ਨਵੀਂ ਦਿੱਲੀ: ਭਾਰਤ ਵਿਚ ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਬਣਨ ਪਿੱਛੋਂ ਦੇਸ਼ ਵਿਚ ਫਿਰਕਾਪ੍ਰਸਤੀ ਦਾ ਪਸਾਰਾ ਹੋਇਆ ਹੈ। ਦੇਸ਼ ਵਿਚ ਰੋਜ਼ਾਨਾ ਔਸਤਨ ਦੋ ਘਟਨਾਵਾਂ ਫਿਰਕੂ ਦੰਗਿਆਂ ਦੀਆਂ ਵਾਪਰ ਰਹੀਆਂ ਹਨ। ਲੰਘੇ ਸਾਢੇ ਤਿੰਨ ਵਰ੍ਹਿਆਂ ਦਾ ਇਹ ਰੁਝਾਨ ਹੈ ਕਿ ਹਰ ਮਹੀਨੇ ਔਸਤਨ 58 ਮਾਮਲੇ ਫਿਰਕੂ ਫਸਾਦਾਂ ਦੇ ਸਾਹਮਣੇ ਆਏ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਤੋਂ ਮਿਲੇ ਵੇਰਵਿਆਂ ਅਨੁਸਾਰ ਦੇਸ਼ ਵਿਚ ਤੇਜ਼ੀ ਨਾਲ ਫਿਰਕੂ ਫਸਾਦ ਵਧ ਰਹੇ ਹਨ। ਮੁਲਕ ਵਿਚ ਜਨਵਰੀ 2012 ਤੋਂ ਜੂਨ 2015 ਤੱਕ ਫਿਰਕੂ ਦੰਗਿਆਂ ਦੀਆਂ 2465 ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿਚ 373 ਲੋਕਾਂ ਨੂੰ ਜਾਨ ਗੁਆਉਣੀ ਪਈ ਜਦੋਂ ਕਿ 7399 ਵਿਅਕਤੀ ਜਖਮੀ ਹੋਏ ਹਨ। ਮਤਲਬ ਇਹੋ ਹੈ ਕਿ ਪ੍ਰਤੀ ਦਿਨ ਔਸਤਨ ਦੋ ਘਟਨਾਵਾਂ ਫਿਰਕੂ ਦੰਗਿਆਂ ਦੀਆਂ ਹੋ ਰਹੀਆਂ ਹਨ। ਕੇਂਦਰ ਵਿਚ ਮੋਦੀ ਸਰਕਾਰ ਬਣਨ ਮਗਰੋਂ ਫਿਰਕੂ ਦੰਗਿਆਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਵਰ੍ਹਾ 2014 ਦੇ ਪਹਿਲੇ ਛੇ ਮਹੀਨਿਆਂ ਵਿਚ ਇਨ੍ਹਾਂ ਘਟਨਾਵਾਂ ਦੀ ਗਿਣਤੀ 252 ਸੀ ਜਦੋਂ ਕਿ 2015 ਦੇ ਪਹਿਲੇ ਛੇ ਮਹੀਨਿਆਂ ਵਿਚ ਹੋਈਆਂ ਇਨ੍ਹਾਂ ਘਟਨਾਵਾਂ ਦੀ ਗਿਣਤੀ ਵਧ ਕੇ 330 ਹੋ ਗਈ ਜਿਨ੍ਹਾਂ ਵਿਚ 51 ਵਿਅਕਤੀ ਮਾਰੇ ਗਏ ਸਨ ਤੇ 1092 ਜ਼ਖਮੀ ਹੋਏ ਸਨ। 2012 ਵਿਚ 668 ਘਟਨਾਵਾਂ, ਸਾਲ 2013 ਵਿਚ 823, ਸਾਲ 2014 ਵਿਚ 644 ਘਟਨਾਵਾਂ ਫਿਰਕੂ ਦੰਗਿਆਂ ਦੀਆਂ ਹੋਈਆਂ ਸਨ।
ਸਰਕਾਰੀ ਵੇਰਵਿਆਂ ਮੁਤਾਬਕ ਉੱਤਰ ਪ੍ਰਦੇਸ਼ ਇਸ ਮਾਮਲੇ ਵਿਚ ਪਹਿਲੇ ਨੰਬਰ ਉਤੇ ਹੈ, ਜਿਸ ਵਿਚ ਲੰਘੇ ਸਾਢੇ ਤਿੰਨ ਵਰ੍ਹਿਆਂ ਵਿਚ 566 ਅਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ 152 ਲੋਕ ਮਾਰੇ ਗਏ ਸਨ ਜਦੋਂ ਕਿ 1458 ਜ਼ਖਮੀ ਹੋਏ ਹਨ।
ਦੂਸਰਾ ਨੰਬਰ ਮਹਾਰਾਸ਼ਟਰ ਦਾ ਹੈ ਜਿਥੇ ਇਸ ਸਮੇਂ ਦੌਰਾਨ 338 ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ 43 ਵਿਅਕਤੀ ਮਾਰੇ ਗਏ ਤੇ 1030 ਜਖਮੀ ਹੋਏ ਸਨ। ਇਸੇ ਦੌਰਾਨ ਪੰਜਾਬ ਤੇਜ਼ੀ ਨਾਲ ਵਿਗੜਦੇ ਹਾਲਾਤ ਵੱਲ ਵਧ ਰਿਹਾ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਮਾਹੌਲ ਗਰਮਾਇਆ ਹੈ। ਫਰੀਦਕੋਟ ਤੇ ਮੋਗਾ ਜ਼ਿਲ੍ਹੇ ਵਿਚ ਪੁਲਿਸ ਤੇ ਪੰਥਕ ਧਿਰਾਂ ਵਿਚ ਹੋਇਆ ਟਕਰਾਅ ਪੰਜਾਬ ਨੂੰ ਅਸ਼ਾਂਤੀ ਵੱਲ ਵਧਾ ਰਹੇ ਹਨ। ਅਤਿਵਾਦ ਦਾ ਸੇਕ ਪੰਜਾਬ ਨੂੰ ਪਹਿਲਾਂ ਹੀ ਸਾੜ ਚੁੱਕਾ ਹੈ। ਪੰਜਾਬ ਵਿਚ ਸਾਲ 2012 ਵਿਚ ਦੋ ਮਾਮਲੇ ਫਿਰਕੂ ਫਸਾਦ ਦੇ ਵਾਪਰੇ ਸਨ ਜਿਨ੍ਹਾਂ ਵਿਚ ਤਿੰਨ ਲੋਕਾਂ ਦੀ ਜਾਨ ਗਈ ਸੀ।
ਹੁਣ ਮਾਲਵਾ ਖਿੱਤੇ ਵਿਚ ਪੰਥਕ ਧਿਰਾਂ ਤੇ ਪੁਲਿਸ ਦਰਮਿਆਨ ਟਕਰਾਅ ਰਾਜ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਮਾਹੌਲ ਗਰਮਾਇਆ ਹੈ। ਫਰੀਦਕੋਟ ਤੇ ਮੋਗਾ ਜ਼ਿਲ੍ਹੇ ਵਿਚ ਪੁਲਿਸ ਤੇ ਪੰਥਕ ਧਿਰਾਂ ਵਿਚ ਹੋਇਆ ਟਕਰਾਅ ਪੰਜਾਬ ਨੂੰ ਅਸ਼ਾਂਤੀ ਵੱਲ ਵਧਾ ਰਹੇ ਹਨ। ਅਤਿਵਾਦ ਦਾ ਸੇਕ ਪੰਜਾਬ ਨੂੰ ਪਹਿਲਾਂ ਹੀ ਸਾੜ ਚੁੱਕਾ ਹੈ।
______________________________
ਅਮਰੀਕੀ ਰਿਪੋਰਟ ‘ਚ ਧਰਮਨਿਰਪੱਖ ਨੀਤੀ ‘ਤੇ ਸਵਾਲ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਮੋਦੀ ਸਰਕਾਰ ਦੀ ਧਰਮ ਨਿਰਪੱਖ ਨੀਤੀ ਉੱਤੇ ਸਵਾਲ ਚੁੱਕੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਭਾਰਤ ਸਰਕਾਰ ਫਿਰਕੂ ਹਿੰਸਾ ਨੂੰ ਕਾਬੂ ਕਰਨ ਵਿਚ ਅਸਫਲ ਰਹੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ 2014 ਦੀ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਭਾਰਤ ਵਿਚ ਧਰਮ ਨਾਲ ਪ੍ਰੇਰਿਤ ਹੱਤਿਆਵਾਂ, ਗ੍ਰਿਫਤਾਰੀਆਂ, ਦੰਗੇ ਤੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਹੋਈਆਂ ਹਨ। ਰਿਪੋਰਟ ਅਨੁਸਾਰ ਕੁਝ ਮਾਮਲਿਆਂ ਵਿਚ ਪੁਲਿਸ ਫਿਰਕੂ ਹਿੰਸਾ ਨੂੰ ਪ੍ਰਭਾਵੀ ਤਰੀਕੇ ਨਾਲ ਕਾਬੂ ਕਰਨ ਵਿਚ ਅਸਫਲ ਰਹੀ ਹੈ। ਵਿਦੇਸ਼ ਮੰਤਰਾਲੇ ਦੀ ਸਾਲਾਨਾ ਰਿਪੋਰਟ ਦੇ ਭਾਰਤੀ ਚੈਪਟਰ ਵਿਚ ਆਖਿਆ ਗਿਆ ਹੈ ਕਿ ਕੁਝ ਸਰਕਾਰੀ ਅਧਿਕਾਰੀਆਂ ਨੇ ਘੱਟ ਗਿਣਤੀਆਂ ਖਿਲਾਫ ਭੇਦਭਾਵ ਵਾਲੇ ਬਿਆਨ ਦਿੱਤੇ ਹਨ। ਰਿਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕੁਝ ਮਾਮਲਿਆਂ ਵਿਚ ਸਥਾਨਕ ਪੁਲਿਸ ਸੰਪਰਦਾਇਕ ਹਿੰਸਾ ਨੂੰ ਰੋਕਣ ਵਿਚ ਅਸਫਲ ਰਹੀ ਹੈ। ਅਮਰੀਕਾ ਦੀ ਗੈਰ ਸਰਕਾਰੀ ਸੰਸਥਾ ‘ਐਕਟ ਨਾਓ ਫਾਰ ਹਾਰਮਨੀ ਐਂਡ ਡੈਮੋਕ੍ਰੇਸੀ’ ਅਨੁਸਾਰ ਮਈ 2014 ਤੋਂ ਲੈ ਕੇ ਸਾਲ ਦੇ ਅੰਤ ਤੱਕ ਧਰਮ ਨਾਲ ਪ੍ਰੇਰਿਤ ਹਮਲਿਆਂ ਦੀ ਗਿਣਤੀ ਤਕਰੀਬਨ ਅੱਠ ਸੌ ਤੱਕ ਪੁੱਜ ਗਈ ਹੈ।
____________________________
ਸ਼ਿਵ ਸੈਨਾ ਵੱਲੋਂ ਮੋਦੀ ਨੂੰ ਗੁਜਰਾਤ ਦੰਗਿਆਂ ਦਾ ਮਿਹਣਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਾਦਰੀ ਕਾਂਡ ਅਤੇ ਗ਼ੁਲਾਮ ਅਲੀ ਦੇ ਪ੍ਰੋਗਰਾਮ ਦੇ ਵਿਰੋਧ ਨੂੰ ਮੰਦਭਾਗਾ ਕਰਾਰ ਦੇਣ ਉਤੇ ਸਿਆਸਤ ਗਰਮਾ ਗਈ ਹੈ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੂੰ ਇਹ ਵਿਰੋਧ ਕਾਫੀ ਚੁੱਭਿਆ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ਨਰੇਂਦਰ ਮੋਦੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਛਾਣ ਗੋਧਰਾ ਤੇ ਅਹਿਮਦਾਬਾਦ ਦੰਗਿਆਂ ਕਰਕੇ ਬਣੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੇ ਕਿਹਾ ਕਿ ਪਾਰਟੀ ਸ੍ਰੀ ਮੋਦੀ ਦਾ ਇਸੇ ਕਰਕੇ ਸਨਮਾਨ ਕਰਦੀ ਹੈ।