ਬਾਦਲ ਵਾਲੇ ਅਕਾਲੀ ਦਲ ਦੀ ‘ਪੰਥਕ ਸਾਖ’ ਦਾਅ ਉਤੇ ਲੱਗੀ

ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫੀ ਦੇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਾਖ ਨੂੰ ਢਾਹ ਲਾਈ ਹੈ। ਅਕਾਲੀ ਦਲ ਅੰਦਰ ਹੀ ਇੰਨਾ ਰੋਸ ਵਧ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਪੰਚਾਇਤਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਟਕਸਾਲੀ ਲੀਡਰਾਂ ਵਿਚ ਵੀ ਸਖਤ ਰੋਸ ਹੈ।

ਹਾਕਮ ਪਾਰਟੀ ਨੂੰ ਖਤਰਾ ਮਹਿਸੂਸ ਹੋਣ ਲੱਗਿਆ ਹੈ ਕਿ ਪਾਰਟੀ ਵਿਚ ਵੱਡੇ ਪੱਧਰ ਉਤੇ ਬਗਾਵਤ ਹੋ ਸਕਦੀ ਹੈ। ਪਾਰਟੀ ਵੱਲੋਂ ਹਾਲ ਹੀ ਵਿਚ ਅਮਰੀਕਾ ਯੂਨਿਟ ਦੇ ਥਾਪੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਅਟਾਰਨੀ ਨੇ ਅਸਤੀਫਾ ਦੇ ਦਿੱਤਾ ਹੈ। ਵਿਦੇਸ਼ਾਂ ਵਿਚਲੇ ਕੁਝ ਹੋਰ ਅਹੁਦੇਦਾਰਾਂ ਵੱਲੋਂ ਵੀ ਪਾਰਟੀ ਛੱਡੀ ਜਾ ਸਕਦੀ ਹੈ। ਪੰਜਾਬ ਵਿਚ ਪਿਛਲੇ ਸਾਢੇ ਸੱਤ ਸਾਲਾਂ ਤੋਂ ਹਕੂਮਤ ਕਰ ਰਹੀ ਪਾਰਟੀ ਵਿਚੋਂ ਵੱਡੇ ਪੱਧਰ ‘ਤੇ ਅਸਤੀਫਿਆਂ ਦਾ ਦੌਰ ਪਹਿਲੀ ਵਾਰੀ ਦੇਖਿਆ ਜਾ ਰਿਹਾ ਹੈ।
ਪੰਜਾਬ ਦੇ ਵਜ਼ੀਰਾਂ ਤੇ ਵਿਧਾਇਕਾਂ ਨੇ ਮਾਲਵਾ ਖੇਤਰ ਦੇ ਪਿੰਡਾਂ ਦੇ ਦੌਰੇ ਰੱਦ ਕਰ ਦਿੱਤੇ ਹਨ। ਕਿਸਾਨ ਧਿਰਾਂ ਨੇ ਪਹਿਲਾਂ ਹੀ ਹਾਕਮ ਧਿਰ ਦੇ ਆਗੂਆਂ ਨੂੰ ਘੇਰਨ ਦਾ ਐਲਾਨ ਕੀਤਾ ਹੋਇਆ ਹੈ। ਉਪਰੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਾਂਡ ਨੇ ਲੋਕਾਂ ਦੇ ਰੋਹ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਬਹੁਤੇ ਨੇਤਾ ਰਾਜਧਾਨੀ ਵਿਚ ਡੇਰੇ ਲਾਈ ਬੈਠੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਰਮਨੀ ਦੇ ਸਰਕਾਰੀ ਦੌਰੇ ਉਤੇ ਹਨ। ਹਾਕਮ ਧਿਰ ਦੇ ਵਿਧਾਇਕ ਮੁਆਵਜ਼ੇ ਦੇ ਚੈੱਕ ਤੇ ਸਾਈਕਲ ਵੰਡਣ ਵਾਸਤੇ ਕੁਝ ਪਿੰਡਾਂ ਵਿਚ ਜ਼ਰੂਰ ਨਿਕਲੇ ਸਨ, ਪਰ ਹੁਣ ਬਹਿਬਲ ਕਾਂਡ ਮਗਰੋਂ ਮੁਆਵਜ਼ੇ ਦੇ ਚੈੱਕ ਵੀ ਮਾਲ ਮਹਿਕਮੇ ਦੇ ਅਧਿਕਾਰੀ ਹੀ ਵੰਡ ਰਹੇ ਹਨ। ਮਾਨਸਾ ਤੋਂ ਵਿਧਾਇਕ ਪ੍ਰੇਮ ਮਿੱਤਲ ਹਲਕੇ ਵਿਚੋਂ ਗਾਇਬ ਹਨ। ਕੈਬਨਿਟ ਵਜ਼ੀਰ ਜਨਮੇਜਾ ਸਿੰਘ ਸੇਖੋਂ ਆਖਰੀ ਵਾਰ 13 ਅਕਤੂਬਰ ਨੂੰ ਆਪਣੇ ਹਲਕੇ ਦੇ ਕਈ ਪਿੰਡਾਂ ਵਿਚ ਮੁਆਵਜ਼ੇ ਦੇ ਚੈੱਕ ਵੰਡੇ ਸਨ। ਉਸ ਮਗਰੋਂ ਉਹ ਹਲਕੇ ਵਿਚੋਂ ਗਾਇਬ ਹੀ ਹਨ। ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਆਪਣੇ ਹਲਕੇ ਤੋਂ ਬਾਹਰ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸੰਕੋਚ ਨਾਲ ਵਿਚਰ ਰਹੇ ਹਨ। ਸੂਤਰਾਂ ਅਨੁਸਾਰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੀ ਪੰਜਾਬ ਬੰਦ ਤੋਂ ਪਹਿਲਾਂ ਰਾਤ ਤਕਰੀਬਨ 9:30 ਵਜੇ ਤਿੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਗਏ ਸਨ। ਉਹ ਵੀ ਵਾਇਆ ਗੋਬਿੰਦਗੜ੍ਹ ਤੇ ਜਲੰਧਰ ਰਾਹੀਂ ਅੰਮ੍ਰਿਤਸਰ ਰਾਤ ਨੂੰ ਕਰੀਬ ਢਾਈ ਵਜੇ ਪੁੱਜੇ।
ਖ਼ੁਫੀਆ ਵਿੰਗ ਨੇ ਹਾਕਮ ਧਿਰ ਨੂੰ ਸੁਚੇਤ ਕਰ ਦਿੱਤਾ ਸੀ ਕਿ ਕੁਝ ਦਿਨ ਸੀਨੀਅਰ ਨੇਤਾ ਪਿੰਡਾਂ ਵਿਚ ਜਾਣ ਤੋਂ ਗੁਰੇਜ਼ ਕਰਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਬੰਦ ਪਏ ਹਨ। ਬਾਦਲ ਪਰਿਵਾਰ ਨੇ ਤਾਂ ਆਪਣੇ ਪਿੰਡ ਤੋਂ ਵੀ ਦੂਰੀ ਬਣਾਈ ਹੋਈ ਹੈ। ਪਿੰਡ ਬਾਦਲ ਵਿਚ ਸੁਰੱਖਿਆ ਵਧਾਈ ਗਈ ਹੈ, ਪਰ ਬਾਦਲ ਪਰਿਵਾਰ ਨੇ ਪਿੰਡ ਵਿਚ ਇਸੇ ਹਫਤੇ ਹੋਏ ਸਮਾਗਮ ਵਿਚ ਆਉਣ ਤੋਂ ਵੀ ਪਾਸਾ ਹੀ ਵੱਟ ਲਿਆ ਹੈ।
ਹਲਕਾ ਕੋਟਕਪੂਰਾ ਤੋਂ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਕਈ ਦਿਨਾਂ ਤੋਂ ਹਲਕੇ ਤੋਂ ਦੂਰ ਹਨ। ਬੰਦੀ ਸਿੱਖ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਰਾੜ ਨੇ ਆਖਿਆ ਕਿ ਹਕੂਮਤ ਨੇ ਲੋਕ ਰੋਹ ਨੂੰ ਭਾਂਪ ਲਿਆ ਹੈ, ਜਿਸ ਕਰਕੇ ਹੁਣ ਉਹ ਕਿਹੜੇ ਮੂੰਹ ਨਾਲ ਪਿੰਡਾਂ ਵਿਚ ਆਉਣਗੇ।
____________________________________
ਪੰਜਾਬ ਤੋਂ ਬਾਹਰ ਵੀ ਅਕਾਲੀ ਦਲ ਖਿਲਾਫ ਰੋਹ
ਜਲੰਧਰ: ਪੰਜਾਬ ਵਿਚ ਦਿਨੋਂ-ਦਿਨ ਬਦਲ ਰਹੇ ਸਿਆਸੀ ਹਾਲਾਤ ਦਾ ਦਿੱਲੀ ਦੀ ਸਿੱਖ ਰਾਜਨੀਤੀ ਉੱਪਰ ਸਿੱਧਾ ਅਸਰ ਪੈ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਬੀਤੇ ਦਿਨੀਂ ਇਸ਼ਾਰੇ ਨਾਲ ਬਾਦਲ ਧੜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੁਝ ਸਿੱਖ ਆਗੂ ਆਪਣੀ ਸਿਆਸੀ ਥਾਂ ਬਣਾਉਣ ਲਈ ਪੰਜਾਬ ਦੀਆਂ ਘਟਨਾਵਾਂ ਦਾ ਸਿਆਸੀ ਲਾਹਾ ਲੈਣ ਦੀ ਤਾਕ ਵਿਚ ਹਨ, ਜਿਸ ਤੋਂ ਸੁਚੇਤ ਹੋਣਾ ਚਾਹੀਦਾ ਹੈ। ਇੰਦਜੀਤ ਸਿੰਘ ਮੌਂਟੀ ਵੱਲੋਂ ਬਾਦਲ ਧੜੇ ਤੋਂ ਅਸਤੀਫਾ ਦੇਣਾ ਵੀ ਇਸੇ ਨਜ਼ਰੀਏ ਤੋਂ ਸਥਾਨਕ ਸਿੱਖ ਘੋਖ ਰਹੇ ਹਨ। ਹਰਿਆਣਾ ਤੇ ਜੰਮੂ ਵਿਚ ਵੀ ਸਿੱਖਾਂ ਵੱਲੋਂ ਬਾਦਲ ਸਰਕਾਰ ਖਿਲਾਫ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਜੰਮੂ ਵਿਚ ਯੂਨਾਈਟਡ ਸਿੱਖ ਕੌਂਸਲ ਨੇ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਹੈ। ਇਸ ਮੁਜ਼ਾਹਰੇ ਵਿਚ ਜੰਮੂ ਦੇ ਸਿੱਖ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
________________________________________
ਮੁੱਖ ਮੰਤਰੀ ਬਾਦਲ ਦੇ ਨਾਂ ਖੁੱਲ੍ਹੀ ਚਿੱਠੀ
ਅੰਮ੍ਰਿਤਸਰ: ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਖੁੱਲ੍ਹੀ ਚਿੱਠੀ ਵਿਚ ਕਿਹਾ ਹੈ ਕਿ ਜਿੰਨੇ ਧਰੋਹ ਉਹ ਸਿੱਖ ਜਗਤ ਨਾਲ ਕਮਾ ਰਹੇ ਨੇ ਤੇ ਧਾਰਮਿਕ ਅਵੱਗਿਆਵਾਂ ਕੀਤੀਆਂ ਹਨ, ਇਸ ਦੀ ਸਜ਼ਾ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਮਿਲੇਗੀ। ਉਨ੍ਹਾਂ ਲਿਖਿਆ ਹੈ ਕਿ ਖਾਲਸਾ ਪੰਥ ਨੇ ਅੱਜ ਤੱਕ ਆਪਣੇ ਦੁਸ਼ਮਣਾਂ ਤੇ ਗਦਾਰਾਂ ਨੂੰ ਮੁਆਫ ਨਹੀਂ ਕੀਤਾ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਿੱਖਾਂ ਉਤੇ ਪੁਲਿਸ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਆਂ ਚਲਾਈਆਂ ਹਨ, ਇਹ ਕਿਹੋ ਜਿਹਾ ਇਨਸਾਫ ਹੈ ਤੇ ਕਿਹੋ ਜਿਹਾ ਰਾਜ ਪ੍ਰਬੰਧ ਹੈ। ਮੁੱਖ ਮੰਤਰੀ ਕੋਲ ਇਸ ਤੱਥ ਦਾ ਕੀ ਜਵਾਬ ਹੈ ਕਿ ਉਨ੍ਹਾਂ ਦੀ ਸਰਕਾਰ ਵੇਲੇ ਹੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀਆਂ ਘਟਨਾਵਾਂ ਕਿਉਂ ਵਾਪਰਦੀਆਂ ਹਨ ਤੇ ਉਹ ਅਜਿਹੇ ਅਨਸਰਾਂ ਦੀ ਪੁਸ਼ਤਪਨਾਹੀ ਕਿਉਂ ਕਰਦੇ ਹਨ?