ਪ੍ਰਕਾਸ਼ ਝਾਅ ਦਾ ਸਿਨੇਮਾ ਤੇ ਬਿਹਾਰ

ਕੁਲਦੀਪ ਕੌਰ
ਫਿਲਮਸਾਜ਼ ਪ੍ਰਕਾਸ਼ ਝਾਅ ਫਿਲਮ Ḕਹਿੱਪ ਹਿੱਪ ਹੁੱਰੇ’ ਨਾਲ ਚਰਚਾ ਵਿਚ ਆਏ । ਇਹ ਫਿਲਮ ਗੁਲਜ਼ਾਰ ਨੇ ਲਿਖੀ ਸੀ ਤੇ ਮੁੱਖ ਭੂਮਿਕਾਵਾਂ ਦੀਪਤੀ ਨਵਲ ਅਤੇ ਰਾਜ ਕਿਰਨ ਦੀਆਂ ਸਨ। ਫਿਲਮ ਵਿਦਿਆਰਥੀ ਸਿਆਸਤ ਨਾਲ ਸਬੰਧਿਤ ਸੀ। Ḕਜ਼ਿੰਦਗੀ ਵੀ ਖੇਡ ਦਾ ਮੈਦਾਨ ਹੈ ਜਿਸ ਵਿਚ ਜਿੱਤਦਾ ਉਹੀ ਹੈ ਜੋ ਖੇਡ ਭਾਵਨਾ ਨਾਲ ਖੇਡਦਾ ਹੈ’ ਦਾ ਸੁਨੇਹਾ ਦਿੰਦੀ ਇਹ ਫਿਲਮ ਆਪਣੇ ਗੁੰਦੇ ਹੋਏ ਕਥਾਨਿਕ ਅਤੇ ਗੀਤਾਂ ਦੇ ਬੋਲਾਂ ਕਾਰਨ ਸੁਰਖੀਆਂ ਬਣੀ ਸੀ।
ਇਸ ਤੋਂ ਬਾਅਦ ਪ੍ਰਕਾਸ਼ ਨੇ ਬਣਾਈ Ḕਦਾਮੁਲ’।

1985 ਵਿਚ ਰਿਲੀਜ਼ ਹੋਈ ਇਹ ਫਿਲਮ ਬੰਧੂਆ ਮਜ਼ਦੂਰੀ ਦੇ ਜਾਤ ਅਤੇ ਜ਼ਮੀਨ ਨਾਲ ਸਬੰਧਾਂ ਬਾਰੇ ਹੈ। ਫਿਲਮ ਬਿਹਾਰ ਦੇ ਕਹਾਣੀਕਾਰ ਸਾਹੀਵਾਲ ਦੀ ਕਹਾਣੀ Ḕਕਾਲਸੂਤਰਾ’ ਉਤੇ ਆਧਾਰਿਤ ਸੀ। ਇਸ ਵਿਚ ਅਦਾਕਾਰੀ ਅਨੂ ਕਪੂਰ, ਸ਼ੀਲਾ ਮਜੂਮਦਾਰ, ਮਨੋਹਰ ਸਿੰਘ ਅਤੇ ਦੀਪਤੀ ਨਵਲ ਦੀ ਸੀ। ਫਿਲਮ ਦਾ ਮੁੱਖ ਕਿਰਦਾਰ ਆਪਣੇ ਮਾਲਿਕ ਦੀ ਮਰਜ਼ੀ ਦਾ ਗੁਲਾਮ ਹੈ ਜਿਸ ਨੂੰ ਮਾਲਿਕ ਜੁਰਮਾਂ ਦੀ ਦੁਨੀਆਂ ਵਿਚ ਧੱਕ ਦਿੰਦਾ ਹੈ। ਫਿਲਮ ਵਿਚ ਪਹਿਲੀ ਵਾਰ ਉਨ੍ਹਾਂ ਤਰਾਸਦਿਕ ਹਾਲਾਤ ਦੀ ਪੇਸ਼ਕਾਰੀ ਹੋਈ ਜਿਸ ਕਾਰਨ ਬਿਹਾਰੀ ਮਜ਼ਦੂਰਾਂ ਨੂੰ ਬੇਵੱਸ ਹੋ ਕੇ ਅਤੇ ਆਪਣੇ ਘਰ-ਬਾਰ ਛੱਡ ਕੇ ਪੰਜਾਬ ਵਰਗੇ ਸੂਬਿਆਂ ਦਾ ਰੁਖ ਕਰਨਾ ਪੈਂਦਾ ਹੈ। ਫਿਲਮ ਇੱਕ ਪਾਸੇ ਪਿਛੜੇਪਣ ਦੀ ਸਿਆਸਤ Ḕਤੇ ਨਜ਼ਰਸ਼ਾਨੀ ਕਰਦੀ ਹੈ, ਉਥੇ ਇਸ ਦੇ ਸਭ ਤੋਂ ਮਾੜੇ ਸ਼ਿਕਾਰਾਂ ਦੇ ਧਰਮ ਤੇ ਜਾਤ ਦੇ ਨਾਮ ਉਤੇ ਹੁੰਦੇ ਸ਼ੋਸ਼ਣ ਨੂੰ ਵੀ ਸੰਬੋਧਤ ਹੈ।
Ḕਦਾਮੁਲ’ ਲਈ ਕੌਮੀ ਪੁਰਸਕਾਰ ਜਿੱਤਣ ਤੋਂ ਬਾਅਦ ਪ੍ਰਕਾਸ਼ ਝਾਅ ਦੀ ਅਗਲੀ ਫਿਲਮ Ḕਪਰਿਨੀਤੀ’ ਰਾਜਸਥਾਨ ਦੀ ਲੋਕ-ਗਾਥਾ Ḕਤੇ ਆਧਾਰਿਤ ਸੀ। ਦਿਲਚਸਪ ਤੱਥ ਇਹ ਹੈ ਕਿ ਇਸ ਫਿਲਮ ਵਿਚ ਪ੍ਰਕਾਸ਼ ਝਾਅ ਜ਼ਿੰਦਗੀ ਦੀ ਵੱਖਰੀ ਹੀ ਧਾਰਨਾ ਦਰਸ਼ਕਾਂ ਅੱਗੇ ਰੱਖਦਾ ਹੈ। ਪਰਿਨੀਤੀ ਦਾ ਅਰਥ ਹੈ ਜੋ ਵਾਪਰਨਾ ਤੈਅ ਹੈ ਅਤੇ ਕਿਸੇ ਵੀ ਕੀਮਤ Ḕਤੇ ਬਦਲਿਆ ਨਹੀਂ ਜਾ ਸਕਦਾ। ਫਿਲਮ ਦੀ ਪਟਕਥਾ ਅਨੁਸਾਰ ਗਣੇਸ਼ ਅਤੇ ਉਸ ਦੀ ਪਤਨੀ ਕੁੰਜਣ ਜੋ ਘੁਮਿਆਰ ਹਨ, ਆਪਣੇ ਇਕਲੌਤੇ ਮੁੰਡੇ ਨਾਲ ਸੁਖੀ ਵਸਦੇ ਹਨ। ਹੋਣੀ ਉਨ੍ਹਾਂ ਅੱਗੇ ਜਾਲ ਵਿਛਾਉਂਦੀ ਹੈ। ਗਣੇਸ਼ ਅਤੇ ਉਸ ਦੇ ਪਰਿਵਾਰ ਨੂੰ ਇੱਕ ਧਨੀ ਸੇਠ ਜੰਗਲ ਵਿਚ ਖਾਲੀ ਪਈ ਆਪਣੀ ਧਰਮਸ਼ਾਲਾ ਸੰਭਾਲਣ ਦਾ ਕੰਮ ਦੇ ਦਿੰਦਾ ਹੈ ਜਿਥੇ ਉਸ ਦੀ ਮੁਲਾਕਾਤ ਇੱਕ ਅਮੀਰ ਪਤੀ-ਪਤਨੀ ਨਾਲ ਹੁੰਦੀ ਹੈ। ਉਹ ਵਰਗਲਾ ਕੇ ਉਨ੍ਹਾਂ ਦੇ ਮੁੰਡੇ ਨੂੰ ਆਪਣੇ ਨਾਲ ਕਿਸੇ ਦੂਰ ਸ਼ਹਿਰ ਲੈ ਜਾਂਦੇ ਹਨ। ਮੁੰਡੇ ਦੇ ਵਿਯੋਗ ਵਿਚ ਤੜਫਦੇ ਪਤੀ-ਪਤਨੀ ਨੂੰ ਜਾਪਦਾ ਹੈ ਕਿ ਜੇ ਉਹ ਅਮੀਰ ਹੁੰਦੇ ਤਾਂ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਕਦੇ ਅੱਡ ਨਹੀਂ ਸੀ ਹੋਣਾ। ਉਨ੍ਹਾਂ ਉਤੇ ਅਮੀਰ ਹੋਣ ਦੀ ਅਜਿਹੀ ਵਹਿਸ਼ਤ ਸਵਾਰ ਹੁੰਦੀ ਹੈ ਕਿ ਉਹ ਧਰਮਸ਼ਾਲਾ ਵਿਚ ਰਾਤ ਕੱਟਣ ਆਏ ਯਾਤਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਮਾਲ ਹੜੱਪ ਸਕਣ। ਇਉਂ ਪ੍ਰਕਾਸ਼ ਝਾਅ ਲਾਲਚ ਰੂਪੀ ਅਜਿਹੀ ਤਰਾਸਦੀ ਨੂੰ ਪਰਦੇ ਤੇ ਸਾਕਾਰ ਕਰਦਾ ਹੈ ਜੋ ਇਨਸਾਨ ਦੇ ਤਰਕ ਅਤੇ ਵਿਵੇਕ ਨੂੰ ਨਿਗਲ ਜਾਂਦੀ ਹੈ।
ਆਪਣੇ ਲੰਮੇ ਨਿਰਦੇਸ਼ਨ ਕੈਰੀਅਰ ਦੌਰਾਨ ਫੀਚਰ ਫਿਲਮਾਂ ਤੋਂ ਇਲਾਵਾ ਪ੍ਰਕਾਸ਼ ਝਾਅ ਨੇ ਕਈ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ। ਉਨ੍ਹਾਂ ਦੀ ਨਿਰਦੇਸ਼ਿਤ ਕੀਤੀ ਦਸਤਾਵੇਜ਼ੀ ਫਿਲਮ Ḕਲੋਕ ਨਾਇਕ’ ਜੋ ਸਮਾਜਵਾਦੀ ਨੇਤਾ ਜੈ ਪ੍ਰਕਾਸ਼ ਨਰਾਇਣ ਦੀ ਸਿਆਸਤ Ḕਤੇ ਆਧਾਰਿਤ ਸੀ, ਬਿਹਾਰ ਦੀ ਰਾਜਨੀਤੀ ਦਾ ਮਹਤੱਵਪੂਰਨ ਦਸਤਾਵੇਜ਼ ਹੈ। 2010 ਵਿਚ ਉਨ੍ਹਾਂ ਦੀ ਫਿਲਮ Ḕਰਾਜਨੀਤੀ’ ਨੇ ਬਾਕਸ ਆਫਿਸ Ḕਤੇ ਚੰਗੀ ਕਮਾਈ ਕੀਤੀ। ਇਸ ਦੀ ਪਟਕਥਾ ਮਹਾਭਾਰਤ ਵਰਗੇ ਇਤਿਹਾਸਕ ਮਹਾਂ-ਕਾਵਿ Ḕਤੇ ਆਧਾਰਿਤ ਹੋਣ ਕਾਰਨ ਇਹ ਗੁੰਝਲਦਾਰ ਤਾਂ ਸੀ ਹੀ, ਨਾਲ ਹੀ ਮੌਜੂਦਾ ਸਿਆਸਤ ਦੇ ਮੁਹਾਂਦਰੇ ਨੂੰ ਵੀ ਉਭਾਰਦੀ ਹੈ। ਸਿਆਸੀ ਪੈਂਤੜੇਬਾਜ਼ੀ, ਸਿਆਸੀ ਪਰਿਵਾਰਾਂ ਦੇ ਰਿਸ਼ਤਿਆਂ ਵਿਚਲੀ ਸਿਆਸਤ ਅਤੇ ਉਸ ਵਿਚੋਂ ਨਿਕਲਦੀ ਹਿੰਸਾ ਨੂੰ ਉਹ ਆਪਣੇ ਕੈਮਰੇ ਰਾਹੀਂ ਕੈਦ ਕਰਦਾ ਹੈ। ਮਹਾਂਭਾਰਤ ਹਰ ਯੁੱਗ ਵਿਚ ਜਾਰੀ ਹੈ- ਨਾ ਇਸ ਦਾ ਕੋਈ ਆਦਿ ਹੈ, ਨਾ ਅੰਤ। Ḕਸੱਤਿਆਗ੍ਰਹਿ’ ਦੀ ਕਹਾਣੀ ਅਤੇ ਇਸ ਨਾਲ ਜੁੜੇ ਵਿਵਾਦ ਵੀ ਘੱਟ ਦਿਲਚਸਪ ਨਹੀਂ। ਫਿਲਮ ਉਸ ਸਮੇਂ ਆਈ ਜਦੋਂ ਅੰਨਾ ਹਜ਼ਾਰੇ ਲੋਕਪਾਲ ਬਿੱਲ ਪਾਸ ਕਰਾਉਣ ਲਈ Ḕਸੱਤਿਆਗ੍ਰਹਿ’ ਕਰ ਰਹੇ ਸਨ। ਮੁਲਕ ਵਿਚ ਭ੍ਰਿਸ਼ਟਾਚਾਰੀਆਂ ਵਿਰੁੱਧ ਤਿੱਖਾ ਰੋਸ ਸਿਰ ਚੁੱਕ ਰਿਹਾ ਸੀ। ਫਿਲਮ ਵਿਚ ਵਿਚਾਰ ਦੇ ਪੱਧਰ Ḕਤੇ ਕੁਝ ਵੀ ਇੱਦਾਂ ਦਾ ਨਹੀਂ ਸੀ ਜੋ ਸਮੇਂ ਦੀ ਨਬਜ਼ ਪਕੜ ਸਕਦਾ।