ਮੰਦਾ ਕਿਸ ਨੋ ਆਖੀਐ

ਬਲਜੀਤ ਬਾਸੀ
ਮਾੜਾ, ਬੁਰਾ, ਭੈੜਾ ਦੇ ਅਰਥਾਂ ਵਿਚ ਮੰਦਾ ਸ਼ਬਦ ਦੀ ਪੰਜਾਬੀ ਵਿਚ ਖਾਸੀ ਵਰਤੋਂ ਹੁੰਦੀ ਹੈ। ਮਰਦ-ਔਰਤਾਂ ਮੰਦੇ ਹੁੰਦੇ ਹਨ ਤੇ ਸੜਕਾਂ ਦਾ ਹਾਲ ਵੀ ਮੰਦਾ ਹੁੰਦਾ ਹੈ। ਨੈਤਿਕਤਾ ਦੇ ਸੰਦਰਭ ਵਿਚ ਦੁਰਵਿਹਾਰ, ਦੁਸ਼ਕਰਮ ਜਾਂ ਦੁਰਬਚਨ ਵੱਲ ਸੰਕੇਤ ਕਰਨ ਲਈ ਇਹ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਕਿਹਾ ਜਾਂਦਾ ਹੈ, ਮੰਦੇ ਬੋਲ ਨਾ ਬੋਲੀਏ। ਗੁਰੂ ਨਾਨਕ ਦੇਵ ਦੇ ਨਾਂ ਲਾਈ ਹੋਈ ਕਹਾਵਤ ਹੈ, ‘ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਏ।’ ਗੁਰੂਆਂ, ਭਗਤਾਂ, ਸੂਫੀਆਂ ਦੀ ਬਾਣੀ ਵਿਚ ਇਸ ਸ਼ਬਦ ਨੂੰ ਖਾਸ ਥਾਂ ਮਿਲੀ ਹੈ।

ਕੁਝ ਮਿਸਾਲਾਂ ਲੈਂਦੇ ਹਾਂ, “ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥” (ਬਾਬਾ ਸ਼ੇਖ ਫਰੀਦ); ‘ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ (ਭਗਤ ਕਬੀਰ); ‘ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥’ (ਗੁਰੂ ਨਾਨਕ ਦੇਵ)
ਹਸ਼ਮ ਸ਼ਾਹ ਨੇ ਪਖੰਡੀ ਲੋਕਾਂ ਨੂੰ ਨਿੰਦਦਿਆਂ ਇਸ ਸ਼ਬਦ ਦਾ ਸਹਾਰਾ ਲਿਆ ਹੈ,
ਵੇਦ ਕਿਤੇਬ ਪੜ੍ਹਨ ਚਤੁਰਾਈ,
ਅਤੇ ਜਪ ਤਪ ਸਾਧੁ ਬਣਾਵੇ।
ਭਗਵੇਂ ਭੇਸ ਕਰਨ ਕਿਸ ਕਾਰਣ,
ਉਹ ਮੰਦਾ ਖੋਟ ਲੁਕਾਵੇ।
ਮੂਰਖ ਜਾ ਵੜੇ ਉਸ ਵਿਹੜੇ,
ਅਤੇ ਔਖਧ ਜਨਮ ਗਵਾਵੇ।
ਹਾਸ਼ਮ ਮੁਕਤ ਨਸੀਬ ਜਿਨ੍ਹਾਂ ਦੇ,
ਸੋਈ ਦਰਦਮੰਦਾਂ ਵੱਲ ਆਵੇ।
ਅੱਜ ਕਲ੍ਹ ਮਾਸ ਚਰਚਾ ਵਿਚ ਹੈ ਤਾਂ ਕਿਉਂ ਨਾ ਬਾਬੇ ਨਾਨਕ ਦੀ ਸੁਣ ਲਈਏ, ‘ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ, ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥’ ਮੰਦਾ-ਚੰਗਾ ਜਾਂ ਚੰਗਾ-ਮੰਦਾ ਦੁਰੁਕਤੀਆਂ ਦਾ ਵੀ ਕਾਫੀ ਪ੍ਰਚਲਨ ਹੈ, “ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥’ (ਗੁਰੂ ਨਾਨਕ ਦੇਵ)
ਗੌਰਤਲਬ ਹੈ ਕਿ ਜਿਸ ਦੁਰਕਤੀ ਵਿਚ ਉਲਟਭਾਵੀ ਸ਼ਬਦ ਹੁੰਦੇ ਹਨ, ਆਮ ਤੌਰ ‘ਤੇ ਉਸ ਦਾ ਸਮੁੱਚਾ ਭਾਵ ਨਾਂਹਪੱਖੀ ਸ਼ਬਦ ਵਾਲਾ ਹੁੰਦਾ ਹੈ, ਜਿਵੇਂ ਨੈਗੇਟਿਵ ਤੇ ਪਾਜ਼ਿਟਿਵ ਸੰਖਿਆਵਾਂ ਦੇ ਗੁਣਾ ਤੋਂ ਨੈਗੇਟਿਵ ਪਰਿਣਾਮ ਹੀ ਹਾਸਿਲ ਹੁੰਦਾ ਹੈ। ‘ਮੰਦਾ ਚੰਗਾ’ ਦੁਰੁਕਤੀ ਵਿਚ ਭਾਵੇਂ ਚੰਗਾ ਸ਼ਬਦ ਵੀ ਹੈ ਪਰ ਸਮੁੱਚਾ ਅਰਥ ਮੰਦੇਪਣ ਦਾ ਹੀ ਹੈ। ‘ਥੋੜਾ ਬਾਹਲਾ’ ਵਿਚ ਥੋੜਾ ਨਾਕਾਰਾਤਮਕ ਹੈ ਤੇ ਬਾਹਲਾ ਸਾਕਾਰਾਤਮਕ ਪਰ ਸਮੁੱਚਾ ਭਾਵ ਨਾਕਾਰਾਤਮਕ ਹੀ ਨਿਕਲਦਾ ਹੈ। ਗੰਦਾ-ਮੰਦਾ ਇਕ ਹੋਰ ਦੁਰੁਕਤੀ ਹੈ ਜਿਸ ਦਾ ਭਾਵ ਮੈਲਾ-ਕੁਚੈਲਾ ਹੈ। ਹਾਲਾਂਕਿ ਮੰਦਾ ਵਿਚ ਗੰਦਾ ਜਾਂ ਮੈਲਾ ਆਦਿ ਦੇ ਭਾਵ ਨਹੀਂ ਹਨ। ਮੰਦਾ ਜਾਂ ਮੰਦੀ ਸ਼ਬਦ ਦੀ ਵਰਤੋਂ ਵਪਾਰ ਦੀ ਸੁਸਤੀ, ਗਿਰਾਵਟ, ਥੁੜ, ਘਾਟ, ਸਸਤਭਾਈ ਦੇ ਅਰਥਾਂ ਵਿਚ ਵੀ ਹੁੰਦੀ ਹੈ ਜਿਵੇਂ ਅੱਜ ਕਲ੍ਹ ਮੰਦਾ ਚਲ ਰਿਹਾ ਹੈ। ਮੰਦਾ ਤੋਂ ਦੂਜੀ ਡਿਗਰੀ ਦਾ ਵਿਸ਼ੇਸ਼ਣ ਮੰਦੇਰਾ ਵੀ ਬਣਿਆ ਹੈ, “ਤਿਨ ਮਸਤਕ ਭਾਗੁ ਮੰਦੇਰਾ॥’ (ਗੁਰੂ ਰਾਮ ਦਾਸ)
ਬੁਰਿਆਈ, ਕਰਤੂਤ ਜਾਂ ਭੈੜੇ ਸੁਭਾਅ ਦੇ ਅਰਥਾਂ ਵਿਚ ਇਹ ਸ਼ਬਦ ਨਾਂਵ ਵਜੋਂ ਵੀ ਵਰਤ ਲਿਆ ਜਾਂਦਾ ਹੈ, “ਨੀ ਤੂੰ ਮੰਦਾ ਕੀਤਾ ਸਾਹਿਬਾਂ, ਮੇਰਾ ਤਰਕਸ਼ ਟੰਗਿਆ ਜੰਡ।” (ਪੀਲੂ); ‘ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥’ (ਗੁਰੂ ਅਰਜਨ ਦੇਵ)
ਮੰਦਾ ਸ਼ਬਦ ਬਣਿਆ ਹੈ ਮੰਦ ਤੋਂ ਜੋ ਇਕ ਧਾਤੂ ਵੀ ਹੈ। ਮੰਦ ਧਾਤੂ ਵਿਚ ਅਹਿੱਲਤਾ, ਅਚੱਲਤਾ, ਜੜ੍ਹਤਾ ਦੇ ਭਾਵ ਹਨ। ਮੰਦ ਵਿਸ਼ੇਸ਼ਣ ਵੀ ਹੈ ਤੇ ਨਾਂਵ ਵੀ। ਆਉ ਜ਼ਰਾ ਇਸ ਦੀ ਵਿਆਪਕਤਾ ਦੀ ਥਾਹ ਪਾਈਏ। ਪਹਿਲਾਂ ਇਹ ਜਾਣ ਲਈਏ ਕਿ ਜੜ੍ਹਤਾ ਦਾ ਭਾਵ ਧੀਮੇਪਣ, ਢਿਲ੍ਹੇਪਣ, ਸਿਥਲਤਾ, ਕਮੀ ਆਦਿ ਦੇ ਅਰਥ ਸਹਿਜੇ ਹੀ ਅਖਤਿਆਰ ਕਰ ਲੈਂਦਾ ਹੈ। ਅਸੀਂ ਅਲਪਬੁਧੀ ਵਾਲੇ, ਮੂੜ੍ਹ ਦੇ ਅਰਥਾਂ ਵਿਚ ਮੰਦ-ਬੁਧੀ ਸ਼ਬਦ ਆਮ ਹੀ ਵਰਤਦੇ ਹਾਂ। ਮੰਦਭਾਗਾ ਉਹ ਹੁੰਦਾ ਹੈ ਜਿਸ ਦੀ ਕਿਸਮਤ ਵਿਚ ਖੁਸ਼ਹਾਲੀ ਆਦਿ ਦੀ ਘਾਟ ਹੈ, ‘ਮੰਦਭਾਗੀ ਤੇਰੇ ਦਰਸਨੁ ਨਾਹਿ॥’ (ਭਗਤ ਕਬੀਰ)
ਆਰਥਿਕਤਾ ਵਿਚ ਵਸਤੂਆਂ ਦੀ ਕਮੀ ਜਾਂ ਘਾਟ ਲਈ ਮੰਦਵਾੜਾ ਸ਼ਬਦ ਆਮ ਹੀ ਚਲਦਾ ਹੈ। ਮੰਦ ਸ਼ਬਦ ਵਿਚ ਕਮਜ਼ੋਰੀ, ਢਹਿੰਦੀਆਂ ਕਲਾਂ, ਢਿਲੇਪਣ, ਸੁਸਤੀ, ਬੀਮਾਰੀ, ਧੀਮੇਪਣ ਆਦਿ ਦੇ ਭਾਵ ਵੀ ਹਨ। ਮੰਦਹਾਲੀ ਜਿਹੇ ਸ਼ਬਦਾਂ ਤੋਂ ਇਸ ਦਾ ਸੰਕੇਤ ਮਿਲਦਾ ਹੈ। ਚਾਲ ਮੰਦੀ ਹੁੰਦੀ ਹੈ ਤਾਂ ਮੁਸਕਾਨ ਵੀ ਮੰਦੀ ਹੁੰਦੀ ਹੈ। ਮੰਦ ਮੰਦ ਮੁਸਕਾਨ ਦੇ ਤਾਂ ਕਹਿਣੇ ਹੀ ਕੀ! ਮੰਦ ਮੰਦ ਚੱਲਣ ਵਾਲੀ ਗੰਗਾ ਦੀ ਇਕ ਸਹਾਇਕ ਨਦੀ ਦਾ ਨਾਂ ਮੰਦਾਕਿਨੀ ਹੈ। ਸੰਸਕ੍ਰਿਤ ਵਿਚ ਮੰਦ ਦਾ ਅਰਥ ਨਸ਼ੇੜੀ ਵੀ ਮਿਲਦਾ ਹੈ। ਸਪਸ਼ਟ ਹੈ ਕਿ ਨਸ਼ੇ ਵਿਚ ਧੁੱਤ ਆਦਮੀ ਇਕ ਤਰ੍ਹਾਂ ਜੜ ਜਿਹਾ ਹੀ ਹੁੰਦਾ ਹੈ।
ਕਿਸੇ ਹੋਰ ਲੇਖ ਵਿਚ ਦੱਸਿਆ ਗਿਆ ਸੀ ਕਿ ਮੂਰਖ ਅਤੇ ਮੁਗਧ ਸ਼ਬਦ ਵੀ ਮੁਢਲੇ ਤੌਰ ‘ਤੇ ਇਕੋ ਮੂਲ ਤੋਂ ਆ ਰਹੇ ਹਨ। ਦੋਨਾਂ ਵਿਚ ਬੁਧੀ ਪਲਾਇਣ ਕਰ ਜਾਂਦੀ ਹੈ। ਹੋਰ ਤਾਂ ਹੋਰ ਮੰਦ ਦਾ ਇਕ ਅਰਥ ਸੁਸਤ ਜਾਂ ਮੂੜ ਹਾਥੀ ਵੀ ਹੈ। ਮੰਦ ਸ਼ਬਦ ਫਾਰਸੀ ਵਿਚ ਵੀ ਮਿਲਦਾ ਹੈ ਜਿਸ ਤੋਂ ਬਣਿਆ ਮਾਂਦਗੀ ਪੰਜਾਬੀ ਵਿਚ ਆ ਵੜਿਆ ਹੈ।
ਪੰਜਾਬੀ ਦਾ ਇਕ ਠੇਠ ਸ਼ਬਦ ਹੈ ‘ਮਹੇੜਮਾਂ’ ਜਿਸ ਦਾ ਅਰਥ ਹੈ, ਦੁਧ ਦੀ ਕਮੀ। ਸਾਡੀ ਸਭਿਅਤਾ ਵਿਚ ਘਰ ਵਿਚ ਦੁਧ-ਬਾਧ ਦਾ ਹੋਣਾ ਖੁਸ਼ਹਾਲੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਇਸ ਲਈ ਦੁਧ ਦੀ ਘਾਟ ਮੰਦਹਾਲੀ ਦੀ ਨਿਸ਼ਾਨੀ ਹੀ ਹੈ। ਮਹੇੜਮਾਂ ਸ਼ਬਦ ਬਣਿਆ ਹੈ ‘ਮੰਦਧੈਨਵਾ’ (ਮੰਦ+ਧੈਨਵ) ਤੋਂ ਜਿਸ ਦਾ ਸ਼ਾਬਦਿਕ ਅਰਥ ਹੋਇਆ, ਦੁਧ ਦਿੰਦੀ ਗਊ ਜਾਂ ਲਵੇਰੀ ਦਾ ਨਾ ਹੋਣਾ, ਘਟ ਦੁਧ। ਇਸ ਸ਼ਬਦ ਵਿਚ ਮੰਦ ਦਾ ਅਰਥ ਘਟ ਹੈ ਤੇ ਧੈਨਵਾ ਸ਼ਬਦ ਗਊਆਂ ਦਾ ਅਰਥਾਵਾਂ ਹੈ। ਇਸ ਸ਼ਬਦ ਦਾ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਹੋਵੇਗਾ: ਮੰਦਧੈਨਵਾ> ਮਧੇਨਵਾ> ਮਹੇਨਵਾਂ> ਮਹੇੜਮਾਂ। ‘ਧ’ ਧੁਨੀ ‘ਹ’ ਵਿਚ ਅਤੇ ‘ਵ’ ਧੁਨੀ ‘ੜ’ ਵਿਚ ਆਮ ਹੀ ਵੱਟ ਜਾਂਦੀ ਹੈ। ਧੇਨ ਸੱਜਰ ਸੂਈ ਗਊ, ਲਵੇਰੀ ਨੂੰ ਆਖਦੇ ਹਨ, “ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ॥” (ਗੁਰੂ ਅਰਜਨ ਦੇਵ) ਮਹੇੜਮਾਂ ਦੇ ਵਿਪਰੀਤ ਸ਼ਬਦ ਹੈ, ਧੇਣਵਾਂ ਜਿਸ ਦਾ ਮਤਲਬ ਹੋਇਆ ਲਵੇਰੇ ਦਾ ਹੋਣਾ, ‘ਨਦੀਆ ਹੋਵਹਿ ਧੇਣਵਾ ਸੁੰ ਹੋਵਹਿ ਦੁਧੁ ਘੀਉ॥” (ਗੁਰੂ ਨਾਨਕ ਦੇਵ)
ਸ਼ਬਦ ਨਿਰਮਾਣ ਦੀ ਵਿਥਿਆ ਅਕਸਰ ਬੜੀ ਰੁਮਾਂਚਕ ਹੁੰਦੀ ਹੈ। ਕਈ ਵਾਰੀ ਤਾਂ ਇੰਜ ਲਗਦਾ ਹੈ ਜਿਵੇਂ ਚੁਬਾਰੇ ਦੀ ਇੱਟ ਮੋਰੀ ਨੂੰ ਲੱਗ ਗਈ ਹੋਵੇ। ਦਿਲਚਸਪ ਗੱਲ ਹੈ, ਪੂਜਾ ਸਥਾਨ ਮੰਦਰ/ਮੰਦਿਰ ਦਾ ਸਬੰਧ ਵੀ ਮੰਦ ਨਾਲ ਜਾ ਜੁੜਦਾ ਹੈ। ਮਹਾਨ ਕੋਸ਼ ਨੇ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਲਿਖਿਆ ਹੈ, ‘ਰਾਜਭਵਨ, ਜਿਸ ਵਿਚ ਮੰਦ (ਆਨੰਦ) ਕੀਤਾ ਜਾਂਦਾ ਹੈ, ਦੇਖੋ ਮੰਦ ਧਾ।’ ਮੰਦ ‘ਤੇ ਜਾਣ ਨਾਲ ਇਸ ਦਾ ਪਹਿਲਾ ਅਰਥ, ਜੋ ਇਥੇ ਲਾਗੂ ਕੀਤਾ ਗਿਆ ਹੈ, ਇਸ ਪ੍ਰਕਾਰ ਹੈ, “ਉਸਤਿਤ ਕਰਨਾ, ਅਨੰਦ ਕਰਨਾæææ।” ਇਹ ਸਹੀ ਹੈ ਕਿ ਮੰਦ ਸ਼ਬਦ ਦਾ ਇਕ ਅਰਥ ਇਹੋ ਹੈ ਪਰ ਇਹ ‘ਮੰਦ’ ਕਿਸੇ ਹੋਰ ਧਾਤੂ ਤੋਂ ਆ ਰਿਹਾ ਹੈ ਜਿਸ ਦਾ ਇਕ ਰੂਪ ਮਦ ਵੀ ਹੈ। ਬਹੁਤੇ ਜਾਣਦੇ ਹੀ ਹੋਣਗੇ ਕਿ ਮਦ ਸ਼ਬਦ ਵਿਚ ਨਸ਼ੇ ਦੇ ਭਾਵ ਹਨ। ਇਸ ਨਾਲ ਸਬੰਧਤ ਮੰਦ ਦੇ ਅਰਥ ਹਨ, ਅਨੰਦ ਕਰਨਾ, ਖੁਸ਼ੀ ਮਨਾਉਣਾ; ਨਸ਼ਾ ਕਰਨਾ; ਚਮਕਣਾ; ਉਸਤਤ ਕਰਨਾ। ਮੇਰੀ ਸਮਝ ਅਨੁਸਾਰ ਇਸ ਮੰਦ ਤੋਂ ਮੰਦਰ ਸ਼ਬਦ ਦਾ ਨਿਰਮਾਣ ਤਰਕਸੰਗਤ ਨਹੀਂ ਹੈ। ਨਾਲੇ ਮੰਦਰ ਕੋਈ ਅਨੰਦ ਕਰਨ ਵਾਲੀ ਜਗ੍ਹਾ ਨਹੀਂ ਹੈ। ਮੋਨੀਅਰ ਵਿਲੀਅਮਜ਼ ਨੇ ਇਸ ਨੂੰ ਪੂਰਵ-ਚਰਚਿਤ ਮੰਦ ਨਾਲ ਜੋੜਿਆ ਹੈ। ਅਸਲ ਵਿਚ ਉਸ ਦੇ ਸੰਸਕ੍ਰਿਤ-ਅੰਗਰੇਜ਼ੀ ਕੋਸ਼ ਵਿਚ ਮੰਦਰ ਦਾ ਪਹਿਲਾ ਅਰਥ ਹੀ ਧੀਮਾ, ਸੁਸਤ, ਹੌਲਾ ਆਦਿ ਹੈ। ਇਸ ਤੋਂ ਅਗਲਾ ਅਰਥ ਹੈ- ਵਿਸ਼ਾਲ, ਮੋਟਾ, ਪੱਕਾ-ਪੀਡਾ, ਅਹਿਲ। ਸਾਡੇ ਕੰਮ ਦੀ ਗੱਲ ਹੋਰ ਅੱਗੇ ਆਉਂਦੀ ਹੈ ਜਿਸ ਨੂੰ ‘ਮਹਾਨ ਕੋਸ਼’ ਨੇ ਵੀ ਲਿਆ ਹੈ। ਇਕ ਪਹਾੜ ਦਾ ਨਾਂ ਜੋ ਕਈ ਦੇਵਤਿਆਂ ਦੀ ਰਿਹਾਇਸ਼ ਹੈ। ਸੁਰਾਂ ਅਤੇ ਅਸੁਰਾਂ ਨੇ ਜਦ ਸਾਗਰ ਮੰਥਨ ਕੀਤਾ ਸੀ ਤਾਂ ਇਸ ਪਹਾੜ ਨੂੰ ਮਧਾਣੀ ਵਜੋਂ ਵਰਤਿਆ ਸੀ। ਇਸ ਪਹਾੜ ਨੂੰ ਮੰਦਾਰ ਜਾਂ ਮੰਦਰਾਚਲ ਪਰਬਤ ਵੀ ਕਿਹਾ ਜਾਂਦਾ ਹੈ, ‘ਮੰਦਾਰਨ ਕੁਸਮਾਂ ਜੁਲਿ ਅਰਪਹਿ’। ਇਥੇ ਮੰਦ ਸ਼ਬਦ ਦੇ ਅਹਿੱਲਤਾ, ਅਚੱਲਤਾ, ਜੜ੍ਹਤਾ ਦੇ ਭਾਵ ਲਾਗੂ ਹੁੰਦੇ ਹਨ। ਪਹਾੜ ਅਹਿੱਲ, ਅਚੱਲ, ਜੜ, ਵਿਸ਼ਾਲ, ਮੋਟਾ ਪੀਡਾ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਪਹਾੜ ਨੂੰ ਅਚੱਲ ਵੀ ਕਿਹਾ ਜਾਂਦਾ ਹੈ ਭਾਵ ਜੋ ਚੱਲ ਨਾ ਸਕੇ। ਹਿਮਾਚਲ (ਹਿਮ+ਅਚੱਲ) ਵਿਚ ਇਹੋ ਅਚੱਲ ਬੋਲ ਰਿਹਾ ਹੈ। ਇਸੇ ਤਰ੍ਹਾਂ ਮੰਦਰ ਉਹ ਜੋ ਮੰਦ ਹੈ, ਜੋ ਸਥਿਰ ਹੈ। ਸੋ ਮੰਦਰ ਦਾ ਅਰਥ ਪਹਾੜ ਦੇ ਨਾਲ ਨਾਲ ਦੇਵਤਿਆਂ ਦਾ ਵਾਸਾ ਵੀ ਸਹੀ ਹੁੰਦਾ ਹੈ।
ਗੌਰਤਲਬ ਹੈ ਕਿ ਮੰਦਰ ਪਹਾੜਾਂ ‘ਤੇ ਹੀ ਹੁੰਦੇ ਸਨ ਤੇ ਅੱਜ ਵੀ ਤੀਰਥ ਯਾਤਰਾ ਵਾਲੇ ਮੰਦਰ ਪਹਾੜਾਂ ‘ਤੇ ਹੀ ਹਨ। ਦੁਰਗਾ, ਸ਼ਿਵ, ਵਿਸ਼ਨੂੰ ਦੇ ਮੰਦਰ, ਵੈਸ਼ਨੋ ਦੇਵੀ, ਕਿਦਾਰ ਨਾਥ, ਬਦਰੀ ਨਾਥ ਉਚੇ ਪਹਾੜਾਂ ‘ਤੇ ਹੀ ਹਨ, ‘ਮੰਦਰ ਮੇਰੇ ਸਭ ਤੇ ਊਚੇ॥’ (ਗੁਰੂ ਅਰਜਨ ਦੇਵ)
ਮਨੁੱਖ ਦਾ ਘਰ ਵੀ ਅਚੱਲ ਹੀ ਹੁੰਦਾ ਹੈ ਜਿਥੇ ਉਹ ਸਾਰੀ ਜਿੰæਦਗੀ ਦਾ ਵਸੇਬਾ ਕਰਦਾ ਹੈ। ਮੁਢਲੇ ਤੌਰ ‘ਤੇ ਮਨੁੱਖ ਵੀ ਪਹਾੜਾਂ ਦੀਆਂ ਗੁਫਾਵਾਂ ਵਿਚ ਰਹਿੰਦਾ ਸੀ। ਜਦ ਮਨੁੱਖ ਮੈਦਾਨਾਂ ਵਿਚ ਰਹਿਣ ਲੱਗਾ ਤਾਂ ਮੈਦਾਨਾਂ ਵਿਚ ਬਣੇ ਘਰਾਂ ਜਾਂ ਪੂਜਾ ਸਥਾਨਾਂ ਨੂੰ ਵੀ ਇਹ ਨਾਂ ਮਿਲਿਆ। ਇਸ ਲਈ ਮੰਦਰ ਵਿਚ ਵਾਸਾ, ਰਿਹਾਇਸ਼, ਘਰ ਆਦਿ ਦੇ ਅਰਥ ਨਿਹਿਤ ਹਨ, ਖਾਸ ਤੌਰ ‘ਤੇ ਵੱਡੇ ਮਹਿਲ ਮਾੜੀਆਂ ਨੂੰ ਮੰਦਰ ਕਿਹਾ ਜਾਂਦਾ ਹੈ, ‘ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ’ ਵਿਚ ਇਹ ਭਾਵ ਹੀ ਸਪੱਸ਼ਟ ਹੁੰਦੇ ਹਨ।
ਗੁਰਬਾਣੀ ਵਿਚ ਪਰਮਾਤਮਾ ਦੀ ਰਿਹਾਇਸ਼ ਲਈ ਵੀ ਮੰਦਰ ਸ਼ਬਦ ਵਰਤਿਆ ਗਿਆ ਹੈ, ‘ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰ॥’ (ਗੁਰੂ ਨਾਨਕ ਦੇਵ) ਅਨੇਕਾਂ ਵਾਰ ਘਰ ਮੰਦਰ ਸ਼ਬਦ ਜੁੱਟ ਦੀ ਵਰਤੋਂ ਵੀ ਹੋਈ ਹੈ, ‘ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ॥’ (ਗੁਰੂ ਨਾਨਕ ਦੇਵ) ਮੰਦਰ ਤੋਂ ਹਰਿਮੰਦਰ, ਭਸਮੰਦਰ, ਸੁਖਮੰਦਰ, ਰਾਜਮੰਦਰ ਆਦਿ ਸਮਾਸ ਵੀ ਬਣੇ ਹਨ। ਦਰਬਾਰ ਸਾਹਿਬ ਨੂੰ ਹਰਿਮੰਦਰ ਕਿਹਾ ਜਾਂਦਾ ਹੈ। ਭਸਮੰਦਰ ਦਾ ਅਰਥ ਸੁਆਹ ਦਾ ਮੰਦਰ ਹੈ ਜੋ ਇਸ ਸੰਸਾਰ ਦੀ ਨਾਸ਼ਮਾਨਤਾ ਦਾ ਪ੍ਰਤੀਕ ਹੈ, ‘ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ॥’ (ਗੁਰੂ ਨਾਨਕ ਦੇਵ) ਮੰਦਰ ਸ਼ਬਦ ਵਿਚ ਵਾਸਾ ਦਾ ਭਾਵ ਹੋਣ ਕਾਰਨ ਇਸ ਵਿਚ ਮਨੁਖੀ ਸਰੀਰ ਦੇ ਭਾਵ ਵੀ ਆ ਗਏ ਹਨ। ਮੰਨਿਆ ਜਾਂਦਾ ਹੈ ਕਿ ਸਰੀਰ ਵਿਚ ਆਤਮਾ ਦਾ ਵਾਸਾ ਹੈ, ‘ਸੁੰਦਰ ਸੁਖ ਮੰਦਰ ਕੋ ਦੇਖੀ, ਕੀਨਿ ਬੰਦਨਾ ਪ੍ਰੀਤਿ ਬਿਸ਼ੇਖੀ’ (ਨਾਨਕ ਪ੍ਰਕਾਸ਼) ‘ਇਸ ਮੰਦਰ ਕੇ ਦਸ ਦਰਵਾਜੇ।’