ਫੁੱਟਬਾਲ ਖਿਡਾਰੀ ਸਰਦਾਰੀ ਲਾਲ ਸਰਹਾਲਾ ਖੁਰਦ

ਇਕਬਾਲ ਸਿੰਘ ਜੱਬੋਵਾਲੀਆ
ਮਾਹਿਲਪੁਰ ਦੀ ਧਰਤੀ ਨੇ ਅਰਜਨ ਐਵਾਰਡੀ, ਏਸ਼ੀਅਨ ਸਟਾਰ ਤੇ ਮਹਾਨ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਹੀ ਖਿਡਾਰੀਆਂ ਵਿਚੋਂ ਮਾਹਿਲਪੁਰ ਦੀ ਧਰਤੀ ਨੂੰ ਮਾਣ ਬਖਸ਼ਣ ਵਾਲਾ ਸਰਹਾਲਾ ਖੁਰਦ ਦਾ ਸਰਦਾਰੀ ਲਾਲ ਵੀ ਜ਼ਬਰਦਸਤ ਖਿਡਾਰੀ ਹੋਇਆ ਹੈ।

ਮਾਤਾ ਚੰਨਣ ਦੇਵੀ ਅਤੇ ਸ੍ਰੀ ਸ਼ਾਹਕੋਟੀ ਰਾਮ ਦੇ ਘਰ 5 ਅਪਰੈਲ 1961 ਨੂੰ ਜਨਮੇ ਸਰਦਾਰੀ ਲਾਲ ਨੇ ਮਿਡਲ ਤਕ ਦੀ ਪੜ੍ਹਾਈ ਪਿੰਡੋਂ ਤੇ ਦਸਵੀਂ ਪਿੰਡ ਭਾਮ ਤੋਂ ਕੀਤੀ। ਉਥੇ ਹੀ ਖੇਡਣ ਦਾ ਜਾਗ ਲੱਗਿਆ। ਸਕੂਲ ਦੇ ਹੈਡਮਾਸਟਰ ਹਰਬੰਸ ਸਿੰਘ ਮੰਝ ਨੇ ਹੌਸਲਾ-ਅਫਜ਼ਾਈ ਕੀਤੀ, ਮੈਚ ਖੇਡਣ ਜਾਣ ਲੱਗੇ ਦੀ ਮਾਇਕ ਸਹਾਇਤਾ ਕਰ ਦੇਣੀ ਜਿਸ ਨੂੰ ਉਹ ਅੱਜ ਤੱਕ ਨਹੀਂ ਭੁਲਿਆ।
ਸਰਦਾਰੀ ਲਾਲ ਫੁੱਟਬਾਲ ਦਾ ਤਕੜਾ ਖਿਡਾਰੀ ਹੋਣ ਦੇ ਨਾਲ ਨਾਲ ਪੜ੍ਹਾਈ ‘ਚ ਵੀ ਸਭ ਤੋਂ ਅੱਗੇ ਰਹਿੰਦਾ ਰਿਹਾ ਹੈ। ਫਸਟ ਡਵੀਜ਼ਨ ਵਿਚ ਦਸਵੀਂ ਕਰਨ ਬਾਅਦ ਗਿਆਰਵੀਂ ‘ਚ ਸਪੋਰਟਸ ਵਿੰਗ ਮਾਹਿਲਪੁਰ ਫੁੱਟਬਾਲ ਦੇ ਪ੍ਰਸਿੱਧ ਕੋਚ ਅਲੀ ਹਸਨ ਕੋਲ ਜਾ ਦਾਖਲ ਹੋਇਆ। ਉਦੋਂ ਹੀ ਸਪੋਰਟਸ ਵਿੰਗ ਮਾਹਿਲਪੁਰ ਵਲੋਂ ਕਈ ਤਕੜੇ ਮੈਚ ਖੇਡੇ। ਪੰਜਾਬ ਸਟੇਟ ਸਕੂਲ ਟੂਰਨਾਮੈਂਟ ਜਿੱਤਿਆ। ਮਾਹਿਲਪੁਰ ਵਿੰਗ ‘ਚ ਖੇਡਦਿਆਂ ਬੜੀ ਮਿਹਨਤ ਕੀਤੀ। ਸਵੇਰੇ 5 ਵਜੇ ਉਠ ਕੇ ਗਰਾਊਂਡ ਚਲੇ ਜਾਣਾ, 9 ਵਜੇ ਤੱਕ ਗੇਮ ਕਰਨੀ ਤੇ ਵਾਪਸ ਆ ਕੇ ਦੁੱਧ, ਅੰਡੇ ਤੇ ਫ਼ਰੂਟ ਵਗੈਰਾ ਦਾ ਨਾਸ਼ਤਾ ਕਰਨਾ ਤੇ ਫਿਰ ਗਿਆਰਵੀਂ ਕਲਾਸ ਦਾ ਪੀਰੀਅਡ ਲਾਉਣਾ। ਉਥੋਂ ਹੀ ਹਾਇਰ ਸੈਕੰਡਰੀ ਪਾਸ ਕੀਤੀ। ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰ ਕੇ ਕੋਚ ਨੇ ਅੱਗੇ ਪੜ੍ਹਨ ਲਈ ਪ੍ਰੇਰਿਆ। ਇਹ ਵੀ ਕਿਹਾ ਕਿ ਖਰਚੇ ਦੀ ਪ੍ਰਵਾਹ ਨਾ ਕਰੇ, ਸਾਰਾ ਖਰਚਾ ਉਹ ਚੁੱਕੇਗਾ; ਪਰ ਘਰ ਦੀਆਂ ਮਜਬੂਰੀਆਂ ਕਰ ਕੇ ਉਹ ਅੱਗੇ ਨਾ ਪੜ੍ਹ ਸਕਿਆ।
ਸਕੂਲਾਂ ਦੀ ਨੈਸ਼ਨਲ ਅੰਮ੍ਰਿਤਸਰ ਖੇਡੀ। ਸੰਨ 1978 ‘ਚ ਆਲ ਇੰਡੀਆ ਰੂਰਲ ਫੁੱਟਬਾਲ ਟੂਰਨਾਮੈਂਟ ਪੱਛਮੀ ਬੰਗਾਲ ਦੇ ਨਾਦੀਆ ਸ਼ਹਿਰ ਵਿਚ ਖੇਡਿਆ ਅਤੇ ਉਨ੍ਹਾਂ ਦੀ ਟੀਮ ਨੇ ਪੱਛਮੀ ਬੰਗਾਲ ਨੂੰ ਹਰਾ ਕੇ ਆਲ ਇੰਡੀਆ ਟੂਰਨਾਮੈਂਟ ਦੀ ਟਰਾਫੀ ਜਿੱਤੀ। ਹਾਰ ਦੀ ਨਮੋਸ਼ੀ ਨਾ ਸਹਾਰਦਿਆਂ ਸਥਾਨਕ ਲੋਕਾਂ ਨੇ ਪੰਜਾਬ ਦੇ ਖਿਡਾਰੀਆਂ ਨਾਲ ਬਹੁਤ ਧੱਕਾ ਕੀਤਾ, ਇੱਟਾਂ-ਪੱਥਰ ਮਾਰੇ। ਪੰਜਾਬ ਦੇ ਖਿਡਾਰੀ ਚੁੱਪ-ਚਾਪ ਵਾਪਸ ਆ ਗਏ ਤੇ ਜਿੱਤ ਦਾ ਸਿਹਰਾ ਪੰਜਾਬ ਸਿਰ ਬੰਨ੍ਹਿਆ।
ਗਿਆਰਵੀਂ ਕਰਨ ਤੋਂ ਬਾਅਦ ਸਰਦਾਰੀ ਲਾਲ ਸਿਵਲ ਇੰਜਨੀਅਰਿੰਗ ਲਈ ਰਾਮਗੜ੍ਹੀਆ ਪਾਲੀਟੈਕਨਿਕ ਕਾਲਜ ਫਗਵਾੜੇ ਜਾ ਦਾਖਲ ਹੋਇਆ। ਪੰਜਾਬ ਪੁਲਿਸ ਵਿਚ ਇੰਸਪੈਕਟਰ ਦੀ ਸੇਵਾ ਨਿਭਾਅ ਰਹੇ ਉਸ ਦੇ ਗਰਾਈਂ ਮਹਿੰਦਰ ਸਿੰਘ ਨੂੰ ਆਈæਪੀæਐਸ਼ ਸ਼ ਧਰਮ ਸਿੰਘ ਮੋਹੀ ਨੇ ਕਪੂਰਥਲਾ ਸਪੋਰਟਸ ਕੋਟੇ ਵਿਚ ਫੁੱਟਬਾਲ ਦੇ ਤਕੜੇ ਖਿਡਾਰੀ ਲਿਆਉਣ ਲਈ ਕਿਹਾ, ਤੇ ਉਹ ਸਰਦਾਰੀ ਲਾਲ, ਅਜੈਬ ਸਿੰਘ ਤੇ ਚੰਨਣ ਸਿੰਘ ਡੀæਪੀæਐਡæ ਨੂੰ ਲੈ ਗਿਆ। ਤਕੜੀ ਗੇਮ ਕਰ ਕੇ ਜ਼ਿਲ੍ਹਾ ਕਪੂਰਥਲਾ ਦੀਆਂ ਗੇਮਾਂ ‘ਚ ਚਮਕਿਆ। ਅਜੈਬ ਸਿੰਘ ਚੀਮਾ, ਮਨਜੀਤ ਸਿੰਘ ਅਤੇ ਡੀæਐਸ਼ਪੀæ ਗੋਪਾਲ ਦਾਸ ਜਿਹੇ ਕਪੂਰਥਲਾ ਕੋਟੇ ਦੇ ਖਿਡਾਰੀ ਹੁੰਦੇ ਸਨ। ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ ਦੇ ਛੋਟੇ ਭਾਈ ਭਜਨ ਸਿੰਘ ਦਾ ਸਾਥੀ ਖਿਡਾਰੀ ਬਣ ਕੇ ਵੀ ਕਈ ਮੈਚ ਲਾਏ। ਪੁਲਿਸ ਟ੍ਰੇਨਿੰਗ ਤੋਂ ਬਾਅਦ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਕੰਬਾਈਡ ਰੇਂਜ਼ ਵਲੋਂ ਮੈਚ ਖੇਡੇ।
ਸਰਦਾਰੀ ਲਾਲ ਤੋਂ ਬਿਨਾਂ ਇਸੇ ਪਿੰਡ ਦੇ ਕਸ਼ਮੀਰ ਸਿੰਘ (ਐਨæਆਈæਐਸ਼ ਸਰਵਿਸ ਦਾ ਕਪਤਾਨ), ਸੁੱਚਾ ਸਿੰਘ ਸਿੱਖ ਸੈਂਟਰ, ਇਕਬਾਲ ਸਿੰਘ ਗੋਲਾ (ਪੰਜਾਬ ਪੁਲਿਸ), ਚੰਨਣ ਸਿੰਘ (ਡੀæਪੀæਐਡæ), ਕਰਮ ਸਿੰਘ (ਸਿੱਖ ਸੈਂਟਰ), ਅਜੈਬ ਸਿੰਘ, ਓਂਕਾਰ ਸਿੰਘ, ਗੁਰਦਿਆਲ ਸਿੰਘ (ਪੰਜਾਬ ਪੁਲਿਸ) ਅਤੇ ਕੁਲਵਰਨ ਸਿੰਘ ਪਿੰਡ ਦੇ ਜ਼ਬਰਦਸਤ ਖਿਡਾਰੀ ਹੋਏ ਹਨ। ਕੁਲਵਰਨ ਸਿੰਘ ਐਮæਐਸਸੀæ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੇਤੀਬਾੜੀ ਵਿਭਾਗ ਦੇ ਅਫਸਰ ਰਹਿ ਚੁੱਕੇ ਹਨ। ਉਸ ਨੇ ਵੀ ਪਿੰਡ ਦੇ ਖਿਡਾਰੀਆਂ ਦੀ ਬੜੀ ਮਦਦ ਕੀਤੀ। ਅੱਜ ਕੱਲ੍ਹ ਉਹ ਆਸਟਰੇਲੀਆ ਵੱਸਦੇ ਹਨ।
ਇਸੇ ਪਿੰਡ ਦੇ ਹਰਜਿੰਦਰ ਸਿੰਘ ਏਅਰ ਵਾਈਸ-ਮਾਰਸ਼ਲ ਹੋਏ ਹਨ। ਉਸ ਵੇਲੇ ਭਾਰਤ ਵਿਚ ਇਕੋ ਏਅਰ-ਮਾਰਸ਼ਲ ਹੁੰਦਾ ਸੀ। ਜਦੋਂ ਉਹ ਪਿੰਡ ਆਉਂਦਾ ਤਾਂ ਆਪਣੇ ਹੈਲੀਕਾਪਟਰ ਰਾਹੀਂ ਆਉਂਦਾ। ਪਿੰਡ ਅਤੇ ਇਲਾਕਾ ਵੇਖਣ ਲਈ ‘ਕੱਠਾ ਹੋ ਜਾਂਦਾ। ਇਹ ਗੱਲਾਂ ਸੰਨ 74 ਦੀਆਂ ਹਨ। ਉਹਦੀ ਪਤਨੀ ਨੇ ਪਿੰਡ ਦੀ ਕੋਠੀ, ਹਵੇਲੀ, ਬਾਗ-ਬਗੀਚਾ ਦਾਨ ਵਜੋਂ ਸਾਰਾ ਕੁਝ ਪਿੰਡ ਦੀ ਪੰਚਾਇਤ ਦੀ ਝੋਲੀ ਪਾ ਦਿੱਤਾ। ਹੁਣ ਮਰਹੂਮ ਸ਼ ਹਰਜਿੰਦਰ ਸਿੰਘ ਦੀ ਯਾਦ ਵਿਚ ਸਾਲ ਵਿਚ ਦੋ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਕ ਪਿੰਡ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਵਲੋਂ ਅਤੇ ਦੂਜਾ ਪਿੰਡ ਦੇ ਸਾਬਕਾ ਫੁੱਟਬਾਲ ਖਿਡਾਰੀ ਸਰਦਾਰੀ ਲਾਲ ਦੇ ਗਰਾਈਂ ਤੇ ਦੋਸਤ ਕੈਨੇਡਾ ਵਾਸੀ ਅਜੈਬ ਸਿੰਘ ਵਲੋਂ। ਦੋਵੇਂ ਟੂਰਨਾਮੈਂਟ ਪਿੰਡ ਵਾਸੀਆਂ ਅਤੇ ਵਿਦੇਸ਼ੀ ਭਰਾਵਾਂ ਦੇ ਸਹਿਯੋਗ ਨਾਲ ਹੁੰਦੇ ਹਨ।
ਇਲਾਕਾ ਮਾਹਿਲਪੁਰ ਨੇ ਭਾਰਤ ਦੇ ਨਾਮਵਰ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ‘ਚ ਅਰਜਨ ਐਵਾਰਡੀ ਤੇ ਏਸ਼ੀਅਨ ਸਟਾਰ ਜਰਨੈਲ ਸਿੰਘ ਪਨਾਮ, ਅਰਜਨ ਐਵਾਰਡੀ ਗੁਰਦੇਵ ਸਿੰਘ ਗਿੱਲ, ਗੁਰਕ੍ਰਿਪਾਲ ਪਾਲੀ, ਪਰਮਿੰਦਰ ਪਰਮਾਰ, ਸੂਬੇਦਾਰ ਗੁਰਚਰਨ ਸਿੰਘ ਪਰਮਾਰ, ਕੁਲਭੂਸ਼ਨ ਭੂਸ਼ੀ, ਮਨਜੀਤ ਸਿੰਘ, ਕੁਲਤਾਰ ਤਾਰੀ, ਪੱਪੂ ਧਮਾਈ, ਜਰਨੈਲ ਸਿੰਘ ਅਥਲੀਟ ਆਦਿ ਸ਼ਾਮਲ ਹਨ।
ਤਕੜੀ ਗੇਮ ਸਦਕਾ ਸਰਦਾਰੀ ਲਾਲ ਪੰਜਾਬ ਪੁਲਿਸ ਵਿਚ ਭਰਤੀ ਹੋਇਆ। ਇਸ ਵਕਤ ਉਹ ਐਸ਼ਐਸ਼ਪੀæ ਗੁਰਦਾਸਪੁਰ ਸ਼ ਗੁਰਪ੍ਰੀਤ ਸਿੰਘ ਤੂਰ (ਆਈæਪੀæਐਸ਼) ਦੇ ਦਫ਼ਤਰ ਵਿਚ ਬਤੌਰ ਸਬ-ਇੰਸਪੈਕਟਰ ਅਕਾਊਂਟੈਂਟ ਸੇਵਾ ਨਿਭਾਅ ਰਿਹਾ ਹੈ।
ਸਰਦਾਰੀ ਲਾਲ ਦੇ ਦੋ ਭਰਾ- ਗਿਰਧਾਰੀ ਲਾਲ ਤੇ ਬਿਹਾਰੀ ਲਾਲ ਤੇ ਇਕ ਭੈਣ ਹਨ। ਗਿਰਧਾਰੀ ਲਾਲ ਬੈਂਕ ਮੈਨੇਜਰ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਬਿਹਾਰੀ ਲਾਲ ਦੀ ਮੌਤ ਹੋ ਚੁੱਕੀ ਹੈ। ਇਕਲੌਤੀ ਭੈਣ ਰਾਮ ਪਿਆਰੀ ਆਪਣੇ ਪਰਿਵਾਰ ਨਾਲ ਸੁਖੀ ਵਸਦੀ ਹੈ।
ਸਰਦਾਰੀ ਲਾਲ ਦੇ ਮਨ ਦੀ ਖਾਹਿਸ਼ ਕੌਮਾਂਤਰੀ ਖਿਡਾਰੀ ਬਣਨ ਦੀ ਸੀ, ਪਰ ਮਜਬੂਰੀਆਂ ਕਰ ਕੇ ਅਧਵਾਟੇ ਰਹਿ ਗਈ। ਅੱਜ ਕੱਲ੍ਹ ਉਹ ਪਤਨੀ ਸ਼ੁਸ਼ੀਲ ਕੁਮਾਰੀ ਸਮੇਤ ਨਿਊ ਯਾਰਕ ਘੁੰਮਣ ਫਿਰਨ ਆਇਆ ਹੋਇਆ ਹੈ। ਰਿਸ਼ਤੇਦਾਰਾਂ ਪਹਿਲਵਾਨ ਚੈਂਚਲ ਸਿੰਘ (ਚੈਂਚਲ ਅਖਾੜਾ ਫਿਲੌਰ) ਦੇ ਪਹਿਲਵਾਨ ਬੇਟੇ ਕੇਵਲ ਸਿੰਘ ਅਤੇ ਰੇਸ਼ਮ ਰੱਜੋਵਾਲ ਦੇ ਪਿਆਰ ਦਾ ਨਿੱਘ ਮਾਣ ਰਿਹਾ ਹੈ। ਸਥਾਨਕ ਕਪੂਰਥਲਾ ਸਪੋਰਟਸ ਕਲੱਬ ਦੇ ਚੌਥੇ ਖੇਡ ਮੇਲੇ ‘ਤੇ ਉਸ ਦਾ ਮਾਨ-ਸਨਮਾਨ ਕੀਤਾ ਗਿਆ।
ਖੇਡ ਮੈਦਾਨਾਂ ਨਾਲ ਜਿਨ੍ਹਾਂ ਪਿਆਰ ਕੀਤਾ,
ਓਹੀਓ ਮੌਜਾਂ ਮਾਣਦੇ ਨੇ।
ਮੀਂਹਾਂ ਝੱਖੜਾਂ ‘ਚ ਤਪੱਸਿਆ ਕੀਤੀ ਕਿਵੇਂ,
ਇਹ ਉਹੀ ਜਾਣਦੇ ਨੇ।
ਉਚੇ ਅਹੁਦਿਆਂ ‘ਤੇ ਬਿਰਾਜਮਾਨ ਹੋ ਕੇ,
ਜ਼ਿੰਦਗੀ ਦੇ ਨਜ਼ਾਰੇ ਮਾਣਦੇ ਨੇ।
ਖਿਡਾਰੀਆਂ, ਪਹਿਲਵਾਨਾਂ ਨੂੰ
‘ਜੱਬੋਵਾਲੀਆ’ ਉਚਾ ਚੁੱਕਦਾ ਕਿਵੇਂ,
ਖੇਡ ਲਿਖਤਾਂ ਪੜ੍ਹਨ ਵਾਲੇ ਹੀ ਜਾਣਦੇ ਨੇ।