ਰੋਹ ਦੀ ਅੱਗ ਵਿਚ ਝੁਲਸਿਆ ਪੰਜਾਬ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਇਕ ਵਾਪਰੀਆਂ ਘਟਨਾਵਾਂ ਨੇ ਸੂਬੇ ਵਿਚ ਅਮਨ ਅਮਾਨ ਦੀ ਸਥਿਤੀ ਨੂੰ ਲਾਂਬੂ ਲਾ ਦਿੱਤਾ ਹੈ। ਕਿਸਾਨ ਅੰਦੋਲਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਫੈਸਲੇ ਨੇ ਜਿਥੇ ਹਫਤਾ ਭਰ ਸੂਬੇ ਵਿਚ ਮਾਹੌਲ ਤਣਾਅਪੂਰਨ ਬਣਾਈ ਰੱਖਿਆ, ਉਥੇ ਮਾਲਵਾ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਕਾਰਵਾਈ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਨੇ ਹਾਲਾਤ ਵੱਸੋਂ ਬਾਹਰ ਕਰ ਦਿੱਤੇ ਹਨ। ਸੂਬੇ ਦੇ ਕਈ ਹੋਰ ਹਿੱਸਿਆਂ ਵਿਚ ਵੀ ਇਸ ਅੰਦੋਲਨ ਦਾ ਅਸਰ ਵਧਦਾ ਜਾ ਰਿਹਾ ਹੈ।

ਸਿਆਸੀ ਤੌਰ ਉਤੇ ਹਾਸ਼ੀਏ ਉੱਤੇ ਪੁੱਜੇ ਬਹੁਤ ਸਾਰੇ ਆਗੂ ਇਸ ਪੂਰੇ ਪ੍ਰਕਰਣ ਵਿਚ ਸਰਗਰਮ ਹੋ ਗਏ।
ਪੰਥਕ ਧਿਰਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਇਆ ਤੇ ਹੁਣ ਉਸ ਦੇ ਪੱਤਰੇ ਨੇੜੇ ਦੇ ਪਿੰਡ ਬਰਗਾੜੀ ਵਿਚੋਂ ਮਿਲਣ ਨੇ ਸਿੱਖ ਮਨਾਂ ਵਿਚ ਤਲਖੀ ਨੂੰ ਬੇਹੱਦ ਵਧਾ ਦਿੱਤਾ। ਇਸ ਤਲਖੀ ਵਿਚੋਂ ਬਹੁਤ ਸਾਰੀਆਂ ਧਿਰਾਂ ਦਾ ਪੁਲਿਸ ਨਾਲ ਟਕਰਾਅ ਹੋਇਆ ਤੇ ਸਥਿਤੀ ਹੋਰ ਵੀ ਵਧੇਰੇ ਵਿਗੜਦੀ ਗਈ। ਕੋਟਕਪੂਰਾ ਦੇ ਨੇੜਲੇ ਪਿੰਡ ਬਹਿਬਲ ਕਲਾਂ ਵਿਚ ਹੋਈ ਹਿੰਸਕ ਝੜਪ ਵਿਚ ਪੁਲਿਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ ਤੇ ਦਰਜਨਾਂ ਹੀ ਲੋਕ ਪੁਲਿਸ ਕਰਮੀਆਂ ਸਮੇਤ ਜ਼ਖ਼ਮੀ ਹੋ ਗਏ। ਇਸ ਨੇ ਜਿਥੇ ਸਮੁੱਚੇ ਮਾਹੌਲ ਨੂੰ ਬੇਹੱਦ ਤਪਸ਼ ਭਰਪੂਰ ਬਣਾ ਦਿੱਤਾ ਹੈ, ਉਥੇ ਇਸ ਦੁਖਦਾਈ ਘਟਨਾ ਨੇ ਸਰਕਾਰ ਦੀ ਸਥਿਤੀ ਵੀ ਬੇਹੱਦ ਨਾਜ਼ੁਕ ਕਰ ਦਿੱਤੀ ਹੈ। ਸਿੱਖ ਜਗਤ ਵਿਚ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਨਾਰਾਜ਼ਗੀ ਪੈਦਾ ਹੋਈ ਹੈ। ਪੁਲਿਸ ਵੱਲੋਂ ਜਿਸ ਢੰਗ ਨਾਲ ਇਸ ਸਮੁੱਚੇ ਮਸਲੇ ਨਾਲ ਨਜਿੱਠਿਆ ਗਿਆ, ਉਸ ਦੀ ਵੀ ਸਖਤ ਆਲੋਚਨਾ ਹੋ ਰਹੀ ਹੈ। ਜੇਕਰ ਕੁਝ ਮਹੀਨੇ ਪਹਿਲਾਂ ਇਕ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਸੀ ਤਾਂ ਉਸੇ ਹੀ ਸਮੇਂ ਪੂਰਾ ਤਾਣ ਲਗਾ ਕੇ ਸ਼ਰਾਰਤੀ ਅਨਸਰਾਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਤੇ ਹੁਣ ਸ਼ਰੇਆਮ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਅਜਿਹਾ ਮਾਹੌਲ ਸਿਰਜਣ ਦਾ ਯਤਨ ਕੌਣ ਕਰ ਰਿਹਾ ਹੈ? ਪੰਜਾਬ ਪਹਿਲਾਂ ਵੀ ਲੰਮੇ ਸਮੇਂ ਤੱਕ ਇਕ ਵੱਡੇ ਸੰਤਾਪ ਵਿਚੋਂ ਗੁਜ਼ਰਿਆ ਸੀ, ਜਿਸ ਤੋਂ ਬਾਅਦ ਅਮਨ-ਸ਼ਾਂਤੀ ਤੇ ਭਾਈਚਾਰੇ ਵਾਲਾ ਮਾਹੌਲ ਸਿਰਜਣ ਲਈ ਸਭ ਨੂੰ ਸਾਂਝੇ ਯਤਨ ਕਰਨੇ ਪਏ ਸਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਇਹ ਜ਼ਰੂਰ ਜਾਪਣ ਲੱਗਾ ਹੈ ਕਿ ਅਜਿਹਾ ਕੁਝ ਕਿਸੇ ਵੱਡੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਿਰਸਾ ਡੇਰਾ ਮੁਖੀ ਸਬੰਧੀ ਚਿਰਾਂ ਤੋਂ ਉੱਠੇ ਹੋਏ ਵਿਵਾਦ ਬਾਰੇ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਨੂੰ ਮੁਆਫ ਕੀਤੇ ਜਾਣ ਦੇ ਫੈਸਲੇ ਸਬੰਧੀ ਵੀ ਸਿੱਖ ਜਗਤ ਵਿਚ ਵੱਡਾ ਰੋਸ ਪੈਦਾ ਹੋਇਆ ਸੀ। ਵਿਸ਼ੇਸ਼ ਤੌਰ ਉਤੇ ਇੰਨੇ ਵੱਡੇ ਤੇ ਅਹਿਮ ਫੈਸਲੇ ਨੂੰ ਚੁੱਪਚਾਪ ਕਰ ਲਏ ਜਾਣ ਨਾਲ ਇਹ ਰੋਸ ਪ੍ਰਚੰਡ ਹੋਇਆ ਸੀ। ਸਿੱਖ ਜਗਤ ਵਿਚੋਂ ਉੱਠੀਆਂ ਰੋਸ ਦੀਆਂ ਵਿਆਪਕ ਭਾਵਨਾਵਾਂ ਨੂੰ ਸਮਝਦਿਆਂ ਸਿੰਘ ਸਾਹਿਬਾਨ ਵੱਲੋਂ ਇਸ ਗੁਰਮਤੇ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ।
______________________________________
ਰਾਸ਼ਟਰਪਤੀ ਰਾਜ ਦੀ ਮੰਗ ਉੱਠੀ
ਚੰਡੀਗੜ੍ਹ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ਵਿਖੇ ਪੁਲਿਸ ਫਾਇਰਿੰਗ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਣ ਮਗਰੋਂ ਪੰਜਾਬ ਕਾਂਗਰਸ ਨੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਤੇ ਜੇਕਰ ਬਾਦਲ ਸਰਕਾਰ ਹਾਲਾਤ ‘ਤੇ ਕਾਬੂ ਨਹੀਂ ਪਾ ਸਕਦੀ ਤਾਂ ਮੁੱਖ ਮੰਤਰੀ ਤੁਰੰਤ ਅਹੁਦਾ ਛੱਡ ਦੇਣ।
_______________________
ਕੋਟਕਪੂਰਾ ਹਿੰਸਾ ਪਿੱਛੇ ਸਰਕਾਰ ਦਾ ਹੱਥ: ਅਮਰਿੰਦਰ ਸਿੰਘ
ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਟਕਪੂਰਾ ਵਿਚ ਹੋ ਰਹੀਆਂ ਘਟਨਾਵਾਂ ਪਿੱਛੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਦੋ ਜਾਨਾਂ ਚਲੀਆਂ ਗਈਆਂ। ਸ਼ ਬਾਦਲ ਆਪਣੀ ਹਰ ਮੋਰਚੇ ਉਤੇ ਅਸਫਲਤਾ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸ਼ਾਂਤੀ ਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਾਦਲ ਦੀਆਂ ਵੰਡ ਪਾਊ ਨੀਤੀਆਂ ਤੋਂ ਵੀ ਸਾਵਧਾਨ ਰਹਿਣ ਦੀ ਲੋੜ ਹੈ।