ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਉਪਰੋਥਲੀ ਵਾਪਰੀਆਂ ਘਟਨਾਵਾਂ ਨੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕਾ ਦਿੱਤੀ ਹੈ। ਕਿਸਾਨ ਅੰਦੋਲਨ, ਡੇਰਾ ਸਿਰਸਾ ਮੁਖੀ ਨੂੰ ਮੁਆਫੀ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਪਿਛੋਂ ਪੰਜਾਬ ਸਰਕਾਰ ਲਾਚਾਰ ਤੇ ਬੇਵਸ ਦਿਖਾਈ ਦੇ ਰਹੀ ਹੈ।
ਸੱਤਾਧਾਰੀ ਧਿਰ ਨਾਲ ਜੁੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਹੋਰ ਸਿਆਸੀ ਆਗੂ ਧੜਾਧੜ ਅਸਤੀਫੇ ਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ, ਸੱਤਾਧਾਰੀ ਧਿਰ ਦੇ ਆਗੂ, ਤਖਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਜਨਤਕ ਸਮਾਗਮਾਂ ਵਿਚ ਜਾਣ ਤੋਂ ਪਾਸਾ ਵੱਟ ਰਹੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਅੰਦਰ ਤਣਾਅਪੂਰਨ ਹਾਲਾਤ ਨਾਲ ਸਿੱਝਣ ਲਈ ਨਾਜ਼ੁਕ ਖੇਤਰਾਂ ਵਿਚ ਨੀਮ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ 10 ਕੰਪਨੀਆਂ ਭੇਜੀਆਂ ਹਨ। ਇਨ੍ਹਾਂ ਵਿਚੋਂ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰਾਂ ਵਿਚ 3-3 ਕੰਪਨੀਆਂ ਤੇ ਇੱਕ ਕੰਪਨੀ ਤਰਨਤਾਰਨ ਜ਼ਿਲ੍ਹੇ ਵਿਚ ਤਾਇਨਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ 25 ਕੰਪਨੀਆਂ ਮੰਗੀਆਂ ਸਨ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ੁਦ ਮੰਨ ਰਹੇ ਹਨ ਕਿ ਸੂਬੇ ਦੇ ਲੋਕਾਂ ਵਿਚ ਫੈਲੇ ਰੋਹ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਨੁਕਸਾਨ ਝੱਲਣਾ ਪਵੇਗਾ। ਪੰਜਾਬ ਦੀ ਸੱਤਾ ਵਿਚ ਭਾਈਵਾਲ ਹੋਣ ਦੇ ਬਾਵਜੂਦ ਅਕਾਲੀਆਂ ਵੱਲੋਂ ਇਕੱਲਿਆਂ ਹੀ ਇਸ ਸੰਕਟ ਨਾਲ ਨਜਿੱਠਿਆ ਜਾ ਰਿਹਾ ਹੈ। ਸੂਬੇ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਾਮੋਸ਼ ਹਨ। ਬੇਅਦਬੀ ਮਾਮਲੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਸਮੇਤ ਕਈ ਸੀਨੀਅਰ ਆਗੂਆਂ ਨੇ ਅਸਤੀਫੇ ਦੇ ਦਿੱਤੇ ਹਨ। ਪੰਜਾਬ ਭਰ ਦੀਆਂ ਪੰਚਾਇਤਾਂ ਵੀ ਸਮੂਹਿਕ ਅਸਤੀਫੇ ਦੇਣ ਦੀ ਤਿਆਰੀ ਕਰ ਰਹੀਆਂ ਹਨ।
ਬਹਿਬਲ ਪਿੰਡ ਵਿਚ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਮੌਤ ਬਾਰੇ ਅਕਾਲੀ ਦਲ ਕੋਈ ਵੀ ਸਟੈਂਡ ਲੈਣ ਤੋਂ ਕਸੂਤੀ ਸਥਿਤੀ ਵਿਚ ਹੈ। ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਦੀ ਮੁਆਫੀ ਵਾਲਾ ਫੈਸਲਾ ਰੱਦ ਕਰ ਕੇ ਅਕਾਲੀ ਦਲ ਨੂੰ ਦੁਚਿੱਤੀ ਵਿਚ ਪਾ ਦਿੱਤਾ ਹੈ। ਅਕਾਲੀ ਦਲ ਦੀ ਕੋਰ ਕਮੇਟੀ ਵੀ ਸਿੰਘ ਸਾਹਿਬਾਨ ਦੇ ਫੈਸਲੇ ਦਾ ਸਵਾਗਤ ਜਾਂ ਵਿਰੋਧ ਕਰਨ ਦਾ ਫੈਸਲਾ ਨਹੀਂ ਲੈ ਸਕੀ। ਜੇ ਤਾਜ਼ਾ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਹੈ ਤਾਂ ਡੇਰਾ ਪ੍ਰੇਮੀਆਂ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰ ਉਤੇ ਸਵਾਲ ਉੱਠ ਰਹੇ ਹਨ ਕਿ ਡੇਰਾ ਪ੍ਰੇਮੀਆਂ ਨੇ ਡੇਰਾ ਮੁਖੀ ਦੀ ਫਿਲਮ ਖਾਤਰ ਰੇਲਾਂ ਰੋਕੀਆਂ, ਕਿਸਾਨਾਂ ਨੇ ਅੰਦੋਲਨ ਕੀਤਾ, ਪਰ ਗੋਲੀ ਨਹੀਂ ਚੱਲੀ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸ਼ਾਂਤਮਈ ਸੰਘਰਸ਼ ਕਰ ਰਹੀ ਸਿੱਖ ਸੰਗਤ ‘ਤੇ ਗੋਲੀ ਚਲਾਉਣ ਦੀ ਕੀ ਲੋੜ ਪੈ ਗਈ?
ਬੇਅਦਬੀ ਮਾਮਲੇ ਵਿਚ ਜਿਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਗੁਰੂ ਘਰਾਂ ਦੇ ਸੇਵਾਦਾਰ ਹਨ ਤੇ ਗੁਰੂ ਘਰਾਂ ਵਿਚ ਮੁਲਾਜ਼ਮ ਵਜੋਂ ਨਿਯੁਕਤੀਆਂ ਵਿਚ ਹੁੰਦੇ ਪੱਖਪਾਤ ਤੋਂ ਨਾਰਾਜ਼ ਸਨ। ਪਿੰਡ ਘਵੱਦੀ ਦੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਉਥੋਂ ਦੀ ਹੀ ਅੰਮ੍ਰਿਤਧਾਰੀ ਮਹਿਲਾ ਸੇਵਾਦਾਰ ਨੇ ਹੀ ਨੁਕਸਾਨ ਪਹੁੰਚਾਇਆ ਸੀ। ਉਹ ਆਪਣੇ ਲੜਕੇ ਹੱਥੋਂ ਗੁਰਦੁਆਰੇ ਦੀ ਪ੍ਰਧਾਨਗੀ ਜਾਣ ਕਾਰਨ ਖਾਸੀ ਨਾਰਾਜ਼ ਸੀ। ਇਸ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਉਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਹੀ ਇਕ ਮੁਲਾਜ਼ਮ ਜੋਗਾ ਸਿੰਘ ਨੇ ਇਸ ਕਰ ਕੇ ਹਮਲੇ ਕੀਤਾ ਸੀ ਕਿਉਂਕਿ ਉਹ ਕਮੇਟੀ ਵਿਚ ਪੱਕਾ ਹੋਣ ਲਈ ਹੋ ਰਹੀ ਖੱਜਲ ਖੁਆਰੀ ਤੋਂ ਨਾਰਾਜ਼ ਸੀ। ਇਹ ਜੱਗ ਜ਼ਾਹਿਰ ਹੈ ਕਿ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਪੂਰੀ ਤਰ੍ਹਾਂ ਬਾਦਲ ਪਰਿਵਾਰ ਦੀ ਮਰਜ਼ੀ ਚੱਲਦੀ ਹੈ। ਸ਼੍ਰੋਮਣੀ ਕਮੇਟੀ ਵਿਚ ਸਿਫਾਰਸ਼ੀ ਨਿਯੁਕਤੀਆਂ ਵੀ ਇਸ ਰੋਹ ਦਾ ਹਿੱਸਾ ਹਨ।
ਉਧਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦਾ ਰੋਹ ਤੇ ਰੋਸ ਝੱਲਣਾ ਪਿਆ। ਕਰਮਚਾਰੀਆਂ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਮੌਕੇ ਉਨ੍ਹਾਂ ਦਾ ਵਿਰੋਧ ਕੀਤਾ। ਇਹ ਅਖੰਡ ਪਾਠ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਪਸ਼ਚਾਤਾਪ, ਮਾਰੇ ਗਏ ਸਿੱਖਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀ ਹੋਏ ਸਿੱਖਾਂ ਦੀ ਸਿਹਤਯਾਬੀ ਲਈ ਰਖਵਾਇਆ ਗਿਆ ਸੀ। ਸਮੂਹ ਕਰਮਚਾਰੀਆਂ ਨੇ ਡੀæਸੀæ ਦਫ਼ਤਰ ਤਕ ਰੋਸ ਮਾਰਚ ਕੀਤਾ ਤੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਵਾਸਤੇ ਆਪਣੀ ਦੋ ਦਿਨ ਦੀ ਤਨਖ਼ਾਹ ਦੇਣ ਦਾ ਐਲਾਨ ਕੀਤਾ।
ਬਰਗਾੜੀ ਕਾਂਡ ਪਿਛੇ ਵਿਦੇਸ਼ੀ ਹੱਥ?
ਚੰਡੀਗੜ੍ਹ: ਪੁਲਿਸ ਨੇ ਪਿੰਡ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਸੁੱਟਣ ਦੀ ਘਟਨਾ ਦੇ ਦੋਸ਼ ਵਿਚ ਪਿੰਡ ਪੰਜਗਰਾਈਂ ਦੇ ਦੋ ਸਕੇ ਭਰਾਵਾਂ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਦੇ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਘਟਨਾ ਪਿੱਛੇ ਵਿਦੇਸ਼ ‘ਚ ਬੈਠੇ ਵਿਅਕਤੀਆਂ ਦਾ ਹੱਥ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੁਪਿੰਦਰ ਸਿੰਘ ਦਾ ਆਸਟਰੇਲੀਆ ਅਤੇ ਦੁਬਈ ‘ਚ ਕੁੱਝ ਵਿਅਕਤੀਆਂ ਨਾਲ ਰਾਬਤਾ ਸੀ ਜਿਨ੍ਹਾਂ ਤੋਂ ਖਾਤਿਆਂ ਵਿਚ ਪੈਸੇ ਜਮ੍ਹਾਂ ਕਰਾਉਣ ਦੀ ਮੰਗ ਵੀ ਕੀਤੀ ਗਈ ਸੀ। ਰੁਪਿੰਦਰ ਸਿੰਘ ਨੇ ਕੁੱਝ ਮਹੀਨੇ ਪਹਿਲਾਂ ਹੀ ਅੰਮ੍ਰਿਤ ਛਕਿਆ ਹੈ।
ਕਬੱਡੀ ਕੱਪ ਰੱਦ: ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਧਦੀਆਂ ਘਟਨਾਵਾਂ ਅਤੇ ਸੂਬੇ ਵਿਚ ਸਿੱਖ ਸੰਗਤਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਪੰਜਾਬ ਸਰਕਾਰ ਨੇ 14 ਤੋਂ 28 ਨਵੰਬਰ ਤਕ ਹੋਣ ਵਾਲਾ ਵਿਸ਼ਵ ਕਬੱਡੀ ਕੱਪ ਰੱਦ ਕਰ ਦਿੱਤਾ ਹੈ। ਇਹ ਐਲਾਨ ਉਪ ਮੁੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ।
_______________________________
ਡੰਡੇ ਦੀ ਪੀਰ ਪੰਜਾਬ ਸਰਕਾਰ
ਚੰਡੀਗੜ੍ਹ: ਪੰਜਾਬ ਦੇ ਲੋਕਾਂ ਵਿਚ ਇਹ ਧਾਰਨਾ ਬਣ ਗਈ ਹੈ ਕਿ ਸਰਕਾਰ ‘ਤੇ ਚੜ੍ਹਾਈ ਕਰਨ ਤੋਂ ਬਿਨਾਂ ਉਹ ਕਿਸੇ ਦੀ ਗੱਲ ਨਹੀਂ ਸੁਣਦੀ। ਕਿਸਾਨ ਜਥੇਬੰਦੀਆਂ ਨੇ 18 ਸਤੰਬਰ ਤੋਂ ਪਹਿਲਾਂ ਲਗਾਤਰ ਡੀæਸੀæ ਦਫਤਰਾਂ ਸਾਹਮਣੇ ਧਰਨੇ ਤੇ ਬਾਅਦ ਵਿਚ ਛੇ ਦਿਨ ਰੇਲਾਂ ਰੋਕੀਂ ਰੱਖੀਆਂ ਤਾਂ ਕਿਤੇ ਜਾ ਕੇ ਪੰਜਾਬ ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ। ਪੰਥਕ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਨੂੰ ਮੁਆਫੀ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸਰਬੱਤ ਖਾਲਸਾ ਬੁਲਾਉਣ ਦੇ ਫੈਸਲੇ ਪਿੱਛੋਂ ਜਥੇਦਾਰਾਂ ਨੂੰ ਯੂ-ਟਰਨ ਲੈਣੀ ਪਈ। ਗੁਰੂ ਗ੍ਰੰਥ ਸਾਹਿਬ ਦੀ ਬੀੜ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿਚੋਂ ਪਹਿਲੀ ਜੂਨ ਨੂੰ ਚੋਰੀ ਹੋਈ ਸੀ। ਪਿੰਡ ਦੇ ਲੋਕਾਂ ਨੇ ਐਫ਼ਆਈæਆਰæ ਵੀ ਦਰਜ ਕਰਵਾਈ ਤੇ ਡੀæਸੀæ ਦਫਤਰ ਸਾਹਮਣੇ ਧਰਨੇ ਵੀ ਦਿੱਤੇ, ਪਰ ਪੁਲਿਸ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹੀ। 14 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਦੇ ਬਰਗਾੜੀ ਪਿੰਡ ਵਿਚ ਖਿੱਲਰੇ ਪੱਤਰਿਆਂ ਦੀ ਸੂਚਨਾ ਨੇ ਪਹਿਲਾਂ ਹੀ ਨਿਰਾਸ਼ ਤੇ ਮਾਨਸਿਕ ਪੀੜਾ ਵਿਚੋਂ ਗੁਜ਼ਰ ਰਹੀ ਸਿੱਖ ਸੰਗਤ ਦਾ ਗੁੱਸਾ ਜੰਗਲ ਦੀ ਅੱਗ ਵਾਂਗ ਫੈਲਾਉਣ ਦਾ ਕੰਮ ਕੀਤਾ।