ਸੰਪਾਦਕ ਜੀ,
ਪੰਜਾਬ ਟਾਈਮਜ਼ ਦੇ 17 ਅਤੇ 24 ਅਕਤੂਬਰ 2015 ਵਿਚ ਕਾਲਮ ‘ਸ਼ਬਦ ਝਰੋਖਾ’ ਹੇਠ ਛਪੇ ‘ਖੂਹ ਪੁੱਟੀਏ’ ਅਤੇ ‘ਕੁੱਪੀ ਬਈ ਕੁੱਪੀ’ ਲੇਖਾਂ ਵਿਚ ਬਲਜੀਤ ਬਾਸੀ ਨੇ ਲਿਖਿਆ ਹੈ ਕਿ ‘ਕਕਸ਼’ ਦਾ ਅਰਥ ‘ਕੱਖ’ ਹੈ। ਇਹ ਠੀਕ ਹੈ ਕਿ ਇਸ ਸ਼ਬਦ ਦੇ ਅਰਥ ‘ਕੱਖ’ ਵੀ ਹੁੰਦੇ ਹਨ ਪਰ ਸ਼ਬਦ-ਕੋਸ਼ਾਂ ਵਿਚ ‘ਕਕਸ਼’ ਸ਼ਬਦ ਦਾ ਅਰਥ; ਛੁਪਣ ਦਾ ਸਥਾਨ, ਅੰਦਰੂਨੀ ਕਮਰਾ, ਨਿਜੀ ਕਮਰਾ (ਛਅਬਨਿ), ਸਧਾਰਨ ਕਮਰਾ, ਖੋਲ ਅਤੇ ਗੁਫਾ ਆਦਿ ਵੀ ਲਿਖਿਆ ਹੋਇਆ ਹੈ।
ਇਸ ਗੱਲ ਵੱਲ ਉਨ੍ਹਾਂ ਦਾ ਧਿਆਨ ਨਹੀਂ ਗਿਆ ਜਾਂ ਸ਼ਾਇਦ ਇਸ ਪਾਸੇ ਉਹ ਜਾਣ-ਬੁੱਝ ਕੇ ਹੀ ਨਹੀਂ ਸਨ ਆਉਣਾ ਚਾਹੁੰਦੇ। ਉਪਰੋਕਤ ‘ਕਕਸ਼’ ਸ਼ਬਦ ਤੋਂ ਹੀ ਹਿੰਦੀ ਸ਼ਬਦ ‘ਕਕਸ਼ਾ’ (ਜਮਾਤ) ਬਣਿਆ ਹੈ। ਜਿਵੇਂ ਕੁੱਪ ਜਾਂ ਕੁੱਪੀ ਵਿਚ ਕੋਈ ਚੀਜ਼ ਪਾ ਕੇ ਜਾਂ ਸੰਭਾਲ ਕੇ ਰੱਖੀ ਜਾਂਦੀ ਹੈ, ਇਸੇ ਤਰ੍ਹਾਂ ਕਕਸ਼ ਜਾਂ ਕਮਰਾ ਵੀ ਸਾਡੀ ਸੰਭਾਲ ਕਰਦਾ ਹੈ। ਆਪਣੇ ਛੁਪਣ ਦੇ ਸਥਾਨ (ਖੋਲ) ਵਿਚ ਚਲੇ ਜਾਣ ਕਾਰਨ ‘ਕਕਸ਼ਪ’ ਸ਼ਬਦ ਦਾ ਅਰਥ ‘ਕੱਛੂਕੁੰਮਾ’ ਹੈ। ਉਂਜ ‘ਕੁੱਪ’ ਸ਼ਬਦ ‘ਕੁਤੁਪ’ ਤੋਂ ਬਣਿਆ ਹੈ।
ਬਲਜੀਤ ਬਾਸੀ ਦਾ ਇਹ ਕਿਆਫ਼ਾ ਬਿਲਕੁਲ ਸਹੀ ਹੈ ਕਿ ਕੂਪ (ਖੂਹ), ਕੁੱਪ ਤੇ ਕੁੱਪੀ ਆਦਿ ਸ਼ਬਦ ਇੱਕੋ ਸ੍ਰੋਤ ਤੋਂ ਬਣੇ ਜਾਪਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਸਾਰੇ ਸ਼ਬਦਾਂ ਦੀਆਂ ਧੁਨੀਆਂ ਸਮਾਨ ਹਨ ਤੇ ਇਹ ਕੇਵਲ ਲਗਾਂ-ਮਾਤਰਾਂ ਹੀ ਹਨ ਜਿਨ੍ਹਾਂ ਕਾਰਨ ਇਨ੍ਹਾਂ ਦੇ ਅਰਥ ਬਦਲਦੇ ਹਨ। ਪਰ ਧੁਨੀਆਂ ਦੇ ਅਰਥਾਂ ਵੱਲ ਤਾਂ ਉਹ ਆਉਂਦੇ ਹੀ ਨਹੀਂ, ਉਹ ਤਾਂ ਸ਼ਬਦਾਂ ਦੇ ਅਰਥਾਂ ਤੱਕ ਹੀ ਸੀਮਤ ਹਨ। ਇੱਥੋਂ ਹੀ ਸਾਰੀ ਉਲਝਣ ਪੈਦਾ ਹੁੰਦੀ ਹੈ। ਉਨ੍ਹਾਂ ਦੇ ਕਹਿਣ ਮੂਜਬ ਖੂਹ ਅਤੇ ਕੁੱਪੀ ਸ਼ਬਦਾਂ ਦੇ ਅਰਥਾਂ ਵਿਚ ਸਮਾਨਤਾ ਹੈ, ਪਰ ਕਿਵੇਂ? ਕੀ ਖੂਹ ਤੇ ਕੁੱਪੀ ਵੀ ਕੱਖਾਂ ਦੀ ਸੰਭਾਲ ਕਰਦੇ ਹਨ? ਦਰਅਸਲ ਉਹ ‘ਕਕਸ਼’ ਸ਼ਬਦ ਦਾ ਅਰਥ ‘ਕੱਖ’ ਕਰੀ ਬੈਠੇ ਹਨ, ਇਸ ਲਈ ਉਹ ਕੱਖਾਂ ਦੁਆਲੇ ਹੀ ਘੁੰਮੀ ਜਾ ਰਹੇ ਹਨ। ‘ਕਕਸ਼’ ਦਾ ਅਰਥ ਇੱਥੇ ਖੋਲ, ਗੁਫਾ, ਟੋਆ, ਕਮਰਾ ਜਾਂ ਛੁਪਣ-ਸਥਾਨ ਆਦਿ ਹੈ, ‘ਕੱਖ’ ਨਹੀਂ। ਇਸੇ ਲਈ ਉਹ ਇਨ੍ਹਾਂ ਅਰਥਾਂ ਵੱਲ ਆ ਹੀ ਨਹੀਂ ਰਹੇ। ਉਂਜ ਇਹ ਕੰਮ ਹੈ ਵੀ ਸਿਰੜ ਦਾ।
‘ਕੂੱਪ’ ਸ਼ਬਦ ਦਾ ਅਰਥ ਦੱਸਦਿਆਂ ਉਹ ਕਹਿੰਦੇ ਹਨ, ‘ਕੁ’ ਸ਼ਬਦ ਦਾ ਅਰਥ- ਨਿਘਾਰ, ਗਿਰਾਵਟ, ਨਿਵਾਣ ਆਦਿ ਹੈ ਅਤੇ ‘ਅਪ’ ਸ਼ਬਦ ਦਾ ਅਰਥ ਪਾਣੀ ਹੈ। ਉਨ੍ਹਾਂ ਅਨੁਸਾਰ ‘ਆਬ’ ਸ਼ਬਦ ਤੋਂ ਹੀ ‘ਅਪ’ ਸ਼ਬਦ ਬਣਿਆ ਹੈ। ‘ਅਪ’ ਸ਼ਬਦ ਦਾ ਭਾਵ ‘ਜਲ’ ਕਿਵੇਂ ਹੋਇਆ? ਇਹ ਅਰਥ ਕਿੱਥੇ ਲਿਖਿਆ ਹੋਇਆ ਹੈ? ਇਹ ਵੀ ਉਹੀ ਦੱਸਣ ਕਿ ਆਬ (ਫ਼ਾਰਸੀ) ਸ਼ਬਦ ਪਹਿਲਾਂ ਆਇਆ ਹੈ ਕਿ ਸੰਸਕ੍ਰਿਤ ਦਾ ‘ਅਪ’ ਸ਼ਬਦ? (ਭਾਵੇਂ ਉਪਰੋਕਤ ਅਰਥਾਂ ਅਨੁਸਾਰ ‘ਅਪ’ ਕੋਈ ਸ਼ਬਦ ਹੀ ਨਹੀਂ ਹੈ) ਅਰਥਾਤ ਇਸ ਗੱਲ ਦਾ ਨਿਰਣਾ ਵੀ ਉਹ ਆਪ ਹੀ ਕਰ ਲੈਣ ਕਿ ਭਾਰਤ ਵਿਚ ਪਹਿਲਾਂ ਸੰਸਕ੍ਰਿਤ ਭਾਸ਼ਾ ਆਈ ਹੈ ਕਿ ਫਾਰਸੀ? ਉਨ੍ਹਾਂ ਅਨੁਸਾਰ ‘ਆਬ’ ਤੋਂ ‘ਅਪ’ ਸ਼ਬਦ ਬਣਿਆ ਹੈ, ਇਹ ਵੀ ਇੱਕ ਨਵੀਂ ‘ਖੋਜ’ ਹੈ।
‘ਕੁ’ ਸ਼ਬਦ ਦੇ ਵੀ ਉਨ੍ਹਾਂ ਦੇ ਕੀਤੇ ਹੋਏ ਉਪਰੋਕਤ ਅਰਥ ਗਲਤ ਹਨ। ਆਮ ਵਰਤੋਂ ਅਨੁਸਾਰ ‘ਕੁ’ ਵੀ ਹਿੰਦੀ, ਪੰਜਾਬੀ ਭਾਸ਼ਾਵਾਂ ਦਾ ਇੱਕ ਅਗੇਤਰ ਹੈ ਅਤੇ ਇਸ ਦੇ ਅਰਥ ਹਨ- ਬੁਰਾ। ਕੁਸੱਤ, ਕੁਪੱਤ, ਕੁਲੱਖਣਾ ਆਦਿ ਸ਼ਬਦ ਇਸ ਅਗੇਤਰ ਤੋਂ ਹੀ ਬਣੇ ਹਨ। ‘ਕ’ ਧੁਨੀ ਦੇ ਦੋ ਅਰਥ ਹਨ। ਧੁਨੀਆਂ ਦੇ ਅਰਥਾਂ ਦੇ ਇਸ ਵਖਰੇਵੇਂ ਕਾਰਨ ਇੱਥੇ ‘ਕੁ’ ਸ਼ਬਦ ਨਾਲ ਬਣੇ ਕੁੱਪ, ਕੂਪ ਜਾਂ ਕੁੱਪੀ ਆਦਿ ਸ਼ਬਦਾਂ ਦੇ ਅਰਥ ਹੋਰ ਹਨ। ਕਿਰਪਾ ਕਰਕੇ ਨਿਰਾਧਾਰ ਕਿਆਫੇ ਨਾ ਲਾਏ ਜਾਣ। ਹਰ ਗੱਲ ਦਾ ਸਬੂਤ ਦੇਣਾ ਚਾਹੀਦਾ ਹੈ। ਸੰਸਕ੍ਰਿਤ ਮੂਲ ਵਾਲੇ ਸ਼ਬਦਾਂ ਦਾ ਸਬੂਤ ਉਹ ਸੰਸਕ੍ਰਿਤ, ਪ੍ਰਾਕਿਰਤਾਂ ਜਾਂ ਅਪਭ੍ਰੰਸ਼ਾਂ ਵਿਚੋਂ ਦੇਣ। ‘ਅਪ’ ਸ਼ਬਦ ਇੱਕ ਅਗੇਤਰ ਹੈ, ਜਿਸ ਦਾ ਅਰਥ ‘ਬੁਰਾ’ ਹੁੰਦਾ ਹੈ, ਜਿਵੇਂ ਅਪਮਾਨ, ਅਪਸ਼ਬਦ, ਅਪਜਸ ਆਦਿ, ਪਾਣੀ ਨਹੀਂ। ਅੰਗਰੇਜ਼ੀ ਦੇ ੍ਹਵਿe ਸ਼ਬਦ ਨੂੰ ਵੀ ਉਹ ਧੱਕੇ ਨਾਲ ਹੀ ‘ਕੁੱਪ’ ਸ਼ਬਦ ਨਾਲ ਜੋੜ ਰਹੇ ਹਨ। ਹਾਂ, ਕੱਪ (ਛੁਪ) ਸ਼ਬਦ ਦੀਆਂ ਧੁਨੀਆਂ ਅਤੇ ਉਨ੍ਹਾਂ ਦੇ ਅਰਥਾਂ ਦੀ ਸਮਾਨਤਾ ਹਿੰਦ-ਆਰਿਆਈ ਭਾਸ਼ਾਵਾਂ ਦੀ ਸਾਂਝ ਕਾਰਨ ਕੁਝ ਨਾ ਕੁਝ ਜ਼ਰੂਰ ਹੋ ਸਕਦੀ ਹੈ।
‘ਦੀਪ’ ਸ਼ਬਦ ਵਿਚ ਵੀ ‘ਪ’ ਜਾਂ ‘ਅਪ’ ਧੁਨੀਆਂ ਦੇ ਅਰਥ ਪਾਣੀ ਕਿਵੇਂ ਹੋਏ? ਦੀਪ (ਦਵੈ+ਪ ਜਾਂ ਅਪ) ਸ਼ਬਦ ਦੀ ਵਿਆਖਿਆ ਕਰਦਿਆਂ ਸ੍ਰੀ ਬਾਸੀ ਨੇ ਲਿਖਿਆ ਹੈ ਕਿ ਇਸ ਵਿਚ ‘ਦਵੈ’ ਸ਼ਬਦ ਦੇ ਅਰਥ ‘ਦੋ’ ਹਨ ਅਤੇ ‘ਅਪ’ (ਇੱਥੇ ‘ਅਪ’ ਨਹੀਂ ‘ਪ’ ਦੀ ਧੁਨੀ ਹੈ) ਦੇ ਅਰਥ ਪਾਣੀ ਹਨ। ਇਹ ਗੱਲ ਵੀ ਸਰਾਸਰ ਗਲਤ ਹੈ। ਉਨ੍ਹਾਂ ਨੂੰ ਲਿਖਣ ਤੋਂ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਦੀਪ ‘ਦੋਂਹ’ ਪਾਸਿਆਂ ਤੋਂ ਪਾਣੀ ਵਿਚ ਘਿਰਿਆ ਹੁੰਦਾ ਹੈ ਕਿ ‘ਚਹੁੰ’ ਪਾਸਿਆਂ ਤੋਂ? ਇੱਥੇ ਵੀ ਕੇਵਲ ‘ਪ’ ਦੀ ਧੁਨੀ ਤੇ ਉਸ ਦੇ ਵਿਸ਼ੇਸ਼ ਅਰਥ ਹਨ, ਜਿਨ੍ਹਾਂ ਦੇ ਮੇਲ ਤੋਂ ‘ਦੀਪ’ ਸ਼ਬਦ ਬਣਿਆ ਹੈ। ਪਾਣੀ ਦੇ ਅਰਥਾਂ ਵਾਲਾ ‘ਅਪ’ ਨਾਂ ਦਾ ਕੋਈ ਸ਼ਬਦ ਨਹੀਂ ਹੈ। ਕਿਰਪਾ ਕਰਕੇ ਟਪਾਰਾਂ ਨਾ ਲਾਈਆਂ ਜਾਣ। ‘ਦਵੈ’ ਦੇ ਅਰਥ ਜ਼ਰੂਰ ਦੋ ਹਨ ਪਰ ‘ਦੋ’ ਦੇ ਅਰਥ ਇੱਥੇ ਹੋਰ ਪਾਸੇ ਲੱਗਦੇ ਹਨ, ਪਾਣੀ ਲਈ ਨਹੀਂ।
ਨੋਟ: ਮੈਂ ਧੁਨੀਆਂ ਦੇ ਅਰਥਾਂ ‘ਤੇ ਖੋਜ ਕਰ ਰਿਹਾ ਹਾਂ ਅਤੇ ਮੇਰੀ ਇਹ ਖੋਜ ਲਗਭਗ ਮੁਕੰਮਲ ਹੈ ਅਤੇ ਅੱਜ-ਕੱਲ੍ਹ ਮੈਂ ‘ਸ਼ਬਦ ਕਿਵੇਂ ਬਣੇ?’ (ਧੁਨੀਆਂ ਦੇ ਅਰਥਾਂ ‘ਤੇ ਆਧਾਰਿਤ) ਨਾਂ ਦੀ ਕਿਤਾਬ ਲਿੱਖ ਰਿਹਾ ਹਾਂ। ਧੁਨੀਆਂ ਦੇ ਇਹ ਅਰਥ ਪੂਰੀ ਦੁਨੀਆਂ ਵਿਚ ਪਹਿਲੀ ਵਾਰ ਕੀਤੇ ਜਾ ਰਹੇ ਹਨ। ਉਪਰੋਕਤ ਕਾਰਨ ਕਰਕੇ ਮੈਂ ਇਸ ਪੱਤਰ ਵਿਚ ਖੁੱਲ੍ਹ ਕੇ ਧੁਨੀਆਂ ਦੇ ਅਰਥਾਂ ਬਾਰੇ ਚਰਚਾ ਨਹੀਂ ਕਰ ਸਕਿਆ। ਉਮੀਦ ਹੈ ਤੁਸੀਂ ਮੇਰੀ ਇਸ ਮਜਬੂਰੀ ਨੂੰ ਅਣਗੌਲ਼ਦਿਆਂ ਮੇਰਾ ਇਹ ਪੱਤਰ ਆਪਣੇ ਪਰਚੇ ਵਿਚ ਜ਼ਰੂਰ ਛਾਪ ਦਿਓਗੇ। ਮੈਂ ਕੋਸ਼ਿਸ਼ ਕਰਾਂਗਾ ਕਿ ਉਨ੍ਹਾਂ ਦੇ ਪਿਛਲੇ ਲੇਖਾਂ ਦੀ ਵੀ ਚੀਰ-ਫਾੜ ਕੀਤੀ ਜਾਵੇ।
-ਜਸਵੀਰ ਸਿੰਘ ਲੰਗੜੋਆ
ਫੋਨ: 91-98884-03052
ਸੇਵਾ-ਮੁਕਤ ਪੰਜਾਬੀ ਅਧਿਆਪਕ
ਕੁਲ਼ਾਮ ਰੋਡ, ਗਲੀ ਨੰæ 5,
ਹਰਿਗੋਬਿੰਦ ਨਗਰ, ਨਵਾਂਸ਼ਹਿਰ।