ਪੰਜਾਬ ਦੇ ਸਿਰ ਉਤੇ ਅੱਜ ਫਿਰ ਸੰਕਟ ਮੰਡਰਾ ਰਿਹਾ ਹੈ। ਤਿੱਖੀ, ਤੀਬਰ ਅਤੇ ਤੇਜ਼ੀ ਨਾਲ ਹੋ ਰਹੀ ਉਥਲ-ਪੁਥਲ ਦੇ ਬਾਵਜੂਦ ਅਜੇ ਤੱਕ ਇਸ ਸੰਕਟ ਦੀ ਕੋਈ ਤੰਦ ਫੜੀ ਨਹੀਂ ਜਾ ਸਕੀ। ਸਿਆਸੀ ਚਾਲਾਂ ਚੱਲਣ ਵਾਲੇ ਇਕ ਵਾਰ ਫਿਰ ਸ਼ਹਿ ਕੇ ਬੈਠ ਗਏ ਹਨ ਅਤੇ ਇਨ੍ਹਾਂ ਸਿਆਸੀ ਚਾਲਾਂ ਨੂੰ ਉਡਾਉਣ ਦਾ ਯਤਨ ਕਰਨ ਵਾਲੇ ਖੁਦ ਸਵੈ-ਮੰਥਨ ਵੱਲ ਅਹੁਲਣ ਦੀ ਥਾਂ ਸਰਗਰਮੀ ਦਾ ਸਾਰਾ ਧੁਰਾ ਸਿਆਸੀ ਚਾਲਾਂ ਦੁਆਲੇ ਹੀ ਕੇਂਦਰਤ ਕਰ ਰਹੇ ਹਨ।
ਇਸ ਸਿਆਸੀ ਅਤੇ ਧਾਰਮਿਕ ਸੰਕਟ ਦੇ ਪਿਛੋਕੜ ਵਿਚ ਦੋ ਸਿੱਖ ਵਿਦਵਾਨਾਂ- ਕਰਮਜੀਤ ਸਿੰਘ ਤੇ ਬਲਕਾਰ ਸਿੰਘ ਨੇ ਖਾਸ ਨੁਕਤਾ-ਨਿਗ੍ਹਾ ਤੋਂ ਟਿੱਪਣੀਆਂ ਕੀਤੀਆਂ ਹਨ ਜਿਨ੍ਹਾਂ ਵਿਚ ਇਸ ਸੰਕਟ ਦੀਆਂ ਤਹਿਆਂ ਤੱਕ ਪੁੱਜਣ ਵਾਲੇ ਰਾਹਾਂ ਦੀ ਸੂਹ ਪੈ ਰਹੀ ਹੈ। -ਸੰਪਾਦਕ
ਕਰਮਜੀਤ ਸਿੰਘ
ਫੋਨ: +91-99150-91063
ਸਿੱਖ ਪੰਥ ਦਾ ਰਾਜਨੀਤਕ ਕਲਚਰ ਬਹੁਤ ਗੁੰਝਲਦਾਰ ਹੈ, ਦਿਲਚਸਪ ਵੀ ਹੈ ਅਤੇ ਅਕਾਦਮਿਕ ਮੁਹਾਵਰੇ ਵਿਚ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਵੀ ਹੈ। ਇਹ ਕਲਚਰ ਧਾਰਮਿਕ ਸਭਿਆਚਾਰ ਨਾਲੋਂ ਰੂਹਾਨੀ ਸਭਿਆਚਾਰ ਦੇ ਵੱਧ ਨੇੜੇ ਹੈ ਜਿਸ ਕਰ ਕੇ ਇਸ ਦੇ ਗਿਆਨ-ਪ੍ਰਬੰਧ ਦੇ ਬਹੁਤ ਸਾਰੇ ਪਹਿਲੂ ਹੋਰਨਾਂ ਨਾਲੋਂ ਵੱਖਰੇ ਅਤੇ ਵਿਸ਼ੇਸ਼ ਹਨ ਅਤੇ ਸਤਹੀ ਸੋਚ ਵਾਲੇ ਵਿਦਵਾਨਾਂ ਦੀ ਪਕੜ ਵਿਚ ਨਹੀਂ ਆ ਸਕਦੇ। ਆਜ਼ਾਦੀ ਤੋਂ ਪਹਿਲਾਂ ਚੱਲੇ ਅੰਦੋਲਨਾਂ ਵਿਚ ਨਹਿਰੂ, ਟੈਗੋਰ, ਗਾਂਧੀ, ਅੰਬੇਦਕਰ ਸਮੇਤ ਸਿਆਸਤਦਾਨਾਂ ਅਤੇ ਨੀਤੀਵਾਨਾਂ ਦੀ ਲੰਮੀ ਕਤਾਰ ਹੈ ਜਿਨ੍ਹਾਂ ਨੂੰ ਇਸ ਵਿਲੱਖਣਤਾ ਦੀ ਪਛਾਣ ਅਤੇ ਸਮਝ ਸੀ। ਇੱਥੋਂ ਤਕ ਕਿ ਖੱਬੇ ਪੱਖੀ ਸਿਆਸਤਦਾਨ ਵੀ ਇਸ ਹਕੀਕਤ ਨੂੰ ਸਵੀਕਾਰ ਕਰਦੇ ਸਨ। ਬੰਗਾਲੀ ਲੇਖਕ ਅਤੇ ਆਜ਼ਾਦੀ ਸੰਗਰਾਮੀਏ ਸਾਚਿੰਦਰ ਨਾਥ ਸਾਨਿਆਲ ਨੇ ਗ਼ਦਰ ਪਾਰਟੀ ਦਾ ਇਤਿਹਾਸ ਲਿਖਦਿਆਂ ਆਪਣੀ ਕਿਤਾਬ ‘ਬੰਦੀ ਜੀਵਨ’ ਵਿਚ ਸਿੱਖ ਮਾਨਸਿਕਤਾ ਦੇ ਕੁਝ ਝਲਕਾਰੇ ਪੇਸ਼ ਕੀਤੇ ਹਨ।
ਵਿਦਵਾਨਾਂ ਅਤੇ ਸਿਆਸਤਦਾਨਾਂ ਨੂੰ ਹੈਰਾਨ ਕਰਨ ਵਾਲਾ ਇਹ ਤੱਥ ਸਮਝਣ ਵਿਚ ਬਹੁਤ ਮੁਸ਼ਕਿਲ ਆ ਰਹੀ ਹੈ ਕਿ ਆਖ਼ਰਕਾਰ ਸੁੱਚੇ ਜਜ਼ਬਾਤ ਦਾ ਉਹ ਸਰਸਬਜ਼ ਚਸ਼ਮਾ ਜਾਂ ਭਾਈ ਨੰਦ ਲਾਲ ਦੇ ਲਫ਼ਜ਼ਾਂ ਵਿਚ ‘ਜਾਂ ਫਰੋਜ਼ਿ ਨਹਿਰ’ (ਆਤਮਕ ਗਿਆਨ ਦੀ ਵਗਦੀ ਨਦੀ) ਕਿੱਥੇ ਹੈ ਜਿਸ ਕਰ ਕੇ ਆਜ਼ਾਦੀ ਦੀ ਜੰਗ ਵਿਚ ਫਾਂਸੀਆਂ ਉਤੇ ਚੜ੍ਹਨ ਵਾਲੇ ਅਤੇ ਲੰਮੀਆਂ ਕੈਦਾਂ ਕੱਟਣ ਵਾਲਿਆਂ ਵਿਚ 80 ਫ਼ੀਸਦੀ ਸਿੱਖ ਹੀ ਸਨ। ਇੱਥੋਂ ਤਕ ਕਿ ਪੰਜਾਬ ‘ਚ ਨਕਸਲੀ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ 81 ਵਿਚੋਂ ਬਹੁਤੇ ਸਿੱਖ ਸਨ।
ਇੱਕ ਹੋਰ ਗੰਭੀਰ ਤੱਥ ਡੂੰਘੇ ਧਿਆਨ ਦੀ ਮੰਗ ਕਰਦਾ ਹੈ ਕਿ ਸਿੱਖ ਕੌਮ ਹਰ ਰੋਜ਼ ਅਰਦਾਸ ਵਿਚ ਦੋ ਵਾਰ ‘ਸਰਬੱਤ ਦਾ ਭਲਾ’ ਮੰਗਦੀ ਹੈ, ਪਰ ਨਾਲ ਹੀ ਇਸੇ ਮੰਚ ਉਤੇ ਖਲ੍ਹੋ ਕੇ ਉਹ ਆਪਣੀ ਆਜ਼ਾਦ ਅਤੇ ਨਿਆਰੀ ਹਸਤੀ ਨੂੰ ਕਾਇਮ ਰੱਖਣ ਲਈ ਵੀ ਵਚਨਬੱਧ ਹੈ। ਇਤਿਹਾਸ ਵਿਚ ਅਨੇਕਾਂ ਮਿਸਾਲਾਂ ਹਨ ਜਦੋਂ ਸਿੱਖਾਂ ਨੇ ਹਰ ਔਖੀ-ਸੌਖੀ ਘੜੀ ਇਨ੍ਹਾਂ ਦੋਵਾਂ ਹਕੀਕਤਾਂ ਦੇ ਨਾਜ਼ੁਕ ਤਵਾਜ਼ਨ ਨੂੰ ਬਣਾਈ ਰੱਖਿਆ। ਸ਼ ਪ੍ਰਕਾਸ਼ ਸਿੰਘ ਬਾਦਲ ਇੱਥੇ ਹੀ ਮਾਰ ਖਾ ਗਏ। ਉਹ ਇਸ ਸੰਵੇਦਨਸ਼ੀਲ ਸੰਤੁਲਨ ਨੂੰ ਸੰਭਾਲ ਕੇ ਨਹੀਂ ਰੱਖ ਸਕੇ ਅਤੇ ਸ਼ਾਇਦ ਉਨ੍ਹਾਂ ਨੂੰ ਇਸ ਦੀਆਂ ਬਾਰੀਕ, ਅਣਦਿਸਦੀਆਂ ਅਤੇ ਅਹਿਮ ਪਰਤਾਂ ਦੀ ਅੰਤਰਮੁਖੀ ਸਮਝ ਵੀ ਨਹੀਂ। ‘ਸਰਬੱਤ ਦੇ ਭਲੇ’ ਦਾ ਨਾਅਰਾ ਮਾਰਦੇ ਮਾਰਦੇ ਉਹ ਹੁਣ ‘ਸਰਬੱਤ’ ਨਾਲੋਂ ਵੀ ਦੂਰ ਹਨ ਅਤੇ ਆਪਣੀ ਕੌਮ ਨਾਲੋਂ ਵੀ ਟੁੱਟੇ ਨਜ਼ਰ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁਖਦਾਇਕ ਘਟਨਾਵਾਂ ਪਿੱਛੋਂ ਜਦੋਂ ਉਹ ਸ਼ਨਿਚਰਵਾਰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਚੱਲ ਰਹੇ ਸਨ ਤਾਂ ਕਿਸੇ ਡੂੰਘੀ ਪੀੜ ਦੀ ਝਲਕ ਉਨ੍ਹਾਂ ਦੇ ਚਿਹਰੇ ਤੋਂ ਸਾਫ਼ ਪੜ੍ਹੀ ਜਾ ਸਕਦੀ ਸੀ। ਹੁਣ ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਖੂਹ ਦੀ ਤਹਿ ਵਿਚ ਬੈਠ ਕੇ ਸਾਰੇ ਅਸਮਾਨ ਨੂੰ ਵੇਖਿਆ ਨਹੀਂ ਜਾ ਸਕਦਾ।
ਇੱਕ ਹੋਰ ਸਵਾਲ ਵੀ ਹੈ ਕਿ ਬਾਦਲ ਕੋਲ ਸਿਆਸੀ ਚਤੁਰਾਈਆਂ ਦਾ ਖ਼ਜ਼ਾਨਾ ਵੀ ਸੀ, ਤਜਰਬੇ ਵੀ ਤੇ ਤਾਕਤ ਵੀ। ਸਬਰ-ਸੰਤੋਖ ਨਾਲ ਤਾਂ ਉਨ੍ਹਾਂ ਕਈ ਮਜ਼ਬੂਤ ਸਿਆਸੀ ਜੰਦਰੇ ਵੀ ਖੋਲ੍ਹੇ ਤੇ ਭੰਨੇ, ਪਰ ਉਹ ਮਾਰ ਕਿੱਥੇ ਖਾ ਰਹੇ ਹਨ? ਜਵਾਬ ਹੈ ਕਿ ਬਾਦਲ ਨੇ ਹੁਣ ਤਕ ਸਿਰਫ਼ ਦੋ ਚੀਜ਼ਾਂ ਉਤੇ ਹੀ ਆਪਣੀ ਬਾਜ਼ ਅੱਖ ਰੱਖੀ- ਵੋਟ ਅਤੇ ਵੋਟਰ। ਇਹ ਦੋਵੇਂ ਕੀਮਤੀ ਚੀਜ਼ਾਂ ਉਨ੍ਹਾਂ ਨੇ ਹਾਸਲ ਵੀ ਕੀਤੀਆਂ, ਪਰ ਵੋਟਰ ਅੰਦਰ, ਖ਼ਾਸ ਕਰ ਕੇ ਸਿੱਖ ਵੋਟਰ ਦੇ ਧੁਰ ਅੰਦਰ ਹੋਰ ਕੀ ਕੁਝ ਰਿੱਝ-ਪੱਕ ਰਿਹਾ ਹੈ, ਉਸ ਵੱਲ ਸ਼ਾਇਦ ਹੀ ਉਨ੍ਹਾਂ ਕਦੇ ਧਿਆਨ ਦਿੱਤਾ ਹੋਵੇ। ਉਨ੍ਹਾਂ ਪੰਜਾਬ ਦੀ ਗੱਲ ਕੀਤੀ, ਪੰਜਾਬੀਅਤ ਦਾ ਝੰਡਾ ਵੀ ਬੁਲੰਦ ਕੀਤਾ, ਪਰ ਪੰਥਕ ਜਜ਼ਬੇ ਦੀ ਸੰਭਾਲ ਤੇ ਇਸ ਦੀ ਰਾਖੀ ਵੱਲ ਜੇ ਕੁਝ ਧਿਆਨ ਵੀ ਦਿੱਤਾ ਤਾਂ ਉਹ ਓਪਰਾ, ਰਸਮੀ ਤੇ ਕੇਵਲ ਮੂੰਹ ਰੱਖਣਾ ਸੀ। ਦੂਜੇ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਾਲੀ ਪੰਥਕ ਸੋਚ ਦੀ ਰਾਜਨੀਤੀ ਨੂੰ ਪੰਥਕ ਜਜ਼ਬੇ ਦੇ ਨਾਲ ਨਾਲ ਤੁਰਨ, ਉਸ ਦੀ ਰਾਖੀ ਕਰਨ ਅਤੇ ਉਸ ਨੂੰ ਨਵੇਂ ਨਵੇਂ ਮੋੜ ਦੇਣ ਦੀ ਸਮਝ ਤੇ ਜਾਚ ਸੀ।
ਜਿੱਥੋਂ ਤਕ ‘ਪੰਜਾਬੀਅਤ’ ਦਾ ਸਬੰਧ ਹੈ, ਇਸ ਸ਼ਬਦ ਦੇ ਅਰਥਾਂ ਤੇ ਪਾਸਾਰ ਬਾਰੇ ਵੀ ਘੱਟ ਹੀ ਬਹਿਸ ਹੋਈ ਹੈ। ਸਰਬੱਤ ਦੇ ਭਲੇ ਦਾ ਸਿਧਾਂਤ ਸਿੱਖ ਪੰਥ ਨਾਲ ਤਾਂ ਜੁੜਿਆ ਹੀ ਹੈ, ਪਰ ਅੱਗੇ ਜਾ ਕੇ ਇਹ ਕਿਸਾਨੀ ਨਾਲ ਵੀ ਜੁੜਦਾ ਹੈ ਅਤੇ ਹੋਰ ਅੱਗੇ ਜਾ ਕੇ ਸਮੂਹ ਪੰਜਾਬੀਆਂ ਨਾਲ ਇਸ ਦੀਆਂ ਗੂੜ੍ਹੀਆਂ ਤੇ ਪਿਆਰ ਭਰੀਆਂ ਸਾਂਝਾਂ ਵੀ ਹਨ। ਪੰਥਕ ਜਜ਼ਬੇ ਦੇ ਬਾਗ਼ ਵਿਚ ਹੀ ਪੰਜਾਬੀਅਤ ਦੇ ਸਾਰੇ ਫੁੱਲ ਖਿੜ ਸਕਦੇ ਹਨ। ਇਸ ਤੋਂ ਦੂਰ ਹੋ ਕੇ ਨਾ ਕੋਈ ਅਕਾਲੀ ਰਹਿ ਸਕਦਾ ਹੈ, ਨਾ ਹੀ ਸਿੱਖ ਅਖਵਾ ਸਕਦਾ ਹੈ ਅਤੇ ਨਾ ਹੀ ਪੰਜਾਬੀਅਤ ਦੀ ਸੁੱਚੀ ਭਾਵਨਾ ਪੈਦਾ ਹੋ ਸਕਦੀ ਹੈ। ‘ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ’ ਦੀ ਟਿੱਪਣੀ ਵੀ ਅਜਿਹੇ ਨਜ਼ਰੀਏ ਨੂੰ ਪੇਸ਼ ਕਰਦੀ ਹੈ ਜਿਸ ਵਿਚੋਂ ਅੰਤਰ-ਦ੍ਰਿਸ਼ਟੀਆਂ ਦੀਆਂ ਬੇਅੰਤ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਇਸ ਦੀ ਪ੍ਰਤੱਖ ਮਿਸਾਲ ਹੈ ਜਿੱਥੇ ਕਈ ਭਾਸ਼ਾਵਾਂ, ਧਰਮਾਂ ਤੇ ਸਭਿਆਚਾਰਾਂ ਦੇ ਰੂਹਾਨੀ ਫੁੱਲ ਖਿੜੇ ਹਨ। ਇਸ ਲਈ ਅਜਿਹੇ ਮਹਾਨ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿਚ ਜੇ ਲਾਪ੍ਰਵਾਹੀ ਤੇ ਦੇਰੀ ਹੋਈ ਅਤੇ ਦੋਸ਼ੀਆਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਤਾਂ ਸਮੁੱਚਾ ਪੰਥ ਬਾਦਲ ਸਾਹਿਬ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਆਇਆ ਹੈ ਜਿਨ੍ਹਾਂ ਕੋਲ ਸਰਕਾਰ ਵੀ ਹੈ, ਵਿਸ਼ਾਲ ਪੁਲਿਸ ਤੰਤਰ ਵੀ ਹੈ ਅਤੇ ਜੋ ਫ਼ਖਰ-ਏ-ਕੌਮ ਤੇ ਪੰਥ ਰਤਨ ਵੀ ਹੈ। ਤਾਜ਼ਾ ਘਟਨਾਵਾਂ ਤਾਂ ਸ਼ਿਖਰ ਹੀ ਹਨ ਜਦੋਂਕਿ ਪਿਛਲੇ ਦੋ-ਤਿੰਨ ਵਰ੍ਹਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਸੜਨ, ਰੁਮਾਲਿਆਂ ਨੂੰ ਅੱਗ ਲੱਗਣ ਅਤੇ ਸਰੂਪ ਵਾਲੇ ਅਸਥਾਨ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ ਪਰ ਇਹ ਨਜ਼ਰਅੰਦਾਜ਼ ਕੀਤੀਆਂ ਜਾਂਦੀਆਂ ਰਹੀਆਂ। ਇਨ੍ਹਾਂ ਦੀ ਗੰਭੀਰ ਜਾਂਚ ਸ਼ਾਇਦ ਹੀ ਕਦੇ ਹੋਈ ਹੋਵੇ। ਕੀ ਘਰ ਦੇ ਮਾਲਕ ਨੂੰ ਪਤਾ ਨਹੀਂ ਹੋਣਾ ਚਾਹੀਦਾ ਕਿ ਉਸ ਦੀ ਛੱਤ ਕਿੱਥੋਂ ਚੋਂਦੀ ਹੈ?
ਇੱਕ ਵਾਰ ਮੁੜ ਜਥੇਦਾਰ ਟੌਹੜਾ ਵਾਲੀ ਪੰਥਕ ਸਿਆਸਤ ਵੱਲ ਮੁੜਦੇ ਹਾਂ ਜੋ ਦੱਸਦੀ ਹੈ ਕਿ ਅੱਜ ਅਕਾਲੀ ਦਲ ਦੀ ਸੋਚ ਅਤੇ ਜਜ਼ਬੇ ਵਿਚ, ਉਸ ਦੀ ਗੁਫ਼ਤਾਰ ਤੇ ਰਫ਼ਤਾਰ ਵਿਚ, ਉਹੋ ਜਿਹੀ ਸ਼ਾਇਰਾਨਾ ਤਰਜ਼-ਏ-ਜ਼ਿੰਦਗੀ ਨਹੀਂ ਜੋ ਜਥੇਦਾਰ ਟੌਹੜਾ ਨੇ ਸਾਂਭ ਕੇ ਰੱਖੀ ਸੀ। ਪੰਥਕ ਜਜ਼ਬੇ ਉਤੇ ਕੁਝ ਕੁ ਟੱਬਰਾਂ ਦਾ ਹੀ ਕਬਜ਼ਾ ਕਿਉਂ ਹੋ ਗਿਆ? ਵਿਕਾਸ ਦੀਆਂ ਗੱਲਾਂ ਇਨਸਾਫ਼ ਤੇ ਬਰਾਬਰੀ ਦੇ ਜਜ਼ਬੇ ਨਾਲ ਕਿਉਂ ਨਹੀਂ ਜੁੜ ਰਹੀਆਂ? ਟੌਹੜਾ-ਮਾਨਸਿਕਤਾ ਵਿਚ ਜ਼ਰੂਰ ਕੋਈ ਅਜਿਹੀ ਗੱਲ ਸੀ ਜਿਸ ਨੇ ਪੰਥਕ ਸ਼ਾਨ, ਪਛਾਣ ਅਤੇ ਪੰਥ ਦੀ ਮੁੱਖ ਧਾਰਾ ਨੂੰ ਜਿਉਂਦਿਆਂ ਰੱਖਿਆ ਅਤੇ ਉਸ ਵਿਚ ਤਾਜ਼ਗੀ ਵੀ ਬਣਾਈ ਰੱਖੀ; ਪਰ ਬਾਦਲ ਰਾਜਨੀਤੀ ਤੇ ਰਣਨੀਤੀ ਪੰਥਕ ਇਤਿਹਾਸ ਨੂੰ ਭੁਲ ਕੇ ਦੁਨੀਆਂਦਾਰੀ ਦੀ ਖੇਡ ਵਿਚ ਮਸਤ ਹੈ। ਟੌਹੜਾ ਰਾਜਨੀਤੀ ਪੰਥਕ ਪਿਆਰ ਦੀ ਪਿਆਸੀ ਹੋਣ ਕਰ ਕੇ ਅੰਤਿਮ ਹਾਰ ਕਦੇ ਵੀ ਨਹੀਂ ਸੀ ਮੰਨਦੀ। ਇਹ ਗੱਲ ਉਸ ਵੱਲੋਂ ਬੀæਬੀæਸੀæ ਨੂੰ ਦਿੱਤੀ ਆਖ਼ਰੀ ਇੰਟਰਵਿਊ ਵਿਚ ਵੀ ਸਪਸ਼ਟ ਹੋ ਜਾਂਦੀ ਹੈ। ਪੰਜਾਬ ਦੇ ਉਬਲਦੇ ਸਿਆਸੀ ਪਾਣੀਆਂ ਵਿਚ ਵੀ, ਜੇ ਉਸ ਦੇ ਪੈਰ ਜੰਮੇ ਰਹੇ ਤਾਂ ਇਸ ਦਾ ਵੱਡਾ ਕਾਰਨ ਇਹ ਸੀ ਕਿ ਉਹ ਆਪਣੇ ਭਾਈਚਾਰੇ ਦੇ ਵੱਡੇ ਹਿੱਸਿਆਂ ਨਾਲੋਂ ਕਦੇ ਵੀ ਟੁੱਟਿਆ ਨਹੀਂ ਸੀ। ਉਹ ਲਗਦੀ ਵਾਹ ਆਪਣੇ ਭਾਈਚਾਰੇ ਦੇ ਠੰਢੇ-ਤੱਤੇ ਅਤੇ ਕਮਜ਼ੋਰ ਹਿੱਸਿਆਂ ਨਾਲ ਸਾਂਝ ਬਣਾਈ ਰੱਖਦਾ ਸੀ। ਉਹ ਕੰਧਾਂ ਤੋਂ ਵੀ ਸਲਾਹ ਲੈਂਦਾ ਸੀ। ਕਿਤਾਬਾਂ ਦੇ ਆਸ਼ਕਾਂ ਨਾਲ ਵੀ ਉਸ ਦੀ ਡੂੰਘੀ ਦੋਸਤੀ ਸੀ। ਬਾਦਲ ਦੇ ਆਪਣੇ ਲਫ਼ਜ਼ਾਂ ਵਿਚ ਹੀ, ਉਹ ਕਿਤਾਬ ਤੇ ਕਿਤਾਬਾਂ ਵਾਲਿਆਂ ਤੋਂ ਦੂਰ ਹੀ ਰਹਿੰਦੇ ਹਨ। ਸਿਆਣਿਆਂ ਨੇ ਲਿਖਿਆ ਹੈ ਕਿ ਕਿਤਾਬ ‘ਖਾਮੋਸ਼ ਗੁਰੂ’ ਹੁੰਦੀ ਹੈ; ਪਰ ਬਾਦਲ ਸ਼ਬਦ ਦੀ ਤਾਕਤ, ਪ੍ਰਭਾਵ ਤੇ ਮਹਾਨਤਾ ਤੋਂ ਕਿਉਂ ਦੂਰ ਹਨ, ਜਦੋਂਕਿ ਗੁਰੂ ਸਾਹਿਬਾਨ ਨੇ ਤਾਂ ਸਾਨੂੰ ਜੋੜਿਆ ਹੀ ‘ਸ਼ਬਦ’ ਨਾਲ ਹੈ।
ਆਜ਼ਾਦੀ ਤੋਂ ਪਿੱਛੋਂ ਜਿਹੜੇ ਦੋ ਸਿਆਸਤਦਾਨ ਸਿੱਖਾਂ ਦੀ ਸਰਬੱਤ ਚੇਤੰਨਤਾ ਦੇ ਨਜ਼ਦੀਕ ਰਹੇ ਅਤੇ ਉਸ ਦੀ ਰਾਖੀ ਵੀ ਕਰਦੇ ਰਹੇ ਤੇ ਜੂਝਦੇ ਵੀ ਰਹੇ, ਉਨ੍ਹਾਂ ਵਿਚੋਂ ਇੱਕ ਮਾਸਟਰ ਤਾਰਾ ਸਿੰਘ ਅਤੇ ਦੂਜੇ ਜਥੇਦਾਰ ਟੌਹੜਾ ਹਨ। ਇਹ ਦੋਵੇਂ ਨੀਤੀਵਾਨ ਭਾਵੇਂ ਸੱਤਾ ਵਿਚ ਹੁੰਦੇ, ਭਾਵੇਂ ਨਾ; ਪਰ ਪੰਜਾਬ ਦੀ ਕੋਈ ਵੀ ਸਿਆਸਤ ਉਨ੍ਹਾਂ ਬਿਨਾਂ ਅਧੂਰੀ, ਨੀਰਸ ਅਤੇ ਫਿਕੀ-ਫਿਕੀ ਹੁੰਦੀ। ਉਨ੍ਹਾਂ ਬਿਨਾਂ ਕੋਈ ਸਿਆਸੀ ਸਮੀਕਰਨ ਬਣ ਹੀ ਨਹੀਂ ਸੀ ਸਕਦਾ। ਕੀ ਅਜਿਹਾ ਸਿਹਰਾ ਤੇ ਮਾਣ ਸ਼ ਬਾਦਲ ਨੂੰ ਮਿਲ ਸਕੇਗਾ? ਇਤਿਹਾਸ ਇਸ ਦਾ ਫ਼ੈਸਲਾ ਦੇਰ ਨਾਲ ਦੇਵੇਗਾ, ਪਰ ਬਾਦਲ ਸਾਹਿਬ, ਉਨ੍ਹਾਂ ਦੇ ਵਾਰਸ ਤੇ ਸਮਰਥਕਾਂ ਨੂੰ ਢੁੱਕਵਾਂ ਜਵਾਬ ਹੁਣੇ ਦੇਣਾ ਬਣਦਾ ਹੈ।