ਫਿਕਰ ਮੁਹੱਬਤਾਂ

ਗੁਰਬਖਸ਼ ਸੋਢੀ
ਫਿਰਕੂ ਆਧਾਰ ਉਤੇ ਆਪਣੀ ਸਿਆਸਤ ਚਲਾਉਣ ਵਾਲੀ ਸ਼ਿਵ ਸੈਨਾ ਇਕ ਵਾਰ ਫਿਰ ਨਫਰਤ ਨਾਲ ਭਰੀ ਸਿਆਸਤ ਲੈ ਕੇ ਆਪਣੀ ਖੁੱਡ ਵਿਚੋਂ ਬਾਹਰ ਆ ਗਈ ਹੈ। ਇਸ ਨੇ ਐਲਾਨ ਕਰ ਦਿੱਤਾ ਹੈ ਕਿ ਦੋ ਪਾਕਿਸਤਾਨੀ ਫਿਲਮ ਕਲਾਕਾਰਾਂ- ਫਵਾਦ ਖਾਨ ਅਤੇ ਮਹੀਰਾ ਖਾਨ ਦੀਆਂ ਫਿਲਮਾਂ ਮਹਾਂਰਾਸ਼ਟਰ ਵਿਚ ਚੱਲਣ ਨਹੀਂ ਦਿੱਤੀ ਜਾਵੇਗੀ

ਅਤੇ ਨਾ ਹੀ ਇਨ੍ਹਾਂ ਅਦਾਕਾਰਾਂ ਨੂੰ ਸੂਬੇ ਵਿਚ ਫਿਲਮਾਂ ਦਾ ਪ੍ਰਚਾਰ ਕਰਨ ਦੇਣਗੇ। ਫਵਾਦ ਖਾਨ ਦੀਆਂ ਦੋ ਫਿਲਮਾਂ- Ḕਕਪੂਰ ਐਂਡ ਸੰਨਜ਼Ḕ ਅਤੇ Ḕਐ ਦਿਲ ਹੈ ਮੁਸ਼ਕਿਲḔ ਆਉਣ ਵਾਲੇ ਸਮੇਂ ਵਿਚ ਰਿਲੀਜ਼ ਹੋਣ ਵਾਲੀਆਂ ਹਨ। ਉਸ ਦੀ ਹਿੰਦੀ ḔਖੁਬਸੂਰਤḔ ਪਹਿਲਾਂ ਰਿਲੀਜ਼ ਹੋ ਚੁੱਕੀ ਹੈ ਜਿਸ ਵਿਚ ਉਸ ਨੇ ਸੋਨਮ ਕਪੂਰ ਨਾਲ ਕੰਮ ਕੀਤਾ ਸੀ। ਇਸੇ ਤਰ੍ਹਾਂ ਮਹੀਰਾ ਖਾਨ ਦੀ ਫਿਲਮ ḔਰਈਸḔ ਰਿਲੀਜ਼ ਹੋਣੀ ਹੈ। ਇਸ ਫਿਲਮ ਵਿਚ ਮਹੀਰਾ, ਸ਼ਾਹਰੁਖ ਖਾਨ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਨਵਾਜ਼ੂਦੀਨ ਸਿੱਦੀਕੀ, ਜ਼ੀਨਤ ਅਮਾਨ ਵਰਗੇ ਕਲਾਕਾਰ ਵੀ ਹਨ। ਰਾਹੁਲ ਢੋਲਕੀਆ ਵੱਲੋਂ ਡਾਇਰੈਕਟ ਕੀਤੀ ਇਹ ਫਿਲਮ ਅਗਲੇ ਸਾਲ ਜੁਲਾਈ ਵਿਚ ਰਿਲੀਜ਼ ਹੋਣੀ ਹੈ। ਇਹ ਮਹੀਰਾ ਖਾਨ ਦੀ ਪਹਿਲੀ ਹਿੰਦੀ ਫਿਲਮ ਹੈ। ਯਾਦ ਰਹੇ ਕਿ ਸ਼ਿਵ ਸੈਨਾ ਅੱਜ ਕੱਲ੍ਹ ਮਹਾਂਰਾਸ਼ਟਰ ਵਿਚ ਭਾਰਤੀ ਜਨਤਾ ਪਾਰਟੀ ਦੀ ਸੱਤਾ-ਭਾਈਵਾਲ ਹੈ, ਪਰ ਮਹਾਂਰਾਸ਼ਟਰ, ਖਾਸਕਰ ਮੁੰਬਈ ਵਿਚ ਆਪਣੀ ਪਹਿਲਾਂ ਵਾਲੀ ਭਾਰੂ ਹਸਤੀ ਹਾਸਲ ਕਰਨ ਲਈ ਇਹ ਭਾਰਤੀ ਜਨਤਾ ਪਾਰਟੀ ਨਾਲ ਲਗਾਤਾਰ ਪੇਚੇ ਪਾ ਰਹੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੇ ਸ਼ਿਵ ਸੈਨਾ ਨੂੰ ਪਛਾੜ ਕੇ ਸੂਬੇ ਵਿਚ ਸਭ ਤੋਂ ਵੱਧ ਸੀਟਾਂ ਉਤੇ ਜਿੱਤ ਹਾਸਲ ਕਰ ਲਈ ਸੀ। ਹੁਣ ਇਹ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਅਗਾਂਹ ਲੰਘਣ ਲਈ ਆਪਣੀ ਪੁਰਾਣੀ, ਨਫਰਤ ਅਤੇ ਭੰਨ-ਤੋੜ ਦੀ ਰਣਨੀਤੀ ਉਤੇ ਉਤਰ ਆਈ ਹੈ। ਪਿਛਲੇ ਦਿਨੀਂ ਇਸ ਪਾਰਟੀ ਦੇ ਬੁਰਛਾਗਰਦਾਂ ਨੇ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਦਾ ਸ਼ੋਅ ਰੱਦ ਕਰਵਾ ਦਿੱਤਾ ਸੀ। ਉਸ ਨੇ ਆਪਣੇ ਗੂੜ੍ਹੇ ਮਿੱਤਰ ਜਗਜੀਤ ਸਿੰਘ ਦੀ ਬਰਸੀ ਮੌਕੇ ਕਰਵਾਏ ਜਾ ਰਹੇ ਸਮਾਗਮ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ। ਇਸੇ ਤਰ੍ਹਾਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਕਿਤਾਬ ਵਾਲੇ ਸਮਾਗਮ ਤੋਂ ਐਨ ਪਹਿਲਾਂ, ਸਮਾਗਮ ਦੇ ਪ੍ਰਬੰਧਕ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਧੀਂਧਰ ਕੁਲਕਰਨੀ ਉਤੇ ਕਾਲਾ ਰੰਗ ਸੁੱਟ ਦਿੱਤਾ ਗਿਆ। ਹਿੰਦੀ ਫਿਲਮਾਂ ਦੀਆਂ ਕਈ ਹਸਤੀਆਂ ਨੇ ਸ਼ਿਵ ਸੈਨਾ ਦੀ ਨਵੀਂ ਧਮਕੀ ਦੀ ਆਲੋਚਨਾ ਕੀਤੀ ਹੈ। ਮਹੇਸ਼ ਭੱਟ ਅਤੇ ਸ਼ਬਾਨਾ ਆਜ਼ਮੀ ਨੇ ਤਾਂ ਸ਼ਿਵ ਸੈਨਾ ਦੀ ਇਸ ਨੀਤੀ ਖਿਲਾਫ ਡਟ ਕੇ ਪੈਂਤੜਾ ਮੱਲਿਆ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਪਾਕਿਸਤਾਨੀ ਗਾਇਕ ਅਦਨਾਨ ਸਾਮੀ ਨੂੰ ਭਾਰਤ ਸਰਕਾਰ ਨੇ ਮੁਲਕ ਦੀ ਨਾਗਰਿਕਤਾ ਦੇ ਕੇ ਮਾਣ ਬਖਸ਼ਿਆ ਹੈ, ਹੋਰ ਪਾਕਿਸਤਾਨੀ ਕਲਾਕਾਰਾਂ ਨੂੰ ਵੀ ਅਜਿਹਾ ਮਾਣ-ਸਨਮਾਨ ਸਾਨੂੰ ਦੇਣਾ ਚਾਹੀਦਾ ਹੈ ਕਿਉਂਕਿ ਕਲਾ ਨੂੰ ਸਰਹੱਦਾਂ ਵਿਚ ਨਹੀਂ ਬੰਨ੍ਹਿਆ ਜਾ ਸਕਦਾ ਹੈ। ਉਂਜ ਵੀ ਇਸ ਸੰਸਾਰ ਨੂੰ ਨਫਰਤ ਨਹੀਂ, ਮੁਹੱਬਤਾਂ ਦੀ ਲੋੜ ਹੈ।