ਆਸੇ ਪਾਸੇ ਮੌਤ ਫਿਰਦੀ-2
‘ਆਸੇ ਪਾਸੇ ਮੌਤ ਫਿਰਦੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਸ ਦੌਰ ਦਾ ਵਰਕਾ ਫਰੋਲਿਆ ਹੈ ਜਦੋਂ ਤਿੰਨ ਦਹਾਕੇ ਪਹਿਲਾਂ ਤੱਤੀਆਂ ਹਵਾਵਾਂ ਜ਼ੋਰ ਫੜ ਰਹੀਆਂ ਸਨ। ਆਪਣੀ ਕਹਾਣੀ ਕਲਾ ਦੇ ਦਮ ‘ਤੇ, ਉਸ ਨੇ ਇਕਹਿਰੀ ਪਰਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਸਮੁੱਚ ਵਿਚ ਰੱਖ ਕੇ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਇਨ੍ਹਾਂ ਵਿਚੋਂ ਉਸ ਵੇਲੇ ਦੇ ਆਲੇ-ਦੁਆਲੇ ਦੀਆਂ ਪ੍ਰਤੱਖ ਝਾਤੀਆਂ ਪੈਂਦੀਆਂ ਹਨ।
ਇਸ ਲੰਮੇ ਲੇਖ ਦੇ ਪਹਿਲੇ ਹਿੱਸੇ ‘ਲੋਈਆਂ ਦੀਆਂ ਬੁੱਕਲਾਂ ਵਿਚ’ ਰਾਹੀਂ ਵਰਿਆਮ ਸਿੰਘ ਸੰਧੂ ਨੇ ਉਸ ਮਾਹੌਲ ਦਾ ਜ਼ਿਕਰ ਛੋਹਿਆ ਸੀ ਜਿਹੜਾ 80ਵਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਆਮ ਸੀ। ਐਤਕੀਂ ਦੂਜੇ ਭਾਗ ਵਿਚ ‘ਟਿੱਡੀਆਂ ਸ਼ੇਰ ਬਣ ਗਈਆਂ’ ਵਿਚ ਉਹਨੇ ਇਨ੍ਹਾਂ ਹੀ ਵੇਰਵਿਆਂ ਦਾ ਅਗਲਾ ਬਿਰਤਾਂਤ ਪੇਸ਼ ਕੀਤਾ ਹੈ। ਇਸ ਵਿਚ ਬਦਲਾਖੋਰੀ ਸਿਰ ਉਤੇ ਚੜ੍ਹੀ ਆਉਂਦੀ ਨਜ਼ਰੀਂ ਪੈਂਦੀ ਹੈ ਅਤੇ ਨਾਲ ਹੀ ਬੇਵਸੀ ਦੀਆਂ ਲਾਸਾਂ ਜ਼ਿਹਨ ਉਤੇ ਪੈਣ ਲਗਦੀਆਂ ਹਨ। ਨਿੱਕੇ ਨਿੱਕੇ ਵੇਰਵਿਆਂ ਨਾਲ ਬੜੀ ਮਾਰਮਿਕ ਕਥਾ ਉਸਾਰੀ ਗਈ ਹੈ ਜਿਸ ਵਿਚ ਹੱਥੋਂ ਛੁੱਟਦੀ ਜਾਂਦੀ ਡੋਰ ਸਾਫ ਦਿਖਾਈ ਦਿੰਦੀ ਹੈ। ਆਪਣੀਆਂ ਹੋਰ ਰਚਨਾਵਾਂ ਵਾਂਗ ਉਨ੍ਹਾਂ ਇਸ ਲਿਖਤ ਵਿਚ ਵੀ ਮਾਨਵੀ ਕਦਰਾਂ-ਕੀਮਤਾਂ ਦੀ ਗੱਲ ਬੜੇ ਜਬ੍ਹੇ ਨਾਲ ਕੀਤੀ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਇਨ੍ਹਾਂ ਦਿਨਾਂ ਵਿਚ ਕਈ ‘ਟਿੱਡੀਆਂ’, ‘ਸ਼ੇਰ’ ਬਣ ਗਈਆਂ ਸਨ ਅਤੇ ਆਪਣੇ ਆਪ ਨੂੰ ‘ਸ਼ੇਰ’ ਸਮਝਣ ਵਾਲੇ ਚੂਹਿਆਂ ਤੋਂ ਭੈੜੀ ਹਾਲਤ ਵਿਚ ਸਨ।
ਮੁੰਡਿਆਂ ਦੇ ਸਕੂਲੇ ਗੇੜਾ ਮਾਰਨ ਵਾਲੀ ਗੱਲ ਅਗਲੇ ਦਿਨ ਸਕੂਲ ਦੇ ਮੁੱਖ ਅਧਿਆਪਕ ਨੂੰ ਵੀ ਪਤਾ ਲੱਗ ਗਈ। ਉਸ ਨੇ ਮੈਨੂੰ ਇੱਕ ਪਾਸੇ ਲਿਜਾ ਕੇ ਪੁਸ਼ਟੀ ਕਰਨੀ ਚਾਹੀ। ਗੱਲ ਤਾਂ ਠੀਕ ਹੀ ਸੀ। ਮੈਂ ਵੇਖਿਆ, ਉਸ ਦੇ ਮੱਥੇ ਉਤੇ ਪਸੀਨੇ ਦੀਆਂ ਬੂੰਦਾਂ ਉਭਰ ਆਈਆਂ ਤੇ ਚਿਹਰੇ ਦਾ ਰੰਗ ਬਦਲ ਗਿਆ।
“ਫੇਰ ਹੁਣ ਕੀ ਕਰੀਏ?” ਉਹ ਸਹਿਮਿਆ ਸਵਾਲ ਬਣ ਕੇ ਮੇਰੇ ਮੂੰਹ ਵੱਲ ਝਾਕ ਰਿਹਾ ਸੀ।
ਮੇਰੀ ਚੁੱਪ ਤੋਂ ਉਸ ਨੇ ਅਨੁਮਾਨ ਲਾ ਲਿਆ ਸੀ ਕਿ ਮੇਰੇ ਕੋਲ ਇਸ ਸਮੱਸਿਆ ਦਾ ਕੋਈ ਤੁਰਤ ਤੇ ਠੋਸ ਹੱਲ ਨਹੀਂ ਹੈ।
“ਤੁਸੀਂ ਸਾਰੀ ਗੱਲ ਦੱਸੋ ਮੈਨੂੰ।” ਉਸ ਦੀ ਆਵਾਜ਼ ਭੈ-ਭਰੀ ਉਤਸੁਕਤਾ ਨਾਲ ਭਿੱਜੀ ਹੋਈ ਸੀ।
ਮੈਂ ਕੱਲ੍ਹ ਸ਼ਾਮ ਵਾਲਾ ਸੁਣਿਆ ਸਾਰਾ ਵਿਸਥਾਰ ਹੂ-ਬ-ਹੂ ਉਸ ਦੇ ਸਾਹਮਣੇ ਪੇਸ਼ ਕਰ ਦਿੱਤਾ।
“ਸੰਧੂ ਸਾਹਬ! ਮੈਨੂੰ ਲੱਗਦੈ, ਉਹ ਖ਼ੈਰ-ਹੱਥੇ ਨਹੀਂ ਸਨ! ਤੁਹਾਨੂੰ ਕੀ ਲੱਗਦੈ, ਖ਼ਤਰੇ ਵਾਲੀ ਕੋਈ ਗੱਲ ਹੈ ਕਿ ਨਹੀਂ?”
ਹੈਡਮਾਸਟਰ ਦੀ ਚਿੰਤਾ ਠੀਕ ਲੱਗਦੀ ਸੀ। ਅਜੇ ਪਿਛਲੇ ਦਿਨੀਂ ‘ਉਹ’ ਇੱਕ ਸਕੂਲ ਵਿਚ ਗਏ ਸਨ ਅਤੇ ਦੋ ਅਧਿਆਪਕਾਂ ਦੇ ਘਰਾਂ ਵਿਚ ਚਿੱਟੇ-ਚਾਨਣੇ ਹਨੇਰ ਪਾ ਗਏ ਸਨ। ਪਤਾ ਨਹੀਂ ਕਿਹੋ-ਕਿਹੋ ਜਿਹੀਆਂ ਸੱਚੀਆਂ ਝੂਠੀਆਂ ਰਿਪੋਰਟਾਂ ‘ਉਨ੍ਹਾਂ’ ਤੱਕ ਪਹੁੰਚਦੀਆਂ ਰਹਿੰਦੀਆਂ ਸਨ ਅਤੇ ਉਹ ਆਪਣੇ ਆਪ ਨੂੰ ਸਭ ਤੋਂ ਸੱਚੇ ਸੁੱਚੇ ਹੋਣ ਦਾ ਭਰਮ ਪਾਲਦੇ ਹੋਏ, ਬਾਕੀ ਸਭ ਦਿਸਦੇ ‘ਝੂਠ’ ਨੂੰ ਜੜ੍ਹਾਂ ਤੋਂ ਪੁੱਟ ਦੇਣ ਦਾ ਠੇਕਾ ਚੁੱਕੀ ਫਿਰਦੇ ਸਨ! ਰਿਪੋਰਟਾਂ ਪਹੁੰਚਾਉਣ ਵਾਲੇ ਵੀ ਬਹੁਤੀ ਵਾਰ ਤਾਂ ਆਪਣੀਆਂ ਹੀ ਕਿੜਾਂ ਕੱਢਣੀਆਂ ਚਾਹੁੰਦੇ ਹੁੰਦੇ।
ਏਥੇ ਵੀ ਮੈਨੂੰ ਲੜੀਆਂ ਜੁੜਦੀਆਂ ਜਾਪਦੀਆਂ ਸਨ।
ਦੋ ਚਾਰ ਦਿਨ ਪਹਿਲਾਂ ਦੀ ਹੀ ਗੱਲ ਸੀ। ਅੱਧੀ ਛੁੱਟੀ ਵੇਲੇ ਸਾਰੇ ਅਧਿਆਪਕ ਖ਼ੁਸ਼-ਗੱਪੀਆਂ ਵਿਚ ਮਗਨ ਸਕੂਲ ਦੇ ਲਾਅਨ ਵਿਚ ਬੈਠੇ ਸਿਆਲ ਦੀ ਧੁੱਪ ਦਾ ਅਨੰਦ ਲੈ ਰਹੇ ਸਨ। ਕੁਝ ਵਿਦਿਆਰਥੀ ਬਾਜ਼ਾਰ ਨੂੰ ਚਾਹ-ਪਾਣੀ ਪੀਣ ਜਾਂ ਘਰਾਂ ਨੂੰ ਰੋਟੀ ਖਾਣ ਗਏ ਹੋਏ ਸਨ। ਕੁਝ ਸਕੂਲ ਕੰਪਲੈਕਸ ਵਿਚ ਹੀ ਏਧਰ ਓਧਰ ਖੇਡ ਰਹੇ ਸਨ। ਦਸਵੀਂ ਜਮਾਤ ਦਾ ਇੱਕ ਬਹੁਤ ਹੀ ਮਸਕੀਨ ਅਤੇ ਦੱਬੂ ਕਿਸਮ ਦਾ ਵਿਦਿਆਰਥੀ ਲਾਅਨ ਦੇ ਨਾਲ ਨਾਲ ਆਲੇ ਦੁਆਲੇ ਸਾਨੂੰ ਵਿਖਾ ਕੇ, ‘ਮੈਂ ਨਹੀਂ ਕਿਸੇ ਦੀ ਪ੍ਰਵਾਹ ਕਰਦਾ’ ਦੇ ਅੰਦਾਜ਼ ਵਿਚ ਸਾਈਕਲ ਚਲਾਉਣ ਲੱਗਾ। ਸਾਡੇ ਕੋਲ ਹੀ ਬੈਠੇ ਮੁੱਖ ਅਧਿਆਪਕ ਨੇ ਉਹਨੂੰ ਆਵਾਜ਼ ਦੇ ਕੇ ਅਜਿਹਾ ਕਰਨ ਤੋਂ ਰੋਕਿਆ; ਕਿਉਂਕਿ ਨਿਯਮ ਅਨੁਸਾਰ ਵੀ ਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਸ਼ਿਸ਼ਟਾਚਾਰ ਵਜੋਂ ਵੀ ਸਕੂਲ ਦੇ ਅਹਾਤੇ ਵਿਚ ਸਾਈਕਲ ਚਲਾਉਣ ਦੀ ਮਨਾਹੀ ਸੀ; ਪਰ ਉਸ ਨੇ ਮੁੱਖ ਅਧਿਆਪਕ ਦੇ ਆਦੇਸ਼ ਨੂੰ ਕੰਨਾਂ ਨਾਲ ਪੂੰਝ ਕੇ ਸੁੱਟ ਦਿੱਤਾ ਅਤੇ ਆਪਣੇ ਬਾਗ਼ੀ ਤੇਵਰ ਦਿਖਾਉਣੇ ਜਾਰੀ ਰੱਖੇ। ਉਸ ਦੇ ਇਸ ਵਿਹਾਰ ਅਤੇ ‘ਵੰਗਾਰ’ ਨੂੰ ਮੁੰਡੇ ਅਤੇ ਅਧਿਆਪਕ ਦਿਲਚਸਪੀ ਨਾਲ ਵੇਖਣ ਲੱਗੇ। ਮੁੱਖ ਅਧਿਆਪਕ ਛਿੱਥਾ ਜਿਹਾ ਪੈ ਕੇ ਆਪਣੀ ਕੁਰਸੀ ਤੋਂ ਉਠਿਆ ਅਤੇ ਆਪਣਾ ਵਜ੍ਹਕਾ ਬਣਾਈ ਰੱਖਣ ਦਾ ਨਿਰਮੂਲ ਯਤਨ ਕਰਦਿਆਂ ਇੱਕ ਵਾਰ ਫੇਰ ਉਹਨੂੰ ਅਜਿਹਾ ਕਰਨ ਤੋਂ ਵਰਜਿਆ; ਪਰ ਉਹ, ਸਗੋਂ ਘੋਗਲ-ਕੰਨਾ ਬਣ ਕੇ ਸਾਈਕਲ ਚਲਾਉਂਦਾ ਲਾਅਨ ਵਿਚ ਵੜ ਆਇਆ ਅਤੇ ਸਾਡੀਆਂ ਕੁਰਸੀਆਂ ਦੇ ਆਲੇ-ਦੁਆਲੇ ਕੌਡੀ ਦੀ ਰੇਡ ਪਾਉਣ ਵਾਂਗ ਚੱਕਰ ਲਾਉਣ ਲੱਗਾ। ਉਸ ਦੇ ਇਸ ਵੰਗਾਰਵੇਂ ਵਤੀਰੇ ਤੋਂ ਲੱਗਦਾ ਸੀ; ਜਿਵੇਂ ਕਹਿ ਰਿਹਾ ਹੋਵੇ, “ਲੌ, ਰੋਕ ਲਵੋ, ਤੁਹਾਡੇ ਵਿਚੋਂ ਜੇ ਕਿਸੇ ਵਿਚ ਹਿੰਮਤ ਹੈ ਤਾਂ!”
ਲੁਕਵੇਂ ਭੈਅ ਅਤੇ ਨਮੋਸ਼ੀ ਵਿਚ ਮੁੱਖ ਅਧਿਆਪਕ ਦਾ ਮੱਥਾ ਤਰੇਲੀ ਨਾਲ ਭਿੱਜ ਗਿਆ। ਦੂਜੇ ਅਧਿਆਪਕਾਂ ਵਿਚੋਂ ਵੀ ਕਿਸੇ ਨੇ ਉਸ ਮੁੰਡੇ ਨਾਲ ਪੰਗਾ ਲੈਣਾ ਠੀਕ ਨਾ ਸਮਝਿਆ। ਦਿਨ ਹੀ ਇਹੋ ਜਿਹੇ ਸਨ। ਪੀ ਟੀ, ਜਿਸ ਦੀ ਜ਼ਿੰਮੇਵਾਰੀ ਸਕੂਲ ਦਾ ਸਮੁੱਚਾ ਅਨੁਸ਼ਾਸਨ ਬਣਾਈ ਰੱਖਣ ਦੀ ਸੀ, ਕਨਖੀਆਂ ‘ਚੋਂ ਵੇਖ ਰਿਹਾ ਸੀ ਅਤੇ ਉਸ ਦਾ ਚਿਹਰਾ ਸਵਾਦ ਲੈਣ ਵਾਲੀ ਮੁਸਕਣੀ ਨਾਲ ਲਿੱਬੜਿਆ ਹੋਇਆ ਸੀ।
ਮੁੱਖ ਅਧਿਆਪਕ ਨੇ ਬੇਵੱਸੀ ਵਿਚ ਮੇਰੇ ਵੱਲ ਤਰਲ ਨਜ਼ਰ ਸੁੱਟੀ।
ਪਹਿਲਾ ਪੀ ਟੀ ਸਰਬਜੀਤ ਖ਼ੁਦਕੁਸ਼ੀ ਕਰ ਗਿਆ ਸੀ ਅਤੇ ਹੁਣ ਵਾਲਾ ਸਾਡੇ ਹੀ ਪਿੰਡ ਦਾ ਪੀ ਟੀ ਉਸ ਦੀ ਥਾਂ ‘ਤੇ ਆਰਡਰ ਲੈ ਆਇਆ ਸੀ। ਪੀ ਟੀ ਸਮੇਤ ਅਸੀਂ ਚਾਰ ਜਣੇ ਇਸੇ ਪਿੰਡ ਦੇ ਵਸਨੀਕ ਸਾਂ। ਇੱਕ ਰਮੇਸ਼ ਸੀ, ਪਰ ਹਾਲਾਤ ਦੇ ਦਬਾਓ ਅਧੀਨ ਉਹਦੀ ਦਿੱਖ ਵਾਲੇ ਬੰਦੇ ਇੱਕ ਚੁੱਪ ਵਿਚ ਹੀ ਅੱਜ ਕੱਲ੍ਹ ‘ਹਜ਼ਾਰ ਸੁੱਖ’ ਸਮਝਣ ਲੱਗ ਪਏ ਸਨ। ਕੇ ਪੀ ਸਿੰਘ ਪਹਿਲਾਂ ਤੋਂ ਹੀ ਸਾਰੇ ਮਸਲਿਆਂ ਤੋਂ ਲੋੜੀਂਦੀ ਦੂਰੀ ‘ਤੇ ਵਿਚਰਦਾ ਸੀ ਅਤੇ ‘ਕਿਸੇ ਦੀ ਚੰਗੀ ਮਾੜੀ’ ਵਿਚ ਨਹੀਂ ਸੀ ਆਉਂਦਾ। ਪੀ ਟੀ ਤੋਂ ਉਹਨੂੰ ਕੋਈ ਆਸ ਨਹੀਂ ਸੀ। ਉਹ ਤਾਂ ਅੱਗੇ ਹੀ ਕਹਿੰਦਾ ਰਹਿੰਦਾ ਸੀ, ‘ਇਨ੍ਹਾਂ ਸ਼ਹਿਰੀਆਂ ਨੂੰ ਹੈਡਮਾਸਟਰ ਨੇ ਖੁੱਲ੍ਹਾਂ ਦੇ ਰੱਖੀਆਂ ਹਨ। ਇੱਕ ਤਾਂ ਆਪ ਕਦੀ ਕਦਾਈਂ ਸਕੂਲ ਵੜਦੈ; ਦੂਜਾ ਮਾਸਟਰ ਮਾਸਟਰਾਣੀਆਂ ਵੀ, ਜਦੋਂ ਜੀ ਕੀਤਾ ਫਰਲੋ ਮਾਰ ਲੈਂਦੇ ਨੇ। ਉਂਜ ਵੀ ਪਹਿਲਾਂ ਸਵੇਰੇ ਲੇਟ ਆਉਣਾ, ਫੇਰ ਛੁੱਟੀ ਦੇ ਟਾਈਮ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਬੱਸ ਲੈਣ ਭੱਜ ਪੈਣਾ। ਅਖੇ, ਲੇਟ ਹੋਣ ਨਾਲ ਖ਼ਤਰਾ ਵਧ ਜਾਂਦੈ! ਬੰਦਾ ਪੁੱਛੇ ਇਨ੍ਹਾਂ ਨੂੰ ਈ ਜ਼ਿਆਦਾ ਖ਼ਤਰਾ ਹੈ! ਅਸੀਂ ਜਿਹੜੇ ਰੋਜ਼ ਏਥੇ ਵਰ੍ਹਦੀਆਂ ਗੋਲੀਆਂ ‘ਚ ਰਹਿੰਦੇ ਆਂ, ਸਾਨੂੰ ਕੋਈ ਖ਼ਤਰਾ ਨਹੀਂ?’
ਅਜਿਹੀ ਸਥਿਤੀ ਵਿਚ ਮੁੱਖ ਅਧਿਆਪਕ ਦੀਆਂ ਨਜ਼ਰਾਂ ਦੀ ਮੇਰੇ ਕੋਲੋਂ ਸਹਾਇਤਾ ਦੀ ਮੰਗ ਕਰਨੀ ਬੜੀ ਵਾਜਬ ਸੀ।
“ਓ ਗੱਟੂ! ਬੰਦਾ ਬਣ ਕੇ ਖਲੋ ਜਾਹ ਐਥੇ ਈ। ਤੈਨੂੰ ਸੁਣਿਆਂ ਨ੍ਹੀਂ? ਸ਼ਰਮ ਕਰ।” ਮੈਂ ਉਠ ਕੇ ਉਸ ਮੁੰਡੇ ਦੇ ਸਾਈਕਲ ਦਾ ਹੈਂਡਲ ਫੜ ਲਿਆ ਅਤੇ ਉਹਨੂੰ ਉਤਾਰ ਕੇ ਲਾਅਨ ਵਿਚੋਂ ਬਾਹਰ ਲੈ ਗਿਆ।
ਉਸ ਸ਼ਾਮ ਵਾਲੀਬਾਲ ਖੇਡਦਿਆਂ ਮੈਂ ਮੁੰਡਿਆਂ ਨੂੰ ਪੁੱਛਿਆ, “ਉਏ! ਅੱਜ ਗੱਟੂ ਨੂੰ ਕੀ ਹੋ ਗਿਆ ਸੀ? ਉਹ ਈ ਅੱਜ ਜੱਗਾ ਡਾਕੂ ਬਣਿਆ ਫਿਰਦਾ ਸੀ। ਬੜਾ ਬੁੜ੍ਹਕ ਬੁੜ੍ਹਕ ਪੈ ਰਿਹਾ ਸੀ।”
ਸੇਵੇ ਨੇ ਬਾਲ ਹੱਥ ਵਿਚ ਲੈ ਕੇ ਗੇਮ ਰੋਕਦਿਆਂ ਦੱਸਿਆ, “ਭਾ ਜੀ, ਉਨ੍ਹਾਂ ਦੀ ਬਹਿਕ ‘ਤੇ ਰਾਤੀਂ ਲੈਫਟੀਨੈਂਟ ਜਨਰਲ ਚੱਠੂ ਹੁਰੀਂ ਆਏ ਸਨ। ਜਿਵੇਂ ਮੁੰਡਾ ਮਾਮੇ ਦੇ ਆਉਣ ‘ਤੇ ਮੱਛਰਦਾ ਹੈ, ਉਹ ਤਾਂ ਅੱਜ ਸਵੇਰ ਦਾ ਸਾਨੂੰ ਸੁਣਾ ਸੁਣਾ ਕੇ ਬੁੜ੍ਹਕਦਾ ਤੇ ਉਡਿਆ ਫਿਰਦਾ ਸੀ। ਤੁਸੀਂ ਤਾਂ ਵਿਚਾਰੇ ਦੀ ਫੂਕ ਹੀ ਕੱਢ ਦਿੱਤੀ ਸਾਰੀ।”
ਚੱਠੂ ਸਾਡਾ ਪੁਰਾਣਾ ਵਿਦਿਆਰਥੀ ਰਹਿ ਚੁੱਕਾ ਸੀ, ਜਿਹੜਾ ਪੁਲਿਸ ਵਿਚ ਸਿਪਾਹੀ ਭਰਤੀ ਹੋਣਾ ਚਾਹੁੰਦਾ ਸੀ, ਪਰ ਇਸ ਮਕਸਦ ਲਈ ਬਣਵਾਇਆ ਉਸ ਦਾ ਸ਼ਡਿਊਲਡ ਕਾਸਟ ਹੋਣ ਦਾ ਝੂਠਾ ਸਰਟੀਫ਼ਿਕੇਟ ਫੜਿਆ ਜਾਣ ਕਰ ਕੇ, ਹੁੰਦੀ ਇੰਕੁਆਇਰੀ ਦੇ ਡਰੋਂ, ਉਹ ‘ਦੂਜੇ ਪਾਸੇ’ ਭਰਤੀ ਹੋ ਗਿਆ ਸੀ ਅਤੇ ‘ਸਿਪਾਹੀ’ ਤੋਂ ਕਿਤੇ ਵੱਡੇ ‘ਲੈਫ਼ਟੀਨੈਂਟ ਜਨਰਲ’ ਦੇ ਅਹੁਦੇ ਦਾ ਮਾਲਕ ਬਣਿਆ ਬੈਠਾ ਸੀ।
“ਭਾ ਜੀ, ਤੁਸੀਂ ਕਾਹਨੂੰ ਰੋਕਣਾ ਸੀ? ਤਮਾਸ਼ਾ ਵੇਖਣਾ ਸੀ ਸਗੋਂ।” ਬਾਲ ਫੜ ਕੇ ਸਰਵਿਸ ਕਰਨ ਜਾਂਦਿਆਂ ਪੀ ਟੀ ਨੇ ਆਖਿਆ।
ਤਮਾਸ਼ਾ ਤਾਂ ਉਸ ਦਿਨ ਵੀ ਬਣ ਗਿਆ ਸੀ ਜਿਸ ਦਿਨ ਨੌਵੀਂ ਵਿਚ ਪੜ੍ਹਦੇ ਸੁਖਦੇਵ ਨਿਹੰਗ ਨੇ ਕਿਸੇ ਭੈਣ ਜੀ ਦੀ ਜਮਾਤ ਵਿਚ ਜਾ ਕੇ, ਬਿਨਾਂ ਉਸ ਦੀ ਹਾਜ਼ਰੀ ਦੀ ਪ੍ਰਵਾਹ ਕੀਤਿਆਂ, ਮੁੰਡਿਆਂ ਨੂੰ ਕਿਹਾ ਸੀ, “ਚੱਲੋ ਸਿੰਘੋ! ਉਠੋ, ਇੱਕ ਗੇੜਾ ਲਾ ਕੇ ਆਈਏ ਬਜ਼ਾਰ ਦਾ।”
ਬਿਨਾਂ ਆਗਿਆ ਅੰਦਰ ਆਉਣ ਅਤੇ ਮੁੰਡਿਆਂ ਨੂੰ ਸੱਦਣ ਦੇ ਗੁਸਤਾਖ਼ ਰਵੱਈਏ ਤੋਂ ਸਤੀ ਅਧਿਆਪਕਾ ਨੇ ਕੋਲੋਂ ਲੰਘਦੇ ਮੁੱਖ ਅਧਿਆਪਕ ਨੂੰ ਸ਼ਿਕਾਇਤ ਲਾਈ ਤਾਂ ਉਸ ਨੇ ਨਿਹੰਗ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਦੇਖੋ ਬੇਟਾ ਜੀ, ਕਲਾਸ ਵਿਚ ਤਾਂ ਪੁੱਛ ਕੇ ਹੀ ਜਾਣਾ ਚਾਹੀਦਾ ਹੈ ਨਾ! ਉਂਜ ਵੀ ਸਕੂਲ ਲੱਗੇ ਤੋਂ ਬਜ਼ਾਰ ਤਾਂ ਨਹੀਂ ਨਾ ਜਾਣਾ ਚਾਹੀਦਾ! ਜੇ ਜਾਣਾ ਹੋਵੇ ਤਾਂ ਅਧਿਆਪਕ ਨੂੰ ਪੁੱਛਣਾ ਤਾਂ ਚਾਹੀਦਾ ਹੈ ਨਾ! ਬਹੁਤੀ ਗੱਲ ਹੈ ਤਾਂ ਮੈਨੂੰ ਪੁੱਛ ਲਵੋ। ਮੈਂ ਕਦੇ ਤੁਹਾਨੂੰ ਕਿਸੇ ਨੂੰ ਛੁੱਟੀ ਤੋਂ ਮੋੜਿਆ ਹੈ?”
“ਲੈ, ਤੈਨੂੰ ਕਾਹਦੇ ਲਈ ਪੁੱਛਣਾ ਸੀ? ਤੂੰ ਚਾਚਾ ਲੱਗਦੈਂ?” ਸੁਖਦੇਵ ਨੇ ਭਰੀ ਜਮਾਤ ਵਿਚ ਉਹਦੀ ਲਾਹ ਧਰੀ। ਮੁੱਖ ਅਧਿਆਪਕ ਠਿਗਣੇ ਜਿਹੇ ਸੁਖਦੇਵ ਨੂੰ, “ਪੁੱਤਰ ਜੀ, ਐਧਰ ਆਓ, ਜ਼ਰਾ ਵੱਖਰੇ ਹੋ ਕੇ ਮੇਰੀ ਗੱਲ ਸੁਣੋ” ਕਹਿੰਦਾ, ਪਿਆਰ ਨਾਲ ਉਹਦੇ ਮੋਢੇ ‘ਤੇ ਹੱਥ ਰੱਖਣ ਲਈ ਅੱਗੇ ਵਧਿਆ ਤਾਂ ਮਸ਼ਕਰੀ ਵਿਚ ਹੱਸਦਾ ਹੋਇਆ, ‘ਜਾਹ ਜਾਹ’ ਕਰਦਾ ਸੁਖਦੇਵ ਕਮਰਿਓਂ ਬਾਹਰ ਨਿਕਲ ਕੇ ਉਥੇ ਆਣ ਖਲੋਤਾ ਜਿੱਥੇ ਦੂਜੇ ਅਧਿਆਪਕ ਵੀ ਬੈਠੇ ਹੋਏ ਸਨ। ਉਹ ਸਾਰਿਆਂ ਦੇ ਸਾਹਮਣੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ! ਜਿਉਂ ਹੀ ਬਾਹਰ ਨਿਕਲ ਕੇ ਹੈਡਮਾਸਟਰ ਉਸ ਵੱਲ, “ਬੇਟੇ! ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ। ਤੂੰ ਤਾਂ ਸਿਆਣਾ ਬਿਆਣਾ ਏਂ। ਜੇ ਤੂੰ ਨਾ ਹਟਿਓਂ ਤਾਂ ਮੈਨੂੰ ਵੱਡੇ ਬਾਬਾ ਜੀ ਨੂੰ ਕਹਿਣਾ ਪਊ”, ਕਹਿੰਦਾ ਪੁਚਕਾਰਨ ਲਈ ਅੱਗੇ ਵਧਿਆ ਤਾਂ ਸੁਖਦੇਵ ਨੇ ਗਾਤਰੇ ਪਈ ਛੋਟੀ ਕਿਰਪਾਨ ਖਿੱਚ ਲਈ ਅਤੇ ਉਸ ਦੀ ਨੋਕ ਮੁੱਖ ਅਧਿਆਪਕ ਦੀ ਛਾਤੀ ਵੱਲ ਸਿੱਧੀ ਕਰ ਕੇ ਅੱਗੇ ਵਧਦਿਆਂ ਲਲਕਾਰਿਆ, “ਆ ਜਾ ਡੱਕ ਲਾ। ਸਾਰੇ ਸਕੂਲ ਦੇ ਫੰਡ ਖਾ ਗਿਐਂ ਚੋਰਾ? ਵੋਕੇਸ਼ਨ ਵਾਲੇ ਸ਼ੈੱਡ ਨੂੰ ਪਿੱਲੀਆਂ ਇੱਟਾਂ ਲਵਾ ਕੇ, ਤੇ ਸੀਮਿੰਟ ਦੀ ਥਾਂ ਨਿਰੀ ਰੇਤ ਲਵਾ ਕੇ ਵਿਚੋਂ ਗੱਫੇ ਨਹੀਂ ਲਾਏ ਤੂੰ? ਬਾਬਿਆਂ ਨੂੰ ਪਤਾ ਨਹੀਂ ਭਲਾ ਤੇਰੀਆਂ ਚੋਰੀਆਂ ਦਾ!”
ਮੁੱਖ ਅਧਿਆਪਕ ਠਠੰਬਰ ਕੇ ਥਾਏਂ ਖਲੋਤਾ ਰਹਿ ਗਿਆ। ਸੁਖਦੇਵ ਆਪ ਬਾਬੇ ਬਿਧੀ ਚੰਦੀਆਂ ਦੀ ਔਲਾਦ ਵਿਚੋਂ ਸੀ ਅਤੇ ਵਰਤਮਾਨ ਗੱਦੀ-ਨਸ਼ੀਨ ਬਾਬਾ ਦਇਆ ਸਿੰਘ ਦੇ ਸਕੇ ਭਤੀਜੇ ਦਾ ਪੁੱਤ ਸੀ। ਸਕੂਲ ਦੇ ਵਿਦਿਆਰਥੀ ਉਹਨੂੰ ਵੀ ‘ਬਾਬਾ ਜੀ’ ਕਹਿ ਕੇ ਸੰਬੋਧਨ ਕਰਦੇ ਸਨ। ਉਹਨੂੰ ਵਿਚਾਰਾ ਮੁੱਖ ਅਧਿਆਪਕ ਕੀ ਆਖ ਸਕਦਾ ਸੀ! ਪਿੱਛੇ ਖਲੋਤੀ ਮੁੰਡਿਆਂ ਦੀ ਭੀੜ ਹੱਸ ਰਹੀ ਸੀ। ਬੱਗੜਾਂ ‘ਚੋਂ ‘ਲੈਫ਼ਟੀਨੈਂਟ ਜਨਰਲ’ ਬਣੇ ਬੂਟੇ ਦਾ ਛੋਟਾ ਭਰਾ ਬੀਰ੍ਹਾ ਸੁਖਦੇਵ ਦੇ ਮੋਢਿਆਂ ਪਿੱਛੇ ਹੋਰ ਵਾਧੂ ਦੀ ਤਾਕਤ ਬਣ ਕੇ ਖਲੋਤਾ ਹਿੜ ਹਿੜ ਕਰ ਰਿਹਾ ਸੀ। ਪਸੀਨੋ ਪਸੀਨੀ ਹੋਇਆ ਮੁੱਖ ਅਧਿਆਪਕ ਦੂਜੇ ਅਧਿਆਪਕਾਂ ਕੋਲ ਆ ਕੇ ਕੁਰਸੀ ਵਿਚ ਧੜੰਮ ਕਰ ਕੇ ਢਹਿ ਪਿਆ।
ਉਤੋੜਿੱਤੀ ਦੀਆਂ ਇਹ ਘਟਨਾਵਾਂ ਅਤੇ ‘ਖਾੜਕੂਆਂ’ ਦੀ ਅੱਜ ਦੀ ਆਮਦ ਕੋਈ ਸ਼ੁਭ ਸੰਕੇਤ ਨਹੀਂ ਸੀ।
—
ਮੇਰੇ ਨਾਲ ਗੱਲਬਾਤ ਕਰਨ ਤੋਂ ਪਿਛੋਂ ਮੁੱਖ ਅਧਿਆਪਕ ਬਾਕੀ ਅਧਿਆਪਕਾਂ ਵਿਚੋਂ ਕਦੀ ਇੱਕ ਜਣੇ ਨੂੰ ਲੈ ਕੇ ਇੱਕ ਪਾਸੇ ਚਲੇ ਜਾਂਦਾ, ਕਦੇ ਦੂਜੇ ਨੂੰ ਲੈ ਕੇ। ਬਹੁਤੇ ਮਾਸਟਰ ਮਾਸਟਰਾਣੀਆਂ ਅੰਮ੍ਰਿਤਸਰੋਂ ਜਾਂ ਉਸੇ ਪਾਸਿਓਂ ਹੋਰ ਪਿੰਡਾਂ ਤੋਂ ਆਉਂਦੇ ਸਨ। ਉਨ੍ਹਾਂ ਸਾਰਿਆਂ ਦੀ ਮੁੱਖ ਅਧਿਆਪਕ ਨਾਲ ਆਉਣ-ਜਾਣ ਦੀ ‘ਪੀੜ ਸਾਂਝੀ’ ਸੀ, ਪਰ ਉਹ ਇਸ ਹਾਲਤ ਵਿਚ ਉਸ ਲਈ ਕੁਝ ਨਹੀਂ ਸਨ ਕਰ ਸਕਦੇ।
ਅੱਧਾ ਘੰਟਾ ਪਹਿਲਾਂ ਛੁੱਟੀ ਕਰ ਕੇ ਮੁਖ ਅਧਿਆਪਕ ਨੇ ਸਾਰੇ ਸਟਾਫ਼ ਦੀ ਮੀਟਿੰਗ ਸੱਦ ਲਈ।
ਸਾਰੇ ਅਧਿਆਪਕ ਦਫ਼ਤਰ ਵਿਚ ਆਪੋ ਆਪਣੀਆਂ ਕੁਰਸੀਆਂ ‘ਤੇ ਬੈਠ ਗਏ ਤਾਂ ਮੁੱਖ ਅਧਿਆਪਕ ਨੇ ਮੇਰੇ ਵੱਲ ਮੂੰਹ ਕਰ ਕੇ ਕਿਹਾ, “ਸੰਧੂ ਸਾਹਿਬ! ਮੈਂ ਕੱਲ੍ਹ ਤੋਂ ਲੌਂਗ ਲੀਵ ‘ਤੇ ਜਾ ਰਿਹਾਂ। ਪਿੱਛੋਂ ਤੁਸੀਂ ਔਫੀਸ਼ੀਏਟ ਕਰੋਗੇ।”
ਉਸ ਨੇ ਦਸਤਖ਼ਤ ਕਰਵਾਉਣ ਲਈ ਆਰਡਰ-ਬੁੱਕ ਮੇਰੇ ਵੱਲ ਵਧਾਈ।
“ਮੈਂ? ਮੈਂ ਕਿਵੇਂ ਇੰਚਾਰਜ ਬਣ ਸਕਦਾ ਹਾਂ! ਮਦਨ ਮੋਹਨ ਮੇਰੇ ਨਾਲੋਂ ਸੀਨੀਅਰ ਹੈ ਅਤੇ ਇਹ ਉਸ ਦਾ ਹੱਕ ਬਣਦਾ ਹੈ। ਮੈਂ ਨਹੀਂ ਲੈਂਦਾ ਇਹ ਜ਼ਿੰਮੇਵਾਰੀ!” ਮੈਂ ਆਰਡਰ-ਬੁੱਕ ਸਖ਼ਤੀ ਨਾਲ ਪਿੱਛੇ ਧੱਕ ਦਿੱਤੀ। ਇਹ ਇੰਚਾਰਜੀ ‘ਆ ਬੈਲ ਮੁਝੇ ਮਾਰ’ ਵਾਲੀ ਗੱਲ ਤੋਂ ਵੀ ਕਿਤੇ ਵਧ ਕੇ ਸੀ।
ਮੁੱਖ ਅਧਿਆਪਕ ਨਿਰਾਸ਼ ਹੋ ਕੇ ਹੋਰਨਾਂ ਦੇ ਮੂੰਹ ਵੱਲ ਵੇਖਣ ਲੱਗਾ। ਮਦਨ ਮੋਹਨ ਨੇ ਆਪਣੇ ਸਦਾਬਹਾਰ ਅੰਦਾਜ਼ ਵਿਚ ਕਿਹਾ, “ਭਾਊ, ਕਿਉਂ ਮੈਨੂੰ ਇੰਚਾਰਜ ਬਣਾ ਕੇ ਮੇਰਾ ਗਾਟਾ ਲਵ੍ਹਾਉਣਾ ਏਂ!”
ਸਕੂਲ, ਪਿੰਡ ਅਤੇ ਇਲਾਕੇ ਵਿਚ ‘ਮੁੰਡੇ’ ਮਸਤੇ ਹੋਏ ‘ਸ਼ੇਰ-ਬਘੇਲਿਆਂ’ ਵਾਂਗ ਫਿਰ ਰਹੇ ਸਨ। ਉਨ੍ਹਾਂ ਦਾ ਹੁੜਦੰਗ ਅਤੇ ਆਪਹੁਦਰਾਪਨ ਸਿਖ਼ਰਾਂ ‘ਤੇ ਸੀ। ਸਕੂਲੀ ਵਿਦਿਆਰਥੀਆਂ ਵਿਚੋਂ ਕੁਝ ਤਾਂ ਸਕੂਲ ਟਾਈਮ ਵਿਚ ਹੀ ਪਿੰਡ ਦੇ ਬਜ਼ਾਰ ਵਿਚ ਢਾਣੀਆਂ ਬੰਨ੍ਹ ਕੇ ਫਿਰਦੇ ਰਹਿੰਦੇ। ਕੁਝ ਸਕੂਲ ਤੋਂ ਬਾਹਰ ਲੱਗੀਆਂ ਰੇੜ੍ਹੀਆਂ ‘ਤੇ ਖਲੋਤੇ ਹੁੰਦੇ ਅਤੇ ਹੋਰ ਚਾਹ ਦੀਆਂ ਦੁਕਾਨਾਂ ਵਿਚ ਵੜੇ ਰਹਿੰਦੇ। ਸਕੂਲ ਦੇ ਬਾਹਰਵਾਰ ਖੁੱਲ੍ਹੀ ਥਾਂ ਵਿਚ ਤਾਸ਼ ਖੇਡਦੇ ਬੰਦਿਆਂ ਪਿੱਛੇ ਖਲੋਤੇ ਪੱਤਿਆਂ ਦੀ ਦੁਨੀਆਂ ਵਿਚ ਗਵਾਚੇ ਹੁੰਦੇ। ਬਹੁਤ ਸਾਰੇ ਬੱਸ ਅੱਡੇ ਤੋਂ ਪਿੰਡ ਨੂੰ ਆਉਂਦੀ ਸੜਕ ਦੇ ਸਾਹਮਣੇ ਨੰਗਲ ਕੀ ਪੱਤੀ ਦੇ ਗੁਰਦੁਆਰੇ ਦੇ ਥੜ੍ਹੇ ਉਤੇ ਬੈਠੇ ਆਉਂਦੀ-ਜਾਂਦੀ ਦੁਨੀਆਂ ਦਾ ਰੰਗ ਤਮਾਸ਼ਾ ਵੇਖ ਰਹੇ ਹੁੰਦੇ। ਜਿਹੜੇ ਸਕੂਲ ਦੇ ਗੇਟ ਤੋਂ ਬਾਹਰ ਨਾ ਜਾਂਦੇ, ਉਹ ਲੱਗੇ ਸਕੂਲ ਵਿਚ ਵੀ ਜਮਾਤਾਂ ਤੋਂ ਬਾਹਰ ਭੱਜੇ ਫਿਰਦੇ। ਅੱਧੀ ਛੁੱਟੀ ਵੇਲੇ ਲੱਗਦੀ ਮੁੰਡਿਆਂ ਅਤੇ ਅਧਿਆਪਕਾਂ ਦੀ ਵਾਲੀਬਾਲ ਦੀ ਗੇਮ ਅੱਧੀ ਛੁੱਟੀ ਖ਼ਤਮ ਹੋਣ ਤੋਂ ਪਿੱਛੋਂ ਵੀ ਅੱਧਾ ਪੌਣਾ ਘੰਟਾ ਜਾਰੀ ਰਹਿੰਦੀ।
ਸੱਚੀ ਗੱਲ ਤਾਂ ਇਹ ਸੀ ਕਿ ਪੜ੍ਹਨ ਵਿਚ ਰੁਚੀ ਰੱਖਣ ਵਾਲੇ ਗਿਣਤੀ ਦੇ ਕੁਝ ਮੁੰਡਿਆਂ ਨੂੰ ਛੱਡ ਕੇ ਕੋਈ ਮੁੰਡਾ ਕਲਾਸ ਵਿਚ ਵੜ ਕੇ ਖ਼ੁਸ਼ ਨਹੀਂ ਸੀ। ਜਮਾਤਾਂ ਦੀਆਂ ਕੰਧਾਂ ਉਤੇ ‘ਖ਼ਾਲਿਸਤਾਨ ਕਮਾਂਡੋ ਫੋਰਸ- ਜ਼ਿੰਦਾਬਾਦ’, ‘ਭਿੰਡਰਾਂਵਾਲਾ ਟਾਈਗਰ ਫੋਰਸ- ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੁੰਦੇ। ਅਧਿਆਪਕ ਦੇ ਜਮਾਤ ਵਿਚ ਵੜਨ ਤੋਂ ਪਹਿਲਾਂ ਇਹੋ ਜਿਹਾ ਹੋਰ ਕਈ ਕੁਝ ਬਲੈਕ ਬੋਰਡ ‘ਤੇ ਵੀ ਲਿਖਿਆ ਮਿਲਦਾ। ਅਧਿਆਪਕ ਦੀ ਹਿੰਮਤ ਨਾ ਪੈਂਦੀ ਕਿ ਬਲੈਕ ਬੋਰਡ ਸਾਫ਼ ਕਰ ਕੇ ਆਪਣੇ ਵਿਸ਼ੇ ਨਾਲ ਸਬੰਧਤ ਕੋਈ ਸਤਰ ਉਥੇ ਲਿਖ ਸਕੇ। ਉਹ ਡਰਦਾ ਕਿ ਕੱਲ੍ਹ-ਕਲੋਤਰ ਨੂੰ ਆਪਣੇ ਵੱਲੋਂ ਦੋ ਹੋਰ ਗੱਲਾਂ ਨਾਲ ਜੋੜ ਕੇ ਇਨ੍ਹਾਂ ਮੁੰਡਿਆਂ ਵਿਚੋਂ ਕਿਸ ਨੇ ਜਾ ਕੇ ਕਹਿ ਦੇਣਾ ਹੈ ਕਿ ‘ਫਲਾਣਾ ਮਾਸਟਰ ਕਹਿੰਦਾ ਸੀ, ਅਸੀਂ ਨਹੀਂ ਇਥੇ ਕਿਸੇ ਖਾਲਿਸਤਾਨ ਜਾਂ ਕਮਾਂਡੋ ਫੋਰਸ ਦਾ ਨਾਂ ਲੈਣ, ਲਿਖਣ ਦੇਣਾ!’
ਉਂਜ ਅਧਿਆਪਕਾਂ ਦਾ ਹਾਲ ਵੀ ਇਹ ਸੀ ਕਿ ਕੁਝ ਤਾਂ ਫਰਲੋ ‘ਤੇ ਹੁੰਦੇ ਅਤੇ ਜਿਹੜੇ ਆਉਂਦੇ ਵੀ, ਉਹ ਲੇਟ ਆਉਂਦੇ; ਪਹਿਲਾਂ ਭੱਜ ਜਾਂਦੇ। ਜਿਹੜਾ ਕੋਈ ਜਮਾਤ ਵਿਚ ਜਾਂਦਾ ਵੀ, ਦਸਾਂ ਪੰਦਰਾਂ ਮਿੰਟਾਂ ਬਾਅਦ, “ਅੱਠਾਂ ਦਸਾਂ ਨੂੰ ਕੋਈ ਕੀ ਪੜ੍ਹਾਵੇ!” ਕਹਿੰਦਾ ਮੁੱਛਾਂ ਮਰੋੜਦਾ ਸਟਾਫ਼ ਰੂਮ ਵਿਚ ਆ ਕੇ ਬਹਿ ਜਾਂਦਾ। ਫਿਰ ਵੀ ਇਸ ਸੜਦੇ-ਬਲਦੇ ਜੰਗਲ ਵਿਚ ਬਿਮਲਾ, ਰਮੇਸ਼ ਅਤੇ ਕੇ ਪੀ ਸਿੰਘ ਵਰਗੇ ਹਰੇ ਬੂਟੇ ਬਚੇ ਵੀ ਹੋਏ ਸਨ। ਜਮਾਤ ਪੂਰੀ ਹੁੰਦੀ ਜਾਂ ਨਾ, ਉਹ ਆਪਣੀ ਜ਼ਮੀਰ ਅੱਗੇ ਸੱਚੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿੰਦੇ।
ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਹ ਅਨੁਸ਼ਾਸਨ-ਹੀਣ ਵਤੀਰਾ ਮੈਨੂੰ ਬੇਚੈਨ ਕਰੀ ਰੱਖਦਾ ਸੀ। ਮੈਨੂੰ ਇਹ ਵੀ ਲੱਗਦਾ ਸੀ ਕਿ ਇਨ੍ਹਾਂ ਸਾਲਾਂ ਵਿਚ ਪੜ੍ਹਾਈ ਦੇ ਬੁਰੇ ਹਾਲ ਕਰ ਕੇ ਅਤੇ ਨਕਲਾਂ ਮਾਰ ਕੇ ਪਾਸ ਹੋਣ ਸਦਕਾ ਸਾਡੀ ਪੂਰੀ ਦੀ ਪੂਰੀ ਪੀੜ੍ਹੀ ਅਨਪੜ੍ਹ ਅਤੇ ਬਰਬਾਦ ਹੋ ਕੇ ਰਹਿ ਜਾਵੇਗੀ। ਮੇਰੇ ਆਪਣੇ ਵਿਹਾਰ ਅਤੇ ਪਿੰਡ ਦਾ ਹੋਣ ਕਰ ਕੇ ਮਾਪਿਆਂ ਤੇ ਵਿਦਿਆਰਥੀਆਂ ਨਾਲ ਮੇਰੇ ਸੁਖਾਵੇਂ ਸਬੰਧਾਂ ਕਾਰਨ ਮੈਨੂੰ ਤਾਂ ਭਾਵੇਂ ਕਦੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਅਤੇ ਵਿਦਿਆਰਥੀ ਮੇਰੀ ਇੱਜ਼ਤ ਵੀ ਕਰਦੇ ਸਨ, ਪਰ ਉਨ੍ਹਾਂ ਦੀ ਅਨੁਸ਼ਾਸਨ-ਹੀਣਤਾ ਅਤੇ ਹੋਰਨਾਂ ਅਧਿਆਪਕਾਂ ਪ੍ਰਤੀ ਉਨ੍ਹਾਂ ਦਾ ਅਪਮਾਨਜਨਕ ਵਤੀਰਾ ਮੇਰੀ ਰੂਹ ਨੂੰ ਜ਼ਖ਼ਮੀ ਕਰਦਾ ਰਹਿੰਦਾ ਸੀ।
ਇਹੋ ਕਾਰਨ ਸੀ ਕਿ ਹੋਰਨਾਂ ਨਾਲ ਹੋਇਆ ਵਾਧਾ ਵੀ ਮੈਨੂੰ ਆਪਣੇ ਨਾਲ ਹੋਇਆ ਵਾਧਾ ਲੱਗਦਾ ਸੀ। ਮੈਂ ਕਿਸੇ ਦੂਜੇ ਅਧਿਆਪਕ ਨਾਲ ਸਰ੍ਹੀਂਣ ਹੁੰਦੀ ਵਧੀਕੀ ਬਰਦਾਸ਼ਤ ਨਹੀਂ ਸਾਂ ਕਰ ਸਕਦਾ। ਜੇ ਉਸ ਅਧਿਆਪਕ ਦੀ ਇੱਛਾ ਹੁੰਦੀ ਤਾਂ ਮੈਂ ਆਪ ਵਿਚ ਪੈ ਕੇ ਮਸਲਾ ਨਜਿੱਠਣ ਦੀ ਕੋਸ਼ਿਸ਼ ਵੀ ਕਰਦਾ ਤੇ ਕਰਵਾਉਂਦਾ। ਅੱਵਲ ਤਾਂ ਮੁੰਡਾ ਮੇਰੇ ਕੋਲੋਂ ਹੀ ਮੰਨ ਜਾਂਦਾ, ਪਰ ਜੇ ਕੋਈ ਜ਼ਿਆਦਾ ਟੇਢਾ ਦਿਸਦਾ ਤਾਂ ਮੈਂ ਉਸ ਦੇ ਮਾਪਿਆਂ ਨੂੰ ਬੁਲਾ ਕੇ ਉਹਨੂੰ ਸਮਝਾਉਣ ਅਤੇ ਮੁਆਫ਼ੀ ਮੰਗਣਵਾਉਣ ਵਾਸਤੇ ਕਹਿੰਦਾ। ਇਸ ਤੋਂ ਵੱਡੀ ਸਜ਼ਾ ਦੇ ਸਕਣ ਦੀ ਇਸ ਹਾਲਾਤ ਵਿਚ ਗੁੰਜਾਇਸ਼ ਹੀ ਨਹੀਂ ਸੀ। ਮੁਆਫ਼ੀ ਮੰਗਵਾਉਣ ਵਾਲਾ ਕੰਮ ਅਕਸਰ ਸਾਰੀ ਜਮਾਤ ਸਾਹਮਣੇ ਕਰਵਾਉਂਦਾ, ਤਾਂ ਕਿ ਦੂਜੇ ਵਿਦਿਆਰਥੀਆਂ ਨੂੰ ਵੀ ਕੰਨ ਹੋ ਜਾਣ। ਉਂਜ ਮੇਰੇ ਮਨ ਵਿਚ ਇਹ ਡਰ ਵੀ ਬਣਿਆ ਰਹਿੰਦਾ ਕਿ ਜੇ ਕੋਈ ਵਿਦਿਆਰਥੀ ਮੇਰੇ ਅੱਗੇ ਵੀ ਆਕੜ ਪਿਆ, ਤਾਂ! ਇਹ ਵੀ ਸ਼ੁਕਰ ਦੀ ਗੱਲ ਸੀ ਕਿ ਮੁੱਖ ਅਧਿਆਪਕ ਨਾਲ ਵਧੀਕੀ ਕਰਨ ਵਾਲੇ ਸੁਖਦੇਵ ਅਤੇ ਗੱਟੂ, ਦੋਵੇਂ ਵਿਦਿਆਰਥੀ ਵੀ ਮੇਰੇ ਕਹਿਣ ‘ਤੇ ਮੁਆਫ਼ੀ ਮੰਗ ਗਏ ਸਨ।
ਅਨੁਸ਼ਾਸਨ-ਹੀਣਤਾ ਅਤੇ ਗਰਕਦੀ ਜਾਂਦੀ ਪੜ੍ਹਾਈ ਦਾ ਕਾਰਨ ਕਈ ਜਣੇ ਮੁੱਖ ਅਧਿਆਪਕ ਦੀ ਨਰਮੀ, ਲਾਪ੍ਰਵਾਹੀ ਅਤੇ ਗ਼ੈਰ-ਹਾਜ਼ਰੀ ‘ਤੇ ਸੁੱਟਦੇ ਸਨ; ਪਰ ਇਹ ਉਨ੍ਹਾਂ ਦਾ ਮਹਿਜ਼ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦਾ ਬਹਾਨਾ ਸੀ। ਇਸ ਖ਼ੌਫ਼ਨਾਕ ਦੌਰ ਤੋਂ ਪਹਿਲਾਂ ਇਹੋ ਹੀ ਮੁੱਖ ਅਧਿਆਪਕ ਸੀ ਜਿਸ ਦੀ ਸੋਭਾ ਕਰਦੇ ਅਧਿਆਪਕ ਤੇ ਪਿੰਡ ਵਾਲੇ ਥੱਕਦੇ ਨਹੀਂ ਸਨ। ਉਸ ਨੇ ਆ ਕੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਸੀ। ਹਰੇ ਭਰੇ ਲਾਅਨ ਬਣ ਗਏ ਸਨ। ਅਨੁਸ਼ਾਸਨ ਅਤੇ ਪੜ੍ਹਾਈ ਦਾ ਗਰਾਫ਼ ਪਹਿਲਾਂ ਨਾਲੋਂ ਉਚਾ ਹੋ ਗਿਆ ਸੀ। ਉਹ ਮਿੱਠ-ਬੋਲੜਾ ਸੀ। ਉਸ ਵਿਚ ਹਉਮੈ ਨਹੀਂ ਸੀ। ਉਹਨੂੰ ਪਿਆਰ ਨਾਲ ਕੰਮ ਲੈਣ ਦਾ ਸਲੀਕਾ ਆਉਂਦਾ ਸੀ, ਪਰ ਹੁਣ ਜਦੋਂ ‘ਵਾ ਹੀ ਇਹੋ ਜਿਹੀ ਵਗ ਗਈ ਸੀ ਤਾਂ ਡੋਰ ਉਹਦੇ ਹੱਥੋਂ ਖਿਸਕ ਗਈ ਸੀ। ਸਾਰੇ ਇਸ ਢਿੱਲ ਦਾ ਲਾਭ ਲੈਣਾ ਚਾਹੁੰਦੇ ਸਨ। ਜ਼ਿੰਮੇਵਾਰ ਘੱਟ ਅਤੇ ਤਮਾਸ਼ਬੀਨ ਵੱਧ ਬਣ ਰਹੇ ਸਨ। ਉਹ ਵਿਚਾਰਾ ਇਕੱਲਾ ਕੀ ਕਰ ਸਕਦਾ ਸੀ! ਇਕੱਲਾ ਹੀ ਤਾਂ ਸੀ, ਕਿਉਂਕਿ ਦੂਜੇ ਸਭ ਬੜੇ ਸੁਚੇਤ ਹੋ ਕੇ ਵਿਚਰਦੇ ਅਤੇ ਕਿਸੇ ਵਿਵਾਦ ਵਿਚ ਫਸਣੋਂ ਬਚਦੇ ਰਹਿੰਦੇ ਸਨ। ਉਸ ਲਈ ਸਭ ਤੋਂ ਵੱਡਾ ਖ਼ਤਰਾ ਤਾਂ ਉਸ ਦੀ ਦਿੱਖ ਸੀ, ਜਿਹੜੀ ਉਹਨੂੰ ਕੋਈ ਵੀ ਪਹਿਲਕਦਮੀ ਕਰਨ ਤੋਂ ਵਰਜਦੀ ਰਹਿੰਦੀ ਸੀ। ਇਸੇ ਦਿੱਖ ਦੇ ਪਾਲੇ ਤੋਂ ਡਰਦਾ ਹੀ ਉਹ ਲੰਮੀ ਛੁੱਟੀ ‘ਤੇ ਜਾ ਰਿਹਾ ਸੀ।
“ਭਾ ਜੀ, ਕਰੋ ਦਸਖ਼ਤ। ਕੁਝ ਨਹੀਂ ਹੁੰਦਾ। ਅਸੀਂ ਤੁਹਾਡੇ ਨਾਲ ਹਾਂ।” ਸਕੂਲ ਵਿਚ ਮੈਥੋਂ ਉਮਰੋਂ ਵੱਡੀ ਅਤੇ ਬਹੁਤ ਸਾਊ ਅਧਿਆਪਕਾ ‘ਬਿਮਲਾ ਭੈਣ ਜੀ’ ਨੇ ਮੈਨੂੰ ਹੌਸਲਾ ਦਿੱਤਾ।
“ਮੈਂ ਤੁਹਾਨੂੰ ਇਸ ਕਰ ਕੇ ਕਿਹੈ ਕਿ ਤੁਸੀਂ ਪ੍ਰਬੰਧ ਨੂੰ ਸੰਭਾਲ ਸਕਦੇ ਹੋ। ਮੁੰਡੇ ਤੇ ਅਧਿਆਪਕ ਤੁਹਾਡਾ ਕਿਹਾ ਮੰਨ ਸਕਦੇ ਨੇ।” ਮੁੱਖ ਅਧਿਆਪਕ ਦੀ ਗੱਲ ਸੁਣ ਕੇ ਮੇਰਾ ਹਾਸਾ ਨਿਕਲ ਗਿਆ।
“ਇਹ ਮਹਾਂ-ਪੁਰਖ਼ ਤਾਂ ਅਕਬਰ ਬਾਦਸ਼ਾਹ ਦੇ ਆਖੇ ਨੂੰ ਅੱਡੀ ਥੱਲੇ ਮਲ਼ ਕੇ ਸੁੱਟ ਦੇਣ, ਮੈਂ ਕੀਹਦਾ ਪਾਣੀ-ਹਾਰ ਆਂ।” ਮੈਂ ਆਲੇ-ਦੁਆਲੇ ਬੈਠੇ ਆਪਣੇ ਸਹਿਕਰਮੀਆਂ ਵੱਲ ਹੱਥ ਕਰ ਕੇ ਹੱਸਿਆ।
“ਅਸੀਂ, ਜੋ ਤੁਸੀਂ ਆਖੋਗੇ, ਮੰਨਾਂਗੇ। ਜਿਵੇਂ ਪ੍ਰਬੰਧ ਚਲਾਉਣਾ ਚਾਹੋਗੇ, ਤੁਹਾਨੂੰ ਪੂਰਾ ਸਹਿਯੋਗ ਦਿਆਂਗੇ।” ਰਮੇਸ਼ ਇਕ ਤਰ੍ਹਾਂ ਸਾਰਿਆਂ ਵੱਲੋਂ ਬੋਲਿਆ।
“ਬਣੋ ਭਾ ਜੀ, ‘ਸੰਧੂ’ ਹੋ ਕੇ ਵੀ ਮੈਦਾਨ ਛੱਡਦੇ ਜੇ!” ਪੰਜਾਬੀ ਅਧਿਆਪਕਾ ਨਰਿੰਦਰ ‘ਸੰਧੂ’ ਨੇ ਹਾਸੇ ਹਾਸੇ ਵਿਚ ਮੈਨੂੰ ਵੰਗਾਰਿਆ।
“ਮੈਂ ਇੰਚਾਰਜ ਬਣ ਗਿਆ ਤਾਂ ਮੈਂ ਫਰਲੋ ਕੋਈ ਨਹੀਂ ਦੇਣੀ।” ਮੈਂ ਆਖਿਆ ਤਾਂ ਸਾਰੇ ਅਧਿਆਪਕ ਹੱਸ ਪਏ। ਫਰਲੋ ਤਾਂ ਉਨ੍ਹਾਂ ਵਿਚੋਂ ਸਾਰੇ ਹੀ ਮਾਰਦੇ ਸਨ, ਪਰ ਸ਼ਹਿਰੋਂ ਆਉਂਦੀ ਨਰਿੰਦਰ ਇਸ ਪੱਖੋਂ ਵਧੇਰੇ ਚਰਚਾ ਵਿਚ ਸੀ।
ਆਪਣੇ ਉਤੇ ਵਾਰ ਹੋਇਆ ਸਮਝ ਕੇ ਉਹ ਹੱਸਦੀ ਹੋਈ ਬੋਲੀ, “ਤੁਸੀਂ ਫਰਲੋ ਬੰਨ੍ਹ ਦਿਓ ਸਾਰਿਆਂ ਲਈ ਇਕੋ ਜਿੰਨੀ। ਦੂਜਿਆਂ ਨਾਲੋਂ ਵੱਧ ਨਹੀਂ ਲੈਂਦੀ। ਵਾਅਦਾ ਰਿਹਾ।”
“ਕੋਈ ਨ੍ਹੀਂ ਭਾ ਜੀ, ਰਲ ਮਿਲ ਕੇ ਚਲਾ ਲਾਂ’ਗੇ।” ਪੀ ਟੀ ਨੇ ਵੀ ਹੱਲਾਸ਼ੇਰੀ ਦਿੱਤੀ।
ਮੈਂ ਦੁਬਿਧਾ ਵਿਚ ਫਸ ਗਿਆ।
“ਸੰਧੂ ਸਾਹਿਬ! ਇਸ ਹਾਲਤ ਵਿਚ, ਤੁਸੀਂ ਆਪ ਹੀ ਜਾਣਦੇ ਜੇ, ਹੈਡਮਾਸਟਰ ਸਾਹਬ ਦਾ ਸਕੂਲ ਆਉਣਾ ਖ਼ਤਰੇ ਤੋਂ ਖਾਲੀ ਨਹੀਂ। ਹੋਰ ਕੋਈ ਇਹ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਨਹੀਂ। ਸਭ ਨੇ ਤੁਹਾਡੇ ਵਿਚ ਭਰੋਸਾ ਪ੍ਰਗਟਾਇਆ ਹੈ। ਹੁਣ ਭਰਾਵਾਂ ਦੇ ਭਰੋਸੇ ਦੀ ਲੱਜ ਪਾਲੋ!”
ਮੇਰੇ ਦੁਆਲੇ ਚੱਕਰਵਿਊ ਵਲਿਆ ਗਿਆ ਸੀ। ਮੁੱਖ ਅਧਿਆਪਕ ਨੇ ਆਰਡਰ-ਬੁੱਕ ਫਿਰ ਮੇਰੇ ਵੱਲ ਕੀਤੀ।
“ਕਰ ਯਾਰ! ਮੇਰੇ ਆਖੇ ਵੀ ਨਹੀਂ ਲੱਗੇਂਗਾ? ਜਿੱਦਾਂ ਅੱਗੇ ਚੱਲਦਾ, ਆਪੇ ਚੱਲੀ ਜਾਊ ਸਭ।” ਮੁੱਖ ਅਧਿਆਪਕ ਨੇ ਨਿੱਜੀ ਮੋਹ ਵਿਚ ਮੁਸਕਰਾਉਂਦੀਆਂ ਅੱਖਾਂ ਮੇਰੇ ਚਿਹਰੇ ‘ਤੇ ਗੱਡੀਆਂ ਹੋਈਆਂ ਸਨ। ਉਹਦੀਆਂ ਨਜ਼ਰਾਂ ਵਿਚਲਾ ਮੋਹ, ਤਰਲਾ ਅਤੇ ਲੁਕਵਾਂ ਭੈਅ ਵੇਖ ਕੇ ਮੈਨੂੰ ਲੱਗਾ ਕਿ ਇਸ ਦੀ ਮਦਦ ਕਰਨੀ ਚਾਹੀਦੀ ਹੈ। ਸੋਚਿਆ, ‘ਠੀਕ ਹੀ ਤਾਂ ਹੈ; ਜਿੱਦਾਂ ਅੱਗੇ ਚੱਲਦਾ, ਆਪੇ ਚੱਲੀ ਜਾਊ ਸਭ। ਮੈਂ ਕਿਹੜਾ ਸਿਰ ‘ਤੇ ਪਹਾੜ ਚੁੱਕਣਾ ਹੈ!”
(ਚਲਦਾ)