ਗਰੀਨ ਕਾਰਡ

ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਪਰਵਾਸੀਆਂ ਨੂੰ ਪੱਕੇ ਹੋਣ ਯਾਨਿ ਹਰਾ ਪੱਤਾ (ਗਰੀਨ ਕਾਰਡ) ਲੈਣ ਲਈ ਕਿਹੜੇ ਕਿਹੜੇ ਜਫਰ ਜਾਲਣੇ ਪੈਂਦੇ ਹਨ, ਇਹ ਤਾਂ ਓਹੀ ਜਾਣਦੇ ਹਨ, ਜਿਨ੍ਹਾਂ ਨੂੰ ਇਸ ਚੱਕਰਵਿਊ ਵਿਚੋਂ ਨਿਕਲਣਾ ਪਿਆ ਹੈ। ਸਾਰੇ ਪਾਪੜ ਵੇਲ ਕੇ ਵੀ ਜੇ ਹਰਾ ਪੱਤਾ ਮਿਲ ਜਾਵੇ ਤਾਂ ਵੱਡੀ ਖੁਸ਼ਕਿਸਮਤੀ ਪਰ ਜਿਨ੍ਹਾਂ ਨੂੰ ਹਰ ਹਰਬਾ ਵਰਤ ਕੇ ਵੀ ਵੀਹ-ਵੀਹ ਸਾਲ ਪਿਛੋਂ ਵੀ ਇਹ ਪੱਤਾ ਨਹੀਂ ਮਿਲਦਾ, ਉਨ੍ਹਾਂ ਬਾਰੇ ਤਾਂ ਬੱਸ ਨਾ ਹੀ ਪੁੱਛੋ।

ਹਰਮਹਿੰਦਰ ਚਹਿਲ, ਜਿਸ ਦੇ ਦੋ ਲੰਮੇ ਲੇਖ ‘ਆਫੀਆ ਸੱਦੀਕੀ ਦਾ ਜਹਾਦ’ ਅਤੇ ‘ਅਫਸਾਨਾ-ਏ-ਅਫਗਾਨਿਸਤਾਨ’ ਪੜ੍ਹ ਚੁਕੇ ਹਨ, ਨੇ ਇਹੋ ਹੀ ਵਾਰਤਾ ਇਸ ਕਹਾਣੀ ਵਿਚ ਬਿਆਨੀ ਹੈ, ਜਿਸ ਨੂੰ ਪੜ੍ਹ ਕੇ ਬੰਦਾ ਜਜ਼ਬਾਤੀ ਵਹਿਣ ਵਿਚ ਵਹਿ ਜਾਂਦਾ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਜਿਸ ਗੱਲ ਦਾ ਧੁੜਕੂ ਮੈਨੂੰ ਕਈ ਦਿਨਾਂ ਤੋਂ ਲੱਗਾ ਹੋਇਆ ਸੀ, ਉਹ ਉਸ ਦਿਨ ਸੱਚ ਹੋ ਗਈ। ਪਰ ਮੈਂ ਜਗਤਾਰ ਅੰਕਲ ਤੋਂ ਕਦੇ ਇਹ ਉਮੀਦ ਨਹੀਂ ਸੀ ਕੀਤੀ ਕਿ ਉਹ ਇਸ ਹੱਦ ਤੱਕ ਵੀ ਜਾ ਸਕਦਾ ਹੈ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਆਖਰ ਮੈਂ ਇਹ ਗੱਲ ਆਪਣੇ ਛੋਟੇ ਭਰਾ ਮਿੱਕੀ ਨਾਲ ਕਰਨ ਦਾ ਫੈਸਲਾ ਕਰ ਲਿਆ।
ਅਮਰੀਕ ਜਿਸ ਨੂੰ ਘਰ ‘ਚ ਸਾਰੇ ਮਿੱਕੀ ਕਹਿ ਕੇ ਬੁਲਾਉਂਦੇ ਹਨ, ਮੇਰਾ ਛੋਟਾ ਭਰਾ ਹੈ। ਪੰਜਾਬ ‘ਚ ਰਹਿੰਦਿਆਂ ਸਾਡੇ ਵਿਚਾਲੇ ਆਮ ਜਿਹਾ ਸਬੰਧ ਹੀ ਸੀ। ਪਰ ਅਮਰੀਕਾ ਆ ਕੇ ਬਹੁਤ ਕੁਝ ਬਦਲ ਗਿਆ ਤੇ ਸਾਡੇ ਵਿਚ ਦੋਸਤੀ ਦਾ ਰਿਸ਼ਤਾ ਬਣ ਗਿਆ। ਅਸੀਂ ਆਪਸ ਵਿਚ ਹਰ ਤਰ੍ਹਾਂ ਦਾ ਵਿਚਾਰ-ਵਟਾਂਦਰਾ ਕਰਨ ਲੱਗ ਪਏ। ਪਿੰਡੋਂ ਤੁਰਨ ਲੱਗਿਆਂ ਭਾਪੇ ਨੇ ਮੇਰੇ ਸਿਰ ‘ਤੇ ਹੱਥ ਰੱਖਦਿਆਂ ਸਮਝਾਇਆ ਸੀ, ਮਿੱਕੀ ਛੋਟਾ ਹੈ, ਤੂੰ ਹੀ ਸੰਭਾਲਣਾ ਹੈ। ਮਿੱਕੀ ਨੂੰ ਵੀ ਇਹੀ ਨਸੀਹਤ ਦਿੱਤੀ ਕਿ ਪਰਮਜੀਤ ਉਮਰ ਵਿਚ ਭਾਵੇਂ ਤੈਥੋਂ ਵੱਡੀ ਐ, ਪਰ ਤੂੰ ਇਸ ਦੀ ਰਾਖੀ ਵੱਡੇ ਭਰਾ ਵਾਂਗੂੰ ਕਰਨੀ ਐਂ। ਇਸ ਰਾਖੀ ਲਫਜ਼ ਵਿਚ ਬਹੁਤ ਕੁਝ ਸੀ ਜੋ ਮੈਂ ਸਮਝ ਗਈ। ਮਾਂ ਨੇ ਘੰਟਾ ਭਰ ਇਸੇ ਗੱਲ ‘ਤੇ ਲਾ ਦਿੱਤਾ ਕਿ ਜੇ ਤੇਰੇ ਵੱਲੋਂ ਕੋਈ ਊਚ-ਨੀਚ ਹੋ ਗਈ ਤਾਂ ਤੇਰੇ ਭਾਪੇ ਨੇ ਨਾ ਤੈਨੂੰ ਛੱਡਣੈਂ ਤੇ ਨਾ ਆਪਣੇ ਆਪ ਨੂੰ। ਇਹੀ ਗੱਲ ਮਿੱਕੀ ਨੂੰ ਵੀ ਕਹੀ ਕਿ ਤੁਸੀਂ ਅਮਰੀਕਾ ਪੜ੍ਹਨ ਲਈ ਜਾ ਰਹੇ ਓ। ਪੜ੍ਹਾਈ ਪੂਰੀ ਕਰਨ ਪਿਛੋਂ ਉਥੋਂ ਕਿਸੇ ਕੰਮ ਤੋਂ ਸਪਾਂਸਰ ਹੋਜੋਂਗੇ। (ਇਹੀ ਕੁਝ ਸਟੱਡੀ ਵੀਜ਼ਾ ਲਵਾਉਣ ਵਾਲੇ ਏਜੰਟ ਨੇ ਕਿਹਾ ਸੀ)। ਵਾਪਸ ਆਉਣ ‘ਤੇ ਤੁਹਾਡੀ ਸ਼ਾਦੀ ਸ਼ਾਹੀ ਢੰਗ ਨਾਲ ਕਰਾਂਗੇ। ਕੀ ਹੋਇਆ, ਹੁਣ ਉਹ ਸਰਦਾਰੀਆਂ ਨਹੀਂ ਰਹੀਆਂ ਪਰ ਸ਼ਾਹੀਪੁਣਾ ਤਾਂ ਸਾਡੇ ਪਰਿਵਾਰ ਦੇ ਹਰ ਜੀਅ ਵਿਚ ਰਚਿਆ ਹੋਇਆ ਹੈ। ਇਹ ਵੱਖਰੀ ਗੱਲ ਐ ਕਿ ਕਰਜ਼ੇ ‘ਚ ਨੱਕੋ ਨੱਕ ਡੁੱਬੇ ਭਾਪੇ ਨੇ ਬੜਾ ਔਖਾ ਹੋ ਕੇ ਸਾਡੇ ਅਮਰੀਕਾ ਦੇ ਸਟੱਡੀ ਵੀਜ਼ੇ ਦਾ ਇੰਤਜਾਮ ਕੀਤਾ ਸੀ। ਮੇਰੇ ‘ਤੇ ਸਾਰੇ ਪਰਿਵਾਰ ਨੂੰ ਬਹੁਤ ਭਰੋਸਾ ਸੀ। ਸਾਨੂੰ ਬਾਹਰ ਭੇਜਣ ਦੇ ਕਈ ਕਾਰਨ ਸਨ। ਵੱਡਾ ਇਹ ਸੀ ਕਿ ਇੱਥੇ ਦੇ ਨੌਜਵਾਨ ਮੁੰਡੇ ਨਸ਼ਿਆਂ ਵਿਚ ਗਰਕ ਰਹੇ ਨੇ। ਬਾਹਰ ਜਾ ਕੇ ਮਿੱਕੀ ਇਸ ਕੋਹੜ ਤੋਂ ਬਚਿਆ ਰਹੂ। ਦੂਜਾ, ਜਦੋਂ ਮੇਰੇ ਕੋਲ ਗਰੀਨ ਕਾਰਡ ਹੋਇਆ, ਕੋਈ ਖਾਨਦਾਨੀ ਘਰ ਭਾਲ ਕੇ ਮੇਰਾ ਵਿਆਹ ਪੂਰੀ ਸ਼ਾਨੋ-ਸ਼ੌਕਤ ਨਾਲ ਹੋਊ।
ਏਜੰਟ ਨੇ ਸਾਨੂੰ ਬਥੇਰੇ ਸਬਜ਼ ਬਾਗ ਵਿਖਾਏ ਕਿ ਉਥੇ ਜਾਂਦਿਆਂ ਹੀ ਕੰਮ ਮਿਲ ਜਾਊ। ਜਿੱਥੇ ਕੰਮ ਕਰੋਗੇ, ਉਥੋਂ ਹੀ ਸਪਾਂਸਰ ਹੋ ਕੇ ਦੋ ਸਾਲ ਵਿਚ ਤੁਹਾਨੂੰ ਗਰੀਨ ਕਾਰਡ ਮਿਲ ਜਾਊ। ਖੈਰ ਸਭ ਕੁਝ ਵੇਚ ਵੱਟ ਕੇ ਤੇ ਰਹਿੰਦ-ਖੂੰਹਦ ਗਹਿਣੇ ਕਰਕੇ ਘਰਦਿਆਂ ਨੇ ਸਾਨੂੰ ਏਜੰਟ ਰਾਹੀਂ ਸਟੱਡੀ ਵੀਜ਼ਾ ਦੁਆ ਦਿੱਤਾ। ਬੜੇ ਚਾਅ ਨਾਲ ਅਸੀਂ ਦੋਨੋਂ ਭੈਣ ਭਰਾ ਜਹਾਜ ਚੜ੍ਹੇ ਪਰ ਇੱਥੇ ਆਉਂਦਿਆਂ ਹੀ ਸਭ ਭੁਲੇਖੇ ਦੂਰ ਹੋ ਗਏ। ਸਾਡਾ ਇੱਥੇ ਕੋਈ ਜਾਣ-ਪਛਾਣ ਵਾਲਾ ਜਾਂ ਰਿਸ਼ਤੇਦਾਰ ਵੀ ਨਹੀਂ ਸੀ, ਜੋ ਕੋਈ ਸਲਾਹ ਹੀ ਦੇ ਦਿੰਦਾ। ਪਹਿਲੇ ਦੋ ਤਿੰਨ ਮਹੀਨੇ ਤਾਂ ਅਸੀਂ ਡਡਵੈਰਿਆਂ ਵਾਂਗੂੰ ਤੁਰੇ ਫਿਰੇ। ਜੇਬ ਵਿਚ ਪਾ ਕੇ ਲਿਆਂਦੇ ਡਾਲਰ ਆਉਂਦਿਆਂ ਹੀ ਖਤਮ ਹੋ ਗਏ। ਰਹਿਣ ਦਾ ਪ੍ਰਬੰਧ ਅਸੀਂ ਕਾਲਜ ਕੈਂਪਸ ਦੇ ਅਪਾਰਟਮੈਂਟ ਵਿਚ ਰਹਿੰਦੇ ਕਿਸੇ ਵਿਦਿਆਰਥੀ ਨਾਲ ਕਰ ਲਿਆ। ਟੁੱਟੀਆਂ-ਭੱਜੀਆਂ ਜਾਬਾਂ ਵੀ ਲੱਭ ਲਈਆਂ। ਕੋਈ ਵਰਕ ਪਰਮਿਟ ਤਾਂ ਹੈ ਨਹੀਂ ਸੀ, ਇਸ ਕਰਕੇ ਜੋ ਵੀ ਕੋਈ ਰੈਸਟੋਰੈਂਟ ‘ਤੇ ਸਫਾਈ ਵਗੈਰਾ ਦੀ ਨੌਕਰੀ ਮਿਲੀ, ਕਰ ਲਈ। ਪਰ ਨੌਕਰੀ ਕਰਕੇ ਅਸੀਂ ਪੜ੍ਹਾਈ ‘ਚ ਪਛੜਨ ਲੱਗੇ। ਸਟੱਡੀ ਵੀਜ਼ੇ ਦੀ ਸ਼ਰਤ ਮੁਤਾਬਕ ਸਾਡੇ ਲਈ ਬੀ ਗਰੇਡ ਲੈਣੇ ਜ਼ਰੂਰੀ ਸਨ। ਪਰ ਅਸੀਂ ਪਾਸ ਵੀ ਮਸੀਂ ਹੁੰਦੇ। ਪਹਿਲਾਂ ਸਮਝਾਇਆ, ਫਿਰ ਕਾਲਜ ‘ਚੋਂ ਕੱਢਣ ਦਾ ਵਾਰਨਿੰਗ ਨੋਟਿਸ ਮਿਲ ਗਿਆ। ਖੈਰ, ਅਸੀਂ ਪਹਿਲੇ ਸਾਲ ਦੇ ਫਾਈਨਲ ‘ਚੋਂ ਬੜੀ ਮੁਸ਼ਕਲ ਨਾਲ ਬੀ ਗਰੇਡ ਲੈ ਸਕੇ। ਉਂਜ ਡਰ ਸੀ ਕਿ ਕਾਲਜ ‘ਚੋਂ ਕਿਸੇ ਵੇਲੇ ਵੀ ਛੁੱਟੀ ਹੋ ਸਕਦੀ ਹੈ।
ਇਸ ਦੌਰਾਨ ਕੁਝ ਦੇਸੀ ਮੁੰਡੇ ਕੁੜੀਆਂ ਸਾਡੇ ਦੋਸਤ ਬਣ ਗਏ। ਉਨ੍ਹਾਂ ਤੋਂ ਹੀ ਇਹ ਸਲਾਹ ਮਿਲੀ ਕਿ ਨਿਰਾ-ਪੁਰਾ ਇਸ ਕਾਲਜ ਦੇ ਸਿਰ ‘ਤੇ ਨਾ ਰਹੋ ਸਗੋਂ ਆਪਣੇ ਗਰੀਨ ਕਾਰਡ ਦਾ ਕੋਈ ਪ੍ਰਬੰਧ ਕਰੋ। ਇਨ੍ਹੀਂ ਦਿਨੀਂ ਮੈਂ ਇੱਕ ਦਿਨ ਮਿੱਕੀ ਨੂੰ ਕਿਸੇ ਕੁੜੀ ਨਾਲ ਘੁੰਮਦਿਆਂ ਵੇਖਿਆ।
ḔḔਮਿੱਕੀ ਇਹ ਕੌਣ ਐਂ?”
ਉਸ ਨੇ ਮੇਰੀ ਗੱਲ ਦਾ ਕੋਈ ਜੁਆਬ ਨਾ ਦਿੱਤਾ।
ḔḔਤੈਨੂੰ ਪਤੈ ਕਿ ਤੂੰ ਕੀ ਕਰ ਰਿਹੈਂ?”
ḔḔਦੀਦੀ ਮੈਂ ਆਪਣੇ ਗਰੀਨ ਕਾਰਡ ਦਾ ਇੰਤਜ਼ਾਮ ਕਰ ਰਿਹਾਂ।”
ḔḔਇਸ ਤਰ੍ਹਾਂ ਗਰੀਨ ਕਾਰਡ?”
ḔḔਦੀਦੀ ਤੈਨੂੰ ਪਤਾ ਈ ਐ। ਹੋ ਸਕਦੈ, ਕਾਲਜ ‘ਚੋਂ ਛੁੱਟੀ ਹੋ ਜਾਵੇ। ਫਿਰ ਤੂੰ ਹੀ ਦੱਸ, ਪਿੱਛੇ ਫਿਰ ਹੋਰ ਕਿਹੜਾ ਤਰੀਕਾ ਰਹਿ ਜਾਂਦੈ?”
ਉਦੋਂ ਮੈਂ ਚੁੱਪ ਰਹੀ। ਸੋਚਿਆ, ਸ਼ਾਇਦ ਇਥੋਂ ਤੱਕ ਗੱਲ ਨਾ ਹੀ ਪਹੁੰਚੇ। ਪਰ ਇੱਕ ਦਿਨ ਮਿੱਕੀ ਨੇ ਮੈਨੂੰ ਚੌਂਕਾ ਦਿਤਾ। ਉਹ ਮੈਥੋਂ ਉਸ ਕੁੜੀ ਨਾਲ ਵਿਆਹ ਦੀ ਇਜਾਜ਼ਤ ਮੰਗ ਰਿਹਾ ਸੀ ਤਾਂ ਕਿ ਉਸ ਨੂੰ ਗਰੀਨ ਕਾਰਡ ਮਿਲ ਜਾਵੇ।
ḔḔਮਿੱਕੀ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ?”
ḔḔਪਹਿਲੀ ਗੱਲ ਤਾਂ ਪਤਾ ਲੱਗਣਾ ਹੀ ਨ੍ਹੀਂ। ਪਰ ਜੇ ਪਤਾ ਲੱਗ ਵੀ ਗਿਆ ਤਾਂ ਮੈਂ ਕਿਹੜਾ ਇਹ ਵਿਆਹ ਪੱਕੇ ਤੌਰ ‘ਤੇ ਕਰਵਾ ਰਿਹਾਂ।”
ḔḔਵੇਖ ਲੈ ਮਿੱਕੀ ਮੇਰਾ ਦਿਲ ਨ੍ਹੀਂ ਮੰਨਦਾ।”
ḔḔਤੂੰ ਹੀ ਦੱਸ, ਹੁਣ ਜੇ ਵਾਪਸ ਜਾਣਾ ਪੈ ਗਿਆ ਤਾਂ ਕਿਹੜੇ ਮੂੰਹ ਜਾਵਾਂਗੇ। ਮੈਂ ਤਾਂ ਤੈਨੂੰ ਵੀ ਕਹੂੰਗਾ ਕਿ ਤੂੰ ਵੀ ਆਪਣੇ ਵਿਆਹ ਦਾ ਕੋਈ ਇੰਤਜਾਮ।”
ḔḔਤੇਰਾ ਦਿਮਾਗ ਤਾਂ ਨੀ ਖਰਾਬ ਹੋ ਗਿਆ।”
ḔḔਦੀਦੀ ਜੋ ਮਰਜ਼ੀ ਸਮਝ। ਪਰ ਆਪਾਂ ਮਜ਼ਬੂਰ ਆਂ ਤੇ ਮਜ਼ਬੂਰੀ ਵਿਚ ਇਨਸਾਨ ਨੂੰ ਬਹੁਤ ਕੁਛ ਅਣਚਾਹਿਆ ਕਰਨਾ ਪੈਂਦੈ।”
ਉਸ ਦੀ ਗੱਲ ਸਹੀ ਨਿਕਲੀ ਤੇ ਸਾਨੂੰ ਕਾਲਜ ‘ਚੋਂ ਕੱਢ ਦਿੱਤਾ ਗਿਆ। ਸਟੱਡੀ ਵੀਜ਼ੇ ਦੀ ਸ਼ਰਤ ਮੁਤਾਬਕ ਤਿੰਨ ਮਹੀਨਿਆਂ ਦੇ ਵਿਚ ਵਿਚ ਅਮਰੀਕਾ ਛੱਡਣਾ ਪੈਣਾ ਸੀ। ਉਸ ਤੋਂ ਬਾਅਦ ਅਸੀਂ ਅਮਰੀਕਾ ‘ਚ ਇਲਲੀਗਲ ਹੋ ਜਾਣਾ ਸੀ। ਅਮਰੀਕਾ ਅਸੀਂ ਕਿਵੇਂ ਛੱਡਦੇ, ਘਰਦਿਆਂ ਨੇ ਸਭ ਕੁਛ ਵੇਚ ਵੱਟ ਕੇ ਸਾਨੂੰ ਸਟੱਡੀ ਵੀਜ਼ੇ ਦੁਆਏ ਸਨ। ਇੱਥੇ ਰਹਿਣ ਦਾ ਇੱਕੋ ਹੀ ਤਰੀਕਾ ਬਚਿਆ ਸੀ, ਕਿਸੇ ਅਮਰੀਕਨ ਸਿਟੀਜ਼ਨ ਨਾਲ ਵਿਆਹ ਕਰਵਾ ਕੇ ਗਰੀਨ ਕਾਰਡ ਲੈਣ ਦਾ। ਮਿੱਕੀ ਤਾਂ ਮੁੰਡਾ ਸੀ। ਉਸ ਦੇ ਤਾਂ ਇਹ ਤਰੀਕਾ ਰਾਸ ਆ ਸਕਦਾ ਸੀ ਪਰ ਮੈਂ ਤਾਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦੀ। ਮੈਨੂੰ ਤਾਂ ਕਿਸੇ ਮੁੰਡੇ ਵੱਲ ਵੇਖਣ ਦੀ ਵੀ ਮਨਾਹੀ ਸੀ, ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਤਾਂ ਦੂਰ। ਮੈਨੂੰ ਸਾਡੇ ਘਰ ਵਾਪਰੀ ਇੱਕ ਘਟਨਾ ਯਾਦ ਆ ਗਈ ਜੋ ਘਰਦੀਆਂ ਬੁੜੀਆਂ ਤੋਂ ਸੁਣੀ ਹੋਈ ਸੀ। ਮੇਰੇ ਭਾਪੇ ਦੀ ਸਾਰਿਆਂ ਤੋਂ ਵੱਡੀ ਭੈਣ ਸੀ। ਮੇਰਾ ਦਾਦਾ ਬਹੁਤ ਸਖਤ ਸੁਭਾਅ ਵਾਲਾ ਸੀ। ਗੁਆਂਢ ਵਿਚ ਕੋਈ ਕੁੜੀ ਵਿਆਹੀ ਗਈ, ਉਸ ਦਾ ਘਰਵਾਲਾ ਆਉਂਦਾ ਤਾਂ ਸਾਲੀਆਂ ‘ਚ ਘਿਰ ਕੇ ਬਹਿ ਜਾਂਦਾ। ਇਸੇ ਪ੍ਰਾਹੁਣੇ ਨਾਲ ਪਹਿਲਾਂ ਤਾਂ ਮੇਰੀ ਭੂਆ ਨੂੰ ਦਾਦੇ ਨੇ ਹੱਸ ਹੱਸ ਕੇ ਗੱਲਾਂ ਕਰਨ ਕਾਰਨ ਖੂੰਡਾ ਕੱਢ ਮਾਰਿਆ। ਦੁਬਾਰਾ ਭੂਆ ਨੂੰ ਕਿਧਰੇ ਪ੍ਰਾਹੁਣੇ ਕੋਲ ‘ਕੱਲੀ ਖੜ੍ਹੀ ਵੇਖ ਲਿਆ ਤਾਂ ਉਹ ਦਾਦੇ ਦੀ ਅੱਖ ਦਾ ਕਾਂਟਾ ਬਣ ਗਈ। ਸਾਡੀ ਦੂਸਰੇ ਗਵਾਂਢੀਆਂ ਨਾਲ ਸਾਂਝੀ ਖੂਹੀ ਸੀ। ਇੱਕ ਸ਼ਾਮ ਮੇਰੀ ਭੂਆ ਖੂਹੀ ਤੋਂ ਪਾਣੀ ਭਰ ਰਹੀ ਸੀ, ਦਾਦੇ ਨੇ ਪਿਛਲੇ ਪਾਸਿਓਂ ਆ ਕੇ ਉਸ ਨੂੰ ਚੁੱਕ ਕੇ ਖੂਹੀ ਵਿਚ ਸੁੱਟ ਦਿੱਤਾ। ਬੁੜੀਆਂ ਨੇ ਬਥੇਰਾ ਰੌਲਾ ਪਾਇਆ ਪਰ ਦਾਦਾ ਉਦੋਂ ਤੱਕ ਉਥੋਂ ਪਾਸੇ ਨਾ ਹਟਿਆ, ਜਦੋਂ ਤੱਕ ਭੂਆ ਦੀਆਂ ਚੀਕਾਂ ਸੁਣਨੀਆਂ ਬੰਦ ਨਾ ਹੋ ਗਈਆਂ। ਬਾਅਦ ਵਿਚ ਇਹ ਗੱਲ ਉਡਾ ਦਿੱਤੀ ਕਿ ਪੈਰ ਤਿਲਕ ਜਾਣ ਕਰਕੇ ਖੂਹੀ ਵਿਚ ਡਿੱਗ ਕੇ ਮਰ ਗਈ। ਅੱਜ ਤੱਕ ਸਾਡੇ ਘਰ ਵਿਚ ਉਸ ਭੂਆ ਦਾ ਨਾਂ ਲੈਣ ਤੱਕ ਦੀ ਮਨਾਹੀ ਸੀ।
ਖੈਰ, ਮਿੱਕੀ ਮੈਨੂੰ ਜੋ ਸਲਾਹ ਦੇ ਰਿਹਾ ਸੀ, ਉਸ ਦਾ ਮਤਲਬ ਗੈਰੀ ਤੋਂ ਸੀ ਜੋ ਮੇਰੀ ਹੀ ਕਲਾਸ ਵਿਚ ਪੜ੍ਹਦਾ ਸੀ ਤੇ ਮੇਰੇ ਨਾਲ ਉਸ ਦੀ ਚੰਗੀ ਬਣਦੀ ਸੀ। ਪਰ ਇਹ ਸਿਰਫ ਦੋਸਤੀ ਸੀ। ਦਿਲੋਂ ਮੈਂ ਡਰੀ ਹੋਈ ਸੀ ਤੇ ਜਾਣੇ ਅਣਜਾਣੇ ਗੈਰੀ ਨਾਲ ਨੇੜਤਾ ਬਣਾਈ ਹੋਈ ਸੀ। ਮਿੱਕੀ ਜਿਸ ਕੁੜੀ ਨਾਲ ਸ਼ਾਦੀ ਕਰਨ ਦੀ ਮੈਥੋਂ ਇਜਾਜ਼ਤ ਮੰਗ ਰਿਹਾ ਸੀ, ਉਸ ਨੂੰ ਪਤਾ ਲੱਗ ਗਿਆ ਕਿ ਇਹ ਸਿਰਫ ਗਰੀਨ ਕਾਰਡ ਲਈ ਵਿਆਹ ਕਰਵਾ ਰਿਹਾ ਹੈ। ਉਸ ਨੇ ਮਿੱਕੀ ਤੋਂ ਪਾਸਾ ਵੱਟ ਲਿਆ। ਇੱਕ ਦਿਨ ਮਿੱਕੀ ਨੇ ਕਿਹਾ, ḔḔਦੀਦੀ ਫਿਰ ਨਾ ਕਹੀਂ, ਮੈਂ ਤੈਨੂੰ ਵਕਤ ਸਿਰ ਦਸਿਆ ਨ੍ਹੀਂ। ਗੈਰੀ ਤੇਰੇ ‘ਚ ਇੰਟਰੱਸਟਡ ਐ। ਤੂੰ ਵਿਆਹ ਦੀ ਗੱਲ ਚਲਾ।”
ḔḔਮਿੱਕੀ ਮੇਰੇ ਲਈ ਇਹ ਬਹੁਤ ਵੱਡੀ ਗੱਲ ਐ।”
ḔḔਆਪਣੇ ਲਈ ਜੇ ਕੋਈ ਵੱਡੀ ਗੱਲ ਐ ਤਾਂ ਉਹ ਇਸ ਵੇਲੇ ਗਰੀਨ ਕਾਰਡ ਐ। ਮੌਕਾ ਸਾਂਭ ਲੈ।”
ਮੈਂ ਵੀ ਸੰਜੀਦਾ ਹੋ ਗਈ। ਪਰ ਗੈਰੀ ਕਿਸੇ ਹੋਰ ਜਾਤ ਦਾ ਨਿਕਲਿਆ। ਮੈਂ ਮਿੱਕੀ ਨੂੰ ਸੱਚਾਈ ਦੱਸ ਦਿੱਤੀ।
ḔḔਫਿਰ ਕੀ ਐ ਦੀਦੀ। ਇੱਥੇ ਅਮਰੀਕਾ ‘ਚ ਕੌਣ ਪੁਛਦੈ, ਉਹ ਕਿਸ ਜਾਤ ਦਾ ਐ।”
ḔḔਨਹੀਂ ਮਿੱਕੀ, ਮੈਂ ਇਹ ਨ੍ਹੀਂ ਕਰ ਸਕਦੀ। ਆਖਰ ਜ਼ਿੰਦਗੀ ਭਰ ਦੀ ਗੱਲ ਐ ਤੇ ਫਿਰ ਘਰਦਿਆਂ ਨੂੰ ਵੀ ਪਤਾ ਲੱਗ ਹੀ ਜਾਣੈ।” ਨਾਲ ਹੀ ਮੈਂ ਉਸ ਨੂੰ ਪਿਛਲੇ ਮਹੀਨੇ ਸਾਡੇ ਪਿੰਡਾਂ ਵੱਲ ਹੋਏ ਹਾਦਸੇ ਦੀ ਗੱਲ ਸੁਣਾਈ। ਸਾਥੋਂ ਕਿਸੇ ਨੇੜਲੇ ਪਿੰਡ ਵੱਖਰੀ ਜਾਤ ਦੇ ਮੁੰਡੇ-ਕੁੜੀ ਨੇ ਸ਼ਾਦੀ ਕਰ ਲਈ। ਜਦੋਂ ਪਤਾ ਲੱਗਾ ਤਾਂ ਲੋਕਾਂ ਪੰਚਾਇਤਾਂ ਇਕੱਠੀਆਂ ਕਰ ਲਈਆਂ। ਪੰਚਾਇਤਾਂ ਨੇ ਦੋਵੇਂ ਸਮਾਜ ‘ਚੋਂ ਛੇਕ ਦਿਤੇ। ਕੁਛ ਦਿਨਾਂ ਬਾਅਦ ਦੋਵਾਂ ਦੀਆਂ ਲਾਸ਼ਾਂ ਨਹਿਰ ਵਿਚੋਂ ਮਿਲੀਆਂ।
ḔḔਪਰ ਉਸ ਨੂੰ ਇਹ ਥੋੜਾ ਦੱਸਣੈ ਕਿ ਤੂੰ ਗਰੀਨ ਕਾਰਡ ਲਈ ਵਿਆਹ ਕਰਵਾ ਰਹੀ ਐਂ। ਜਦੋਂ ਗਰੀਨ ਕਾਰਡ ਬਣ ਗਿਆ, ਤਲਾਕ ਦੇ ਦੇਵੀਂ।” ਮਿੱਕੀ ਨੇ ਗੱਲ ਇੰਨੀ ਸਹਿਜ ਸੁਭਾਅ ਕਹੀ ਕਿ ਮੈਂ ਹੈਰਾਨ ਰਹਿ ਗਈ।
ḔḔਤੇਰੀ ਅਕਲ ਤਾਂ ਟਿਕਾਣੇ ਐਂ?”
ḔḔਭੈਣ ਨੂੰ ਨ੍ਹੀਂ। ਸਗੋਂ ਇਹ ਸਲਾਹ ਇੱਕ ਦੋਸਤ ਨੂੰ ਦੇ ਰਿਹਾਂ। ਕਿਉਂਕਿ ਸਾਹਮਣੇ ਬੜੇ ਟੇਢੇ ਰਾਹ ਸਾਡੀ ਉਡੀਕ ਕਰ ਰਹੇ ਨੇ।”
ਮੈਨੂੰ ਮਿੱਕੀ ਦੀ ਗੱਲ ਵਿਚ ਵਜ਼ਨ ਲੱਗਾ। ਮੈਂ ਗੈਰੀ ਨਾਲ ਸਿੱਧੀ ਗੱਲ ਕੀਤੀ। ਪਰ ਉਹ ਤਾਂ ਉਲਟਾ ਮੈਥੋਂ ਗਰੀਨ ਕਾਰਡ ਭਾਲਦਾ ਸੀ।
ਉਂਜ ਇਹ ਗਰੀਨ ਕਾਰਡ ਲੈ ਕੇ ਤਲਾਕ ਦੇਣ ਵਾਲੀ ਗੱਲ ਇੱਥੇ ਆਮ ਹੁੰਦੀ ਜਾ ਰਹੀ ਐ। ਜਿਹੜੇ ਬਿਲਕੁਲ ਸਹੀ ਵਿਆਹ ਹੁੰਦੇ ਨੇ ਉਨ੍ਹਾਂ ‘ਚ ਵੀ ਕਈ ਵਾਰੀ ਇੰਡੀਆ ਤੋਂ ਆਏ ਮੁੰਡਾ ਜਾਂ ਕੁੜੀ ਗਰੀਨ ਕਾਰਡ ਮਿਲਦਿਆਂ ਹੀ ਪੱਤਰੇ ਵਾਚ ਜਾਂਦੇ ਹਨ। ਮੇਰੀ ਇੱਕ ਸਹੇਲੀ ਦੱਸ ਰਹੀ ਸੀ ਕਿ ਉਸ ਦੇ ਮਾਮੇ ਦੀ ਕੁੜੀ ਇੰਡੀਆ ਜਾ ਕੇ ਵਿਆਹ ਕਰਵਾ ਆਈ ਸੀ। ਜਦੋਂ ਮੁੰਡੇ ਨੂੰ ਗਰੀਨ ਕਾਰਡ ਮਿਲ ਗਿਆ ਤਾਂ ਉਹ ਤਲਾਕ ਦੇ ਕੇ ਵਾਪਸ ਇੰਡੀਆ ਮੁੜ ਗਿਆ। ਉਥੇ ਜਾ ਕੇ ਉਸ ਨੇ ਆਪਣੀ ਪਸੰਦ ਦਾ ਵਿਆਹ ਕਰਵਾਇਆ ਨਾਲੇ ਪੰਜਾਹ ਲੱਖ ਦਾ ਦਾਜ ਲਿਆ।
ਮਿੱਕੀ ਅੱਜ ਕੱਲ ਇੱਕ ਜਮਾਇਕਣ ਕਾਲੀ ਨਾਲ ਘੁੰਮਦਾ ਸੀ ਕਿ ਕਿਵੇਂ ਨਾ ਕਿਵੇਂ ਉਹ ਉਸ ਨੂੰ ਵਿਆਹ ਲਈ ਮਨਾ ਲਵੇ। ਜਮਾਇਕਣ ਸ਼ਾਇਦ ਉਸ ਦੀ ਮਜ਼ਬੂਰੀ ਭਾਂਪ ਗਈ। ਪਹਿਲਾਂ ਤਾਂ ਉਸ ਨੇ ਉਸ ਨੂੰ ਰੱਜ ਕੇ ਚੂੰਡਿਆ। ਮਿੱਕੀ ਔਖਾ-ਸੌਖਾ ਜੋ ਵੀ ਬਚਾਉਂਦਾ, ਉਹ ਉਸ ਦੀ ਜੇਬ ਵਿਚ ਚਲਿਆ ਜਾਂਦਾ। ਪਤਾ ਉਦੋਂ ਹੀ ਲੱਗਾ ਜਦੋਂ ਉੁਹ ਮਿੱਕੀ ਦਾ ਹਰ ਨਿੱਕਾ ਮੋਟਾ ਸਮਾਨ ਚੁੱਕ ਕੇ ਰਫੂ ਚੱਕਰ ਹੋ ਗਈ। ਮਿੱਕੀ ਬਹੁਤ ਪ੍ਰੇਸ਼ਾਨ ਹੋ ਗਿਆ। ਇੱਧਰ ਜਿਸ ਕਾਉਂਟੀ ਵਿਚ ਅਸੀਂ ਰਹਿੰਦੇ ਸੀ, ਉਸ ਕਾਉਂਟੀ ਨੇ ਕੱਚਿਆਂ (ਗੈਰ ਕਾਨੂੰਨੀਆਂ) ਨੂੰ ਅਰੈਸਟ ਕਰਨ ਦਾ ਕਾਨੂੰਨ ਬਣਾ ਦਿੱਤਾ। ਇਲਲੀਗਲ ਹੋਣ ਦੀ ਸੂਰਤ ਵਿਚ ਪੁਲਿਸ ਅਰੈਸਟ ਕਰ ਸਕਦੀ ਹੈ। ਹੋਰ ਮੁਸੀਬਤ ਖੜ੍ਹੀ ਹੋ ਗਈ, ਕੰਮ ‘ਤੇ ਵੀ ਲੁਕਦੇ ਛਿਪਦੇ ਜਾਂਦੇ। ਅਸੀਂ ਮੂਵ ਹੋ ਕੇ ਫੇਅਰਫੈਕਸ ਕਾਉਂਟੀ ਵਿਚ ਕਿਸੇ ਨਾਲ ਅਪਾਰਟਮੈਂਟ ਸ਼ੇਅਰ ਕਰਨ ਦਾ ਇੰਤਜ਼ਾਮ ਕਰ ਲਿਆ। ਮਿੱਕੀ ਦੀ ਵਿਚਾਰਗੀ ਮੈਥੋਂ ਵੇਖੀ ਨਾ ਜਾਂਦੀ, ਆਪਣੀ ਤੇ ਨਾਲ ਮੇਰੀ ਜ਼ਿੰਮੇਦਾਰੀ! ਇੱਕ ਦਿਨ ਮਿੱਕੀ ਨੇ ਨਵੀਂ ਤਰਕੀਬ ਦੱਸੀ, ḔḔਦੀਦੀ ਮੈਂ ਤੇਰੇ ਲਈ ਇੱਕ ਮੁੰਡੇ ਨਾਲ ਗੱਲ ਕੀਤੀ ਐ। ਉਹ ਪੈਸੇ ਲੈ ਕੇ ਵਿਆਹ ਕਰਵਾਊ ਤੇ ਗਰੀਨ ਕਾਰਡ ਲੈ ਦਊ।”
ḔḔਪਹਿਲਾਂ ਤੂੰ ਆਪਣਾ ਕੁਛ ਬਣਾ, ਫਿਰ ਮੇਰਾ ਵੀ ਸੋਚ ਲਵੀਂੇ।” ਮੈਂ ਕਿਹਾ।
ḔḔਨਹੀਂ ਦੀਦੀ ਮੇਰਾ ਕੀ ਐ, ਮੈਂ ਤਾਂ ਕਿਵੇਂ ਨਾ ਕਿਵੇਂ ਕੋਈ ਰਸਤਾ ਲੱਭ ਲਊਂ ਪਰ ਤੇਰੇ ਲਈ ਤਾਂ ਪਹਿਲਾਂ ਇਹ ਕਰ ਲਈਏ।” ਮਿੱਕੀ ਵਾਕਿਆ ਹੀ ਮੇਰਾ ਵੱਡਾ ਭਰਾ ਬਣਿਆ ਖੜ੍ਹਾ ਸੀ।
ḔḔਸ਼ਰਤਾਂ ਕੀ ਨੇ?”
ḔḔਪੈਸੇ ਤਾਂ ਦੇਣੇ ਹੀ ਨੇ। ਉਹ ਕਹਿੰਦੈ, ਆਪਾਂ ਉਸ ਦੇ ਘਰ ਵੀ ਰਹਿ ਸਕਦੇ ਆਂ। ਇਸ ਤਰ੍ਹਾਂ ਕਿਸੇ ਨੂੰ ਸ਼ੱਕ ਵੀ ਨਹੀਂ ਪਵੇਗਾ।”
ਮੈਂ ਝਿਜਕ ਰਹੀ ਸਾਂ ਪਰ ਮਿੱਕੀ ਨੇ ਇਹ ਕਹਿ ਕੇ ਮੇਰੀ ਝਿਜਕ ਦੂਰ ਕਰ ਦਿੱਤੀ ਕਿ ਉਹ ਖੁਦ ਵੀ ਤਾਂ ਨਾਲ ਹੀ ਰਹੇਗਾ। ਅਸੀਂ ਉਸ ਮੁੰਡੇ ਦੇ ਘਰ ਮੂਵ ਹੋ ਗਏ। ਉਸ ਪੈਸਿਆਂ ਦੀ ਪਹਿਲੀ ਕਿਸ਼ਤ ਵੀ ਲੈ ਲਈ ਪਰ ਅਗੇ ਕੁਝ ਨਹੀਂ ਸੀ ਕਰ ਰਿਹਾ, ਟਾਲ ਮਟੋਲ ਕਰੀ ਜਾਂਦਾ। ਉਹ ਮਿੱਕੀ ਨੂੰ ਆਪਣੀ ਗੱਡੀ ‘ਤੇ ਕਿਧਰੇ ਨਾ ਕਿਧਰੇ ਭੇਜੀ ਰੱਖਦਾ। ਇਸ ਨਾਲ ਉਸ ਦੀ ਨੌਕਰੀ ਦਾ ਨੁਕਸਾਨ ਵੀ ਹੁੰਦਾ ਤੇ ਵਾਧੂ ਦੀ ਪ੍ਰੇਸ਼ਾਨੀ ਵੀ ਹੁੰਦੀ। ਫਿਰ ਇਕ ਦਿਨ ਉਸ ਨੂੰ ਪੁਲਿਸ ਨੇ ਡਰੱਗ ਸਮੇਤ ਫੜ੍ਹ ਲਿਆ। ਚੰਗਾ ਇਹ ਕਿ ਮਿੱਕੀ ਉਸ ਦੇ ਨਾਲ ਨਹੀਂ ਸੀ। ਕੁਝ ਦਿਨ ਉਸ ਦੇ ਅਪਾਰਟਮੈਂਟ ਵਿਚ ਰਹੇ ਤੇ ਫਿਰ ਉਹ ਵੀ ਛੱਡਣਾ ਪਿਆ। ਇੱਕ ਵਾਰ ਫਿਰ ਅਸੀਂ ਸੜਕ ‘ਤੇ ਆ ਗਏ। ਇੱਕ ਦਿਨ ਐਵੇਂ ਹੀ ਮੈਂ ਨੇੜਲੇ ਸ਼ਾਪਿੰਗ ਸੈਂਟਰ ਵਿਚਲੇ ਪੰਜਾਬੀ ਰੈਸਟੋਰੈਂਟ ‘ਤੇ ਚਲੀ ਗਈ। ਮੈਨੂੰ ਇੱਥੇ ਨੌਕਰੀ ਮਿਲ ਗਈ। ਇਹਦਾ ਮਾਲਕ ਕੋਈ ਵਡੇਰੀ ਉਮਰ ਦਾ ਭਲਾਮਾਣਸ ਪੰਜਾਬੀ ਬਜ਼ੁਰਗ ਸੀ। ਇਕ ਦਿਨ ਮੈਂ ਉਸ ਨੂੰ ਆਪਣੀ ਹੱਡਬੀਤੀ ਸੁਣਾਈ ਤਾਂ ਉਹ ਸੁਣ ਕੇ ਸੁੰਨ ਹੋ ਗਿਆ। ਉਸ ਨੇ ਮੇਰੀ ਮੱਦਦ ਕਰਨ ਦਾ ਭਰੋਸਾ ਦਿੱਤਾ। ਹੋਇਆ ਇਉਂ ਕਿ ਉਸ ਦਾ ਕੋਈ ਪੱਕਾ ਗਾਹਕ ਰੈਸਟੋਰੈਂਟ ‘ਤੇ ਆਇਆ। ਜਗਤਾਰ ਸਿੰਘ ਘਰਵਾਲੀ ਸਮੇਤ ਰਿਟਾਇਰਡ ਜ਼ਿੰਦਗੀ ਬਿਤਾ ਰਿਹਾ ਸੀ। ਉਹਦਾ ਮੁੰਡਾ ਅਤੇ ਕੁੜੀ ਪਰਿਵਾਰਾਂ ਵਾਲੇ ਸਨ। ਜਗਤਾਰ ਸਿੰਘ ਰਾਜੀ ਹੋ ਗਿਆ ਕਿ ਮੈਂ ਉਸ ਦੇ ਘਰ ਮੇਡ ਦਾ ਕੰਮ ਕਰੂੰ ਤੇ ਉਹ ਇਸੇ ਬੇਸ ‘ਤੇ ਮੈਨੂੰ ਸਪਾਂਸਰ ਕਰਕੇ ਗਰੀਨ ਕਾਰਡ ਦਿਵਾ ਦਊ। ਸ਼ੁਰੂ ਵਿਚ ਉਨ੍ਹਾਂ ਦੇ ਘਰ ਮੈਨੂੰ ਬਹੁਤ ਸਕੂਨ ਮਿਲਿਆ, ਬਿਲਕੁਲ ਆਪਦੇ ਘਰ ਵਰਗਾ ਮਾਹੌਲ ਸੀ। ਉਸ ਦੀ ਘਰਵਾਲੀ ਦਾ ਸੁਭਾਅ ਵੀ ਚੰਗਾ ਸੀ। ਕਾਫੀ ਦਿਨਾਂ ਪਿੱਛੋਂ ਜਦੋਂ ਉਹ ਮੈਨੂੰ ਲੈ ਕੇ ਵਕੀਲ ਦੇ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਢੰਗ ਨਾਲ ਗਰੀਨ ਕਾਰਡ ਲੈਣ ਵਾਲੀ ਕੈਟਾਗਰੀ ਤਾਂ ਬੰਦ ਹੋ ਗਈ ਹੈ। ਮੇਰੀ ਆਸ ਖਤਮ ਹੋ ਗਈ ਪਰ ਜਗਤਾਰ ਅੰਕਲ ਨੇ ਮੈਨੂੰ ਭਰੋਸਾ ਦਿਤਾ ਕਿ ਉਹ ਜਿਵੇਂ ਕਿਵੇਂ ਮੈਨੂੰ ਗਰੀਨ ਕਾਰਡ ਦਿਵਾ ਦਊ। ਉਹ ਆਪਣੀ ਧੀ ਅਡਾਪਟ ਕਰਕੇ ਗਰੀਨ ਕਾਰਡ ਦਿਵਾ ਸਕਦਾ ਹੈ। ਮੈਂ ਇਸੇ ਉਮੀਦ ਵਿਚ ਉਨ੍ਹਾਂ ਦੇ ਘਰ ਕੰਮ ਕਰਦੀ ਰਹੀ। ਮੇਰੇ ਰੋਜ਼ ਰੋਜ਼ ਕਹਿਣ ‘ਤੇ ਉਹ ਮੈਨੂੰ ਕਿਸੇ ਹੋਰ ਵਕੀਲ ਕੋਲ ਲੈ ਗਿਆ ਤੇ ਅਡਾਪਸ਼ਨ ਦੇ ਕੇਸ ਬਾਰੇ ਪੁੱਛਣ ਲੱਗਾ। ਵਕੀਲ ਹੱਸਦਿਆਂ ਬੋਲਿਆ, ḔḔਮਿਸਟਰ ਸਿੰਘ, ਅਡਾਪਟ, ਬੱਚੇ ਕੀਤੇ ਜਾਂਦੇ ਐ ਨਾ ਕਿ ਅਡੱਲਟ।”
ਮੈਂ ਮਨ ਜਿਹਾ ਮਾਰ ਕੇ ਕੰਮ ਕਰਦੀ ਰਹੀ। ਜਾਪਣ ਲੱਗਾ ਕਿ ਗਰੀਨ ਕਾਰਡ ਮਿਲਣਾ ਕੋਈ ਖੇਡ ਨਹੀਂ। ਵਕਤ ਲੰਘੀ ਜਾਵੇ, ਇਹੀ ਬਹੁਤ ਐ। ਰਹਿਣ ਲਈ ਮਸਾਂ ਆਸਰਾ ਮਿਲਿਆ ਸੀ। ਓਧਰ ਮਿੱਕੀ ਵੀ ਆਪਣੀ ਵਾਹ ਲਾਉਂਦਾ ਫਿਰਦਾ ਸੀ। ਉਹ ਨਾਲ ਲੱਗਦੀ ਸਟੇਟ ਵਿਚ ਕਿਸੇ ਹੋਰ ਨਾਲ ਰਹਿਣ ਲੱਗ ਪਿਆ। ਇਸ ਦੌਰਾਨ ਮੇਰੇ ਉਪਰ ਇੱਕ ਹੋਰ ਪਹਾੜ ਟੁੱਟ ਪਿਆ। ਅੰਕਲ ਦੀ ਘਰਵਾਲੀ ਗੁਜ਼ਰ ਗਈ। ਉਸ ਦੇ ਹੁੰਦਿਆਂ ਮੈਨੂੰ ਉਹ ਘਰ ਆਪਣੇ ਘਰ ਵਰਗਾ ਲੱਗਦਾ ਸੀ। ਹਫਤਾ ਦਸ ਦਿਨ ਅਫਸੋਸ ਕਰਨ ਵਾਲੇ ਆਉਂਦੇ ਰਹੇ। ਮੈਂ ਫਿਕਰ ਵਿਚ ਸੀ ਕਿ ਮੇਰੀ ਇਹ ਨੌਕਰੀ ਰਹੂ ਜਾਂ ਨਹੀਂ। ਇੱਕ ਦਿਨ ਜਗਤਾਰ ਅੰਕਲ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਦੀ ਰਹਾਂ। ਦਿਨ ਨਿਕਲਦੇ ਰਹੇ। ਮੈਂ ਅੰਦਾਜ਼ਾ ਲਾਇਆ ਕਿ ਜਗਤਾਰ ਅੰਕਲ ਹੁਣ ਮੈਨੂੰ ਪਹਿਲਾਂ ਵਾਲੀਆਂ ਨਜ਼ਰਾਂ ਨਾਲ ਨਹੀਂ ਵੇਖਦਾ। ਉਸ ਦੀਆਂ ਅੱਖਾਂ ਵਿਚਲੀ ਵਾਸ਼ਨਾ ਮੈਂ ਸਾਫ ਪੜ੍ਹ ਰਹੀ ਸਾਂ। ਕਦੀ ਸੋਚਦੀ, ਇਹ ਮੇਰਾ ਭੁਲੇਖਾ ਐ ਤੇ ਕਈ ਵਾਰੀ ਮੈਨੂੰ ਡਰ ਵੀ ਲੱਗਦਾ।
ਇਕ ਰਾਤ ਉਹ ਮੇਰੇ ਕਮਰੇ ‘ਚ ਆਇਆ। ਮੇਰੇ ਬਰਾਬਰ ਬਹਿੰਦਿਆਂ ਉਸ ਮੇਰੇ ਉਪਰ ਦੀ ਬਾਂਹ ਵਲਣੀ ਚਾਹੀ ਤਾਂ ਮੈਂ ਛਾਲ ਮਾਰ ਕੇ ਖੜ੍ਹੀ ਹੋ ਗਈ।
ḔḔਅੰਕਲ ਇਹ ਕੀ? ਤੁਸੀਂ ਮੇਰੇ ਪਿਉ ਤੋਂ ਵੀ ਵੱਡੇ ਓ। ਮੈਨੂੰ ਆਪਣੀ ਧੀ ਕਹਿਨੇ ਓਂ!”
ḔḔਮੈਂ ਕਿਸੇ ਵੀ ਉਮਰ ਦਾ ਆਂ ਤੇ ਤੈਨੂੰ ਕੁਛ ਵੀ ਕਹਿ ਕੇ ਬਲਾਉਨਾਂ, ਇਨ੍ਹਾਂ ਗੱਲਾਂ ਨੂੰ ਪਾਸੇ ਰੱਖ। ਇਹ ਸੋਚ ਕਿ ਮੈਂ ਇੱਕ ਮਰਦ ਆਂ।”
ḔḔਅੰਕਲ ਮੈਂ ਤਾਂ ਪਹਿਲਾਂ ਈਂ ਮਜ਼ਬੂਰ ਆਂ।” ਮੇਰੇ ਹੰਝੂ ਨਿਕਲ ਆਏ।
ḔḔਮੈਂ ਵੀ ਤੈਨੂੰ ਇਹੀ ਸਮਝਾਉਣ ਆਇਆਂ ਕਿ ਤੇਰੇ ਕੋਲ ਰਹਿਣ ਦੀ ਥਾਂ ਨ੍ਹੀਂ। ਗਰੀਨ ਕਾਰਡ ਤੇਰੇ ਕੋਲ ਨ੍ਹੀਂ। ਬਿਨਾਂ ਗਰੀਨ ਕਾਰਡ ਦੇ ਤੂੰ ਨੌਕਰੀ ਨਹੀਂ ਕਰ ਸਕਦੀ। ਮੈਂ ਇੱਕ ਫੋਨ ਘੁੰਮਾ ਦਿਆਂ ਤਾਂ ਇਮੀਗਰੇਸ਼ਨ ਵਾਲਿਆਂ ਤੈਨੂੰ ਗ੍ਰਿਫਤਾਰ ਕਰ ਲੈਣੈ। ਸਮਝੀ ਕੁਛ?”
ਮੈਂ ਉਸ ਦਾ ਡਰਾਵਾ ਸਮਝ ਗਈ ਤੇ ਪਾਸੇ ਖੜ੍ਹੀ ਹੰਝੂ ਕੇਰਦੀ ਰਹੀ।
ḔḔਕੋਈ ਜ਼ੋਰ ਜ਼ਬਰਦਸਤੀ ਨ੍ਹੀਂ। ਤੂੰ ਕੱਲ ਤੱਕ ਸੋਚ ਲੈ। ਪਰ ਹੋਊ ਉਹੀ ਜੋ ਮੈਂ ਚਾਹੂੰਗਾ।” ਕਹਿੰਦਾ ਉਹ ਕਮਰੇ ‘ਚੋਂ ਨਿਕਲ ਗਿਆ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਸਵੇਰੇ ਮੈਂ ਮਿੱਕੀ ਨੂੰ ਕਾਲ ਕਰਕੇ ਬੁਲਾ ਲਿਆ। ਉਸ ਨੂੰ ਇਸ ਜਗਤਾਰ ਬੁੱਢੇ ਦੀ ਕਰਤੂਤ ਦੱਸੀ, ਮੇਰੀ ਗੱਲ ਸੁਣ ਕੇ ਮਿੱਕੀ ਨੂੰ ਨਾ ਗੁੱਸਾ ਚੜ੍ਹਿਆ ਤੇ ਨਾ ਹੀ ਹੈਰਾਨ ਹੋਇਆ। ਸਗੋਂ ਖੁਸ਼ ਹੁੰਦਾ ਬੋਲਿਆ, ḔḔਹੋਰ ਤੈਨੂੰ ਕੀ ਚਾਹੀਦੈ?”
ḔḔਮਤਲਬ?”
ḔḔਮਤਲਬ ਇਹ ਕਿ Ḕਗਰੀਨ ਕਾਰਡ’ ਖੁਦ ਚੱਲ ਕੇ ਤੇਰੇ ਕੋਲ ਆ ਰਿਹੈ।”
ḔḔਗਰੀਨ ਕਾਰਡ ਦਾ ਇਸ ਗੱਲ ਨਾਲ ਕੀ ਸਬੰਧ?”
ḔḔਮਤਲਬ! ਤੂੰ ਉਸ ਨੂੰ ਕਹਿ ਕਿ ਪਹਿਲਾਂ ਉਹ ਤੇਰੇ ਨਾਲ ਵਿਆਹ ਕਰਵਾਏ, ਤੇਰਾ ਗਰੀਨ ਕਾਰਡ ਅਪਲਾਈ ਕਰੇ। ਤੇ ਫਿਰæææ।”
ਮਿੱਕੀ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਧਰਤੀ ‘ਚ ਗੱਡੀਆਂ ਗਈਆਂ।
ḔḔਦੀਦੀ ਇਹੋ ਜਿਹਾ ਸੁਨਹਿਰੀ ਮੌਕਾ ਫਿਰ ਨ੍ਹੀਂ ਮਿਲਣਾ। ਅਗਾਂਹ ਤੇਰੀ ਮਰਜ਼ੀ।” ਇੰਨੀ ਗੱਲ ਆਖ ਮਿੱਕੀ ਤੁਰ ਗਿਆ।
ਮੈਂ ਸਾਰਾ ਦਿਨ ਸੋਚਦੀ ਰਹੀ। ਆਖਰ ਮੇਰੇ ਵੀ ਇਹ ਗੱਲ ਦਿਲ ਲੱਗ ਗਈ। ਮੈਂ ਆਪਣੀ ਸ਼ਰਤ ਅੰਕਲ ਨੂੰ ਦੱਸੀ। ਕੁਝ ਦੇਰ ਸੋਚਦਿਆਂ ਉਸ ਨੇ ਹਾਂ ਕਰ ਦਿੱਤੀ। ਅਗਲੇ ਦਿਨ ਕੋਰਟ ਜਾ ਕੇ ਉਸ ਨੇ ਕੋਰਟ ਮੈਰਿਜ ਕਰਕੇ ਮੇਰਾ ਗਰੀਨ ਕਾਰਡ ਅਪਲਾਈ ਕਰ ਦਿੱਤਾ। ਮੈਨੂੰ ਉਸ ਬੁੱਢੇ ਤੋਂ ਬੜੀ ਘਿਣ ਆਉਂਦੀ, ਪਰ ਚੁੱਪ ਰਹਿੰਦੀ ਕਿ ਇੱਕ ਵਾਰ ਗਰੀਨ ਕਾਰਡ ਮਿਲ ਜਾਵੇ ਬੱਸ। ਪੰਜ ਛੇ ਮਹੀਨੇ ਲੰਘੇ, ਮੈਨੂੰ ਵਰਕ ਪਰਮਿਟ ਮਿਲ ਗਿਆ। ਮੈਂ ਬਾਹਰ ਘੁੰਮਣ-ਫਿਰਨ ਲੱਗੀ। ਇਨ੍ਹੀਂ ਦਿਨੀਂ ਮੈਂ ਇੱਕ ਦਿਨ ਮਿੱਕੀ ਨੂੰ ਵੇਖਿਆ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਉਸ ਦੀ ਵੇਖਣੀ ਪਾਖਣੀ, ਉਸ ਦੀ ਤੋਰ ਅਤੇ ਉਸ ਦਾ ਗੱਲ ਕਰਨ ਦਾ ਤੌਰ ਤਰੀਕਾ ਬਦਲ ਗਿਆ ਸੀ। ਉਂਜ ਵੀ ਕਮਜ਼ੋਰ ਜਿਹਾ ਲੱਗਦਾ ਸੀ। ਮੈਨੂੰ ਸ਼ੱਕ ਪਿਆ, ਨਸ਼ੇ ਨਾ ਖਾਣ ਲੱਗ ਪਿਆ ਹੋਵੇ। ਫਿਰ ਮੈਂ ਉਸ ਦੇ ਨਾਲ ਫਿਰਦੇ ਐਂਡਰਿਊ ਨੂੰ ਪਛਾਣਿਆ। ਐਂਡਰਿਊ ਨੂੰ ਮੈਂ ਕਾਲਜ ਵੇਲੇ ਤੋਂ ਜਾਣਦੀ ਸੀ। ਸਭ ਨੂੰ ਪਤਾ ਸੀ ਕਿ ਉਹ ਗੇਅ (ਹਮਜਿਣਸੀ) ਐ। ਮੈਂ ਅਗਾਂਹ ਹੋ ਕੇ ਮਿੱਕੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਾਸਾ ਬਚਾ ਕੇ ਲੰਘ ਗਿਆ। ਉਸ ਪਿਛੋਂ ਮੈਂ ਬਹੁਤ ਉਦਾਸ ਰਹਿਣ ਲੱਗੀ। ਮਿੱਕੀ ਗੇਆਂ ਨਾਲ ਘੁੰਮ ਰਿਹਾ ਹੈ, ਖੁਦ ਵੀ ਸ਼ਾਇਦ ਗੇਅ ਹੈ ਅਤੇ ਨਾਲ ਹੀ ਨਸ਼ੇ ਕਰ ਰਿਹਾ ਹੈ। ਪਰ ਕੀ ਕਰਦੀ। ਫਿਰ ਇੱਕ ਦਿਨ ਉਸ ਦੀ ਕਾਲ ਆਈ, ḔḔਦੀਦੀ ਮੈਂ ਐਂਡਰਿਊ ਨਾਲ ਮੈਰਿਜ ਕਰ ਲਈ ਐ।”
ḔḔਵਾਅਟ?” ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ḔḔਹਾਂ ਦੀਦੀ। ਸਾਡੀ ਸਟੇਟ ਨੇ ਸੇਮ ਸੈਕਸ ਮੈਰਿਜ ਲੀਗਲ ਕਰ ਦਿੱਤੀ ਐ। ਮੈਂ ਤੇ ਐਂਡਰਿਊ ਨੇ ਬਾਕਾਇਦਾ ਕੋਰਟ ਮੈਰਿਜ ਕੀਤੀ ਐ। ਮੈਰਿਜ ਸਰਟੀਫਿਕੇਟ ਵੀ ਮਿਲ ਗਿਆ। ਅੱਜ ਸ਼ਾਮੀਂ ਵਕੀਲ ਦੇ ਜਾ ਰਹੇ ਆਂ।”
ḔḔਵਕੀਲ ਦੇ ਕਾਹਦੇ ਲਈ?”
ḔḔਮੇਰਾ ਗਰੀਨ ਕਾਰਡ ਅਪਲਾਈ ਕਰਨ। ਕਿਉਂਕਿ ਐਂਡਰਿਊ ਅਮਰੀਕਨ ਸਿਟੀਜ਼ਨ ਐਂ। ਉਹ ਮੇਰਾ ਗਰੀਨ ਕਾਰਡ ਐਜ਼ ਏ ਸਪਾਊਜ਼ ਅਪਲਾਈ ਕਰੂਗਾ।”
ਇੰਨਾ ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ। ਮੈਂ ਸੁੰਨ ਹੋਈ ਸੋਚਦੀ ਰਹੀ। ਸਾਰੀ ਰਾਤ ਨੀਂਦ ਨਾ ਆਈ। ਸਵੇਰ ਹੁੰਦਿਆਂ ਹੀ ਫੋਨ ‘ਤੇ ਜ਼ਿੰਦਗੀ ਦੀ ਸਭ ਤੋਂ ਮਨਹੂਸ ਖਬਰ ਸੁਣਨ ਨੂੰ ਮਿਲੀ ਕਿ ਰਾਤੀਂ ਮਿੱਕੀ ਨੇ ਨਸ਼ੇ ਦੀ ਓਵਰਡੋਜ਼ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੋਨ ਉਸ ਦੇ ਕਿਸੇ ਦੋਸਤ ਦਾ ਸੀ।
ḔḔਹੁਣ ਕਿੱਥੇ ਐ ਉਹ?” ਮੈਂ ਪੁੱਛਿਆ।
ḔḔਉਹ ਫੇਅਰਫੈਕਸ ਹਸਪਤਾਲ ‘ਚ ਐ।”
ਮੈਂ ਟੈਕਸੀ ਲੈ ਕੇ ਹਸਪਤਾਲ ਭੱਜੀ। ਵੀਹ ਮਿੰਟ ਦਾ ਇਹ ਰਸਤਾ ਸਾਲਾਂ ਦਾ ਬਣ ਗਿਆ। ਡਰ ਸੀ ਕਿ ਉਸ ਦੀ ਹਾਲਤ ਪਤਾ ਨ੍ਹੀਂ ਕਿੰਨੀ ਕੁ ਨਾਜ਼ੁਕ ਹੈ। ਭਰਾ ਬਿਨਾ ਮੈਂ ਕਿਸ ਦੇ ਆਸਰੇ ਇੱਥੇ ਦਿਨ ਕੱਟੂੰ। ਸਾਰੇ ਰਾਹ ਭਿਆਨਕ ਖਿਆਲ ਆਉਂਦੇ ਰਹੇ। ਹਸਪਤਾਲ ਦੇ ਗੇਟ ‘ਤੇ ਟੈਕਸੀ ਰੋਕ ਡਰਾਈਵਰ ਨੇ ਮੈਨੂੰ ਖਿਆਲਾਂ ‘ਚੋਂ ਕੱਢਿਆ। ਪੈਸੇ ਦੇ ਕੇ ਮੈਂ ਅੰਦਰ ਭੱਜੀ। ਉਥੇ ਮੈਨੂੰ ਉਸ ਦਾ ਉਹੀ ਦੋਸਤ ਮਿਲ ਗਿਆ ਜਿਸ ਨੇ ਮੈਨੂੰ ਫੋਨ ਕੀਤਾ ਸੀ।
ḔḔਕਿਵੇਂ ਐਂ ਹੁਣ ਮਿੱਕੀ?”
ḔḔਖਤਰੇ ਤੋਂ ਬਾਹਰ ਐ। ਪਰ ਜੇ ਮੌਕੇ ਸਿਰ ਪਤਾ ਨਾ ਲੱਗਦਾ ਤਾਂæææ।”
ḔḔਪਰ ਇਹ ਹੋਇਆ ਕਿਵੇਂ?”
ḔḔਇਹ ਤਾਂ ਤੈਨੂੰ ਪਤਾ ਈ ਹੋਣੈ ਕਿ ਮਿੱਕੀ ਨੇ ਐਂਡਰਿਊ ਨਾਲ ਮੈਰਿਜ ਕੀਤੀ ਐ। ਜਦੋਂ ਉਹ ਮਿੱਕੀ ਦਾ ਗਰੀਨ ਕਾਰਡ ਅਪਲਾਈ ਕਰਨ ਵਕੀਲ ਦੇ ਗਏ ਤਾਂ ਵਕੀਲ ਨੇ ਦੱਸਿਆ ਕਿ ਸੇਮ ਸੈਕਸ ਮੈਰਿਜ ਸਟੇਟ ਨੇ ਲੀਗਲ ਕੀਤੀ ਐ ਜਦੋਂ ਕਿ ਗਰੀਨ ਕਾਰਡ ਵਾਲਾ ਮਸਲਾ ਫੈਡਰਲ ਗੌਰਮਿੰਟ ਦਾ ਐ। ਮਿੱਕੀ ਨੂੰ ਗਰੀਨ ਕਾਰਡ ਨਹੀਂ ਮਿਲ ਸਕਦਾ। ਪ੍ਰੇਸ਼ਾਨ ਹੋਏ ਮਿੱਕੀ ਨੇ ਆਤਮ ਹੱਤਿਆ ਵਾਲਾ ਕਦਮ ਚੁੱਕ ਲਿਆ।”
ਮਿੱਕੀ ਦੇ ਕਮਰੇ ‘ਚ ਪਹੁੰਚੀ। ਉਹ ਅੱਖਾਂ ਮੀਚੀ ਬੈਡ ‘ਤੇ ਪਿਆ ਸੀ। ਮੈਂ ਉਸ ਦੇ ਵਾਲਾਂ ‘ਚ ਹੱਥ ਫੇਰਨ ਲੱਗੀ। ਉਸ ਨੇ ਅੱਖਾਂ ਖੋਲ੍ਹੀਆਂ।
ḔḔਮਿੱਕੀ ਤੂੰ ਜ਼ਰਾ ਵੀ ਨਾ ਸੋਚਿਆ ਕਿ ਮੇਰਾ ਇਕੱਲੀ ਦਾ ਪਰਦੇਸਾਂ ‘ਚ ਕੀ ਬਣੂੰ?” ਮੇਰੇ ਹੰਝੂ ਵਹਿ ਤੁਰੇ।
ḔḔਦੀਦੀ ਚੁੱਪ ਕਰ। ਮੈਨੂੰ ਅਹਿਸਾਸ ਹੋ ਚੁਕੈ ਕਿ ਮੈਂ ਇਹ ਕਦਮ ਚੁੱਕ ਕੇ ਬਹੁਤ ਵੱਡੀ ਗਲਤੀ ਕੀਤੀ ਐ। ਚਲੋ ਫਿਰ ਵੀ ਰੱਬ ਨੇ ਬਚਾ ਲਿਆ।” ਉਸ ਨੇ ਮੇਰੇ ਹੰਝੂ ਪੂੰਝੇ।
ḔḔਪਰ ਮਿੱਕੀ ਉਹ ਨਸ਼ੇ ਅਤੇ ਐਂਡਰਿਊ ਨਾਲ ਮੈਰਿਜ ਵਗੈਰਾæææ?”
ḔḔਦੀਦੀ, ਉਹ ਸਭ ਕੁਛ ਤਾਂ ਗਰੀਨ ਕਾਰਡ ਲੈਣ ਲਈ ਇੱਕ ਡਰਾਮਾ ਸੀ।” ਉਸ ਦੀ ਗੱਲ ਸੁਣਦਿਆਂ ਮੇਰੇ ਮਨ ਤੋਂ ਮਣਾਂ ਮੂੰਹੀਂ ਭਾਰ ਲਹਿ ਗਿਆ ਕਿ ਮਿੱਕੀ ਅੰਦਰੋਂ ਗੇਅ ਨਹੀਂ ਹੈ।
ḔḔਸੱਚ ਦੀਦੀ ਤੇਰੇ ਗਰੀਨ ਕਾਰਡ ਦਾ ਕੇਸ ਕਿੱਥੇ ਕੁ ਪਹੁੰਚਿਆ?”
ḔḔਮੇਰਾ ਵਰਕ ਪਰਮਿਟ ਆ ਗਿਐ। ਹੁਣ ਗਰੀਨ ਕਾਰਡ ਦੀ ਉਡੀਕ ਐ।” ਮੈਂ ਮਨ ‘ਚ ਸੋਚਿਆ ਕਿ ਕਦੋਂ ਮੇਰਾ ਗਰੀਨ ਕਾਰਡ ਆਵੇ ਤੇ ਕਦੋਂ ਉਸ ਨਰਕ ‘ਚੋਂ ਬਾਹਰ ਨਿੱਕਲਾਂ। ਫਿਰ ਦੋ ਕੁ ਦਿਨਾਂ ਪਿੱਛੋਂ ਮਿੱਕੀ ਹਸਪਤਾਲ ‘ਚੋਂ ਠੀਕ ਹੋ ਕੇ ਘਰ ਆ ਗਿਆ। ਮੈਂ ਸੋਚਿਆ ਕਿ ਪਰਮਾਤਮਾ ਨੇ ਹੱਥ ਦੇ ਕੇ ਰੱਖ ਲਏ, ਚਲੋ ਬੁਰਾ ਵਕਤ ਲੰਘ ਚੁਕੈ। ਥੋੜੇ ਦਿਨਾਂ ਬਾਅਦ ਹੀ ਜਗਤਾਰ ਅੰਕਲ ਹਾਰਟ ਅਟੈਕ ਨਾਲ ਚੜ੍ਹਾਈ ਕਰ ਗਿਆ। ਮੈਂ ਵਕੀਲ ਤੋਂ ਪਤਾ ਕਰਨ ਗਈ, ਸ਼ਾਇਦ ਮੇਰੇ ਗਰੀਨ ਕਾਰਡ ਲਈ ਕੋਈ ਰਾਹ ਬਚਿਆ ਹੋਵੇ। ਪਰ ਉਸ ਨੇ ਹੱਥ ਖੜ੍ਹੇ ਕਰ ਦਿੱਤੇ। ਕਹਿਣਾ ਲੱਗਾ, ਜੇ ਪਟੀਸ਼ਨਰ ਦੀ ਮੌਤ ਹੋ ਜਾਵੇ ਤਾਂ ਬੈਨੀਫਿਸ਼ਰੀ ਦਾ ਕੇਸ ਖਤਮ ਹੋ ਜਾਂਦਾ ਹੈ। ਇੱਕ ਸਲਾਹ ਉਸ ਨੇ ਜ਼ਰੂਰ ਦਿੱਤੀ, ḔḔਵੈਸੇ ਇਸ ਵੇਲੇ ਤੈਨੂੰ ਪੈਸੇ ਵਲੋਂ ਫਾਇਦਾ ਹੋ ਸਕਦੈ!”
ḔḔਉਹ ਕਿਵੇਂ?” ਮੈਂ ਹੈਰਾਨ ਹੋਈ ਵਕੀਲ ਦੇ ਮੂੰਹ ਵੱਲ ਵੇਖਣ ਲੱਗੀ।
ḔḔਵੇਖ, ਤੂੰ ਉਸ ਦੀ ਕਾਨੂੰਨਨ ਪਤਨੀ ਐਂ। ਜੇ ਤੂੰ ਸਿਵਲ ਕੋਰਟ ਵਿਚ ਕੇਸ ਕਰ ਦੇਵੇਂ ਤਾਂ ਤੈਨੂੰ ਉਸ ਦੀ ਪ੍ਰਾਪਰਟੀ ਵਿਚੋਂ ਕੁਝ ਹਿੱਸਾ ਜ਼ਰੂਰ ਮਿਲ ਜਾਊ।”
ḔḔਮੈਨੂੰ ਇਸ ਵੇਲੇ ਪੈਸੇ ਦੀ ਨ੍ਹੀਂ, ਗਰੀਨ ਕਾਰਡ ਦੀ ਲੋੜ ਐ।” ਕਹਿੰਦਿਆਂ ਮੈਂ ਵਕੀਲ ਦੇ ਦਫਤਰੋਂ ਨਿੱਕਲ ਆਈ। ਅਗਾਂਹ ਐਲੀਵੇਟਰ ਖਰਾਬ ਸੀ। ਮੈਂ ਪੌੜੀਆਂ ਵੱਲ ਨੂੰ ਹੋਈ। ਹੇਠਾਂ ਉਤਰਦੀਆਂ ਪੌੜੀਆਂ ਕਿਸੇ ਡੂੰਘੇ ਖੂਹ ਦੀ ਤਰ੍ਹਾਂ ਲੱਗੀਆਂ। ਬੋਝਲ ਕਦਮ ਪੁੱਟਦੀ ਮੈਂ ਪੌੜੀਆਂ ਉਤਰਨ ਲੱਗੀ।