ਆਮਨਾ ਅਮੀਨ, ਲਾਹੌਰ
ਪਾਕਿਸਤਾਨੀ ਗਾਇਕਾ ਗਜ਼ਾਲਾ ਜਾਵੇਦ ਨੂੰ ਸਿਰਫ 24 ਸਾਲ ਦੀ ਜ਼ਿੰਦਗੀ ਮਿਲੀ। ਇਸ ਨਿੱਕੇ ਜਿਹੇ ਸਫਰ ਦੌਰਾਨ ਉਸ ਨੇ ਅਜਿਹੀਆਂ ਯਾਦਾਂ ਛੱਡ ਦਿੱਤੀਆਂ ਜਿਹੜੀਆਂ ਉਸ ਨੂੰ ਚਿਰਾਂ ਤੱਕ ਜਿੰਦਾ ਰੱਖਣਗੀਆਂ। ਗਜ਼ਾਲਾ ਜਾਵੇਦ ਪਸ਼ਤੋ ਵਿਚ ਗਾਉਂਦੀ ਹੁੰਦੀ ਸੀ। ਉਹ ਪਾਕਿਸਤਾਨ ਵਿਚ ਹੀ ਨਹੀਂ, ਅਫਗਾਨਿਸਤਾਨ ਵਿਚ ਵੀ ਬੜੀ ਮਕਬੂਲ ਹੋਈ ਅਤੇ ਲੋਕਾਂ ਨੇ ਉਸ ਦੇ ਗੀਤ ਲੱਭ ਲੱਭ ਕੇ ਸੁਣੇ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਸੁਣਾਏ। ਗਜ਼ਾਲਾ ਜਾਵੇਦ ਦਾ ਜਨਮ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਵਿਚ ਪੈਂਦੀ ਸਵਾਤ ਘਾਟੀ ਵਿਚ ਹੋਇਆ।
ਰਿਕਾਰਡ ਅਨੁਸਾਰ ਉਸ ਦੀ ਜਨਮ ਤਰੀਕ ਪਹਿਲੀ ਜਨਵਰੀ 1988 ਦੀ ਹੈ। ਉਸ ਨੇ 2004 ਵਿਚ ਗਾਉਣਾ ਆਰੰਭ ਕੀਤਾ ਜਦੋਂ ਉਹ 16 ਵਰ੍ਹਿਆਂ ਦੀ ਸੀ। ਆਪਣੀ ਆਵਾਜ਼ ਦੇ ਦਮ ਉਤੇ ਉਸ ਨੇ ਸੰਗੀਤ ਦੀ ਦੁਨੀਆਂ ਵਿਚ ਛੇਤੀ ਹੀ ਆਪਣੀ ਖਾਸ ਥਾਂ ਬਣਾ ਲਈ। 2007 ਵਿਚ ਜਦੋਂ ਸਵਾਤ ਘਾਟੀ ਵਿਚ ਤਾਲਿਬਾਨ ਦੀ ਚੜ੍ਹਤ ਹੋਈ ਤਾਂ ਉਨ੍ਹਾਂ ਨੇ ਸੰਗੀਤ ਅਤੇ ਫਿਲਮਾਂ ਉਤੇ ਰੋਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗਜ਼ਾਲਾ ਦੇ ਪਰਿਵਾਰ ਨੇ ਪੇਸ਼ਾਵਰ ਜਾਣ ਦਾ ਫੈਸਲਾ ਕਰ ਲਿਆ। ਇਹ ਥਾਂ ਤਬਦੀਲੀ ਗਜ਼ਾਲਾ ਜਾਵੇਦ ਨੂੰ ਬੜੀ ਰਾਸ ਆਈ। ਪੇਸ਼ਾਵਰ ਆਉਣ ਤੋਂ ਬਾਅਦ ਉਸ ਦੇ ਗੀਤ ਸਰਹੱਦ ਪਾਰ ਕਰ ਕੇ ਪਹਿਲਾਂ ਅਫਗਾਨਿਸਤਾਨ ਅਤੇ ਫਿਰ ਸੰਸਾਰ ਦੇ ਹੋਰ ਹਿੱਸਿਆਂ ਵਿਚ ਪੁੱਜ ਗਏ। ਸੰਸਾਰ ਕਲਾਵੇ ਵਿਚ ਆਉਣ ਤੋਂ ਬਾਅਦ ਉਸ ਨੂੰ ਦੁਬਈ ਅਤੇ ਕਾਬੁਲ ਵਿਚ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ। ਉਸ ਨੇ ਵਿਆਹ ਵਾਲੀਆਂ ਪਾਰਟੀਆਂ ਵਿਚ ਵੀ ਗਾਉਣਾ ਆਰੰਭ ਕਰ ਦਿੱਤਾ। ਉਸ ਨੂੰ ਇਕ ਪ੍ਰਗਰਾਮ ਦੇ 12 ਤੋਂ ਲੈ ਕੇ 15 ਹਜ਼ਾਰ ਡਾਲਰ ਤੱਕ ਮਿਲ ਜਾਂਦੇ ਸਨ। ਕਾਬੁਲ ਰੇਡੀਓ ਦਾ ਡਾਇਰੈਕਟਰ ਅਬਦੁੱਲ ਗਨੀ ਮੁਦੱਕਿਕ ਗਜ਼ਾਲਾ ਜਾਵੇਦ ਨੂੰ ਯਾਦ ਕਰਦਿਆਂ ਦੱਸਦਾ ਹੈ ਕਿ ਪਖਤੂਨ ਗਾਇਕਾਂ ਅਤੇ ਗਾਇਕਾਵਾਂ ਵਿਚੋਂ ਸਭ ਤੋਂ ਵੱਧ ਮਿਹਨਤਾਨਾ ਗਜ਼ਾਲਾ ਜਾਵੇਦ ਨੂੰ ਹੀ ਮਿਲਦਾ ਸੀ। ਕਾਬੁਲ ਰੇਡੀਓ ਉਤੇ ਉਹ ਬਹੁਤ ਮਕਬੂਲ ਸੀ ਅਤੇ ਲੋਕ ਵਾਰ ਵਾਰ ਉਸ ਦੇ ਗੀਤਾਂ ਦੀ ਫਰਮਾਇਸ਼ ਕਰਦੇ ਸਨ। 2010 ਵਿਚ ਉਹਦਾ ਨਾਂ ਫਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਹੋਇਆ ਸੀ ਅਤੇ 2011 ਵਿਚ ਉਸ ਨੂੰ ਖੈਬਰ ਪੁਰਸਕਾਰ ਨਾਲ ਨਵਾਜਿਆ ਗਿਆ।
ਗਜ਼ਾਲਾ ਜਾਵੇਦ ਦਾ ਵਿਆਹ 7 ਫਰਵਰੀ 2010 ਨੂੰ ਪੇਸ਼ਾਵਰ ਦੇ ਪ੍ਰਾਪਰਟੀ ਡੀਲਰ ਜਹਾਂਗੀਰ ਖਾਨ ਹੋਇਆ, ਪਰ ਛੇਤੀ ਹੀ ਦੋਹਾਂ ਵਿਚਕਾਰ ਅਣਬਣ ਹੋ ਗਈ। ਉਸ ਨੂੰ ਮਗਰੋਂ ਪਤਾ ਲੱਗਿਆ ਸੀ ਕਿ ਜਹਾਂਗੀਰ ਖਾਨ ਦੀ ਤਾਂ ਇਕ ਹੋਰ ਬੇਗਮ ਵੀ ਹੈ। ਉਹ ਆਪਣੇ ਅੱਬਾ ਕੋਲ ਆ ਗਈ। 12 ਅਕਤੂਬਰ ਨੂੰ ਉਸ ਨੇ ਤਲਾਕ ਲਈ ਅਰਜ਼ੀ ਪਾ ਦਿੱਤੀ। ਅਦਾਲਤ ਨੇ ਇਸ ਬਾਰੇ ਫੈਸਲਾ 4 ਦਸੰਬਰ 2011 ਨੂੰ ਸੁਣਾ ਦਿੱਤਾ। ਇਉਂ ਜਿੰਨੀ ਛੇਤੀ ਇਹ ਵਿਆਹ ਹੋਇਆ ਸੀ, ਉਨੀ ਹੀ ਛੇਤੀ ਇਹ ਟੁੱਟ ਵੀ ਗਿਆ। 18 ਜੂਨ 2012 ਵਾਲਾ ਦਿਨ ਗਜ਼ਾਲਾ ਜਾਵੇਦ ਲਈ ਆਖਰੀ ਦਿਨ ਹੋ ਨਿਬੜਿਆ। ਦੋ ਮੋਟਰਸਾਈਕਲ ਸਵਾਰ ਉਸ ਅਤੇ ਅਤੇ ਉਸ ਦੇ ਅੱਬਾ ਨੂੰ ਗੋਲੀ ਮਾਰ ਗਏ ਸਨ। ਦੋਹਾਂ ਦੀ ਹੀ ਮੌਤ ਹੋ ਗਈ। ਪਹਿਲਾਂ ਤਾਂ ਇਸ ਘਟਨਾ ਨੂੰ ਤਾਲਿਬਾਨ ਨਾਲ ਜੋੜਿਆ ਗਿਆ, ਪਰ ਬਾਅਦ ਵਿਚ ਮਸਲਾ ਹੋਰ ਹੀ ਨਿਕਲਿਆ ਜਿਸ ਤੋਂ ਸਾਰੇ ਦੰਗ ਰਹਿ ਗਏ। ਡੇਢ ਸਾਲ ਬਾਅਦ ਸਵਾਤ ਦੀ ਜ਼ਿਲ੍ਹਾ ਅਦਾਲਤ ਵਿਚ ਇਹ ਸਾਬਤ ਹੋ ਗਿਆ ਕਿ ਪਿਉ-ਧੀ ਦਾ ਕਤਲ ਗਜ਼ਾਲਾ ਜਾਵੇਦ ਦੇ ਸਾਬਕਾ ਖਾਵੰਦ ਜਹਾਂਗੀਰ ਖਾਨ ਨੇ ਕਰਵਾਇਆ ਸੀ। ਇਸ ਦੋਹਰੇ ਕਤਲ ਕੇਸ ਵਿਚ ਅਦਾਲਤ ਨੇ ਜਹਾਂਗੀਰ ਖਾਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਨਾਲ ਹੀ 7 ਕਰੋੜ ਜੁਰਮਾਨਾ ਵੀ ਲਾਇਆ। ਅਸਲ ਵਿਚ ਉਹ ਗਜ਼ਾਲਾ ਨੂੰ ਗਾਉਣ ਤੋਂ ਰੋਕਦਾ ਸੀ ਅਤੇ ਕਤਲ ਤੋਂ ਪਹਿਲਾਂ ਉਸ ਨੇ ਗਜ਼ਾਲਾ ਨੂੰ ਕਈ ਵਾਰ ਧਮਕੀਆਂ ਵੀ ਦਿੱਤੀਆਂ ਸਨ। ਉਸ ਦਾ ਕਹਿਣਾ ਸੀ ਕਿ ਗਜ਼ਾਲਾ ਵਿਆਹ ਪਾਰਟੀਆਂ ਵਿਚ ਬੜਾ ਭੱਦਾ ਨਾਚ ਕਰਦੀ ਹੈ। ਬਾਅਦ ਵਿਚ ਪੇਸ਼ਾਵਰ ਹਾਈ ਕੋਰਟ ਨੇ 22 ਮਈ 2014 ਨੂੰ ਜਹਾਂਗੀਰ ਖਾਨ ਨੂੰ ਬਰੀ ਕਰ ਦਿੱਤਾ ਕਿਉਂਕਿ ਉਸ ਨੇ ਪਿਉ-ਧੀ ਦੇ ਵਾਰਸਾਂ ਨਾਲ ਸਮਝੌਤਾ ਕਰ ਲਿਆ ਸੀ ਅਤੇ ਪੈਸਿਆਂ ਦੇ ਲੈਣ-ਦੇਣ ਪਿਛੋਂ ਉਨ੍ਹਾਂ ਕੇਸ ਵਾਪਸ ਲੈ ਲਿਆ ਸੀ।