨ। ਅਜੇ ਵੀ ਜੇ ਸਮਝ ਨਹੀਂ ਆ ਰਹੀ ਤਾਂ ਫਿਰ ਇਹੀ ਕਹਿਣਾ ਪਵੇਗਾ ਕਿ ‘ਜਾ ਕਉ ਕਰਤਾ ਆਪ ਖੁਹਾਏ ਖਸ ਲਏ ਚੰਗਿਆਈ’। ਅਜਿਹੀ ਹਾਲਤ ਸਿੱਖ ਲੀਡਰਾਂ ਨੇ ਆਪ ਸਹੇੜ ਲਈ ਹੈ। ਹੋਰ ਵੀ ਬਹੁਤ ਸਾਰੀਆਂ ਸਿਆਸਤੀ ਪਰਤਾਂ ਹਨ ਜਿਹੜੀਆਂ ਰੂਹ ਦੀ ਪੱਧਰ ਉਤੇ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੀਆਂ ਹਨ, ਪਰ ਮਾਇਆ ਨਾਲ ਥਿੰਦੀ ਹੋ ਗਈ ਸਿਆਸੀ ਮਾਨਸਿਕਤਾ ਹੀ ਮਸਲਾ ਬਣੀ ਹੋਈ ਹੈ। ਅਕਾਲੀ ਇਸ ਬਾਰੇ ਨਾ ਸੁਣਨ ਨੂੰ ਤਿਆਰ ਹਨ ਅਤੇ ਨਾ ਹੀ ਇਹ ਸੱਚ ਸਮਝਣ ਨੂੰ। ਇਸ ਹਾਲਤ ਵਿਚ ਵਿਰਾਸਤੀ ਅਕਾਲੀਅਤ ਦਾਅ ‘ਤੇ ਲੱਗ ਗਈ ਹੈ।
ਅਕਾਲੀਅਤ ਦੀ ਨਿਹਿਤ ਊਰਜਾ ਨੂੰ ਅਕਾਲੀਵਾਦ ਵਜੋਂ ਸਿਧਾਂਤਕੀ ਵਿਚ ਢਾਲੇ ਬਿਨਾਂ ਇਹ ਸਿੱਖ ਸੱਚ ਸਾਹਮਣੇ ਨਹੀਂ ਲਿਆਂਦਾ ਜਾ ਸਕਦਾ ਕਿ ਦੇਸ਼ ਦੀ ਸਿਆਸਤ ਨੂੰ ਸਿੱਖ ਮਾਡਲ ਦੀ ਲੋੜ ਹੈ, ਕਿਉਂਕਿ ਇਸ ਰਾਹੀਂ ਰਾਏ ਦੇ ਵਿਰੋਧ ਨਾਲ ਨਿਭਦਿਆਂ ਸਹਿਜ ਸਥਾਪਨ ਦੀ ਸਿਆਸਤ ਕੀਤੀ ਜਾ ਸਕਦੀ ਹੈ, ਪਰ ਇਹ ਮਾਡਲ ਅਕਾਲੀਆਂ ਨੇ ਆਪ ਹੀ ਨਹੀਂ ਵਰਤਿਆ, ਤੇ ਇਸ ਨਾਲ ਅਕਾਲੀਵਾਦ ਦੀ ਸਥਾਪਤੀ ਦਾ ਰਾਹ ਸਾਹਮਣੇ ਹੀ ਨਹੀਂ ਆਇਆ। ਵਰਤਮਾਨ ਸੰਕਟ ਦੀ ਘੁੰਮਣਘੇਰੀ ਵਿਚੋਂ ਅਕਾਲੀ ਸਿਆਸਤਦਾਨ ਇਸ ਰਾਹ ਪੈ ਕੇ ਹੀ ਬਾਹਰ ਨਿਕਲ ਸਕਦੇ ਹਨ। ਸਿੱਖ ਸਿਧਾਂਤਾਂ, ਰਵਾਇਤਾਂ ਤੋਂ ਅੱਖਾਂ ਮੀਟਣਾ ਅਤੇ ਗੁਰੂ ਦੀ ਬਾਣੀ ਤੋਂ ਬੇਮੁਖੀ ਭਾਰੀ ਪੈ ਸਕਦੀ ਹੈ।