ਕੈਨੇਡੀਅਨ ਚੋਣਾਂ ਵਿਚ ਛਾ ਗਏ ਪੰਜਾਬੀ

ਚੰਡੀਗੜ੍ਹ: ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ ਪੰਜਾਬੀਆਂ ਨੇ ਇਤਿਹਾਸ ਸਿਰਜ ਦਿੱਤਾ ਹੈ ਤੇ ਹਾਊਸ ਆਫ ਕਾਮਨਜ਼ (ਸੰਸਦ) ਵਿਚ 18 ਪੰਜਾਬੀ ਪੁੱਜ ਗਏ ਹਨ। ਕੁੱਲ 44 ਭਾਰਤੀ ਕੈਨੇਡੀਅਨ ਚੋਣ ਮੈਦਾਨ ਵਿਚ ਡਟੇ ਸਨ ਜਿਨ੍ਹਾਂ ਵਿਚੋਂ 20 ਜੇਤੂ ਰਹੇ। ਇਹ ਪਹਿਲੀ ਵਾਰ ਹੈ ਜਦੋਂ ਐਨੀ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸੰਸਦ ਵਿਚ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਭਾਰਤ ਦੀ ਲੋਕ ਸਭਾ ਵਿਚ ਵੀ ਪੰਜਾਬੀ ਸੰਸਦ ਮੈਂਬਰਾਂ ਦੀ ਐਨੀ ਗਿਣਤੀ ਨਹੀਂ ਹੈ। ਪੰਜਾਬ ਤੋਂ ਲੋਕ ਸਭਾ ਵਿਚ 13 ਮੈਂਬਰ ਹੀ ਪੁੱਜਦੇ ਹਨ।

ਸਾਲ 2008 ਦੀ ਚੋਣਾਂ ਵਿਚ 10 ਅਤੇ 2011 ਵਿਚ ਅੱਠ ਭਾਰਤੀ ਕੈਨਡੀਅਨ ਸੰਸਦ ਵਿਚ ਪੁੱਜੇ ਸਨ। ਸਭ ਤੋਂ ਪਹਿਲਾਂ 1993 ਵਿਚ ਤਿੰਨ ਭਾਰਤੀ ਕੈਨੇਡੀਅਨਾਂ ਨੇ ਸੰਸਦ ਵਿਚ ਪੈਰ ਧਰਿਆ ਸੀ। ਉਨ੍ਹਾਂ ਵਿਚੋਂ ਇਕ ਸਿੱਖ ਗੁਰਬਖਸ਼ ਸਿੰਘ ਮੱਲ੍ਹੀ ਸਨ। ਇਸ ਵਾਰ ਜਿੱਤੇ ਕੁੱਲ ਭਾਰਤੀ ਕੈਨੇਡੀਅਨ ਸੰਸਦ ਮੈਂਬਰਾਂ ਵਿਚੋਂ 16 ਲਿਬਰਲ ਪਾਰਟੀ ਨਾਲ ਸਬੰਧਤ ਹਨ। ਇਹ ਉਹ ਪਾਰਟੀ ਹੈ, ਜਿਸ ਦੇ ਹੱਥ ਹੁਣ ਦੇਸ਼ ਦੀ ਵਾਗਡੋਰ ਆਈ ਹੈ। ਇਨ੍ਹਾਂ ਚੋਣਾਂ ਵਿਚ ਜਿੱਤੇ ਮੁੱਖ ਪੰਜਾਬੀਆਂ ਵਿਚ ਨਵਦੀਪ ਬੈਂਸ, ਹਰਜੀਤ ਸੱਜਣ, ਦੀਪਕ ਓਬਰਾਏ ਤੇ ਸੁੱਖ ਧਾਲੀਵਾਲ ਸ਼ਾਮਲ ਹਨ। ਬੈਂਸ ਤੇ ਧਾਲੀਵਾਲ ਪਿਛਲੀਆਂ ਚੋਣਾਂ ਹਾਰ ਗਏ ਸਨ। ਇਸ ਵਾਰ ਚਾਰ ਪੰਜਾਬੀ ਬੀਬੀਆਂ- ਸੋਨੀਆ ਸਿੱਧੂ, ਕਮਲ ਖੇੜਾ, ਅੰਜੂ ਢਿੱਲੋਂ ਤੇ ਰੂਬੀ ਸਹੋਤਾ ਨੇ ਵੀ ਮੈਦਾਨ ਫਤਹਿ ਕੀਤਾ ਹੈ। ਇਨ੍ਹਾਂ ਚੋਣਾਂ ਵਿਚ ਜਿਹੜੀਆਂ ਮੁੱਖ ਪੰਜਾਬੀ ਹਸਤੀਆਂ ਹਾਰੀਆਂ ਹਨ, ਉਨ੍ਹਾਂ ਵਿਚ ਟਿਮ ਉੱਪਲ, ਬਲ ਗੋਸਲ, ਦਵਿੰਦਰ ਸ਼ੋਰੀ, ਪਰਮ ਗਿੱਲ, ਜਿੰਨੀ ਸਿਮਜ਼ ਤੇ ਨੈਨਾ ਗਰੇਵਾਲ ਸ਼ਾਮਲ ਹਨ। ਟਿਮ ਉੱਪਲ ਲਿਬਰਲ ਪਾਰਟੀ ਦੇ ਅਮਰਜੀਤ ਸੋਹੀ ਤੋਂ ਸਿਰਫ 80 ਵੋਟਾਂ ਨਾਲ ਹਾਰ ਗਏ। ਚੋਣਾਂ ਵਿਚ ਪੰਜ ਦਸਤਾਰਧਾਰੀ ਸਿੱਖ ਹਰਜੀਤ ਸੱਜਣ, ਰਾਜ ਗਰੇਵਾਲ, ਦਰਸ਼ਨ ਕੰਗ, ਨਵਦੀਪ ਬੈਂਸ ਤੇ ਰਣਦੀਪ ਸਰਾਏ ਜਿੱਤੇ ਹਨ। ਸੱਜਣ ਇਸ ਸਮੇਂ ਕੈਨੇਡੀਅਨ ਫੌਜ ਵਿਚ ਲੈਫਟੀਨੈਂਟ ਕਰਨਲ ਹਨ ਤੇ ਉਨ੍ਹਾਂ ਨੇ ਅਫਗ਼ਾਨਿਸਤਾਨ ਵਿਚ ਦੇਸ਼ ਦੀ ਫੌਜ ਵੱਲੋਂ ਲੜਾਈ ਲੜੀ ਹੈ। ਉਨ੍ਹਾਂ ਨੇ ਛੁੱਟੀ ਲੈ ਕੇ ਚੀਨੀ ਬਹੁ-ਗਿਣਤੀ ਵਾਲੇ ਇਲਾਕੇ ਵਿਚੋਂ ਚੋਣ ਜਿੱਤੀ ਹੈ। ਲਿਬਰਲ ਪਾਰਟੀ ਨੇ ਜਿਹੜੇ 20 ਭਾਰਤੀ ਕੈਨੇਡੀਅਨ ਚੋਣ ਮੈਦਾਨ ਵਿਚ ਉਤਾਰੇ ਸਨ ਉਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਨ। ਇਸ ਪਾਰਟੀ ਦੀ ਟਿਕਟ ਤੋਂ ਚੋਣ ਜਿੱਤਣ ਵਾਲੇ 15 ਪੰਜਾਬੀ ਹਨ ਤੇ ਕੰਜ਼ਰਵੇਟਿਵ ਪਾਰਟੀ ਤੋਂ ਚੋਣ ਜਿੱਤਣ ਵਾਲੇ ਦੋ ਪੰਜਾਬੀ ਦੀਪਕ ਓਬਰਾਏ ਤੇ ਜਤੀ ਸਿੱਧੂ ਹਨ। ਚੋਣਾਂ ਵਿਚ ਸਭ ਤੋਂ ਖਾਸ ਜਿੱਤ ਅੰਜੂ ਢਿੱਲੋਂ ਦੀ ਹੈ, ਜਿਨ੍ਹਾਂ ਨੇ ਫਰਾਂਸੀਸੀ ਬੋਲਦੇ ਇਲਾਕੇ ਵਿਚੋਂ ਸੀਟ ਕੱਢੀ ਹੈ। ਇਸ ਇਲਾਕੇ ਵਿਚ ਪੰਜਾਬੀਆਂ ਦੀ ਆਬਾਦੀ ਨਾਂਮਾਤਰ ਹੀ ਹੈ।
______________________________
ਲਿਬਰਲ ਪਾਰਟੀ ਨੇ ਸਿਰਜਿਆ ਇਤਿਹਾਸ
ਟੋਰਾਂਟੋ: ਕੈਨੇਡਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਪਈਆਂ ਵੋਟਾਂ ਵਿਚ ਲਿਬਰਲ ਪਾਰਟੀ ਨੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਹਰਾ ਕੇ ਇਤਿਹਾਸ ਸਿਰਜ ਦਿੱਤਾ ਹੈ। ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਦੀ ਅਗਵਾਈ ਵਿਚ ਕੁੱਲ 338 ਸੀਟਾਂ ਵਿਚੋਂ 184 ‘ਤੇ ਕਬਜ਼ਾ ਕੀਤਾ ਹੈ। ਸਿੱਟੇ ਵਜੋਂ ਕੈਨੇਡਾ ਦੇ ਤਕਰੀਬਨ ਇਕ ਦਹਾਕੇ ਤੋਂ ਚਲੇ ਆ ਰਹੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਥਾਂ ਜਸਟਿਨ ਟਰੂਡੋ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਕੈਨੇਡਾ ਦੇ ਇਸ ਚੋਣ ਅਖਾੜੇ ਵਿਚ ਕੰਜ਼ਰਵੇਟਿਵ, ਨਿਊ ਡੈਮੋਕਰੈਟਿਕ ਪਾਰਟੀ ਅਤੇ ਲਿਬਰਲ ਪਾਰਟੀ ਆਪੋ ਆਪਣੀ ਕਿਸਮਤ ਅਜ਼ਮਾਉਣ ਲਈ ਆਹਮੋ-ਸਾਹਮਣੇ ਸਨ ਜਦੋਂਕਿ ਬਲਾਕ ਕਿਊਬੈਕਵਾ ਤੇ ਗਰੀਨ ਪਾਰਟੀ ਆਫ ਕੈਨੇਡਾ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਚੋਣ ਨਤੀਜਿਆਂ ਮੁਤਾਬਕ ਕੁੱਲ 338 ਸੀਟਾਂ ਵਿਚੋਂ ਲਿਬਰਲ ਪਾਰਟੀ ਨੂੰ 184, ਕੰਜ਼ਰਵੇਟਿਵ ਪਾਰਟੀ ਨੂੰ 99, ਨਿਊ ਡੈਮੋਕਰੈਟਿਕ ਪਾਰਟੀ ਨੂੰ 44, ਬਲਾਕ ਕਿਊਬੈਕਵਾ ਨੂੰ 10 ਅਤੇ ਗਰੀਨ ਪਾਰਟੀ ਨੂੰ ਸਿਰਫ ਇਕ ਸੀਟ ਮਿਲੀ ਹੈ।