ਧਰਮ ਅਤੇ ਰਾਜਨੀਤੀ

ਜਿਸ ਜੋਰ ਸ਼ੋਰ ਨਾਲ ਅਕਾਲੀ ਦਲ ਮੀਰੀ-ਪੀਰੀ ਸ਼ਬਦਾਂ ਨਾਲ ਸਿੱਖ ਵੋਟਰ ਨੂੰ ਭਰਮਾਉਂਦਾ ਰਿਹਾ ਹੈ, ਬਿੱਲੀ ਆਖਰ ਥੈਲਿਓਂ ਬਾਹਰ ਆ ਹੀ ਗਈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਵਿਚ ਅਕਾਲੀ ਦਲ, ਜਿੰਦੂਆ ਤੇ ਰਸ-ਬਿੰਦੂਆ ਦੋਵੇਂ ਸਕੇ ਭਰਾ ਹਨ।

ਅਫਵਾਹ ਦੇ ਆਧਾਰ ‘ਤੇ ਮੰਦਰ ਵਿਚੋਂ ਐਲਾਨ ਕਰਕੇ ਜਿਵੇਂ ਦਾਦਰੀ ਵਿਖੇ ਮੁਸਲਮਾਨ ਪਰਿਵਾਰ ਦੇ ਕਤਲ, ਦਲਿਤ ਪਰਿਵਾਰ ਨੂੰ ਜਿਊਂਦਾ ਸਾੜਨ, ਨਾਮਵਰ ਸਾਹਿਤਕਾਰਾਂ ਦੇ ਕਤਲਾਂ ਬਾਅਦ ਪ੍ਰਧਾਨ ਮੰਤਰੀ ਚੁਪ ਰਹੇ, ਵੀæਕੇæ ਸਿੰਘ ਦਾ ਬਿਆਨ ਛਪਿਆ, “ਕੋਈ ਕੁੱਤੇ ਨੂੰ ਪੱਥਰ ਮਾਰੇ ਤਾਂ ਕੇਂਦਰ ਕਿਵੇਂ ਜਿਮੇਵਾਰ?”
2007 ਵਿਚ ਸਿਰਸਾ ਡੇਰਾ ਮੁਖੀ ਨੂੰ ਛੇਕਣਾ, 2015 ਵਿਚ ਖਿਮਾ ਕਰਨਾ, ਮਹੀਨੇ ਅੰਦਰ ਫਿਰ ਛੇਕਣਾ, ਕਿਸ ਕਿਸਮ ਦਾ ਧਰਮੀ-ਪ੍ਰਯੋਗਵਾਦ ਹੈ? ਜਿਨ੍ਹਾਂ ਪੰਜ ਪਿਆਰਿਆਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ, ਉਨ੍ਹਾਂ ਦੀ ਮਨਸ਼ਾ ਦੂਸ਼ਿਤ ਪ੍ਰਬੰਧ ਨੂੰ ਸਾਫ ਕਰਨਾ ਹੈ। ਇਨ੍ਹਾਂ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਅਤੇ ਮੋਢਿਆਂ ਉਪਰ ਨਿਸ਼ਾਨ ਸਾਹਿਬ ਝੁਲਾ ਕੇ ਨਗਰ ਕੀਰਤਨਾਂ ਦੀ ਅਗਵਾਈ ਕਰਨ ਦੀਆਂ ਜ਼ਿਮੇਵਾਰੀਆਂ ਨਿਭਾਈਆਂ ਹਨ। ਇਨ੍ਹਾਂ ਨੂੰ ਸਸਪੈਂਡ ਕਰਨਾ, ਦੂਰ ਬਦਲੀਆਂ ਕਰਨੀਆਂ ਦਸਮ ਪਾਤਸ਼ਾਹ ਦੀ ਪੰਚ-ਪ੍ਰਧਾਨੀ ਪ੍ਰਥਾ ਦਾ ਨਿਰਾਦਰ ਹੈ। ਇਕ ਸਦੀ ਪਹਿਲਾਂ ਹੂਬਹੂ ਇਹੋ ਜਿਹੇ ਹਾਲਾਤ ਮਹੰਤਾਂ ਨੇ ਪੈਦਾ ਕੀਤੇ ਸਨ ਤਾਂ ਸਿੰਘ ਸਭਾ ਲਹਿਰ ਨੇ ਜਨਮ ਲਿਆ ਸੀ।
ਉਦੋਂ ਅਕਾਲੀ ਲੀਡਰਾਂ ਨੇ ਸੰਤ ਅਤਰ ਸਿੰਘ ਨੂੰ ਦੱਸਿਆ, ਬਾਬਾ ਜੀ, ਮਹੰਤ ਗੁਰੂਘਰਾਂ ਵਿਚੋਂ ਨਿਕਲ ਗਏ, ਸ਼ੁਕਰਾਨੇ ਦੀ ਅਰਦਾਸ ਕਰੋ।
ਬਾਬਾ ਜੀ ਨੇ ਕਿਹਾ, ਮਹੰਤ ਚੰਗੇ ਹੋਣਗੇ ਜਿਹੜੇ ਨਿਕਲ ਗਏ। ਤੁਹਾਨੂੰ ਕੱਢਣਾ ਬੜਾ ਔਖਾ ਹੋਵੇਗਾ।
ਸਜ਼ਾਵਾਂ ਦੇਣ ਦੀ ਥਾਂ ਅਕਾਲੀ ਦਲ ਪੜ੍ਹਿਆ ਵਿਚਾਰੇ ਤਾਂ ਭਲਾ ਹੋਵੇ।
-ਡਾæ ਹਰਪਾਲ ਸਿੰਘ ਪੰਨੂ
ਪ੍ਰੋਫੈਸਰ ਸਿੱਖ ਅਧਿਐਨ
ਪੰਜਾਬੀ ਯੂਨੀਵਰਸਿਟੀ, ਪਟਿਆਲਾ