ਪੰਜਾਬ ਦਾ ਗੁੰਝਲਦਾਰ ਖ਼ਾਸਾ ਅਤੇ ਮੌਜੂਦਾ ਹਾਲਾਤ

ਪੰਜਾਬ ਦੇ ਅੱਜ ਦੇ ਹਾਲਾਤ ਦੀ ਪੇਚੀਦਗੀ ਨੂੰ ਸਮਝਣ ਲਈ ਸਾਡੇ ਕਾਲਮਨਵੀਸ ਦਲਜੀਤ ਅਮੀ ਨੇ ਬਰਗਾੜੀ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਨਾਲ ਜੁੜੇ ਕੁਝ ਖਾਸ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਨਾਲ ਹੀ ਇਨ੍ਹਾਂ ਨੁਕਤਿਆਂ ਨੂੰ ਆਧਾਰ ਬਣਾ ਕੇ ਕੁਝ ਕੁ ਸਵਾਲ ਖੜ੍ਹੇ ਕਰਨ ਦਾ ਯਤਨ ਕੀਤਾ ਹੈ।

ਇਹ ਉਹ ਸਵਾਲ ਹਨ ਜਿਹੜੇ ਆਮ ਕਰ ਕੇ ਲੋਕ ਰੋਹ ਦੇ ਵੇਗ ਵਿਚ ਅਕਸਰ ਪਿਛਾਂਹ ਛੁੱਟ ਜਾਂਦੇ ਰਹੇ ਹਨ। ਇਨ੍ਹਾਂ ਸਵਾਲਾਂ ਵਿਚ ਉਸ ਸਿਆਸੀ ਬਦਲ ਦੀ ਚਰਚਾ ਵੀ ਹੈ ਜਿਹੜੀ ਅਜਿਹੇ ਪ੍ਰਚੰਡ ਰੋਹ ਤੋਂ ਬਾਅਦ ਵੀ ਗਾਇਬ ਹੀ ਰਹਿੰਦੀ ਹੈ। ਇਸ ਅਲਾਮਤ ਤੋਂ ਛੁਟਕਾਰੇ ਲਈ ਉਹ ਵਾਰ ਵਾਰ ਇਤਿਹਾਸ ਉਤੇ ਝਾਤੀ ਮਾਰਨ ਦੀ ਹਾਮੀ ਭਰਦਾ ਹੈ। -ਸੰਪਾਦਕ

ਦਲਜੀਤ ਅਮੀ
ਫੋਨ: +91-97811-21873
ਪੰਜਾਬ ਦੇ ਹਾਲਾਤ ਦੀ ਪੇਚੀਦਗੀ ਇੰਨੀ ਜ਼ਿਆਦਾ ਹੈ ਕਿ ਇਹ ਸਮਝ ਨਹੀਂ ਆਉਂਦਾ ਕਿ ਕਿਸ ਮੌਕੇ ਦੀ ਗਵਾਹੀ ਅਤੇ ਕਿਸ ਮੌਕੇ ਤੋਂ ਵਿੱਥ, ਇਸ ਨੂੰ ਸਮਝਣ ਵਿਚ ਸਹਾਈ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਰੋਸ ਮੁਜ਼ਾਹਰਿਆਂ ਵਿਚ ਲੋਕ ਆਪ-ਮੁਹਾਰੇ ਪੁੱਜ ਰਹੇ ਹਨ ਅਤੇ ਆਪਣੀ ਮਰਜ਼ੀ ਦੇ ਮਾਲਕ ਹਨ। ਦੂਜੇ ਪਾਸੇ ਵਿਦੇਸ਼ਾਂ ਵਿਚ ਬੇਵਤਨ ਹੋਏ ਸਿੱਖ ਇਸ ਠੇਸ ਨੂੰ ਹੰਢਾਅ ਰਹੇ ਹਨ ਅਤੇ ਅਚਵੀ ਦਾ ਸ਼ਿਕਾਰ ਹਨ। ਇਨ੍ਹਾਂ ਦੋਵਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਿਨਾਂ ਕੋਈ ਸਾਂਝੀ ਤੰਦ ਦਿਖਾਈ ਨਹੀਂ ਦਿੰਦੀ। ਪਰਵਾਸੀਆਂ ਦੀ ਇਨਸਾਫ਼ ਦੀ ਧਾਰਨਾ ਦਾ ਪੰਜਾਬ ਦੀ ਖਿੰਡੀ-ਪੁੰਡੀ ਅਤੇ ਵੰਨ-ਸੁਵੰਨੀ ਇਨਸਾਫ਼ ਦੀ ਮੰਗ ਨਾਲ ਕੋਈ ਰਾਬਤਾ ਲੱਭ ਲੈਣਾ ਰੱਬ ਵਰਗੀ ਗੁੰਝਲਦਾਰ ਬੁਝਾਰਤ ਬੁੱਝ ਲੈਣ ਤੋਂ ਜ਼ਿਆਦਾ ਵੱਡੀ ਪ੍ਰਾਪਤੀ ਹੋ ਸਕਦੀ ਹੈ। ਬੇਅਦਬੀ ਦੇ ਮਾਮਲਿਆਂ ਦੀ ਜਾਂਚ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਢੁਕਵੀਂ ਕਾਰਵਾਈ ਅਹਿਮ ਮੰਗਾਂ ਬਣਦੀਆਂ ਹਨ। ਇਸ ਦੇ ਨਾਲ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੇਸ਼ਬੰਦੀਆਂ ਬਾਰੇ ਸੋਚਿਆ ਜਾਣਾ ਜ਼ਰੂਰੀ ਹੈ।
ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਰੱਦ ਕਰਨ ਦੇ ਮਾਮਲਿਆਂ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੁੜ ਗਈ। ਇਸ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ ਸਰਕਾਰ ਅਤੇ ਸਿੱਖ ਸਿਆਸਤ ਨਾਲ ਜੁੜੀਆਂ ਵੰਨ-ਸੁਵੰਨੀਆਂ ਜਥੇਬੰਦੀਆਂ ਅੰਦਰ ਨੱਪੀ ਹੋਈ ਊਰਜਾ ਨੂੰ ਰਾਹ ਮਿਲਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਲੋਕਾਂ ਨੂੰ ਦੁਖੀ ਕੀਤਾ ਹੈ ਅਤੇ ਉਹ ਆਪਣੇ ਰੋਹ ਦਾ ਮੁਜ਼ਾਹਰਾ ਕਰ ਰਹੇ ਹਨ। ਨੱਪੀ ਹੋਈ ਸਿਆਸੀ ਊਰਜਾ ਨੂੰ ਮਿਲੇ ਰਾਹ ਅਤੇ ਲੋਕ ਰੋਹ ਦਾ ਪ੍ਰਗਟਾਵਾ ਭਾਵੇਂ ਇੱਕੋ ਥਾਂ ਉਤੇ ਹੋ ਰਿਹਾ ਹੈ, ਪਰ ਇਨ੍ਹਾਂ ਦਾ ਆਪਸ ਵਿਚ ਰਿਸ਼ਤਾ ਇੰਨਾ ਸਿੱਧਾ ਨਹੀਂ ਹੈ। ਕੋਟਕਪੁਰੇ ਵਿਚ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਭੋਗ ਸਮਾਗਮ ਹੋਇਆ। ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਪਹਿਲਾ ਸਾਂਝਾ ਇੱਕਠ ਸੀ। ਇਸ ਇਕੱਠ ਦੀ ਅਗਵਾਈ ਪ੍ਰਚਾਰਕਾਂ ਹੱਥ ਸੀ ਅਤੇ ਉਨ੍ਹਾਂ ਨੇ ਹੀ ਇਸ ਦਾ ਚੌਖਟਾ ਤੈਅ ਕੀਤਾ। ਉਨ੍ਹਾਂ ਨੇ ਬੇਅਦਬੀ ਦੇ ਮਸਲੇ ਨੂੰ ਸਿਆਸਤ ਤੋਂ ਵੱਖ ਰੱਖਣ ਅਤੇ ਸਿੱਖ ਸਿਧਾਂਤਾਂ ਉਤੇ ਪਹਿਰਾ ਦੇਣ ਦੀ ਦਲੀਲ ਲਗਾਤਾਰ ਪੇਸ਼ ਕੀਤੀ। ਫੌਰੀ ਮਸਲਿਆਂ ਵਿਚ ਬੇਅਦਬੀ ਦੇ ਕਸੂਰਵਾਰਾਂ ਦੀ ਸ਼ਨਾਖ਼ਤ, ਗ੍ਰਿਫ਼ਤਾਰੀ ਅਤੇ ਸਜ਼ਾ ਉਭਰ ਕੇ ਆਏ। ਇਸ ਦੇ ਨਾਲ ਦੋ ਮੁਜ਼ਾਹਰਾਕਾਰੀਆਂ ਦੇ ਕਤਲ ਲਈ ਕਸੂਰਵਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਬੇਕਸੂਰ ਨੌਜਵਾਨਾਂ ਦੀ ਰਿਹਾਈ ਦੇ ਮਾਮਲੇ ਜ਼ੋਰ ਨਾਲ ਉਭਾਰੇ ਗਏ। ਵੱਡੇ ਇਕੱਠ ਵਿਚ ਸਿਆਸਤਦਾਨ ਬੋਚ ਕੇ ਬੋਲਦੇ ਨਜ਼ਰ ਆਏ। ਪ੍ਰਚਾਰਕਾਂ ਦੀ ਅਗਵਾਈ ਅਤੇ ਲੋਕ ਦੇ ਆਪ-ਮੁਹਾਰੇ ਉਭਾਰ ਸਾਹਮਣੇ ਉਨ੍ਹਾਂ ਦੇ ਆਗੂਆਂ ਵਾਲੇ ਰੁਤਬੇ ਖੁੱਸ ਗਏ ਜਾਪਦੇ ਸਨ। ਹੁਣ ਤੱਕ ਸਿਆਸੀ ਸੇਧ ਦੇਣ ਦਾ ਦਾਅਵਾ ਕਰਨ ਵਾਲੇ ਪੰਥਕ ਸਿਆਸਤਦਾਨ ਬਰਗਾੜੀ ਵਿਚ ਹੱਥ ਜੋੜ ਕੇ ਪ੍ਰਚਾਰਕਾਂ ਤੋਂ ਸੇਧ ਮੰਗ ਰਹੇ ਸਨ।
ਇਸ ਮੌਕੇ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਨਿਸ਼ਾਨੇ ਉਤੇ ਰਿਹਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੈ ਪ੍ਰਕਾਸ਼ ਨਾਰਾਇਣ ਦੇ 113ਵੇਂ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ Ḕਭਾਰਤ ਦਾ ਨੈਲਸਨ ਮੰਡੇਲਾ’ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਸ਼ਤਿਹਾਰਾਂ ਰਾਹੀਂ ਪੰਜਾਬ ਦੇ ਅਖ਼ਬਾਰਾਂ ਅਤੇ ਵੈੱਬਸਾਇਟਾਂ ਉਤੇ Ḕਨੈਲਸਨ ਮੰਡੇਲਾ ਕਰਾਰ ਦਿੱਤੇ ਜਾਣ ਉਤੇ ਵਧਾਈਆਂ’ ਦੇ ਕੇ ਆਪਣੀ ਨੇੜਤਾ ਦਾ ਇਜ਼ਹਾਰ ਕੀਤਾ। ਬਰਗਾੜੀ ਦੇ ਭੋਗ ਸਮਾਗਮ ਵਿਚ ਇਸੇ ਰੀਤ ਦਾ ਦੂਜਾ ਪਾਸਾ ਸਰਗਰਮ ਰਿਹਾ। ਬੁਲਾਰਿਆਂ ਵਿਚ ਬਾਦਲ ਨੂੰ ਬਾਬਰ, ਜਾਬਰ, ਅਬਦਾਲੀ ਅਤੇ ਮੀਰ ਮੰਨੂ ਕਰਾਰ ਦਿੱਤੇ ਜਾਣ ਦਾ ਮੁਕਾਬਲਾ ਹੁੰਦਾ ਰਿਹਾ। ਸੰਗਤ ਅੰਦਰ ਜੁੜ ਬੈਠੀ ਬੇਅਦਬੀ ਦੀ ਠੇਸ ਅਤੇ ਰੋਜ਼ਾਨਾ ਦੁਸ਼ਵਾਰੀਆਂ ਦੀ ਮਾਰ ਹੁੰਗਾਰਾ ਭਰਦੀ ਰਹੀ। ਜੇ ਇੱਕ ਪਾਸੇ ਮੰਚ ਤੋਂ ਸਰਹੰਦ ਦਾ ਇਤਿਹਾਸ ਸੁਣਾਇਆ ਜਾ ਰਿਹਾ ਸੀ ਤਾਂ ਮਲੇਰਕੋਟਲੇ ਤੋਂ ਸਿੱਖ-ਮੁਸਲਿਮ ਫਰੰਟ ਦੇ ਮੁਹੰਮਦ ਸ਼ਹਿਜ਼ਾਦ ਵੀ Ḕਹਾਅ ਦਾ ਨਾਅਰਾ’ ਮਾਰਨ ਪੁੱਜੇ ਸਨ।
ਮੰਚ ਅਤੇ ਇਕੱਠ ਵਿਚ ਆਈ ਸੰਗਤ ਦੇ ਆਲੇ-ਦੁਆਲੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੀਆਂ ਕਿਤਾਬਾਂ, ਟੀ-ਸ਼ਰਟਾਂ ਅਤੇ ਪੋਸਟਰ ਵਿਕ ਰਹੇ ਸਨ। ਇੱਕ ਨੌਜਵਾਨ ਖਾਲਿਸਤਾਨ ਲਿਖਵਾ ਕੇ ਕੇਸਰੀ ਝੰਡਾ ਚੁੱਕੀ ਘੁੰਮਦਾ ਸੀ। ਕੁਝ ਹੱਥ-ਪਰਚੀਆਂ ਵੰਡੀਆਂ ਜਾ ਰਹੀਆਂ ਸਨ। ਸਿੱਖ ਕੈਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ਉਤੇ ਬੈਠੇ ਸੂਰਤ ਸਿੰਘ ਦੀ ਹੱਥ-ਪਰਚੀ ਵਿਚ ਅਕਾਲ ਤਖ਼ਤ ਦੀ ਖੁਦਮੁਖ਼ਤਾਰੀ, ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ, ਕੌਮੀ ਮਸਲਿਆਂ ਦੇ ਸਦੀਵੀ ਹੱਲ ਅਤੇ 10 ਨਵੰਬਰ ਨੂੰ 2015 ਨੂੰ ਸਰਬੱਤ ਖ਼ਾਲਸਾ ਵਿਚ ਪੁੱਜਣ ਦਾ ਸੱਦਾ ਸੀ। ਇਸ ਵਿਚੋਂ ਬੇਅਦਬੀ ਦਾ ਮਸਲਾ ਗ਼ੈਰ-ਹਾਜ਼ਰ ਸੀ। ਸੱਦਾ ਦੇਣ ਵਾਲੀ ਜਥੇਬੰਦੀ ਗ਼ੈਰ-ਹਾਜ਼ਰ ਸੀ। ਸੰਪਰਕ ਲਈ ਫੇਸਬੁੱਕ, ਯੂ-ਟਿਊਬ, ਈਮੇਲ, ਵਟੱਸਅੱਪ ਅਤੇ ਟਵਿੱਟਰ ਹੈਂਡਲ ਦਰਜ ਕੀਤੇ ਗਏ ਸਨ। ਸੋਸ਼ਲ ਮੀਡੀਆ ਦੇ ਦੌਰ ਵਿਚ ਇਹ ਡਿਜੀਟਲ ਦੁਨੀਆਂ ਦੀ ਬਰਗਾੜੀ ਤੱਕ ਪਹੁੰਚ ਦੀ ਨਿਸ਼ਾਨੀ ਵਜੋਂ ਵੀ ਦੇਖੀ ਜਾ ਸਕਦੀ ਹੈ। ਹੁਣ ਤੱਕ Ḕਬਾਪੂ’ ਦੇ ਵਿਸ਼ੇਸ਼ਣ ਨਾਲ ਪ੍ਰਚਾਰੇ ਗਏ ਸੂਰਤ ਸਿੰਘ ਇਸ ਹੱਥ ਪਰਚੀ ਵਿਚ Ḕਜੱਥੇਦਾਰ’ ਵਜੋਂ ਕਿਉਂ ਪੇਸ਼ ਹੋਏ ਹਨ? ਉਹ ਕਿਸ ਜਥੇ ਦੇ ਜਥੇਦਾਰ ਹਨ? Ḕਸਿੱਖਸ ਫਾਰ ਜਸਟਿਸḔ ਦੀ ਹੱਥ-ਪਰਚੀ ਵਿਚ ਤਾਂ ਜਾਰੀ ਕਰਨ ਵਾਲੇ ਦਾ ਕੋਈ ਅਤਾ-ਪਤਾ ਵੀ ਨਹੀਂ ਸੀ। ਇਸ ਪਰਚੀ ਵਿਚ Ḕ1984′ ਅਤੇ Ḕ2015′ ਦੇ ਹੇਠਾਂ Ḕਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਨਸਲਕੁਸ਼ੀ – ਲਗਾਤਾਰ ਜਾਰੀ’ ਲਿਖ ਕੇ Ḕਗੁਰੂ ਗ੍ਰੰਥ-ਗੁਰੂ ਪੰਥ ਆਜ਼ਾਦ ਮਾਰਚ’ ਦਾ ਸੱਦਾ ਦਿੱਤਾ ਗਿਆ ਹੈ। ਵਿਦੇਸ਼ਾਂ ਦੀ ਨੁਮਾਇਸ਼ੀ ਸਿਆਸਤ ਪੰਜਾਬ ਵਿਚ ਪਰਦਾਧਾਰੀ ਕਿਉਂ ਬਣ ਜਾਂਦੀ ਹੈ ਭਲਾ? ਇਸ ਮਾਹੌਲ ਵਿਚ ਸੋਚ-ਵਿਚਾਰ ਨੂੰ ਰੋਹ ਦੇ ਵੇਗ ਤੇ ਵਹਾਅ ਵਿਚ ਰੱਦ ਕਰ ਦਿੱਤਾ ਗਿਆ ਹੈ।
ਇਸ ਵੇਲੇ ਸਿਰਫ਼ ਠੇਸ ਹੈ ਅਤੇ ਪੰਜਾਬ ਸਰਕਾਰ ਦੀ ਕਸੂਰਵਾਰ ਵਜੋਂ ਸ਼ਨਾਖ਼ਤ ਹੈ। ਸੂਬੇ ਦੀ ਮੰਦਹਾਲੀ, ਗੁਰਦੁਆਰਿਆਂ ਦੀ ਬਦਇੰਤਜ਼ਾਮੀ ਅਤੇ ਬੇਅਦਬੀ ਦੇ ਸੁਆਲ ਸੂਬਾ ਸਰਕਾਰ ਦੀ ਜੁਆਬਤਲਬੀ ਕਰਨ ਵਾਲੇ ਹਨ। ਸੂਬਾ ਸਰਕਾਰ ਅਤੇ ਦੂਜੇ ਪਾਸਿਓਂ ਪੰਥ ਦੀ ਨੁਮਾਇੰਦਗੀ ਕਰਨ ਵਾਲੀਆਂ ਜਥੇਬੰਦੀਆਂ, ਇੱਕ ਨੁਕਤੇ ਉਤੇ ਸਹਿਮਤ ਹਨ ਕਿ ਇਨ੍ਹਾਂ ਮਸਲਿਆਂ ਉਤੇ ਸਿਆਸਤ ਨਹੀਂ ਹੋਣੀ ਚਾਹੀਦੀ। ਬੇਅਦਬੀ ਤੋਂ ਬਿਨਾਂ ਬਾਕੀ ਮਸਲੇ ਤਾਂ ਸਿਆਸੀ ਸਨ। ਇਸ ਦਾ ਕੀ ਮਤਲਬ ਹੈ ਫਿਰ? ਕੀ ਬੇਅਦਬੀ ਕਾਰਨ ਸਰਗਰਮ ਹੋਈਆਂ Ḕਪੰਥਕ’ ਧਿਰਾਂ ਦੀ ਸਿਆਸੀ ਖੜੋਤ ਜਿਉਂ ਦੀ ਤਿਉਂ ਕਾਇਮ ਹੈ? ਕੀ ਇਹ ਧਿਰਾਂ ਸਿਆਸੀ ਮੰਚ ਉਤੇ ਬੇਮਾਅਨੇ ਹੋ ਗਈਆਂ ਹਨ? ਡੇਰਾ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਮੁੱਦੇ ਉਤੇ ਦਿੱਤਾ ਗਿਆ Ḕਸਰਬੱਤ ਖ਼ਾਲਸੇ ਦਾ ਸੱਦਾ’ ਬਰਗਾੜੀ ਦੇ ਭੋਗ ਸਮਾਗਮ ਤੱਕ ਬੇਮਾਅਨਾ ਕਿਉਂ ਹੋ ਗਿਆ ਜਾਪਦਾ ਹੈ? ਇਸ ਦਾ ਪ੍ਰਵਾਨ ਕੀਤੇ ਗਏ ਨੌਂ ਮਤਿਆਂ ਵਿਚ ਜ਼ਿਕਰ ਤੱਕ ਨਹੀਂ। ਕਈ ਬੁਲਾਰਿਆਂ ਅਤੇ ਜੱਥੇਦਾਰ ਸੂਰਤ ਸਿੰਘ ਦੀ ਹੱਥ-ਪਰਚੀ ਨੇ ਸਰਬੱਤ ਖ਼ਾਲਸੇ ਵਿਚ ਸ਼ਮੂਲੀਅਤ ਦਾ ਹੋਕਾ ਦਿੱਤਾ। ਪ੍ਰਵਾਨ ਕੀਤੇ ਗਏ ਮਤਿਆਂ ਵਿਚ ਮੰਗਾਂ ਅਤੇ ਸੰਘਰਸ਼ ਦੇ ਢੰਗ-ਤਰੀਕਿਆਂ ਦੀ 15 ਨਵੰਬਰ ਤੱਕ ਦੀ ਵਿਉਂਤਬੰਦੀ ਹੈ ਤਾਂ 10 ਨਵੰਬਰ ਦਾ Ḕਸਰਬੱਤ ਖ਼ਾਲਸੇ’ ਦਾ ਸੱਦਾ ਗ਼ੈਰ-ਹਾਜ਼ਰ ਕਿਉਂ ਹੈ?
ਹੁਣ ਕੁਝ ਧਾਰਨਾਵਾਂ ਸਾਫ਼ ਹੁੰਦੀਆਂ ਦਿਖਾਈ ਦਿੰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮਾਰੇ ਗਏ ਮੁਜ਼ਾਹਰਾਕਾਰੀਆਂ ਅਤੇ ਬੇਕਸੂਰਾਂ ਦੀ ਗ੍ਰਿਫ਼ਤਾਰੀ ਦੇ ਮਸਲੇ ਸੋਗਵਾਰ ਹਨ। ਇਸ ਸੋਗ ਵਿਚ ਜੁੜੀ ਸੰਗਤ ਆਪਣੀ ਠੇਸ ਦੇ ਨਾਲ ਨਾਲ ਸਮਾਜਕ ਜ਼ਿੰਮੇਵਾਰੀ ਵੀ ਨਿਭਾਅ ਰਹੀ ਹੈ। ਰੋਜ਼ਾਨਾ ਦੀਆਂ ਦੁਸ਼ਵਾਰੀਆਂ ਕਾਰਨ ਉਨ੍ਹਾਂ ਅੰਦਰ ਸਰਕਾਰ ਖ਼ਿਲਾਫ਼ ਰੋਹ ਹੈ ਜੋ ਇਸ ਮੌਕੇ ਬੇਕਾਬੂ ਹੋ ਗਿਆ ਹੈ। ਕੀ ਇਹ ਕੁਝ ਦਿਨਾਂ ਦੇ ਆਪ-ਮੁਹਾਰੇ ਪ੍ਰਗਟਾਵੇ ਤੋਂ ਬਾਅਦ ਠੰਢਾ ਹੋ ਜਾਵੇਗਾ? ਇਹ ਸੰਭਾਵਨਾ ਬਹੁਤ ਵੱਡੇ ਪੱਧਰ ਉਤੇ ਪਈ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਪਿਛਲੇ ਚਾਰ ਦਹਾਕਿਆਂ ਦੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਨਵਾਂ ਮੌਕਾ ਹੋਵੇਗਾ। ਹੁਣ ਤੱਕ ਇਤਿਹਾਸ ਨੂੰ ਚੋਣਵੇਂ ਤੱਥਾਂ ਅਤੇ ਪ੍ਰਚਾਰ ਦੇ ਪੱਧਰ ਉਤੇ ਸਮਝਿਆ ਗਿਆ ਹੈ। ਇਸੇ ਰੁਝਾਨ ਤਹਿਤ ਸ਼ਰਧਾ ਨਾਲ ਜੋੜ ਕੇ ਕਈ ਅਕਸ ਉਸਾਰੇ ਗਏ ਹਨ। ਬੀਤੇ ਨੂੰ ਨਾ ਭੁੱਲਣ ਅਤੇ ਨਾ ਬਖ਼ਸ਼ਣ ਦੀ ਦਲੀਲ ਬਹੁਤ ਜ਼ੋਰ ਨਾਲ ਦਿੱਤੀ ਜਾਂਦੀ ਰਹੀ ਹੈ। ਹੁਣ ਇਹ ਸੁਆਲ ਪੁੱਛਣ ਦਾ ਮੌਕਾ ਹੈ ਕਿ ਕੀ ਠੇਸ ਜਾਂ ਸਦਮਾ ਹੀ ਸਿਆਸਤ ਦੀ ਸਵਾਰੀ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਵਿਚ ਨਾਕਾਮਯਾਬ ਰਹੀ ਪੰਥਕ ਸਿਆਸਤ ਦੀ ਸਮੁੱਚੀ ਵੰਨ-ਸੁਵੰਨਤਾ ਸਾਹਮਣੇ ਸੁਆਲ ਖੜ੍ਹਾ ਹੈ ਕਿ ਠੇਸ ਅਤੇ ਸਦਮਿਆਂ ਨਾਲ ਉਸਰੇ ਬੁੱਤ ਕਿੰਨਾ ਚਿਰ ਕਾਇਮ ਰਹਿ ਸਕਣਗੇ? ਜੇ ਸਮਕਾਲੀ ਦੌਰ ਵਿਚ ਬੇਅਦਬੀ ਕਾਰਨ ਉਪਜਿਆ ਰੋਹ ਸਿਆਸੀ ਸੁਆਲਾਂ ਨੂੰ ਮੁਖ਼ਾਤਬ ਹੋਣ ਤੋਂ ਟਾਲਾ ਵੱਟ ਜਾਂਦਾ ਹੈ ਤਾਂ ਇਸ ਰੁਝਾਨ ਦੀ ਇਤਿਹਾਸ ਵਿਚੋਂ ਪੈੜ ਨੱਪਣੀ ਪਵੇਗੀ। ਮੌਜੂਦਾ ਹਾਲਾਤ ਅਤੇ ਬੇਅਦਬੀ ਦੇ ਸੁਆਲਾਂ ਨੇ ਜੁੜ ਕੇ ਇਤਿਹਾਸ ਨੂੰ ਸਮਝਣ ਦਾ ਮੌਕਾ ਦਿੱਤਾ ਹੈ। ਇਸ ਵੇਲੇ ਪੰਜਾਬ ਆਪਣੇ ਗੁੰਝਲਦਾਰ ਖ਼ਾਸੇ ਨਾਲ ਸਾਡੇ ਸਨਮੁੱਖ ਹੈ। ਇਹ ਜ਼ਰੂਰੀ ਨਹੀਂ ਕਿ ਸਾਨੂੰ ਇਸ ਗੁੰਝਲ ਦੀ ਅੰਤਿਮ ਸਮਝ ਆ ਜਾਵੇ, ਪਰ ਪਹਿਲਾਂ ਨਾਲੋਂ ਸਾਡੀ ਸਮਝ ਬਿਹਤਰ ਤਾਂ ਹੋ ਹੀ ਸਕਦੀ ਹੈ।