ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੈਸਾ ਇਤਫ਼ਾਕ ਹੈ। ਪੂਰੇ ਤੇਰਾਂ ਸਾਲ ਪਹਿਲਾਂ 2002 ਦਾ ਅਕਤੂਬਰ ਮਹੀਨਾ ਹੀ ਸੀ। ਉਦੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਿਆਂ ਬਾਦਲ ਦਲ ਤੋਂ ਬਾਗੀ ਹੋਇਆ ਸੀ। ਹੁਣ 2015 ਦੇ ਅਕਤੂਬਰ ਵਿਚ ਬਾਦਲ ਦਲ ਤੋਂ ਕਿਨਾਰਾ ਕਰਦੇ ਜਾ ਰਹੇ ਕਈ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਖਬਰਾਂ ਪੜ੍ਹ ਕੇ ਮੈਨੂੰ ਆਪਣੇ ਉਹ ਦਿਨ ਯਾਦ ਆ ਗਏ, ਜਦੋਂ ਮੈਨੂੰ ਵੀ ਪੰਥ-ਪ੍ਰਸਤਾਂ ਦੀਆਂ ਵਧਾਈਆਂ ਦੀ ਲਾਈਂ ਲੱਗੀ ਸੀ। ਬੀਤੇ ਸਮੇਂ ਦੀਆਂ ਹੋਈਆਂ-ਬੀਤੀਆਂ ਦਾ ਵਰਤਮਾਨ ਨਾਲ ਟਾਕਰਾ ਕਰਦਿਆਂ, ਬੰਦਾ ਹੈਰਾਨ ਹੋ ਉਠਦਾ ਹੈ।
ਸਾਲ 2015 ਵਾਲੇ ਅਕਤੂਬਰ ਮਹੀਨੇ ਜਿਸ ਡੇਰੇਦਾਰ ਦੇ ਮੁਆਫੀਨਾਮੇ ਤੋਂ ਵਿਗੜੇ ਪੰਥਕ ਹਾਲਾਤ ਸਦਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇਕ ਤੋਂ ਬਾਅਦ ਇਕ ਬਗਾਵਤ ਕਰ ਰਹੇ ਨੇ, ਇਸੇ ਡੇਰੇਦਾਰ ਬਾਬੇ ਦੀ ਉਸ ਦਿਨ ਡੱਬਵਾਲੀ ਸ਼ਹਿਰ ਵਿਚ ਚੁਰ ਚੁਰ ਚੱਲ ਰਹੀ ਸੀ ਕਿ ਉਸ ਦੇ ਪੈਰੋਕਾਰਾਂ ਨੇ ਰਾਮ ਚੰਦਰ ਛਤਰਪਤੀ ਨਾਂ ਦੇ ਪੱਤਰਕਾਰ ਨੂੰ ਗੋਲੀਆਂ ਮਰਵਾ ਦਿੱਤੀਆਂ ਹਨ। ਅਖਬਾਰਾਂ ਦੇ ਸਟਾਲ ‘ਤੇ ਖੜ੍ਹੀ ਭੀੜ ਦੇ ਮੂੰਹੋਂ ਮੈਂ ਅਜਿਹੀਆਂ ਗੱਲਾਂ ਸੁਣੀਆਂ।
ਸੰਨ 2002 ਦੇ ਅਕਤੂਬਰ ਮਹੀਨੇ ਦੀ 23 ਤੇ 24 ਤਰੀਕ ਦੀ ਵਿਚਕਾਰਲੀ ਰਾਤ ਸੀ, ਜਦੋਂ ਮੈਂ ਹਰਿਆਣਾ ਵਿਚਲੇ ਚੌਟਾਲਾ ਫਾਰਮ ਤੋਂ ਆਜ਼ਾਦ ਹੋਇਆ ਸਾਂ। ਕਿਲ੍ਹੇ ਵਰਗੇ ਉਸ ਫਾਰਮ ਦੇ ਦੋਹਾਂ ਵੱਡੇ ਗੇਟਾਂ ‘ਤੇ ਹਰਿਆਣਾ ਪੁਲਿਸ ਦਾ ਪਹਿਰਾ ਹੋਣ ਕਰ ਕੇ, ਮੈਂ ਆਪਣੇ ਦੋ ਸਾਥੀ ਮੈਂਬਰਾਂ ਦੀ ਮਦਦ ਨਾਲ ਅੱਧੀ ਰਾਤ ਤੋਂ ਬਾਅਦ ਢਾਈ ਕੁ ਵਜੇ ਬਾਹਰ ਨਿਕਲਿਆ ਸਾਂ।
ਸਮੇਂ ਦਾ ਗੇੜ ਦੇਖੋ- ਡੇਰੇਦਾਰ ਦੀਆਂ ਵੋਟਾਂ ਲਈ ਬਿਹਬਲ ਹੋ ਕੇ ਚੱਕਰਵਿਊ ਵਿਚ ਫਸਿਆ ਜਾਪਦਾ ਸੁਖਬੀਰ ਬਾਦਲ, ਉਦੋਂ ਸਾਨੂੰ ਐਸ਼ਜੀæਪੀæਸੀæ ਮੈਂਬਰਾਂ ਨੂੰ ਖੁੱਡੇ ਵਿਚ ਤਾੜਨ ਵਾਂਗ ਜਿਨ੍ਹਾਂ ਚੌਟਾਲਿਆਂ ਦੇ ਮਹੱਲ ਵਿਚ ਵਾੜ ਆਇਆ ਸੀ, ਅੱਜ ਉਹ ਚੌਟਾਲੇ ਇਸ ਸਾਧ ਨੂੰ ਆਪਣਾ ‘ਦੁਸ਼ਮਣ’ ਮੰਨਦੇ ਹਨ। ਇਸੇ ਕਿੜ ਸਦਕਾ, ਚੌਟਾਲਾ ਪਰਿਵਾਰ ਨੇ ਬਾਦਲਾਂ ਦੇ ਉਲਟ ਜਾ ਕੇ ਇਸ ਸਾਧ ਦੇ ‘ਮੁਆਫੀਨਾਮੇ’ ਅਤੇ ‘ਰੱਦਨਾਮੇ’ ਦਾ ਵਿਰੋਧ ਕਰ ਰਹੇ ਸਿੱਖਾਂ ਦੀ ਡਟ ਕੇ ਹਮਾਇਤ ਕੀਤੀ ਹੈ।
ਚਲੋ ਖੈਰ! ਇਹ ਸਾਰਾ ਬਿਰਤਾਂਤ ਮੈਂ ਕਈ ਸਾਲ ਪਹਿਲਾਂ ਲਿਖੇ ਦੋ ਲੇਖਾਂ ਵਿਚ ਕਰ ਚੁੱਕਾ ਹਾਂ ਕਿ ਚੌਟਾਲਿਆਂ ਦੇ ਜੰਗਲ ਜਿਹੇ ਵਿਚ ਸਥਿਤ ਫਾਰਮ ਤੋਂ ਪੰਜ-ਛੇ ਮੀਲ ਪੈਦਲ ਚੱਲ ਕੇ ਅਤੇ ਫਿਰ ਇਕ ਰਾਹ ਜਾਂਦੇ ਟਰੈਕਟਰ ‘ਤੇ ਬਹਿ ਕੇ, ਕਿਵੇਂ ਡੱਬਵਾਲੀ ਪਹੁੰਚਿਆ ਸਾਂ। ਹਥਲੇ ਲੇਖ ਵਿਚ ਤਾਂ ਮੈਂ ਬਾਦਲ ਦਲ ਤੋਂ ਬਾਗੀ ਹੋਣ ਉਪਰੰਤ ਆਉਣ ਵਾਲੀਆਂ ‘ਮੁਸੀਬਤਾਂ’ ਦੀ ਕਥਾ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਬਾਗੀਆਂ ਦੀ ‘ਘਰ ਵਾਪਸੀ’ ਕਰਨ-ਕਰਾਉਣ ਲਈ ਕੈਸੀਆਂ ਕੈਸੀਆਂ ਪੇਸ਼ਕਸ਼ਾਂ ਹੁੰਦੀਆਂ ਨੇ; ਤੇ ਉਨ੍ਹਾਂ ਨੂੰ ਕਿਹੋ ਜਿਹੇ ਹਾਲਾਤ ਵਿਚੋਂ ਗੁਜ਼ਰਨਾ ਪੈਂਦਾ ਹੈ। ਉਦੋਂ ਐਨੀਆਂ ਮਹਿੰਗੀਆਂ ਤੇ ‘ਉਮਰ ਭਰ ਦੀਆਂ ਰੋਟੀਆਂ’ ਸਮਝੀਆਂ ਜਾਂਦੀਆਂ ‘ਸ਼ਾਹੀ ਆਫਰਾਂ’ ਠੁਕਰਾਉਣ ਲਈ ਕਿੰਨਾ ਵੱਡਾ ਜਿਗਰਾ ਤੇ ਸਿਦਕ ਚਾਹੀਦਾ ਹੁੰਦਾ ਹੈ ਇਕ ਬਾਗੀ ਵਿਚ, ਇਹ ਉਹੀ ਬੰਦਾ ਜਾਣ ਸਕਦਾ ਹੈ, ਜਿਸ ਦਾ ਕਦੀ ਅਜਿਹੇ ‘ਕੁੱਤੇ ਕੰਮਾਂ’ ਨਾਲ ਵਾਹ ਪਿਆ ਹੋਵੇ। ਅਜਿਹੇ ਮੌਕਿਆਂ ‘ਤੇ ਵਿਕਾਊ ਬੰਦੇ ਆਪਣਾ ਮੁੱਲ ਵੀ ਪੁਆ ਲੈਂਦੇ ਨੇ, ਪਰ ਕਿਸੇ ਸਿਧਾਂਤ ਨੂੰ ਪ੍ਰਨਾਏ ਸਿਰੜੀ ਤੇ ਸਿਦਕੀ ਮਰਦ ਆਪਣੇ ਅੱਗੇ ਇਹ ਮਾਟੋ ਰੱਖਦੇ ਹਨ:
ਜੱਗ ਦੀ ਬਦਲ ਬਦਲ ਫਿਰ ਬਦਲੇ
ਸਰਮਦ ਨਾ ਸੁਕਰਾਤ ਬਦਲਦੇ।
ਬਾਦਲ ਦਲ ਤੋਂ ਬੰਦ-ਖਲਾਸੀ ਦੀ ਤਰੀਕ 24 ਅਕਤੂਬਰ ਤੋਂ ਲੈ ਕੇ ਉਸ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਦੂਸਰੇ ਅਹੁਦੇਦਾਰਾਂ ਦੀ ਚੋਣ ਵਾਸਤੇ ਨਿਯਤ ਮਿਤੀ 12 ਨਵੰਬਰ ਤੱਕ, ਲਗਭਗ ਵੀਹ ਦਿਨ ਮੈਂ ਕਿਵੇਂ ਗੁਜ਼ਾਰੇ, ਇਹ ਵੀਹਾਂ ਦਿਨਾਂ ਦੀ ਦਾਸਤਾਂ ਪੁਰਾਣੇ ਜ਼ਖਮਾਂ ਵਾਂਗ ਹੁਣ ਮੁੜ ਹਰੀ ਹੋ ਗਈ, ਜਦ ਮੈਂ ਐਸ਼ਜੀæਪੀæਸੀæ ਮੈਂਬਰਾਂ ਦੇ ਅਸਤੀਫਿਆਂ ਬਾਰੇ ਪੜ੍ਹਿਆ। ਮੈਨੂੰ ਉਹ ਸਮਾਂ ਯਾਦ ਆਇਆ ਜਦ ਬਾਦਲ ਦਲ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਘਰ ਦੇ ਲਗਾਤਾਰ ਮਾਰੇ ਜਾ ਰਹੇ ਗੇੜਿਆਂ ਤੋਂ ਤੰਗ ਆ ਕੇ ਮੈਂ ਰੂਪੋਸ਼ ਹੋ ਗਿਆ ਸਾਂ।
24-25 ਅਕਤੂਬਰ 2002 ਦੀ ਰਾਤ ਨੂੰ ਆਪਣੇ ਪਿੰਡ ਪਹੁੰਚ ਕੇ, ਮੈਂ ਦੂਜੇ ਦਿਨ ਆਮ ਵਾਂਗ ਹੀ ਢਾਹਾਂ ਕਲੇਰਾਂ ਹਸਪਤਾਲ (ਬੰਗੇ) ਜਾਣਾ ਸ਼ੁਰੂ ਕਰ ਦਿੱਤਾ ਜਿਥੇ ਮੈਂ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਜੌਬ ਕਰਦਾ ਸਾਂ। ਨਵਾਂ ਸ਼ਹਿਰ ਵਿਚੀਂ ਲੰਘਣ ਵੇਲੇ ਮੈਂ ਇਕ ਬਿਆਨ ਲਿਖ ਕੇ ਸਾਰੀਆਂ ਅਖਬਾਰਾਂ ਦੇ ਪੱਤਰਕਾਰਾਂ ਤੱਕ ਪਹੁੰਚਦਾ ਕਰ ਦਿੱਤਾ ਜਿਸ ਵਿਚ ਮੈਂ ਕੁਝ ਅਜਿਹੀ ਇਬਾਰਤ ਲਿਖੀ ਕਿ ਮੈਂ ਕਿਸੇ ਡਰ, ਦਬਾਅ ਜਾਂ ਲਾਲਚ ਅਧੀਨ ਵੋਟ ਨਹੀਂ ਪਾਉਣੀ, ਸਗੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣ ਮੌਕੇ ਮੈਂ ਆਪਣੀ ਮਰਜ਼ੀ ਨਾਲ ਵੋਟ ਪਾਵਾਂਗਾ। ਦੂਜੇ ਦਿਨ ਦੀਆਂ ਅਖਬਾਰਾਂ ਵਿਚ ਮੇਰਾ ਬਿਆਨ ਕਾਹਦਾ ਛਪਿਆ, ਤਰਥੱਲੀ ਹੀ ਮੱਚ ਗਈ। ਮੇਰੇ ਮੋਬਾਇਲ ‘ਤੇ ਧੜਾ-ਧੜ ਵਧਾਈਆਂ ਦੇ ਫੋਨ ਆਉਣ ਲੱਗ ਪਏ। ਨਾਲ ਹੀ ਬਾਦਲ ਦਲੀਏ ਆਗੂਆਂ ਦੇ ਮੈਨੂੰ ‘ਪਤਿਆਉਣ’ ਵਾਲੇ ਸੁਨੇਹੇ ਵੀ ਮਿਲਣੇ ਸ਼ੁਰੂ ਹੋ ਗਏ।
ਜਿਥੋਂ ਤੱਕ ਮੈਨੂੰ ਯਾਦ ਹੈ ਕਿ ਹਰਿਆਣੇ ਤੋਂ ਆ ਕੇ ਮੁਸ਼ਕਿਲ ਨਾਲ ਚਾਰ-ਪੰਜ ਕੁ ਰਾਤਾਂ ਹੀ ਆਪਣੇ ਘਰੇ ਚੈਨ ਨਾਲ ਸੁੱਤਾ ਹੋਵਾਂਗਾ। ਇਨ੍ਹਾਂ ਚਹੁੰ ਕੁ ਦਿਨਾਂ ਵਿਚ ਵਧਾਈਆਂ ਤੇ ਮੁਫਤ ਦੀਆਂ ਭਾਂਤ-ਸੁਭਾਂਤੀਆਂ ਸਲਾਹਾਂ ਦੇਣ ਵਾਲਿਆਂ ਨੇ ਮੇਰੀ ਮੱਤ ਹੀ ਮਾਰ ਲਈ। ਇਕ ਦਿਨ ਸਵੇਰੇ ਹੀ ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਕੁਝ ਸਾਥੀਆਂ ਨਾਲ ਸਾਡੇ ਘਰੇ ਪਹੁੰਚ ਗਏ ਜੋ ਉਦੋਂ ਗੁਰਚਰਨ ਸਿੰਘ ਟੌਹੜਾ ਵਾਲੇ ਸਰਬ ਹਿੰਦ ਅਕਾਲੀ ਦਲ ਦੀ ਸੋਭਾ ਵਧਾ ਰਹੇ ਸਨ। ਗਾਡਰਾਂ-ਬਾਲਿਆਂ ਵਾਲੇ ਮੇਰੇ ਸਾਧਾਰਨ ਜਿਹੇ ਘਰ ਵੱਲ ਦੇਖਦਿਆਂ ਉਨ੍ਹਾਂ ਮੇਰੀ ਪਿੱਠ ਥਾਪੜ ਕੇ ਆਖਿਆ, “ਆਹ ਤਾਂ ਗੁਰੂ ਕਾ ਭਾਈ ਲਾਲੋ, ਹੰਕਾਰੀ ਮਲਿਕ ਭਾਗੋ ਨੂੰ ਛੱਡ ਕੇ ਆਇਆ ਐ ਬਈ।”
ਜਿੰਨਾ ਚਿਰ ਸ਼ ਚੰਦੂਮਾਜਰਾ ਤੇ ਉਨ੍ਹਾਂ ਦੇ ਨਾਲ ਆਏ ਸਾਥੀ ਮੇਰੇ ਕੋਲ ਬੈਠੇ ਰਹੇ, ਉਨ੍ਹਾਂ ਸਭ ਨੇ ਬਾਦਲਾਂ ਦੀ ਬਦਖੋਈ ਵਾਲੇ ਰਿਕਾਰਡ ਉਤੋਂ ਸੂਈ ਨਹੀਂ ਸੀ ਚੁੱਕੀ।
ਸੁੱਖ-ਸਬੀਲੀ ਵਾਲੀ ਇਸ ਮਿਲਣੀ ਤੋਂ ਬਾਅਦ ਜਿਉਂ ਜਿਉਂ ਸ਼੍ਰੋਮਣੀ ਕਮੇਟੀ ਦੇ ਨਿਰਧਾਰਤ ਇਜਲਾਸ ਦੀ ਤਰੀਕ ਨੇੜੇ ਆਉਂਦੀ ਗਈ, ਤਿਉਂ ਤਿਉਂ ਮੇਰਾ ‘ਕਾਫੀਆ ਤੰਗ’ ਹੁੰਦਾ ਗਿਆ। ਬੰਗਾ, ਬਲਾਚੌਰ ਤੇ ਨਵਾਂ ਸ਼ਹਿਰ ਹਲਕਿਆਂ ਦੇ ਅਕਾਲੀ ਆਗੂ ਮੇਰੇ ਮਗਰ ਲੱਗ ਗਏ। ਸਵੇਰੇ ਸ਼ਾਮ ਸਾਡੇ ਘਰ ਵਹੀਰਾਂ ਘੱਤੀ ਆਉਣ। ਇਕੋ ਹੀ ਗੱਲ ‘ਚਲੋ ਜੀ ਤੁਹਾਨੂੰ ਬਾਦਲ ਸਾਹਿਬ ਨੇ ਬੁਲਾਇਆ ਹੈ।’ ਇਸ ਸਿਰ-ਖਪਾਈ ਤੋਂ ਬਚਣ ਲਈ ਮੈਂ ਰੂਪੋਸ਼ ਹੋਣ ਦਾ ਫੈਸਲਾ ਕਰ ਲਿਆ।
ਆਪਣੇ ਸਲਾਹੂ ਮਿੱਤਰ ਗਿਆਨੀ ਹਰਬੰਸ ਸਿੰਘ ਭਾਰਟਾ ਦੇ ਇਕ ਐਨæਆਰæਆਈæ ਦੋਸਤ ਦੀ ਕੋਠੀ ਨਵਾਂ ਸ਼ਹਿਰ ਖਾਲੀ ਪਈ ਸੀ। ਸੋ, ਉਥੇ ਮੈਂ ਗੁਪਤਵਾਸ ਕਰ ਲਿਆ। ਪੂਰੀਆਂ ਸੁੱਖ-ਸਹੂਲਤਾਂ ਵਾਲੀ ਕੋਠੀ ਵਿਚ ਸਵੇਰੇ ਸ਼ਾਮ ਰੋਟੀ ਪਾਣੀ ਮੈਨੂੰ ਗਿਆਨੀ ਹਰਬੰਸ ਸਿੰਘ ਦੇ ਜਾਂਦੇ। ਅਸੀਂ ਦੋਵੇਂ ਜਣੇ ਗਈ ਰਾਤ ਤੱਕ ਮੌਕੇ ਦੀ ਪੰਥਕ ਸਿਆਸਤ ਜਾਂ ਗੁਰਬਾਣੀ ਦੇ ਗੋਹਜ-ਗਿਆਨ ਬਾਰੇ ਚਰਚਾ ਕਰਦੇ ਰਹਿੰਦੇ। ਸਾਡੇ ਦੋਹਾਂ ਤੋਂ ਸਿਵਾ ਇਸ ਟਿਕਾਣੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ। ਮੈਂ ਤਾਂ ਇਥੇ ਅਨੰਦ ਮੰਗਲ ਕਰ ਰਿਹਾ ਸਾਂ, ਪਰ ਸਾਡੇ ਘਰ ਦੇ ਜੀਅ, ਅਕਾਲੀ ਲੀਡਰਾਂ ਨਾਲ ਮੱਥਾ ਮਾਰ ਮਾਰ ਖਫ਼ਾ ਹੋਏ ਪਏ ਸਨ। ਕਦੇ ਸਾਡੇ ਘਰ ਕ੍ਰਿਪਾਲ ਸਿੰਘ ਬਡੂੰਗਰ ਪਹੁੰਚ ਜਾਂਦੇ, ਕਦੇ ਜਗੀਰ ਕੌਰ। ਕੋਈ ਮੇਰੇ ਬਾਰੇ ਦੱਸ ਦੇਣ ਲਈ ਮੇਰੀ ਪਤਨੀ ਦੇ ਹਾੜੇ ਕੱਢੀ ਜਾਂਦਾ ਤੇ ਕੋਈ ਮੇਰੇ ਬੱਚਿਆਂ ਨੂੰ ਪੁਚਕਾਰ ਕੇ ਸੂਹ ਕੱਢਣ ਦੀ ਕੋਸ਼ਿਸ਼ ਕਰਦਾ, ਪਰ ਕਿਸੇ ਨੂੰ ਵੀ ਸਫਲਤਾ ਨਾ ਮਿਲੀ।
ਬੀਬੀ ਜਗੀਰ ਕੌਰ ਤਾਂ ਹੱਸਦਿਆਂ ਮੇਰੀ ਬੇਟੀ ਨੂੰ ਇਹ ਕਹਿੰਦਿਆਂ ਪੰਜ ਸੌ ਰੁਪਏ ਦਾ ਪਿਆਰ ਦੇ ਆਏ- ਅਖੇ, ਤੇਰੇ ਵਿਆਹ ਨੂੰ ਜਿਹੜਾ ਅਸੀਂ ਸ਼ਗਨ ਦੇਣਾ ਸੀ, ਉਹ ਤੇਰੇ ਭਾਪੇ ਨੇ ਸ਼ੈਤਾਨੀ ਕਰ ਕੇ ਹੁਣੇ ਈ ਲੈ ਲਿਆ। ਅਕਾਲੀ ਲੀਡਰਾਂ ਦੇ ਕੌਡੀ-ਫੇਰੇ ਤੋਂ ਤੰਗ ਆਈ ਮੇਰੀ ਪਤਨੀ ਨੇ ਖਿਝ ਕੇ ਉਲਟਾ ਘਰ ਆਏ ਆਗੂਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਘਰ ਵਾਲਾ ਤੁਸੀਂ ਲੁਕਾਇਆ ਹੋਇਆ ਹੈ ਕਿਤੇ। ਘਰੇ ਕੌਣ ਕੌਣ ਆਇਆ, ਉਸ ਨੇ ਕੀ ਕੀ ਕਿਹਾ, ਇਹ ਸਾਰੀ ਰਿਪੋਰਟ ਮੈਨੂੰ ਰਾਤ ਨੂੰ ਗਿਆਨੀ ਭਾਰਟਾ ਦੇ ਫੋਨ ‘ਤੇ ਮਿਲ ਜਾਂਦੀ।
ਆਪਣੇ ਆਪ ਨੂੰ ਘਰ ਗ੍ਰਹਿਸਥੀ ਦੇ ਧੰਦਿਆਂ ਤੱਕ ਹੀ ਸੀਮਤ ਰੱਖਣ ਵਾਲੀ ਮੇਰੀ ਪਤਨੀ ਨੇ ਥੋੜ੍ਹਾ ਖੁਸ਼ ਹੁੰਦਿਆਂ ਇਕ ਦਿਨ ਮੈਨੂੰ ਫੋਨ ‘ਤੇ ਦੱਸਿਆ, ਅਖੇ, ਅੱਜ ਸ਼ ਬਾਦਲ ਨੇ ਫੋਨ ‘ਤੇ ਮੇਰੀਆਂ ਬਹੁਤ ਮਿੰਨਤਾਂ ਕੀਤੀਆਂ। ਕਹਿੰਦੇ, ਬੀਬਾ ਸਾਨੂੰ ‘ਕਾਕਾ ਜੀ’ ਬਾਰੇ ਦੱਸ ਦਿਓ, ਉਹ ਕਿਥੇ ਨੇ? ਉਹ ਜੋ ਮੰਗਣ, ਅਸੀਂ ਦੇਣ ਨੂੰ ਤਿਆਰ ਹਾਂ। ਜੇ ਕਹੋ ਤਾਂ ਵੱਡੀ ਬੱਸ ਸਮੇਤ ਪਰਮਿਟ ਸਵੇਰੇ ਤੁਹਾਡੇ ਘਰ ਆ ਜਾਵੇਗੀ, ਪਰ ਸਾਨੂੰ ਇਕ ਵਾਰ ਮਿਲਾ ਦਿਓ ‘ਜਥੇਦਾਰ ਸਾਬ’ ਨਾਲ!’ ਮੈਨੂੰ ਆਪਣੀ ‘ਕੀਮਤ’ ਸੁਣ ਕੇ ਸੁਆਦ ਆ ਗਿਆ:
ਬਿਕਨੇ ਪਰ ਆ ਹੀ ਜਾਉ ਤੋ
ਕੀਮਤੇਂ ਘਟ ਜਾਤੀ ਹੈਂ ਅਕਸਰ।
ਨਾ ਬਿਕਨੇ ਕਾ ਇਰਾਦਾ ਹੋ ਤੋ
ਕੀਮਤੇਂ ਔਰ ਬੜ੍ਹ ਜਾਤੀ ਹੈਂ।
ਪੌਣੇ ਕੁ ਮਹੀਨੇ ਦੇ ਆਪਣੇ ਇਸ ‘ਅਗਿਆਤ ਵਾਸ’ ਦੌਰਾਨ ਮੈਂ ਬਾਦਲ ਦਲੀਆਂ ਦੇ ਅੜਿੱਕੇ ਆਉਣੋਂ ਤਾਂ ਬਚਿਆ ਰਿਹਾ, ਪਰ ਇਕ ਦਿਨ ਅਚਾਨਕ ‘ਸਰਕਾਰੀ ਮਸ਼ੀਨਰੀ’ ਦੇ ਘੇਰੇ ਵਿਚ ਆ ਗਿਆ। ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਕਿ ਮੇਰੇ ਲੁਕ-ਛਿਪ ਕੇ ਢਾਹਾਂ ਹਸਪਤਾਲੋਂ ਦਵਾਈ ਲੈਣ ਗਏ ਦਾ ਪੁਲਿਸ ਨੂੰ ਕਿਵੇਂ ਪਤਾ ਲੱਗਾ ਹੋਵੇਗਾ? ਉਨ੍ਹੀਂ ਦਿਨੀਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਜੋ ਵਿੰਗੇ-ਟੇਢੇ ਢੰਗ ਨਾਲ ਟੌਹੜਾ ਸਾਹਿਬ ਦੀ ਮਦਦ ਕਰ ਰਹੇ ਸਨ। ਸਰਕਾਰੀ ਤੰਤਰ ਨੂੰ ਮੇਰੇ ਬਾਰੇ ਇਹ ਤਾਂ ਪਤਾ ਸੀ ਕਿ ਮੈਂ ਬਾਦਲ ਦਲ ਨੂੰ ਤਿਆਗ ਆਇਆ ਹਾਂ, ਪਰ ਮੈਂ ਇਹ ਕਿਤੇ ਵੀ ਜ਼ਿਕਰ ਨਹੀਂ ਸੀ ਕੀਤਾ ਕਿ ਮੈਂ ਵੋਟ ਕਿਸ ਨੂੰ ਪਾਉਣੀ ਹੈ। ਸੋ, ਮੇਰੀ ਇਕ ਵੋਟ ਟੌਹੜਾ ਸਾਹਿਬ ਦੇ ਖੇਮੇ ਨਾਲ ਜੋੜਨ ਲਈ ਕੈਪਟਨ ਸਾਹਿਬ ਦੇ ਆਦੇਸ਼ਾਂ ‘ਤੇ ਸਰਕਾਰੀ ਤੰਤਰ ਵੀ ਮੇਰੀ ਪੈੜ ਨੱਪ ਰਿਹਾ ਸੀ। ਤੇਜ਼ ਬੁਖਾਰ ਹੋਣ ਕਰ ਕੇ ਮੈਂ ਆਪਣੇ ਦੋਸਤ ਦੀ ਕਾਰ ਵਿਚ ਢਾਹਾਂ ਕਲੇਰਾਂ ਹਸਪਤਾਲ ਗਿਆ। ਡਾਕਟਰ ਹਾਲੇ ਸਟੈਥੋਸਕੋਪ ਨਾਲ ਮੇਰੀ ਛਾਤੀ ਚੈੱਕ ਕਰ ਰਿਹਾ ਸੀ ਕਿ ਕਲਿਨਿਕ ਵਿਚ ਐਸ਼ਐਸ਼ਪੀæ ਨਵਾਂ ਸ਼ਹਿਰ ਆਣ ਵੜੇ। ਆਉਂਦਿਆਂ ਹੀ ਉਨ੍ਹਾਂ ਡਾਕਟਰੀ ਅਮਲੇ ਨੂੰ ‘ਸੌਰੀ’ ਕਹਿ ਕੇ ਕਮਰੇ ਵਿਚੋਂ ਬਾਹਰ ਜਾਣ ਲਈ ਹੁਕਮ ਸੁਣਾ ਦਿੱਤਾ।
‘ਵਾਹ ਨੀ ਸਿਆਸਤੇ ਤੇਰੇ ਰੰਗ! ਵੋਟ ਬਦਲੇ ਬੰਦੇ ਨੂੰ ਕਿਹੜੇ ਕਿਹੜੇ ਜਲਵੇ ਦਿਖਾ ਦਿੰਦੀ ਹੈ!!’
ਜ਼ਿਲ੍ਹੇ ਦਾ ਐਸ਼ਐਸ਼ਪੀæ ਮੇਰੇ ਲਈ ਤਤਕਾਲੀ ਮੁੱਖ ਮੰਤਰੀ ਦਾ ਮਿਲਣੀ-ਪੈਗਾਮ ਲੈ ਕੇ ਆਇਆ ਹੋਇਆ ਸੀ। ਉਧਰ ਮੇਰੇ ਘਰ, ਸਾਬਕਾ ਮੁੱਖ ਮੰਤਰੀ ਮੈਨੂੰ ਵੱਡੀ ਬੱਸ ਦੀ ਪੇਸ਼ਕਸ਼ ਕਰ ਰਿਹਾ ਸੀ। ਵਾਹ ਵਾਹ! ਕੈਸਾ ਹੁਸੀਨ ਤੇ ਮਜ਼ੇਦਾਰ ਸਮਾਂ ਸੀ ਉਹ!
ਕੈਪਟਨ ਸਾਹਿਬ ਨੂੰ ਮਿਲਣ ਜਾਣ ਤੋਂ ਮੈਂ ਇਸ ਕਰ ਕੇ ਇਨਕਾਰ ਕਰ ਦਿੱਤਾ, ਕਿਉਂਕਿ ਮੈਂ ਕਿਹੜਾ ਆਪਣਾ ‘ਮੁੱਲ’ ਪੁਆਉਣਾ ਚਾਹੁੰਦਾ ਸਾਂ। ਪੁਲਿਸ ਅਫਸਰ ਨੂੰ ਸਹਿਜ ਨਾਲ ਸਮਝਾ ਦਿੱਤਾ ਕਿ ਮੈਂ ਸ਼ ਬਾਦਲ ਦੀ ਬ-ਨਿਸਬਤ ਜਥੇਦਾਰ ਟੌਹੜਾ ਨੂੰ ਪੰਥਕ ਸੋਚ ਵਾਲਾ ਆਗੂ ਸਮਝਦਾ ਹਾਂ, ਇਸ ਕਰ ਕੇ ਕੈਪਟਨ ਸਾਹਿਬ ਨੂੰ ਦੱਸ ਦਿਓ ਕਿ ਉਹ ਚਿੰਤਾ ਨਾ ਕਰਨ, ਮੈਂ 12 ਨਵੰਬਰ ਨੂੰ ਵੋਟ ਟੌਹੜਾ ਸਾਹਿਬ ਨੂੰ ਹੀ ਪਾਉਣੀ ਹੈ।
ਹੁਣ ਅਸਤੀਫੇ ਦੇਣ ਵਾਲੇ ਮੈਂਬਰਾਂ ਦਾ ਤਾਂ ਪਤਾ ਨਹੀਂ ਊਠ ਕਿਸ ਕਰਵਟ ਬੈਠੇਗਾ, ਪਰ ਮੈਨੂੰ ਫ਼ਖ਼ਰ ਹੈ ਕਿ ਮੈਂ ਨਹੀਂ ਮੁੜ ਕੇ ਬਾਦਲ ਦਲ ਵੱਲ ਮੂੰਹ ਕੀਤਾ। ਇਥੋਂ ਤੱਕ ਕਿ ਮੈਂ ਜਥੇਦਾਰ ਟੌਹੜਾ ਦੇ ਬਾਦਲ ਦਲ ਨਾਲ ਰਲੇਵੇਂ ਵਿਰੁਧ ਅਖਬਾਰਾਂ ਵਿਚ ਕਈ ਲੇਖ ਲਿਖੇ ਸਨ।