ਸਾਡਾ ਸਮਕਾਲੀ ਪਾਕਿਸਤਾਨੀ ਕਵੀ ਅਹਿਮਦ ਸਲੀਮ

-ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਤੇ ਕਵਿਤਾ ਕੇਂਦਰ ਚੰਡੀਗੜ੍ਹ ਦੇ ਸੱਦੇ ਉਤੇ ਅਹਿਮਦ ਸਲੀਮ ਆਇਆ ਤਾਂ ਉਸ ਨੂੰ ਹੱਥੀਂ ਛਾਂਵਾਂ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ ਸੀ। ਡਾæ ਸੁਖਦੇਵ ਸਿੰਘ ਸਰਸਾ ਦੇ ਅੱਧੇ ਬੋਲ ਵਾਲੇ ਸੱਦੇ ਉਤੇ ਚੰਡੀਗੜ੍ਹ ਦੇ ਜਾਣੇ ਪਛਾਣੇ ਸਾਰੇ ਬੁੱਧੀਜੀਵੀ 36 ਸੈਕਟਰ ਵਾਲੇ ਪੀਪਲਜ਼ ਕਨਵੈਨਸ਼ਨ ਸੈਂਟਰ ਪਹੁੰਚੇ ਹੋਏ ਸਨ। ਐਨæਐਸ਼ ਰਤਨ ਦੀ ਪ੍ਰਧਾਨਗੀ ਹੇਠ ਹੋਇਆ ਵਿਚਾਰ ਵਟਾਂਦਰਾ ਭਾਰਤ-ਪਾਕਿ ਸਾਂਝ ਦੀਆਂ ਤੰਦਾਂ ਖੋਲਣ ਵਾਲਾ ਸੀ।

ਅਹਿਮਦ ਸਲੀਮ ਨੇ ਸਰੋਤਿਆਂ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਨੂੰ ਆਜਾਦ ਹੋਇਆਂ 60 ਸਾਲ ਤੋਂ ਉਪਰ ਹੋ ਚੁਕੇ ਹਨ ਪਰ ਓਧਰਲੇ ਪੰਜਾਬ ਤੇ ਏਧਰਲੇ ਪੰਜਾਬ ਦੀ ਹਕੂਮਤ ਵਿਚ ਵੱਡਾ ਅੰਤਰ ਹੈ। ਓਧਰਲੇ ਪੰਜਾਬ ਨੇ 40 ਸਾਲ ਮਾਰਸ਼ਲ ਲਾਅ ਥੱਲੇ ਕੱਟੇ। 1971 ਵਿਚ ਬੰਗਲਾਦੇਸ਼ ਨੂੰ ਤਾਂ ਨਿਜਾਤ ਮਿਲ ਗਈ ਪਰ ਪੰਜਾਬ ਵਾਲੇ ਅੱਜ ਵੀ ਰਹਿ-ਰਹਿ ਕੇ ਸਰਕਾਰੀ ਦਮਨ ਥੱਲੇ ਮਿੱਧ ਹੋ ਰਹੇ ਹਨ।
ਉਸ ਪਾਸੇ ਦੇ ਸ਼ਾਇਰਾਂ ਅਤੇ ਲੇਖਕਾਂ ਨੇ ਇਸ ਬੇਨਿਆਈਂ ਬਾਰੇ ਖੁਲ੍ਹ ਕੇ ਲਿਖਿਆ ਹੈ। ਅਹਿਮਦ ਸਲੀਮ ਏਸ ਪ੍ਰਸੰਗ ਵਿਚ ਫੈਜ਼ ਅਹਿਮਦ ਫੈਜ਼ ਨੂੰ ਗੁਰੂ ਮੰਨਦਾ ਹੈ ਜਿਸ ਨੇ ਪੰਜ ਸਾਲ ਕੈਦ ਕੱਟੀ। ਉਸ ਦਾ ਹੇਠ ਲਿਖਿਆ ਸ਼ਿਅਰ ਇਸ ਦੀ ਤਰਜਮਾਨੀ ਕਰਦਾ ਹੈ,
ਚਮਨ ਪੇ ਗਾਰਤ ਏ ਗਲਚੀਂ ਸੇ ਜਾਨੇ ਕਿਆ ਗੁਜ਼ਰੀ
ਕਫਸ ਪਰ ਸੇ ਸਬਾ ਬੇਕਰਾਰ ਗੁਜ਼ਰੀ ਹੈ।
ਅਹਿਮਦ ਸਲੀਮ ਨੇ ਫੈਜ਼ ਦੇ ਤੁਰ ਜਾਣ ਤੋਂ ਪਿੱਛੋਂ ਵੀ ਉਹੀਓ ਪਰਚਮ ਚੁੱਕੀ ਰੱਖਿਆ ਹੈ। ਉਹਦੇ ਕੋਲ ਵੀ ਤਮਾਮ ਬੁੱਧੀਜੀਵੀਆਂ ਨੂੰ ਸਿੱਧਾ ਸਵਾਲ ਹੈ ਕਿ ਕਲਮਾਂ ਵਾਲੇ ਲਕੀਰ ਦੇ ਕਿਸ ਪਾਸੇ ਸਨ। ਉਹ ਫੈਜ਼ ਦੀ ਏਸ ਸੋਚ ਨੂੰ ਪ੍ਰਣਾਇਆ ਹੋਇਆ ਹੈ:
ਮੁਕਾਮ ਫੈਜ਼ ਕੋਈ ਰਾਹ ਮੇਂ ਜਚਾ ਹੀ ਨਹੀਂ
ਜੋ ਕੂਏ ਯਾਰ ਸੇ ਨਿਕਲੇ ਤੋ ਸੂਏ ਦਾਰ ਚਲੇ।
ਅਹਿਮਦ ਸਲੀਮ ਦੀ ਮੇਰੇ ਸਮਕਾਲੀਆਂ ਨਾਲ ਇੱਕ ਸਾਂਝ ਇਹ ਵੀ ਹੈ ਕਿ ਅਸੀਂ ਸਾਰੇ ਨਾਜ਼ਮ ਹਿਕਮਤ ਤੇ ਪਾਬਲੋ ਨੈਰੂਦਾ ਦੇ ਮੱਦਾਹ ਹਾਂ। ਸਾਨੂੰ ਦੇਸ਼ ਦੀਆਂ ਵੰਡਾਂ ਪਸੰਦ ਨਹੀਂ। ਸਾਨੂੰ ਸਪਤ ਸਿੰਧੂ ਦਾ ਛੋਟਾ ਹੋ ਕੇ ਪੰਜਾਬ ਬਣਨਾ ਵੀ ਚੰਗਾ ਨਹੀਂ ਲਗਦਾ। ਅਹਿਮਦ ਸਲੀਮ ਦੀਆਂ ਦੋ ਲਾਈਨਾਂ ਇਸ ਦੀ ਪੁਸ਼ਟੀ ਕਰਦੀਆਂ ਹਨ:
ਸਿੰਧੜੀਏ ਸਾਡਾ ਫੁੱਲ ਪਰਤਾ ਦੇ
ਅਸੀਂ ਪਾਰ ਪੰਜਾਬੋਂ ਆਏ।
ਅਹਿਮਦ ਸਲੀਮ ਦੇ ਮਨ ਵਿਚ ਦੋਵਾਂ ਪੰਜਾਬਾਂ ਦਾ ਮਿਲਣਾ ਹੀ ਭਾਰੂ ਨਹੀਂ, ਉਹ ਸਿੰਧ, ਪੰਜਾਬ, ਕਸ਼ਮੀਰ ਤੇ ਬੰਗਲਾਦੇਸ਼ ਨੂੰ ਇੱਕ ਹੁੰਦਾ ਵੇਖਣ ਦਾ ਚਾਹਵਾਨ ਹੈ। ਭਾਵੇਂ ਉਸ ਨੂੰ ਦੋ ਸਾਲ ਦੀ ਜੇਲ੍ਹ ਦੇ ਹੁਕਮ ਵੀ ਜਾਰੀ ਹੋਏ, ਜਿਹੜੇ ਉਸ ਨੇ ਖੁਸ਼ੀ-ਖੁਸ਼ੀ ਪਰਵਾਨ ਕੀਤੇ। ਅਹਿਮਦ ਸਲੀਮ ਨੇ ਅਪਣੇ ਭਾਸ਼ਨ ਵਿਚ ਓਧਰਲੇ ਪੰਜਾਬ ਦੇ ਸਾਹਿਤ ਨੂੰ ਗੁਆਚੀ ਪਹਿਚਾਣ ਵਾਲੀ ਕੌਮ ਦਾ ਸਾਹਿਤ ਗਰਦਾਨਦਿਆ। ਹਿੰਦ ਪਾਕਿ ਵੰਡ ਕਾਰਨ ਟੁੱਟੇ ਨਾਤਿਆਂ ਦਾ ਭਰੇ ਬੋਲਾਂ ਨਾਲ ਜ਼ਿਕਰ ਕੀਤਾ।
ਏਸ ਮਿਲਣੀ ਦੇ ਸੰਚਾਲਕ ਸੁਖਦੇਵ ਸਿੰਘ ਸਰਸਾ ਨੇ ਬਾਹਰੋਂ ਆਏ ਪ੍ਰਾਹੁਣੇ ਦੇ ਆਦਰ ਵਿਚ ਇਹ ਵੀ ਦੱਸਿਆ ਕਿ ਪੰਜਾਬੀ ਦੇ ਸਿਰਮੌਰ ਕਵੀਆਂ ਹਰਿਭਜਨ ਸਿੰਘ ਤੇ ਪਾਸ਼ ਨੇ ਆਪੋ ਅਪਣੇ ਪੱਧਰ ਉਤੇ ਅਹਿਮਦ ਦੀ ਮੁਹਬਤ ਦੀਆਂ ਬਾਤਾਂ ਆਪਣੀ ਕਵਿਤਾ ਵਿਚ ਵੀ ਪਾਈਆਂ। ਅਹਿਮਦ ਸਲੀਮ ਜੀਊਂਦਾ ਵਸੱਦਾ ਰਹੇ!
ਲੇਖ ਦਾ ਸਾਹਿਤਕ ਪ੍ਰਤੀਕਰਮ: ਗੁਜਰਾਤ ਦੇ ਦਸ ਅਤੇ ਮਹਾਰਾਸ਼ਟਰ ਦੇ ਸੱਤ ਉਚ ਦੁਮਾਲੜੇ ਲੇਖਕਾਂ ਨੇ ਦੇਸ਼ ਵਿਚ ਵਧ ਰਹੀ ਫਿਰਕਾਪ੍ਰਸਤੀ ਵਿਰੁਧ ਭਾਰਤ ਦੇ ਰਾਸ਼ਟਰਪਤੀ ਪ੍ਰਣਾਬ ਮੁਕਰਜੀ ਨੂੰ ਸਾਂਝੀ ਚਿੱਠੀ ਲਿਖੀ ਹੈ। ਇਸ ਤੋਂ ਪਹਿਲਾਂ ਲਗਪਗ ਇੱਕ ਸੌ ਸਾਹਿਤਕਾਰਾਂ ਨੇ ਸੱਚੋ-ਸੱਚ ਪ੍ਰਗਟਾਉਣ ਉਤੇ ਸਰਕਾਰ ਵਲੋਂ ਕੱਸੀਆਂ ਜਾ ਰਹੀਆਂ ਲਗਾਮਾਂ ਦੇ ਵਿਰੋਧ ਵਿਚ ਅਪਣੇ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਾਹਿਤਕਾਰਾਂ ਤੇ ਬੁੱਧੀਜੀਵੀਆਂ ਦੇ ਇਸ ਪ੍ਰਤੀਕਰਮ ਨੂੰ ਮੌਕੇ ਦੀ ਸਰਕਾਰ ਕਿੰਨਾ ਵੀ ਨਕਾਰੇ, ਇਸ ਨੇ ਹੱਕ ਸੱਚ ਦੀ ਮੰਗ ਨੂੰ ਭਰਪੂਰ ਉਜਾਗਰ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਮੀਡੀਆ ਨੇ ਸਾਹਿਤਕਾਰਾਂ ਦੇ ਪ੍ਰਤੀਕਰਮ ਨੂੰ ਰੱਜ ਕੇ ਉਭਾਰਿਆ ਹੈ। ਇੱਕੜ-ਦੁਕੱੜ ਬੁੱਧੀਜੀਵੀਆਂ ਦਾ ਪ੍ਰਤੀਕਰਮ ਹੁਣ ਸੰਘਰਸ਼ ਦਾ ਰੂਪ ਧਾਰ ਰਿਹਾ ਹੈ।
ਸਾਹਿਤਕਾਰਾਂ ਦਾ ਪ੍ਰਤੀਕਰਮ ਸਿਰ ਮੱਥੇ ਪਰ ਇਹ ਗੱਲ ਚੇਤੇ ਰਖਣੀ ਚਾਹੀਦੀ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਤੇ ਡਾæ ਰਾਧਾ ਕ੍ਰਿਸ਼ਨਨ ਦੀ ਸਥਾਪਤ ਕੀਤੀ ਸਾਹਿਤ ਅਕਾਡਮੀ ਇੱਕ ਖੁਦ ਮੁਖਤਿਆਰ ਸੰਸਥਾ ਹੈ ਜਿਹੜੀ ਤਿੰਨ ਵਰ੍ਹਿਆਂ ਵਿਚ ਉਤੱਮ ਮੰਨੀ ਜਾਂਦੀ ਪੁਸਤਕ ਦੇ ਲੇਖਕ ਨੂੰ ਇਹ ਸਨਮਾਨ ਦਿੰਦੀ ਹੈ। ਇਹ ਸਨਮਾਨ ਲੇਖਕਾਂ ਨੂੰ ਜਿੱਤਣ ਲਈ ਨਹੀਂ ਦਿੱਤਾ ਜਾਂਦਾ, ਜੇ ਅਜਿਹਾ ਹੁੰਦਾ ਤਾਂ ਪੰਜਾਬੀ ਦਾ ਸਰਵਉਤਮ ਮਹਾਰਥੀ ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਅੰਗਰੇਜ਼ੀ ਦਾ ਸੁਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਖੁਸ਼ਵੰਤ ਸਿੰਘ ਇਸ ਤੋਂ ਵਾਂਝੇ ਨਾ ਰਹਿੰਦੇ। ਸਾਹਿਤਕਾਰਾਂ ਦੇ ਏਸ ਪ੍ਰਤੀਕਰਮ ਨੂੰ ਸਾਹਿਤ ਅਕਾਡਮੀ ਦੀ ਕਾਰਗੁਜ਼ਾਰੀ ਉਤੇ ਧੱਬਾ ਸਮਝਣ ਨਾਲੋਂ ਗੁਜਰਾਤ ਤੇ ਮਹਾਰਾਸ਼ਟਰ ਦੇ ਲੇਖਕਾਂ ਵਾਲਾ ਮਾਰਗ ਅਪਨਾਉਣਾ ਵਧੇਰੇ ਉਚਿਤ ਹੋਵੇਗਾ। ਚੰਗਾ ਇਹੀਓ ਹੋਵੇਗਾ ਕਿ ਆਪਾਂ ਸਾਹਿਤ ਅਕਾਡਮੀ ਨੂੰ ਸਾਹਿਤਕਾਰਾਂ ਦੇ ਮਾਣ ਸਨਮਾਨ ਤੇ ਹੌਸਲਾ ਅਫਜ਼ਾਈ ਤੋਂ ਨਾ ਰੋਕੀਏ ਪਰ ਸੰਘਰਸ਼ ਜਾਰੀ ਰਖੀਏ। ਹੁਣ ਤਾਂ ਯੂ ਐਨ ਓ ਦੀ ਸੱਜੀ ਬਾਂਹ ਪੀ ਈ ਐਨ, ਜਿਹੜੀ ਕਿ ਕਵੀਆਂ, ਨਾਵਲਕਾਰਾਂ ਤੇ ਵਾਰਤਕਕਾਰਾਂ ਦੀ ਕੌਮਾਂਤਰੀ ਸੰਸਥਾ ਹੈ, ਨੇ ਵੀ ਕਿਊਬਕ (ਕੈਨੇਡਾ) ਵਿਚ ਹੋਏ ਆਪਣੇ 81ਵੇਂ ਸਮਾਗਮ ਵਿਚ ਭਾਰਤ ਦੇ ਸਾਹਿਤਕਾਰਾਂ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਨੂੰ ਝਾੜ ਪਾਈ ਹੈ। ਭਾਰਤੀ ਸਾਹਿਤਕਾਰਾਂ ਦੇ ਅਹਿੰਸਕ ਸੰਘਰਸ਼ ਦਾ ਵੱਧ ਤੋਂ ਵੱਧ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ:
ਮੈਂ ਅਕੇਲਾ ਹੀ ਚਲਾ ਥਾ ਜਾਨਬ ਏ ਮੰਜ਼ਿਲ ਮਗਰ,
ਲੋਗ ਸਾਥ ਆਤੇ ਗਏ ਔਰ ਕਾਰਵਾਂ ਬੰਨਤਾ ਗਿਆ।