‘ਲੋਦਾ’ ਨਾਲ ਟੈਕਸੀ ਡਰਾਇਵਰਾਂ ਦੀ ਜ਼ਿੰਦਗੀ ਦਾ ਇਕ ਹੋਰ ਪੱਖ ਪਾਠਕਾਂ ਦੇ ਸਾਹਮਣੇ ਹੈ। ਲੇਖ ਵਿਚ ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਪੈਸੇ ਖਾਤਰ ਜਫਰ ਜਾਲ ਰਹੇ ਮਨੁੱਖ ਅਤੇ ਫਿਰ ਪਰਦੇਸਾਂ ਵਿਚ ਲਹੂਰਾਂ ਨਾਲ ਕੀਤੀ ਕਮਾਈ ‘ਤੇ ਪੈਂਦੇ ਡਾਕੇ ਦੀ ਕਥਾ ਬਿਆਨ ਕੀਤੀ ਹੈ।
ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਸਵੇਰ ਦੇ ਸਾਢੇ ਸੱਤ ਵੱਜੇ ਸਨ। Ḕਸੈਵਨ ਇਲੈਵਨḔ ਸਟੈਂਡ ‘ਤੇ ਪਹਿਲਾ ਨੰਬਰ ਲੈ ਕੇ ਬੈਠਿਆਂ ਅੱਧਾ ਘੰਟਾ ਹੋ ਗਿਆ ਸੀ, ਪਰ ਟ੍ਰਿੱਪ ਮਿਲਣ ਦਾ ਨਾਂ ਨਹੀਂ ਸੀ ਲੈ ਰਿਹਾ। ਮਹਿਸੂਸ ਹੋਣ ਲੱਗਾ ਕਿ ਅੱਜ ਕੰਮ ‘ਤੇ ਆ ਕੇ ਗਲਤੀ ਹੀ ਕੀਤੀ। ਘਰਵਾਲੀ ਦਾ ਕਿਹਾ ਮੰਨ ਲੈਂਦਾ ਤਾਂ ਚੰਗਾ ਸੀ। ਉਸ ਨੇ ਕਈ ਵਾਰ ਕਿਹਾ ਸੀ ਕਿ ਇਹ ਵੀਕਐਂਡ ਛੁੱਟੀ ਕਰ ਲਵਾਂ ਤਾਂ ਕਿ ਬੱਚਿਆਂ ਨੂੰ ਕਿਤੇ ਬਾਹਰ ਘੁਮਾ-ਫਿਰਾ ਲਿਆਈਏ; ਪਰ ਮੈਂ ਆਖ ਦਿੱਤਾ ਕਿ ਉਹ ਆਪ ਹੀ ਬੱਚਿਆਂ ਨਾਲ ਜਾ ਕੇ ਨਗਰ ਕੀਰਤਨ ਦੇਖ ਆਵੇ, ਮੈਂ ਘਰ ਰਹਿ ਕੇ ਕੀ ਕਰੂੰਗਾ। ਕੰਮ ‘ਤੇ ਚਾਰ ਪੈਸੇ ਬਣਾਊਂ; ਪਰ ਅੱਜ ਪੈਸੇ ਬਣਦੇ ਲੱਗਦੇ ਨਹੀਂ ਸੀ। ਟ੍ਰਿੱਪ ਦੀ ਉਡੀਕ ਕਰਦਿਆਂ ਪਿਸ਼ਾਬ ਦਾ ਜ਼ੋਰ ਪੈਣ ਲੱਗ ਪਿਆ। ਮੈਂ ਘੁੱਟ-ਵੱਟ ਕੇ ਬੈਠਾ ਰਿਹਾ। ਸੋਚਿਆ, ਜੇ ਸਟੈਂਡ ਛੱਡ ਕੇ ਕਿਸੇ ਗੈਸ ਸਟੇਸ਼ਨ ‘ਤੇ ਹਲਕਾ ਹੋਣ ਚਲਾ ਗਿਆ ਤਾਂ ਅੱਧੇ ਘੰਟੇ ਦੀ ਉਡੀਕ ਅਜਾਈਂ ਜਾ ਸਕਦੀ ਸੀ। ਖਾਲੀ ਸਟੈਂਡ ਵੇਖ ਕੇ ਕੋਈ ਹੋਰ ਟੈਕਸੀ ਆ ਸਕਦੀ ਸੀ ਜਾਂ ਪਿੱਛੋਂ ਟ੍ਰਿੱਪ ਹੀ ਨਿਕਲ ਸਕਦਾ ਸੀ। ਵੀਕਐਂਡ ‘ਤੇ ਸਵੇਰ ਦੇ ਸੱਤ ਤੋਂ ਨੌਂ ਵਜੇ ਤੱਕ ਕੰਮ ਡੈੱਡ ਹੀ ਹੁੰਦਾ ਹੈ। ਇਸ ਸਮੇਂ ਦੌਰਾਨ ਜੇ ਕੋਈ ਲੰਮਾ ਟ੍ਰਿੱਪ ਮਿਲ ਜਾਏ ਤਾਂ ਧੰਨ ਧੰਨ ਹੋ ਜਾਂਦੀ ਹੈ। ਲੌਂਗ ਵੀਕਐਂਡ ‘ਤੇ ਤਾਂ ਕੰਮ ਹੋਰ ਵੀ ਮੰਦਾ ਹੁੰਦਾ ਹੈ। ਲੌਂਗ ਵੀਕਐਂਡ ਦੇ ਪਹਿਲੇ ਦਿਨ ਸਵੇਰੇ ਸਵੇਰੇ ਏਅਰਪੋਰਟ ਦੇ ਟ੍ਰਿੱਪ ਜ਼ਰੂਰ ਨਿਕਲਦੇ। ਇਸੇ ਝਾਕ ‘ਚ ਹੀ ਮੈਂ ਪਿਸ਼ਾਬ ਰੋਕੀ ਬੈਠਾ ਸੀ ਕਿ ਕੰਪਿਊਟਰ ‘ਤੇ ਬੀਪ ਹੋਈ। Ḕਟ੍ਰਿੱਪ ਅਕਸੈਪਟḔ ਬਟਨ ਨੱਪਣ ਲਈ ਮੈਂ ਸਕਿੰਟ ਵੀ ਨਾ ਲਾਇਆ। ਵੈਸਟ 8 ਐਵੀਨਿਊ ਦੀ ਕਿਸੇ ਅਪਾਰਟਮੈਂਟ ਬਿਲਡਿੰਗ ਤੋਂ ਟ੍ਰਿੱਪ ਮਿਲਿਆ ਸੀ। ਉਥੇ ਪੁੱਜਣ ਲਈ ਦੋ-ਤਿੰਨ ਮਿੰਟ ਹੀ ਲੱਗਣੇ ਸਨ। ਸੋਚਿਆ, ਪਿਸ਼ਾਬ ਕਰ ਕੇ ਹੀ ਜਾਵਾਂਗਾ। ਗੈਸ ਸਟੇਸ਼ਨ ਤੋਂ ਵਿਹਲਾ ਹੋ ਕੇ ਮੈਂ ਪੰਜ-ਸੱਤ ਮਿੰਟ ‘ਚ ਟੈਕਸੀ ਅਪਾਰਟਮੈਂਟ ਦੇ ਸਾਹਮਣੇ ਜਾ ਰੋਕੀ। ਵੀਹਾਂ ਕੁ ਸਾਲਾਂ ਦੇ ਗੇੜ ‘ਚ ਲਗਦੀ ਕੁੜੀ ਵੱਡੇ ਅਟੈਚੀ ਕੋਲ ਖੜ੍ਹੀ ਸੀ। ਅਟੈਚੀ ਵੇਖ ਕੇ ਮੈਂ ਚਿੱਤ ‘ਚ ਹੀ ਕਿਹਾ, Ḕਬਣਗੀ ਗੱਲḔ। ਦੂਜੀ ਗੱਲ ਦਿਮਾਗ ‘ਚ ਆਈ ਕਿ ਕਾਹਲੀ ‘ਚ ਹੋਵੇਗੀ ਜਿਹੜੀ ਬਾਹਰ ਹੀ ਆ ਖੜ੍ਹੀ ਹੈ ਜਾਂ ਮੈਥੋਂ ਹੀ ਗੈਸ ਸਟੇਸ਼ਨ ‘ਤੇ ਜ਼ਿਆਦਾ ਦੇਰ ਲੱਗ ਗਈ। ਟੈਕਸੀ ਵੱਲ ਆਉਂਦੀ ਕੁੜੀ ਨੇ ਆਪਣੀਆਂ ਉਂਗਲਾਂ ਨਚਾ ਕੇ ḔਹਾਏḔ ਕਿਹਾ। ਮੈਂ ਝੱਟ ਦੇ ਕੇ ਟੈਕਸੀ ‘ਚੋਂ ਬਾਹਰ ਨਿਕਲ ਕੇ ਟਰੰਕ ਖੋਲ੍ਹਿਆ ਅਤੇ ਅਟੈਚੀ ਉਸ ਵਿਚ ਰੱਖ ਕੇ ਪਿਛਲਾ ਦਰਵਾਜ਼ਾ ਖੋਲ੍ਹਣ ਲਈ ਅਹੁਲਿਆ ਹੀ ਸੀ ਕਿ ਉਹ ਬੋਲੀ, “ਮੂਹਰਲੀ ਸੀਟ ‘ਤੇ ਬੈਠ ਸਕਦੀ ਹਾਂ?”
“ਜਿਥੇ ਤੇਰਾ ਜੀਅ ਕਰਦਾ ਹੈ।” ਮੈਂ ਮੁਸਕਰਾ ਕੇ ਕਿਹਾ ਅਤੇ ਟੈਕਸੀ ਵਿਚ ਬੈਠ ਗਿਆ। ਮੇਰੇ ਬਰਾਬਰ ਵਾਲੀ ਸੀਟ ‘ਤੇ ਬੈਠ ਕੇ ਕੁੜੀ ਨੇ ਦੋਹੇਂ ਹੱਥ ਜੋੜ ਕੇ ਕਿਹਾ, “ਸਟ-ਸਰੀ-ਅਕਾਲ।”
Ḕਓ ਸਦਕੇḔ ਮੈਂ ਚਿੱਤ ‘ਚ ਹੀ ਕਿਹਾ ਅਤੇ ਮੈਂ ਉਸ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਦੇ ਕੇ ਪੁੱਛਿਆ, “ਕੀ ਹਾਲ ਹੈ?”
“ਮੈਂ ਪੰਜਾਬੀ ਦੇ ਕੇਵਲ ਇਹੋ ਲਫ਼ਜ਼ ਹੀ ਜਾਣਦੀ ਹਾਂ।” ਉਸ ਨੇ ਮੁਸਕਰਾ ਕੇ ਅੰਗਰੇਜ਼ੀ ਵਿਚ ਕਿਹਾ ਅਤੇ ਫਿਰ ਬੋਲੀ, “ਏਅਰਪੋਰਟ, ਪਲੀਜ਼।”
ਮੈਂ ਟੈਕਸੀ ਤੋਰ ਕੇ ਪੁੱਛਿਆ, “ਕਿਥੋਂ ਸਿੱਖਿਆ ਇਹ ਲਫ਼ਜ਼?”
“ਮੈਂ ਇੰਡੀਆ ਗਈ ਸੀ। ਉਥੇ ਕੁਝ ਲਫ਼ਜ ਸਿੱਖੇ ਸਨ।” ਫਿਰ ਉਹ ਚਹਿਕ ਕੇ ਬੋਲੀ, “ਮੈਨੂੰ ਇੰਡੀਆ ਬਹੁਤ ਚੰਗਾ ਲਗਦਾ ਹੈ।”
“ਅੱਛਾ? ਕੀ ਚੰਗਾ ਲੱਗਾ ਇੰਡੀਆ ਦਾ?” ਮੈਂ ਖੁਸ਼ ਹੋ ਕੇ ਪੁੱਛਿਆ।
“ਲੋਕ, ਭੋਜਨ ਤੇ ਪੁਰਾਣੀਆਂ ਇਮਾਰਤਾਂ।”
“ਕਿਥੇ ਕਿਥੇ ਗਈ?”
“ਜੈਪੁਰ, ਫਟੈਹਿਪੁਰ, ਟਾਜ ਮਹਲ਼ææ।” ਉਹ ਸੋਚਣ ਲਈ ਥੋੜ੍ਹਾ ਕੁ ਚੁੱਪ ਹੋਈ। ਮੇਰੇ ਮੂੰਹੋਂ ਝੱਟ ਨਿਕਲਿਆ, “ਗੋਲਡਨ ਟੈਂਪਲ?”
“ਓ ਹਾਂ-ਹਾਂ, ਬਹੁਤ ਸੋਹਣਾ ਹੈ, ਪਰ ਸਭ ਤੋਂ ਵੱਧ ਮੈਨੂੰ ਇੰਡੀਆ ਦੇ ਲੋਕ ਚੰਗੇ ਲੱਗਦੇ ਆ। ਬਹੁਤ ਮਿਲਣਸਾਰ ਐ।” ਆਖ ਕੇ ਉਹ ਟਿਕਟਿਕੀ ਲਗਾ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਤਿਰਛੀ ਨਜ਼ਰ ਨਾਲ ਉਸ ਵੱਲ ਵੇਖਿਆ। Ḕਜਿਉਂਦੀ ਰਹਿ ਕੁੜੀਏḔ, ਮੈਂ ਚਿੱਤ ‘ਚ ਹੀ ਕਿਹਾ ਅਤੇ ਉਸ ਵੱਲ ਝਾਕਿਆ। ਉਹ ਮੁਸਕਰਾਈ। ਮੇਰਾ ਅੰਦਰ ਖਿੜ ਗਿਆ। ਉਸ ਨੇ ਚਹਿਕ ਕੇ ਕਿਹਾ, “ਵੇਖ, ਕਿੰਨਾ ਸੋਹਣਾ ਦਿਨ ਹੈ।”
“ਹਾਂ, ਐਤਕੀਂ ਬਹੁਤ ਮੀਂਹ ਪਏ ਆ। ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਹੈ, ਪਰ ਜਦੋਂ ਚੰਗਾ ਮੌਸਮ ਆਇਐ ਤੂੰ ਏਅਰਪੋਰਟ ਵੱਲ ਜਾ ਰਹੀ ਹੈਂ, ਸ਼ਹਿਰ ਤੋਂ ਦੂਰ ਜਾਣ ਲਈ।”
“ਹਾਂ, ਮੈਂ ਜਾਣਦੀ ਹਾਂ। ਮੈਂ ਟੋਰਾਂਟੋ ਚੱਲੀ ਹਾਂ। ਉਥੇ ਮੀਂਹ ਪੈ ਰਿਹਾ ਹੈ। ਏਸ ਧੁੱਪ ਨੂੰ ਰੋਕ ਕੇ ਰੱਖੀਂ। ਮੈਂ ਦੋ ਕੁ ਦਿਨਾਂ ‘ਚ ਮੁੜ ਆਉਣੈ।” ਆਖ ਕੇ ਉਹ ਹੱਸੀ।
“ਮੈਂ ਪੂਰੀ ਕੋਸ਼ਿਸ਼ ਕਰਾਂਗਾ। ਬਹੁਤ ਛੋਟਾ ਟ੍ਰਿੱਪ ਹੈ ਤੇਰਾ?”
“ਹਾਂ, ਮੈਂ ਲੌਂਗ ਵੀਕਐਂਡ ਕਰ ਕੇ ਚੱਲੀ ਹਾਂ ਆਪਣੇ ਪਰਿਵਾਰ ਕੋਲ। ਈਸਟਰ ਮਨਾਉਣ। ਤੂੰ ਕਿਵੇਂ ਈਸਟਰ ਮਨਾ ਰਿਹਾ ਹੈਂ?”
“ਕੰਮ ਕਰ ਕੇ।” ਆਖ ਕੇ ਮੈਂ ਹੱਸਿਆ।
“ਆਹ! ਤੁਸੀਂ ਲੋਕ ਬਹੁਤ ਮਿਹਨਤੀ ਓਂ, ਪਰ ਤੁਹਾਨੂੰ ਆਪਣੇ ਪਰਿਵਾਰਾਂ ਨਾਲ ਵੀ ਸਮਾਂ ਬਿਤਾਉਣਾ ਚਾਹੀਦੈ।”
“ਮੈਂ ਤਾਂ ਐਵੇਂ ਮਜ਼ਾਕ ਕਰਦਾ ਸੀ। ਕੱਲ੍ਹ ਨੂੰ ਮੈਂ ਛੁੱਟੀ ਕਰਨੀ ਹੈ ਤੇ ਅੱਜ ਵੀ ਸਵੇਰੇ ਸਵੇਰੇ ਹੀ ਕੰਮ ਕਰਨਾ ਹੈ। ਫਿਰ ਸਾਡੀ ਵਿਸਾਖੀ ਪ੍ਰੇਡ ਹੈ।” ਮੈਂ ਛੁੱਟੀ ਕਰਨ ਬਾਰੇ ਗੱਪ ਮਾਰ ਦਿੱਤੀ।
“ਓਹ ਅੱਛਾ, ਤਾਂ ਅੱਜ ਵਿਸਾਖੀ ਪ੍ਰੇਡ ਹੈ? ਦੁਰਭਾਗ ਵੱਸ ਮੈਂ ਸਮੋਸੇ ਤੇ ਮੁਫ਼ਤ ਦਾ ਹੋਰ ਭੋਜਨ ਨਹੀਂ ਖਾ ਸਕਾਂਗੀ।” ਮੈਨੂੰ ਲੱਗਾ ਜਿਵੇਂ ਉਸ ਦੇ ਚਿਹਰੇ ‘ਤੇ ਵਿਸਾਖੀ ਪ੍ਰੇਡ ਵਿਚ ਸ਼ਾਮਿਲ ਨਾ ਹੋ ਸਕਣ ਦਾ ਪਛਤਾਵਾ ਹੋਵੇ। ਉਹ ਫਿਰ ਬੋਲੀ, “ਤੁਸੀਂ ਬਹੁਤ ਦਿਆਲੂ ਲੋਕ ਹੋ। ਮੈਂ ਪੜ੍ਹਾਈ ਤੋਂ ਥੋੜ੍ਹਾ ਧਿਆਨ ਪਾਸੇ ਕਰਨਾ ਚਾਹੁੰਦੀ ਸੀ, ਇਸ ਕਰ ਕੇ ਜਾ ਰਹੀ ਹਾਂ। ਜੇ ਮੈਨੂੰ ਵਿਸਾਖੀ ਪ੍ਰੇਡ ਦਾ ਪਤਾ ਹੁੰਦਾ, ਤਾਂ ਸ਼ਾਇਦ ਮੈਂ ਨਾ ਹੀ ਜਾਂਦੀ।”
ਮੈਂ ਟੈਕਸੀ ਬਰਾਡਵੇ ਤੋਂ ਗਰੈਨਵਿਲ ‘ਤੇ ਪਾ ਲਈ। ਟ੍ਰੈਫ਼ਿਕ ਨਾਂ-ਮਾਤਰ ਹੀ ਸੀ।
“ਅੱਛਾ ਤਾਂ ਇਥੇ ਵੈਨਕੂਵਰ ਤੂੰ ਪੜ੍ਹਾਈ ਕਰਨ ਹੀ ਆਈ ਹੋਈ ਹੈਂ? ਕਾਹਦੀ ਪੜ੍ਹਾਈ ਕਰਦੀ ਹੈਂ?”
“ਮੈਂ ਯੂ ਬੀ ਸੀ ‘ਚ ਮੈਡੀਸਨ ਪੜ੍ਹਦੀ ਹਾਂ।”
“ਡਾਕਟਰ ਬਣੇਂਗੀ?”
“ਕੋਸ਼ਿਸ਼ ਕਰ ਰਹੀ ਹਾਂ।”
“ਤੇਰੇ ਮਾਪਿਆਂ ਨੂੰ ਤਾਂ ਤੇਰੇ ‘ਤੇ ਬਹੁਤ ਮਾਣ ਹੋਵੇਗਾ?”
ਉਹ ਮੁਸਕਰਾਈ। ਮੈਂ ਸੋਚਿਆ ਕਿ ਕਿੰਨੀ ਲਾਇਕ ਕੁੜੀ ਹੈ। ਕਿਤੇ ਮੇਰੇ ਬੱਚੇ ਵੀ ਇਸ ਤਰ੍ਹਾਂ ਦੇ ਸਿਆਣੇ ਤੇ ਹੁਸ਼ਿਆਰ ਨਿਕਲਣ।
“ਤੇਰੇ ਮਾਂ-ਬਾਪ ਕੀ ਕਰਦੇ ਹਨ?” ਉਸ ਨੇ ਸਪਾਟ ਚਿਹਰੇ ਨਾਲ ਮੇਰੇ ਵੱਲ ਵੇਖਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਇਹ ਸਵਾਲ ਨਹੀਂ ਸੀ ਪੁੱਛਣਾ ਚਾਹੀਦਾ। ਮੈਂ ਹਾਲੇ ਅਨੈਤਿਕ ਪ੍ਰਸ਼ਨ ਲਈ ਮੁਆਫੀ ਮੰਗਣ ਬਾਰੇ ਸੋਚ ਹੀ ਰਿਹਾ ਸੀ ਕਿ ਉਹ ਬੋਲੀ, “ਮੇਰੇ ਪਿਤਾ ਦਾ ਆਪਣਾ ਕਾਰੋਬਾਰ ਹੈ।” ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ। ਮੇਰਾ ਜੀਅ ਕੀਤਾ ਕਿ ਪੁੱਛਾਂ ਕਿ ਤੇਰੀ ਮਾਂ ਕੀ ਕਰਦੀ ਹੈ? ਪਰ ਮੈਂ ਪੁੱਛਿਆ ਨਹੀਂ। ਸੋਚਿਆ ਕਿ ਤਲਾਕਸ਼ੁਦਾ ਮਾਪਿਆਂ ਦੀ ਸੰਤਾਨ ਹੋਵੇਗੀ, ਨਹੀਂ ਤਾਂ ਮਾਂ ਬਾਰੇ ਵੀ ਦੱਸਦੀ। ਮੈਂ ਪੁੱਛਿਆ, “ਤੇਰੀ ਪੜ੍ਹਾਈ ਵੱਲ ਉਚੇਚਾ ਧਿਆਨ ਦਿੰਦੇ ਹੋਣਗੇ ਜਦ ਤੂੰ ਛੋਟੀ ਸੀ?”
ਮੈਂ ਉਸ ਦੀ ਪ੍ਰਸ਼ਨ ਸੂਚਕ ਤੱਕਣੀ ਵੱਲ ਵੇਖ ਕੇ ਸੋਚਿਆ ਕਿ ਉਸ ਨੂੰ ਮੇਰੇ ਸਵਾਲ ਦੀ ਸਮਝ ਨਹੀਂ ਸੀ ਲੱਗੀ। ਮੈਂ ਆਪਣੇ ਪ੍ਰਸ਼ਨ ਨੂੰ ਵਿਸਥਾਰ ਦਿੰਦਿਆਂ ਕਿਹਾ, “ਮੇਰਾ ਮਤਲਬ ਜਦੋਂ ਤੂੰ ਤੀਜੇ-ਚੌਥੇ ਗ੍ਰੇਡ ਵਿਚ ਸੀ, ਤਾਂ ਤੇਰੇ ਮਾਪੇ ਤੈਨੂੰ ਹੋਮ ਵਰਕ ਕਰਾਉਂਦੇ ਹੋਣਗੇ? ਜਾਂ ਸਕੂਲ ਤੋਂ ਬਿਨਾਂ ਤੈਨੂੰ ਉਨ੍ਹਾਂ ਨੇ ਕਿਹੜੀਆਂ ਗਤੀਵਿਧੀਆਂ ‘ਚ ਪਾਇਆ ਹੋਇਆ ਸੀ?”
“ਪਰ ਤੂੰ ਕਿਉਂ ਇਹ ਪੁੱਛ ਰਿਹਾ ਹੈਂ?”
“ਕਿਉਂਕਿ ਮੇਰੀ ਬੇਟੀ ਤੀਜੇ ਗ੍ਰੇਡ ਵਿਚ ਹੈ ਤੇ ਬੇਟਾ ਪਹਿਲੇ ‘ਚ। ਮੈਂ ਚਾਹੁੰਨੈਂ ਕਿ ਉਹ ਵੀ ਤੇਰੇ ਵਾਂਗ ਬਹੁਤ ਪੜ੍ਹਨ।”
“ਓ।” ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ।
ਟੈਕਸੀ ਆਰਥਰਲੇਂਗ ਬ੍ਰਿੱਜ ਪਾਰ ਕਰ ਚੁੱਕੀ ਸੀ। ਮੈਥੋਂ ਉਸ ਦੀ ਚੁੱਪ ਬਰਦਾਸ਼ਤ ਨਹੀਂ ਸੀ ਹੋ ਰਹੀ। ਮੈਂ ਚਾਹੁੰਦਾ ਸੀ ਕਿ ਟੈਕਸੀ ਦੇ ਟਰਮੀਨਲ ‘ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹ ਮੈਨੂੰ ਗਿੱਦੜਸਿੰਗੀ ਦੇ ਦੇਵੇ। ਉਹ ਬੋਲੀ, “ਉਨ੍ਹਾਂ ਨੂੰ ਸਮਾਜਕ ਗਤੀਵਿਧੀਆਂ ਵਿਚ ਰੁਝਾਈ ਰੱਖਿਆ ਕਰ, ਖੇਡਾਂ ਵਿਚ ਪਾਇਆ ਕਰ ਤੇ ਸਭ ਤੋਂ ਵੱਧ ਅਹਿਮ ਗੱਲ ਕਿ ਉਨ੍ਹਾਂ ਨਾਲ ਸਮਾਂ ਬਿਤਾਇਆ ਕਰ। ਚਿੰਤਾ ਨਾ ਕਰ, ਉਹ ਵਧੀਆ ਪੜ੍ਹਨਗੇ।” ਇਹ ਆਖ ਕੇ ਉਹ ਫਿਰ ਬਾਹਰ ਵੱਲ ਵੇਖਣ ਲੱਗੀ।
ਟੈਕਸੀ ਘਰੇਲੂ ਉਡਾਣ ਵਾਲੇ ਟਰਮੀਨਲ ‘ਤੇ ਪਹੁੰਚ ਗਈ ਸੀ। ਮੀਟਰ ਉਪਰ ਬਾਈ ਡਾਲਰ ਤੇ ਪੈਂਹਠ ਸੈਂਟ ਚੱਲ ਚੁੱਕੇ ਸਨ। ਉਸ ਨੇ ਆਪਣਾ ਪਰਸ ਖੋਲ੍ਹਿਆ। ਦੋ-ਤਿੰਨ ਜੇਬਾਂ ਵਿਚ ਕਾਹਲੀ ਕਾਹਲੀ ਹੱਥ ਮਾਰਿਆ, ਫਿਰ ਬੋਲੀ, “ਓ ਮਾਈ ਗਾਡ, ਓ ਮਾਈ ਗਾਡ, ਮੈਂ ਤਾਂ ਆਪਣਾ ਕਰੈਡਿਟ ਕਾਰਡ ਦੂਜੇ ਪਰਸ ਵਿਚ ਭੁੱਲ ਆਈ। ਹੁਣ ਕੀ ਕਰਾਂਗੀ?” ਉਹ ਹਾਲੇ ਵੀ ਪਰਸ ਫਰੋਲ ਰਹੀ ਸੀ। ਉਹ ਉਸੇ ਤਰ੍ਹਾਂ ਪਰਸ ਵਿਚ ਉਂਗਲਾਂ ਫੇਰਦੀ ਬੋਲੀ, “ਮੈਂ ਤੈਨੂੰ ਆਪਣਾ ਫੋਨ ਨੰਬਰ ਦੇ ਦਿੰਦੀ ਹਾਂ। ਸੋਮਵਾਰ ਨੂੰ ਮੈਂ ਮੁੜ ਆਉਣਾ ਹੈ। ਤੈਨੂੰ ਪਤਾ ਤਾਂ ਹੈ, ਮੈਂ ਕਿੱਥੇ ਰਹਿੰਦੀ ਹਾਂ। ਉਸ ਦਿਨ ਮੈਥੋਂ ਪੈਸੇ ਲੈ ਜਾਵੀਂ। ਤੂੰ ਇਸ ਤਰ੍ਹਾਂ ਕਰ ਸਕਦੈਂ, ਪਲੀਜ਼?” ਉਸ ਦੀ ਆਵਾਜ਼ ਵਿਚ ਤਰਲਾ ਸੀ।
“ਕੋਈ ਗੱਲ ਨਹੀਂ।” ਆਖ ਕੇ ਮੈਂ ਉਸ ਨੂੰ ਪੈੱਨ ਅਤੇ ਕਾਗਜ਼ ਫੋਨ ਨੰਬਰ ਲਿਖ ਕੇ ਦੇਣ ਲਈ ਦੇ ਦਿੱਤਾ। ਫੋਨ ਨੰਬਰ ਲਿਖਦੀ ਉਹ ਬੋਲੀ, “ਮੇਰੇ ਕੋਲ ਤਾਂ ਏਅਰਪੋਰਟ ਫੀਸ ਦੇਣ ਲਈ ਵੀ ਪੈਸੇ ਨਹੀਂ ਹਨ।”
“ਚਿੰਤਾ ਨਾ ਕਰ। ਹੁਣ ਇਹ ਫੀਸ ਏਅਰਪੋਰਟ ‘ਤੇ ਨਹੀਂ ਲੈਂਦੇ। ਪਹਿਲਾਂ ਹੀ ਟਿਕਟ ਨਾਲ ਲੈ ਲੈਂਦੇ ਹਨ।” ਮੈਂ ਦੱਸਿਆ।
“ਪਰ ਮੈਨੂੰ ਰਾਹ ਵਿਚ ਲੋੜ ਪੈ ਸਕਦੀ ਹੈ। ਟੋਰਾਂਟੋ ਪਹੁੰਚ ਕੇ ਮੇਰੇ ਕੋਲ ਟੈਕਸੀ ਜਾਂ ਬੱਸ ਦਾ ਕਿਰਾਇਆ ਵੀ ਨਹੀਂ।” ਫਿਰ ਥੋੜ੍ਹਾ ਕੁ ਰੁਕ ਕੇ ਬੋਲੀ, “ਤੂੰ ਮੈਨੂੰ ਪੰਜਾਹ ਡਾਲਰ ਉਧਾਰੇ ਦੇ ਸਕਦੈਂ, ਪਲੀਜ਼।”
ਮੈਂ ਮਿੰਟ ਕੁ ਹਿਚਕਚਾਇਆ। ਪੰਜਾਹ ਡਾਲਰ ਤਾਂ ਮੈਂ ਹਾਲੇ ਕਮਾਏ ਵੀ ਨਹੀਂ ਸੀ। ਮੈਂ ਉਸ ਨੂੰ ਵੀਹ ਡਾਲਰ ਦੇ ਦਿੱਤੇ। “ਤੇਰਾ ਬਹੁਤ ਬਹੁਤ ਧੰਨਵਾਦ। ਤੁਸੀਂ ਲੋਕ ਬਹੁਤ ਦਿਆਲੂ ਓਂ।” ਆਖ ਕੇ ਉਸ ਨੇ ਮੇਰਾ ਹੱਥ ਘੁੱਟਿਆ, ਫਿਰ ਫ਼ੋਨ ਨੰਬਰ ਵਾਲੀ ਪਰਚੀ ਫੜਾਉਂਦੀ ਹੋਈ ਬੋਲੀ, “ਮੇਰਾ ਨਾਂ ਕ੍ਰਿਸਟਲ ਹੈ। ਸੋਮਵਾਰ ਸ਼ਾਮ ਨੂੰ ਮੈਥੋਂ ਆਪਣੇ ਪੈਸੇ ਲੈ ਜਾਵੀਂ।”
“ਫਿਕਰ ਨਾ ਕਰ, ਆਪਣੇ ਟ੍ਰਿੱਪ ਦਾ ਆਨੰਦ ਮਾਣ।” ਆਖਦਿਆਂ ਮੈਂ ਉਸ ਦਾ ਅਟੈਚੀ ਟੈਕਸੀ ‘ਚੋਂ ਬਾਹਰ ਕੱਢ ਕੇ ਉਸ ਨੂੰ ਫੜਾ ਦਿੱਤਾ। ਉਹ ਉਂਗਲਾਂ ਨਚਾ ਕੇ ḔਬਾਏḔ ਕਹਿੰਦੀ ਏਅਰਪੋਰਟ ਦੇ ਅੰਦਰ ਚਲੀ ਗਈ।
ਮੈਨੂੰ ਆਪਣਾ-ਆਪ ਚੰਗਾ ਚੰਗਾ ਲੱਗਣ ਲੱਗਾ, ਜਿਵੇਂ ਕਿਸੇ ਨੇਕ ਕੰਮ ਕਰਨ ਤੋਂ ਬਾਅਦ ਮਹਿਸੂਸ ਹੁੰਦਾ ਹੈ। ਉਸ ਨਾਲ ਕੀਤੀਆਂ ਗੱਲਾਂ ਨੂੰ ਮੈਂ ਆਪਣੇ ਅੰਦਰ ਰਿੜਕਣ ਲੱਗਾ। ਉਸ ਵੱਲੋਂ ਦਿੱਤੀ ਸਲਾਹ ਕਿ Ḕਬੱਚਿਆਂ ਨਾਲ ਹੋਰ ਸਮਾਂ ਬਿਤਾਉਣਾ ਚਾਹੀਦਾ ਹੈḔ ਮੈਨੂੰ ਚੰਗੀ ਲੱਗੀ। Ḕਇਕ-ਅੱਧਾ ਟ੍ਰਿਪ ਹੋਰ ਲਾ ਕੇ ਚੱਲਦੇ ਆਂ ਘਰḔ, ਸੋਚਦਾ ਮੈਂ ਏਅਰਪੋਰਟ ਤੋਂ ਵਾਪਸ ਆ ਗਿਆ। ਟੈਕਸੀ Ḕਹਾਸਪੀਟਲ ਸਟੈਂਡḔ ‘ਤੇ ਲਾ ਕੇ ਮੈਂ ਜੇਬ ਵਿਚ ਹੱਥ ਮਾਰਿਆ। ਕ੍ਰਿਸਟਲ ਵੱਲੋਂ ਦਿੱਤੀ ਪਰਚੀ ਬਾਹਰ ਕੱਢੀ ਅਤੇ ਨੰਬਰ ਨੂੰ ਆਪਣੇ ਸੈੱਲ ਫ਼ੋਨ ਵਿਚ ਭਰਨ ਲਈ ਉਹ ਨੰਬਰ ਮਿਲਾ ਲਿਆ। ਅੱਗਿਉਂ ਪਹਿਲੀ ਘੰਟੀ ‘ਤੇ ਹੀ ਕੈਨੇਡਾ ਪੋਸਟ ਦੀ ਇੰਪਲਾਇਮੈਂਟ ਲਾਈਨ ਬੋਲ ਪਈ। ਮੈਂ ਨੰਬਰ ਦੁਬਾਰਾ ਮਿਲਾਇਆ, ਫਿਰ ਉਹੀ ਸੁਨੇਹਾ। ਮੈਂ ਨੰਬਰਾਂ ਨੂੰ ਅੱਗੇ-ਪਿੱਛੇ ਕਰ ਕੇ ਕੋਸ਼ਿਸ਼ ਕੀਤੀ, ਪਰ ਕੋਈ ਵੀ ਨੰਬਰ ਠੀਕ ਨਹੀਂ ਮਿਲਿਆ। Ḕਹੋ ਗਿਆ ਕੰਮḔ, ਮੈਨੂੰ ਥੋੜ੍ਹੀ ਜਿਹੀ ਸ਼ੱਕ ਪਈ। ਫਿਰ ਸੋਚਿਆ ਕਿ ਉਹ ਲਗਦੀ ਤਾਂ ਨਹੀਂ ਸੀ ਇਹੋ ਜਿਹੀ, ਘਬਰਾਹਟ ਵਿਚ ਗਲਤ ਨੰਬਰ ਲਿਖ ਗਈ ਹੋਵੇਗੀ, ਪਰ ਸ਼ੱਕ ਦੂਰ ਨਾ ਹੋਇਆ। ਮੈਂ ਕੰਪਿਊਟਰ ਵਿਚੋਂ ਕ੍ਰਿਸਟਲ ਦੇ ਟ੍ਰਿੱਪ ਵਾਲਾ ਐਡਰੈੱਸ ਕੱਢਿਆ ਅਤੇ ਸੋਚਿਆ ਕਿ ਆਪਣਾ ਸ਼ੱਕ ਦੂਰ ਕਰ ਹੀ ਲਵਾਂ। ਉਸ ਪਤੇ ‘ਤੇ ਪਹੁੰਚ ਕੇ ਜਦ ਮੈਂ ਸੁਈਟ ਨੰਬਰ ਵਾਲੀ ਲਿਸਟ ਵੇਖੀ ਤਾਂ ਉਸ ਲਿਸਟ ਵਿਚ ਉਹ ਸੁਈਟ ਨੰਬਰ ਹੀ ਨਹੀਂ ਸੀ। ਮੈਨੂੰ ਕ੍ਰਿਸਟਲ ਦੇ ਬਾਹਰ ਆ ਕੇ ਖੜ੍ਹਨ ਦੀ ਸਮਝ ਆਉਣ ਲੱਗੀ।
“ਲਾ ਗਈ ਲੋਦਾ!” ਮੇਰੇ ਮੂੰਹੋਂ ਨਿਕਲਿਆ।