ਪੰਜਾਬ ਦੇ ਕੁਝ ਸ਼ਹਿਰਾਂ ਵਿਚ ਅਰਧ-ਸੈਨਿਕ ਬਲਾਂ ਦੀਆਂ ਦਸ ਕੰਪਨੀਆਂ ਤਾਇਨਾਤ ਕਰ ਦਿੱਤੀ ਗਈਆਂ ਹਨ। ਨਾਲ ਹੀ ਪੁਲਿਸ ਨੇ ਪਾਵਨ ਬੀੜਾਂ ਦੀ ਬੇਅਦਬੀ ਦੇ ਸਿਲਸਿਲੇ ਵਿਚ ਵਿਦੇਸ਼ੀ ਹੱਥ ਹੋਣ ਬਾਰੇ ਸਬੂਤ ਵੀ ਪੇਸ਼ ਕਰ ਦਿੱਤੇ ਹਨ, ਭਾਵੇਂ ਮੀਡੀਆ ਨੇ ਇਸ ਬਾਰੇ ਕੁਝ ਕੁ ਇਤਰਾਜ਼ ਵੀ ਨਾਲ ਦੀ ਨਾਲ ਹੀ ਜ਼ਾਹਿਰ ਕਰ ਦਿੱਤੇ ਹਨ। ਅਜਿਹਾ ਉਸ ਸੂਬੇ ਵਿਚ ਹੋਇਆ ਹੈ ਜਿਸ ਦੀ ਕਮਾਨ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਕੋਲ ਹੈ। ਅਜੇ ਪਿਛਲੇ ਹਫਤੇ ਹੀ ਮੁਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਤੁਲਨਾ ਦੱਖਣੀ ਅਫਰੀਕਾ ਦੇ ਮਿਸਾਲੀ ਆਗੂ ਨੈਲਸਨ ਮੰਡੇਲਾ ਨਾਲ ਕੀਤੀ ਸੀ। ਮੰਡੇਲਾ ਨੇ ਨਸਲਪ੍ਰਸਤੀ ਖਿਲਾਫ ਜੂਝਦਿਆਂ 27 ਸਾਲ ਜੇਲ੍ਹ ਵਿਚ ਗੁਜ਼ਾਰੇ ਸਨ ਅਤੇ ਜਦੋਂ ਉਹ ਸੱਤਾ ਵਿਚ ਆਏ ਤਾਂ ਉਨ੍ਹਾਂ ਤਰਜੀਹੀ ਆਧਾਰ ਉਤੇ ‘ਸੱਚ ਤੇ ਸੁਲ੍ਹਾ-ਸਫਾਈ ਕਮਿਸ਼ਨ’ ਬਣਾਇਆ ਸੀ। ਇਸ ਕਮਿਸ਼ਨ ਵਿਚੋਂ ਲੰਘ ਕੇ ਹੀ ਦੱਖਣੀ ਅਫਰੀਕਾ ਜਮਹੂਰੀਅਤ ਦੀ ਗਲੀ ਵਿਚ ਵੜਿਆ ਸੀ। ਇਸ ਕਮਿਸ਼ਨ ਦਾ ਮੁੱਖ ਮਕਸਦ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਸੀ, ਸਗੋਂ ਜ਼ੁਲਮ ਕਰਨ ਵਾਲਿਆਂ ਅਤੇ ਮਜ਼ਲੂਮਾਂ ਨੂੰ ਸੱਚ ਦੇ ਸ਼ੀਸ਼ੇ ਅੱਗੇ ਖੜ੍ਹਨ ਲਈ ਪ੍ਰੇਰਨਾ ਸੀ। ਇਕ ਪਾਸੇ ਜ਼ੁਲਮ ਕਰਨ ਵਾਲਿਆਂ ਨੇ ਆਪਣੀ ਕੀਤੀ ਦਾ ਪਛਤਾਵਾ ਕਰਨਾ ਸੀ ਅਤੇ ਮਜ਼ਲੂਮਾਂ ਨੇ ਆਪਣਾ ਦਰਦ ਫਰੋਲਣਾ ਸੀ। ਇਸ ਕਮਿਸ਼ਨ ਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਦੱਖਣੀ ਅਫਰੀਕਾ ਨੂੰ ਲੀਹ ਉਤੇ ਪਾਉਣ ਵਿਚ ਵੱਡਾ ਰੋਲ ਨਿਭਾਇਆ। ਸੱਤਾ ਵਿਚ ਆਉਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਜਾਬ ਅਤੇ ਪੰਜਾਬ ਨਾਲ ਹੋਈਆਂ ਜ਼ਿਆਦਤੀਆਂ ਦਾ ਲੇਖਾ-ਜੋਖਾ ਕਰਨ ਲਈ ਅਜਿਹਾ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਸੀ। ਬਾਦਲ ਦੇ ਐਲਾਨ ਮੁਤਾਬਕ, ਇਸ ਕਮਿਸ਼ਨ ਨੇ 1980ਵਿਆਂ ਵਿਚ ਪੰਜਾਬ ਦੇ ਕਾਲੇ ਦੌਰ ਲਈ ਜ਼ਿੰਮੇਵਾਰ ਆਗੂਆਂ ਅਤੇ ਧਿਰਾਂ ਦੀ ਨਿਸ਼ਾਨਦੇਹੀ ਕਰਨੀ ਸੀ। ਇਹ ਐਲਾਨ ਅਜੇ ਤੱਕ ਐਲਾਨ ਹੀ ਹੈ।
ਜੱਗ ਜਾਣਦਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਵੱਲੋਂ ਸਵਾਂਗ ਰਚਣ ਤੋਂ ਬਾਅਦ ਮਾਲਵੇ ਦੇ ਪਿੰਡਾਂ ਵਿਚ ਤਣਾਅ ਵਾਲੇ ਹਾਲਾਤ ਪੈਦਾ ਹੋ ਗਏ ਸਨ। ਇਸ ਤਣਾਅ ਨੂੰ ਘੱਟ ਕਰਨ ਦੀ ਥਾਂ ‘ਮੋਦੀ ਦੇ ਮੰਡੇਲੇ’ ਬਾਦਲ ਨੇ ਸਿੱਖ ਭਾਈਚਾਰੇ ਨੂੰ ਉਲਟਾ ਸ਼ਿਸ਼ਕੇਰਿਆ ਸੀ। ਨਤੀਜਾ ਸਿੱਖ ਭਾਈਚਾਰੇ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਹੋਰ ਤਣਾਅ ਵਧਣ ਵਿਚ ਨਿਕਲਿਆ। ਜ਼ਾਹਿਰ ਹੈ ਕਿ ਬਾਦਲ ਦੀ ਇਹ ਕਵਾਇਦ, ਨਿਰੋਲ ਵੋਟਾਂ ਦੀ ਸਿਆਸਤ ਕਰ ਕੇ ਸੀ। ਡੇਰਾ ਮੁਖੀ ਨੂੰ ਮੁਆਫੀ ਦੇਣ ਦੀ ਕਵਾਇਦ ਵੀ ਇਸੇ ਸਿਆਸਤ ਨਾਲ ਜੁੜੀ ਹੋਈ ਸੀ। ਪਹਿਲਾਂ ਬਾਦਲ ਨੇ ਡੇਰਾ ਮੁਖੀ ਤੋਂ ਬਦਲਾ ਲੈਣਾ ਸੀ ਜਿਸ ਦੇ ਪੈਰੋਕਾਰਾਂ ਨੇ ਚੋਣਾਂ ਵਿਚ ਕਾਂਗਰਸ ਨੂੰ ਵੋਟਾਂ ਪਾਈਆਂ ਸਨ। ਹੁਣ ਸਾਰਾ ਨਾਟਕ ਇਸੇ ਡੇਰੇ ਦੀਆਂ ਵੋਟਾਂ ਹਾਸਲ ਕਰਨ ਲਈ ਕੀਤਾ ਗਿਆ। ਡੇਰਾ ਮੁਖੀ ਦੇ ਸਵਾਂਗ ਕਾਰਨ ਸਮਾਜ ਅੰਦਰ ਜਿਹੜਾ ਪਾਟਕ ਪੈ ਗਿਆ ਸੀ ਅਤੇ ਜੋ ਲਗਾਤਾਰ ਵਧਦਾ ਹੀ ਗਿਆ ਸੀ, ਕਿਉਂਕਿ ਇਸ ਨੂੰ ਘੱਟ ਕਰਨਾ ਬਾਦਲ ਦੇ ਏਜੰਡੇ ਉਤੇ ਹੀ ਨਹੀਂ ਸੀ। ਹੁਣ ਤਾਂ ਕਿਸੇ ਵੀ ਧਿਰ ਨੂੰ ਕੋਈ ਭੁਲੇਖਾ ਨਹੀਂ ਰਹਿ ਗਿਆ ਕਿ ਡੇਰੇ ਬਾਰੇ ਕੀਤਾ ਨਾਟਕ ਸਿੱਧਾ ਵੋਟਾਂ ਦੀ ਸਿਆਸਤ ਨਾਲ ਹੀ ਸਬੰਧਤ ਸੀ। ਇਹ ਸਾਰਾ ਕੁਝ ਉਸ ਸਖਸ਼ ਦੀ ਅਗਵਾਈ ਹੇਠ ਹੋਇਆ ਜਿਸ ਨੂੰ ਮੁਲਕ ਦਾ ਪ੍ਰਧਾਨ ਮੰਤਰੀ, ਨੈਲਸਨ ਮੰਡੇਲਾ ਆਖ ਰਿਹਾ ਹੈ; ਜਿਸ ਨੇ ਪੰਜ ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਆਪੇ ਗੱਦੀ ਤਿਆਗ ਦਿੱਤੀ ਸੀ।
ਅੱਜ ਬਾਦਲਾਂ ਕੋਲ ਸੱਤਾ ਹੈ। ਇਨ੍ਹਾਂ ਕੋਲ ਸਰਕਾਰ ਹੈ ਅਤੇ ਇਸ ਤੋਂ ਇਲਾਵਾ ਸਿੱਖ ਭਾਈਚਾਰੇ ਦੀਆਂ ਮੋਹਰੀ ਸੰਸਥਾਵਾਂ ਉਤੇ ਵੀ ਇਹ ਕਾਬਜ਼ ਹੈ। ਇਸ ਨੇ ਆਪਣੇ ਹੀਲਿਆਂ-ਵਸੀਲਿਆਂ ਰਾਹੀਂ ਇਹ ਸਿੱਧ ਕਰ ਹੀ ਦੇਣਾ ਹੈ ਕਿ ਪੰਜਾਬ ਵਿਚ ਹੋਈਆਂ ਤਾਜ਼ਾ ਘਟਨਾਵਾਂ ਵਿਚ ਵਿਦੇਸ਼ ਦਾ ਹੱਥ ਹੈ। ਗ੍ਰਿਫਤਾਰ ਕੀਤੇ ਦੋ ਨੌਜਵਾਨ ਇਸੇ ਸਿਲਸਿਲੇ ਦੀ ਹੀ ਕੜੀ ਹੈ। ਉਂਜ ਇਕ ਲਿਹਾਜ਼ ਨਾਲ ਹੈ ਵੀ ਸੱਚ; ਕਿਉਂਕਿ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਜਿਸ ਤਰ੍ਹਾਂ ਸੱਤਾਧਾਰੀ ਅਕਾਲੀ ਦਲ ਨੂੰ ਪੰਜਾਬ ਵਿਚ ਖਦੇੜਿਆ ਹੈ, ਉਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵਿਦੇਸ਼ਾਂ ਵਿਚ ਹੀ ਹੋਈ ਸੀ। ਵਿਦੇਸ਼ ਗਏ ਸੱਤਾਧਾਰੀ ਆਗੂਆਂ ਨੂੰ ਸਿੱਖ ਭਾਈਚਾਰੇ ਦੇ ਨਾਰਾਜ਼ ਹਿੱਸੇ ਨੇ ਬੋਲਣ ਤੱਕ ਨਹੀਂ ਸੀ ਦਿੱਤਾ। ਸੱਤਾਧਾਰੀਆਂ ਖਿਲਾਫ ਲੋਕਾਂ ਵਿਚ ਰੋਹ ਅਤੇ ਰੋਸ ਹਰ ਸੀਮਾ ਪਾਰ ਕਰ ਗਿਆ ਸੀ। ਉਸ ਸਮੇਂ ਤਾਂ ਅਕਾਲ ਤਖਤ ਤੋਂ ਡੇਰਾ ਮੁਖੀ ਨੂੰ ਮੁਆਫ ਕਰਨ ਵਾਲਾ ਗੁਰਮਤਾ ਵੀ ਨਹੀਂ ਸੀ ਪਾਸ ਕੀਤਾ ਗਿਆ। ਅਕਾਲ ਤਖਤ ਵੱਲੋਂ ਗੁਰਮਤਾ ਪਾਉਣ ਤੋਂ ਬਾਅਦ ਤਾਂ ਸੱਤਾਧਾਰੀਆਂ ਖਿਲਾਫ ਗੁੱਸੇ ਦੀ ਲਹਿਰ ਹੋਰ ਉਚੀ ਉਠਣ ਲੱਗ ਪਈ ਜੋ ਆਖਰਕਾਰ ਭਾਂਬੜ ਬਣ ਗਈ ਅਤੇ ਇਸ ਨੂੰ ਕਾਬੂ ਕਰਨ ਲਈ ਹੁਣ ਅਰਧ-ਸੈਨਿਕ ਬਲ ਤਾਇਨਾਤ ਕਰਨੇ ਪਏ ਹਨ। ਇਨ੍ਹਾਂ ਦੋਹਾਂ ਮਾਮਲਿਆਂ ਬਾਰੇ ਅਕਾਲੀ ਦਲ ਦੀ ਭਾਈਵਾਲ ਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ- ਭਾਜਪਾ, ਅਜੇ ਤੱਕ ਚੁੱਪ ਹੈ। ਬਾਦਲ ਦੇ ਕਹਿਣ ‘ਤੇ ਕੇਂਦਰ ਨੇ ਤੁਰੰਤ ਅਰਧ-ਸੈਨਿਕ ਬਲ ਤਾਇਨਾਤ ਕਰ ਦਿੱਤੇ ਹਨ। ਇਹ ਪੰਜਾਬ ਲਈ ਸ਼ੁਭ ਸ਼ਗਨ ਨਹੀਂ। ਦੱਖਣੀ ਅਫਰੀਕਾ ਦੇ ਨੈਲਸਨ ਮੰਡੇਲਾ ਨੇ ਸਮਾਜ ਦੀ ਬਿਹਤਰੀ ਖਾਤਰ ‘ਸੱਚ ਤੇ ਸੁਲ੍ਹਾ-ਸਫਾਈ ਕਮਿਸ਼ਨ’ ਬਣਾ ਕੇ ਇਕ ਕਦਮ ਅਗਾਂਹ ਵੱਲ ਪੁੱਟਿਆ ਸੀ, ‘ਮੋਦੀ ਦੇ ਮੰਡੇਲੇ’ ਬਾਦਲ ਨੇ ਸਿਰਫ ਵੋਟਾਂ ਵਾਲੀ ਸਿਆਸਤ ਵੱਲ ਜਾਣਾ ਹੀ ਠੀਕ ਜਾਣਿਆ। ‘ਮੋਦੀ ਦੇ ਮੰਡੇਲੇ’ ਬਾਰੇ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ। ਔਖ ਦੀ ਇਸ ਘੜੀ ਵਿਚ ਹੁਣ ਇਕ ਵਾਰ ਫਿਰ, ਸਭ ਦੀਆਂ ਨਜ਼ਰਾਂ ਵਿਰੋਧ ਕਰ ਰਹੇ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਉਤੇ ਲੱਗੀਆਂ ਹੋਈਆਂ ਹਨ। ਪਹਿਲਾਂ ਡੇਰਾ ਮੁਖੀ ਅਤੇ ਹੁਣ ਬੇਅਦਬੀ ਦੇ ਮਸਲੇ ਉਤੇ ਸਿੱਖ ਭਾਈਚਾਰਾ ਆਪਮੁਹਾਰੇ ਸੜਕਾਂ ਉਤੇ ਨਿੱਕਲ ਆਇਆ ਸੀ। ਉਨ੍ਹਾਂ ਦੇ ਦਰਦ, ਰੋਹ ਅਤੇ ਰੋਸ ਨੂੰ ਦਿਸ਼ਾ ਦੇਣਾ ਲੀਡਰਸ਼ਿਪ ਦਾ ਕੰਮ ਹੈ। ਅੱਜ ਦੀ ਘੜੀ ਇਨ੍ਹਾਂ ਲੀਡਰਾਂ ਲਈ ਅਜ਼ਮਾਇਸ਼ ਦੀ ਘੜੀ ਹੈ। ਇਨ੍ਹਾਂ ਨੂੰ ਹੁਣ ਦਿਖਾਉਣਾ ਪਵੇਗਾ ਕਿ ਇਹ ਸੱਤਾਧਾਰੀਆਂ ਤੋਂ ਕਿਸ ਲਿਹਾਜ਼ ਨਾਲ ਵੱਖਰੇ ਹਨ ਅਤੇ ਪੰਜਾਬ ਬਾਰੇ ਕਿੰਨੇ ਦਿਆਨਤਦਾਰ ਹਨ।