ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸੰਗਤ ਸੰਗ ਵਿਚਾਰ

ਦਲਜੀਤ ਅਮੀ
ਫੋਨ: +91-97811-21873
ਪੰਜਾਬ ਦੇ ਹਾਲਾਤ ਰੱਬ ਨਾਲੋਂ ਵੀ ਗੁੰਝਲਦਾਰ ਬੁਝਾਰਤ ਬਣੇ ਹੋਏ ਹਨ। ਅਕਾਲ ਤਖ਼ਤ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਪਸ਼ਟੀਕਰਨ ਦੇ ਜੁਆਬ ਵਿਚ ਦਿੱਤੀ ਮੁਆਫ਼ੀ ਉਤੇ ਸੁਆਲ ਹੋਏ ਤਾਂ ਹਾਲਾਤ ਮੁਤਾਬਕ ਸਿੰਘ ਸਾਹਿਬਾਨ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਤਾਂ ਰੋਹ ਸੜਕਾਂ ਉਤੇ ਉਬਾਲੇ ਖਾਣ ਲੱਗਿਆ। ਕੋਟਕਪੂਰਾ ਵਿਚ ਦੋ ਮੁਜ਼ਾਹਰਾਕਾਰੀ ਪੁਲਿਸ ਦੀ ਗੋਲੀ ਨਾਲ ਮਾਰੇ ਗਏ। ਇਹਤਿਆਤੀ ਗ੍ਰਿਫ਼ਤਾਰੀਆਂ ਦਾ ਦੌਰ ਲਗਾਤਾਰ ਜਾਰੀ ਹੈ।

ਹਰ ਰੋਜ਼ ਸੜਕਾਂ ਅਤੇ ਬਾਜ਼ਾਰ ਬੰਦ ਕਰਵਾਉਣ ਦਾ ਰੁਝਾਨ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਭੌਰ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਖਦੇਵ ਸਿੰਘ ਭੌਰ ਸਮੇਤ ਇੱਕ ਦਰਜਨ ਤੋਂ ਜ਼ਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪੱਧਰ ਦੇ ਆਗੂਆਂ ਦਾ ਪਾਰਟੀ ਤੋਂ ਕਿਨਾਰਾ ਕਰਨਾ ਜਾਰੀ ਹੈ। ਮੁਜ਼ਾਹਰਾਕਾਰੀਆਂ ਨੇ ਦੋ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਉਤੇ ਹਮਲਾ ਕੀਤਾ। ਕਾਂਗਰਸ ਦੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ ਹੈ। ਰੋਸ ਮੁਜ਼ਾਹਰਿਆਂ ਤੋਂ ਬਾਅਦ ਹੁਣ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਕੁਝ ਹੋਰ ਥਾਈਂ ਨੀਮ-ਫ਼ੌਜੀ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ। ਤਲਵਾਰਾਂ ਲਹਿਰਾਉਣ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਪੰਜ ਮਾਮਲੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਰੋਹ ਜਾਗਣਾ ਸੁਭਾਵਿਕ ਹੈ। ਇਸ ਬੇਅਦਬੀ ਦੀ ਨਿਖੇਧੀ, ਨਿਰਪੱਖ ਜਾਂਚ ਅਤੇ ਢੁਕਵੀਂ ਕਾਰਵਾਈ ਦੇ ਮਾਮਲੇ ਸਾਫ਼ ਹਨ। ਇਨ੍ਹਾਂ ਉਤੇ ਮੁਜ਼ਾਹਰਾਕਾਰੀਆਂ ਤੋਂ ਲੈ ਕੇ ਸਰਕਾਰ ਅਤੇ ਨਿਰਪੱਖ ਤਬਕੇ ਤੱਕ ਸਹਿਮਤੀ ਹੈ ਕਿ ਇਹ ਨਿਖੇਧੀ, ਜਾਂਚ ਅਤੇ ਢੁਕਵੀਂ ਕਾਰਵਾਈ ਤਾਂ ਹੋਣੀ ਹੀ ਚਾਹੀਦੀ ਹੈ। ਇਸੇ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿਚ ਸਰਬਤ ਖ਼ਾਲਸਾ ਕਰਨ ਦਾ ਸੱਦਾ ਦਿੱਤਾ ਜਾ ਚੁੱਕਿਆ ਹੈ। ਹੁਣ ਸਰਬਤ ਖ਼ਾਲਸਾ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਵੀ ਜੁੜ ਗਿਆ ਹੈ। ਇਸ ਵੇਲੇ ਮੁਜ਼ਾਹਰਾਕਾਰੀਆਂ ਵਿਚ ਠੇਸ ਦੀ ਭਾਵਨਾ ਇੰਨੀ ਭਾਰੂ ਹੈ ਕਿ ਕੋਈ ਸੰਵਾਦ ਮੁਸ਼ਕਲ ਜਾਪਦਾ ਹੈ। ਅਫ਼ਵਾਹਾਂ ਦਾ ਬਾਜ਼ਾਰ ਇੰਨਾ ਗਰਮ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਔਲਖ ਨੂੰ ਦੱਸਣਾ ਪਿਆ ਕਿ ਸ਼ਹਿਰ ਵਿਚ ਕਰਫ਼ਿਊ ਨਹੀਂ ਹੈ ਅਤੇ ਫ਼ੌਜ ਤਾਇਨਾਤ ਨਹੀਂ ਕੀਤੀ ਗਈ।
ਦੂਜੇ ਪਾਸੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਦਮਦਮੀ ਟਕਸਾਲ ਨੂੰ ਸਪਸ਼ਟੀਕਰਨ ਦੇਣਾ ਪਿਆ ਕਿ ਉਨ੍ਹਾਂ ਨੇ ਲੰਘੇ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਨਹੀਂ ਦਿੱਤਾ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਚ ਸਿੱਖ ਪ੍ਰਚਾਰਕਾਂ ਨੇ ਹਰ ਜ਼ਿਲ੍ਹੇ ਵਿਚ ਰੋਜ਼ਾਨਾ ਤਿੰਨ ਘੰਟੇ ਬੰਦ ਕਰਨ ਦਾ ਸੱਦਾ ਦਿੱਤਾ ਤਾਂ ਸਿਮਰਨਜੀਤ ਸਿੰਘ ਮਾਨ ਨੇ ਇਸ ਸੱਦੇ ਨੂੰ ਰੱਦ ਕਰ ਦਿੱਤਾ। ਕੋਟਕਪੂਰੇ ਵਿਚ ਮੁਜ਼ਾਹਰੇ ਦੀ ਅਗਵਾਈ ਕਰਨ ਵਾਲੇ ਧਰਮ ਪ੍ਰਚਾਰਕ ਪੰਥਪ੍ਰੀਤ ਸਿੰਘ ਨੂੰ ਮੁਜ਼ਾਹਰਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੋਟਕਪੂਰੇ ਵਿਚ ਕਿਹਾ ਹੈ ਕਿ ਸੰਘਰਸ਼ ਦੀ ਸਾਂਝੀ ਵਿਉਂਤਬੰਦੀ 25 ਸਤੰਬਰ ਨੂੰ ਮਾਰੇ ਗਏ ਨੌਜਵਾਨਾਂ ਦੇ ਭੋਗ ਉਤੇ ਬਣਾਈ ਜਾਵੇਗੀ, ਪਰ ਉਦੋਂ ਤੱਕ ਆਪੋ-ਆਪਣਾ ਸੰਘਰਸ਼ ਜਾਰੀ ਰਹੇਗਾ।
ਇਨ੍ਹਾਂ ਹਾਲਾਤ ਵਿਚ ਤਿੰਨ ਪੱਖ ਅਹਿਮ ਹਨ। ਇਸ ਰੋਹ ਦੀ ਮੰਗ ਕੀ ਬਣਦੀ ਹੈ? ਇਸ ਰੋਹ ਵਿਚ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਦੋਵੇਂ ਗੁਰਮਤਿਆਂ (ਮੁਆਫ਼ੀ ਅਤੇ ਮੁਆਫ਼ੀ ਰੱਦ ਕਰਨ ਵਾਲਾ) ਦੀ ਕੀ ਭੂਮਿਕਾ ਹੈ? ਇਸ ਰੋਹ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਹੋਰ ਕਿਹੜੇ ਮਸਲੇ ਪੇਸ਼ ਹੁੰਦੇ ਹਨ?
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਮਸਲਾ ਭਖ ਗਿਆ ਸੀ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਦਰ ਬਾਗ਼ੀ ਸੁਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸੁਆਲ ਕਰਨੇ ਸ਼ੁਰੂ ਕਰ ਦਿੱਤੇ ਸਨ। ਕਿਸਾਨ-ਮਜ਼ਦੂਰਾਂ ਦੀ ਰੇਲ ਰੋਕੂ ਕਾਰਨ ਦਬਾਅ ਵਿਚ ਆਈ ਪੰਜਾਬ ਸਰਕਾਰ ਨੇ ਗ਼ਲਤ ਸਿਆਸੀ ਚਾਲ ਚੱਲ ਦਿੱਤੀ ਸੀ। ਪੰਥਕ ਜਥੇਬੰਦੀਆਂ ਨੇ ਸਿੰਘ ਸਾਹਿਬਾਨ ਦੇ ਗ਼ਲਤ ਫ਼ੈਸਲੇ ਅਤੇ ਸਿਆਸੀ ਦਖ਼ਲਅੰਦਾਜ਼ੀ ਦੇ ਮਾਮਲਿਆਂ ਨਾਲ ਸਰਕਾਰ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਸੀ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆ ਗਿਆ ਅਤੇ ਉਪਰੋਥਲੀ ਸੱਤ ਥਾਂਵਾਂ ਤੋਂ ਇੱਕੋ ਖ਼ਬਰ ਆਈ। ਗੁਰੂ ਗ੍ਰੰਥ ਸਿਹਬ ਦੀ ਬੇਅਦਬੀ ਨਾਲ ਲੱਗੀ ਠੇਸ ਨਾਲ ਰੋਹ ਦੀ ਲਹਿਰ ਫੈਲ ਗਈ। ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਲਾਗੂ ਕਰਨ ਦੇ ਮਾਮਲਿਆਂ ਵਿਚ ਹਜ਼ਾਰ ਰਾਵਾਂ ਹੋ ਸਕਦੀਆਂ ਹਨ, ਪਰ ਬੇਅਦਬੀ ਦਾ ਮਾਮਲਾ ਸਭ ਨੂੰ ਪੋਂਹਦਾ ਹੈ।
ਬੇਅਦਬੀ ਦੀ ਠੇਸ ਨਾਲ ਸ਼੍ਰੋਮਣੀ ਕਮੇਟੀ ਦੇ ਉਨ੍ਹਾਂ ਮੈਂਬਰਾਂ ਨੂੰ ਰੋਸ ਜ਼ਾਹਿਰ ਕਰਨ ਦਾ ਢੁਕਵਾਂ ਮੌਕਾ ਮਿਲ ਗਿਆ ਜੋ ਪ੍ਰੇਸ਼ਾਨ ਹੋਣ ਦੇ ਬਾਵਜੂਦ ਸਿਆਸੀ ਦਖ਼ਲਅੰਦਾਜ਼ੀ ਖ਼ਿਲਾਫ਼ ਬੋਲਣ ਤੋਂ ਕਤਰਾਉਂਦੇ ਸਨ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਆਗੂਆਂ ਨੂੰ ਵੀ ਰੋਹ ਜ਼ਾਹਿਰ ਕਰਨ ਦਾ ਮੌਕਾ ਮਿਲ ਗਿਆ ਜੋ ਪਾਰਟੀ ਉਤੇ ਬਾਦਲ ਪਰਿਵਾਰ ਦੇ ਗ਼ਲਬੇ ਦੀ ਮਾਰ ਵਿਚ ਆ ਕੇ ਵੀ ਚੁੱਪ ਸਨ। ਇਸ ਨਾਲ ਮੁਕਾਮੀ ਪੱਧਰ ਉਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਸਿਆਸੀ ਸੁਆਲਾਂ ਨੂੰ ਧਰਮ ਦੇ ਬਾਣੇ ਵਿਚ ਸਿਆਸੀ ਆਵਾਜ਼ ਮਿਲ ਗਈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਬੇਅਦਬੀ ਦੇ ਨਾਮ ਉਤੇ ਮੁਜ਼ਾਹਰਾਕਾਰੀਆਂ ਨੇ ਜੁਆਬਤਲਬੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਉਤੇ ਆਪਣੀ ਪਾਰਟੀ ਖ਼ਿਲਾਫ਼ ਬਗ਼ਾਵਤ ਕਰਨ ਦੀ ਮਜਬੂਰੀ ਆਣ ਪਈ। ਇਹ ਮਾਮਲਾ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਬੰਧਕੀ ਹੁਨਰ ਖ਼ਿਲਾਫ਼ ਅੰਦਰ ਨੱਪੇ ਖਰੂਦ ਨੂੰ ਬਗ਼ਾਵਤ ਵਿਚ ਬਦਲਣ ਦਾ ਪਹਿਲਾਂ ਮੌਕਾ ਬਣ ਗਿਆ।
ਇਹ ਰੋਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਸਿਆਸਤ ਦੇ ਘੇਰੇ ਤੋਂ ਕਿਤੇ ਮੋਕਲੀ ਭਾਵਨਾ ਜੁੜਿਆ ਹੋਇਆ ਹੈ। ਇਸੇ ਰੋਹ ਨੂੰ ਸਿਆਸੀ ਮੌਕੇ ਵਜੋਂ ਵੀ ਵੇਖਿਆ ਜਾ ਰਿਹਾ ਹੈ ਜਿਸ ਦੀ ਝਲਕ ਵਿਦੇਸ਼ਾਂ ਵਿਚ ਚੱਲਦੇ ਪੰਜਾਬੀ ਚੈਨਲਾਂ ਅਤੇ ਅਖ਼ਬਾਰਾਂ ਤੋਂ ਲੈ ਕੇ ਇੰਟਰਨੈੱਟ ਮੀਡੀਆ ਉਤੇ ਦੇਖਿਆ ਜਾ ਸਕਦਾ ਹੈ। ਇਸ ਰੋਹ ਵਿਚ ਮੁਜ਼ਾਹਰਾਕਾਰੀਆਂ ਨੂੰ ਜੋੜਨ ਵਾਲੀ ਤੰਦ ਗੁਰੂ ਗ੍ਰੰਥ ਸਾਹਿਬ ਅਤੇ ਬੇਅਦਬੀ ਵਿਚੋਂ ਉਪਜਦੀ ਠੇਸ ਹੈ। ਹੁਣ ਤੱਕ ਦੇ ਮੁਜ਼ਾਹਰਿਆਂ ਤੋਂ ਸਾਫ਼ ਹੈ ਕਿ ਇਸ ਤੰਦ ਦਾ ਕਿਸੇ ਸਿਆਸੀ ਟੀਚੇ ਤੱਕ ਸਾਂਝੀ ਰਹਿਣਾ ਮੁਸ਼ਕਲ ਹੈ। ਬੇਅਦਬੀ ਕਾਰਨ ਉਠਿਆ ਆਪਮੁਹਾਰਾ ਰੋਹ ਕਿਸੇ ਦੇ ਕਾਬੂ ਵਿਚ ਨਹੀਂ ਹੈ। ਪਹਿਲਾਂ ਤੋਂ ਬੇਭਰੋਸਗੀ ਦਾ ਸ਼ਿਕਾਰ ਪੰਥਕ ਧਿਰਾਂ ਆਪਣੀ ਹੋਂਦ ਜਤਾ ਰਹੀਆਂ ਹਨ, ਪਰ ਇਸ ਰੋਹ ਨੂੰ ਕਿਸੇ ਸਿਆਸੀ ਤਣ-ਪੱਤਣ ਤੱਕ ਲਿਜਾਣਾ ਉਨ੍ਹਾਂ ਦੇ ਵਸੋਂ ਬਾਹਰੀ ਗੱਲ ਹੈ। ਬੇਭਰੋਸਗੀ ਦਾ ਆਲਮ ਇਹ ਹੈ ਕਿ ਇਸ ਰੋਹ ਦੇ ਮਾਮਲੇ ਵਿਚ ਕਿਸੇ ਦੀ ਦਲੀਲ ਸੁਣੇ ਜਾਣ ਦੀ ਸੰਭਾਵਨਾ ਵੀ ਨਹੀਂ ਹੈ। ਇਸ ਬੇਅਦਬੀ ਪਿੱਛੇ ਹਰ ਤਰ੍ਹਾਂ ਦੀ ਦਲੀਲ ਵੱਖ ਵੱਖ ਤਬਕਿਆਂ ਰਾਹੀਂ ਪੇਸ਼ ਹੋ ਰਹੀ ਹੈ। ਕਾਂਗਰਸ ਤੋਂ ਲੈ ਕੇ ਕੇਂਦਰ ਸਰਕਾਰ, ਸੂਬਾ ਸਰਕਾਰ ਤੋਂ ਲੈ ਕੇ ਖ਼ੁਫ਼ੀਆ ਏਜੰਸੀਆਂ, ਪੰਜਾਬ ਪੁਲਿਸ ਤੋਂ ਲੈ ਕੇ ਅੰਦਰੂਨੀ ਸ਼ਰਾਰਤੀਆਂ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਤੋਂ ਲੈ ਕੇ ਡੇਰੇ ਨਾਲ ਜੋੜ ਕੇ ਸਾਜ਼ਿਸ਼ਾਂ ਦੀਆਂ ਧਾਰਨਾਵਾਂ ਪੇਸ਼ ਹੋ ਰਹੀਆਂ ਹਨ। ਜ਼ਿਆਦਾਤਰ ਧਾਰਨਾਵਾਂ ਪਿੱਛੇ ਪਹਿਲਾਂ ਤੋਂ ਤੈਅ ਸਿਧਾਂਤਕਾਰੀ ਅਤੇ ਇਲਜ਼ਾਮ ਦੇ ਘੇਰੇ ਵਿਚ ਆਈਆਂ ਧਿਰਾਂ ਦੀ ਪੁਰਾਣੀ ਕਾਰਗੁਜ਼ਾਰੀ ਦੇ ਹਵਾਲੇ ਦਿੱਤੇ ਜਾ ਸਕਦੇ ਹਨ। ਰੋਹ ਵਿਚ ਸ਼ਾਮਿਲ ਸਾਰੀਆਂ ਜਥੇਬੰਦੀਆਂ, ਪ੍ਰਚਾਰਕਾਂ ਅਤੇ ਆਪਮੁਹਾਰੇ ਆਏ ਮੁਜ਼ਾਹਰਾਕਾਰੀਆਂ ਨੂੰ ਕੋਈ ਵੀ ਸਬੂਤ ਕਿਸੇ ਇੱਕ ਧਾਰਨਾ ਉਤੇ ਯਕੀਨ ਨਹੀਂ ਕਰਵਾ ਸਕਦਾ।
ਬੇਭਰੋਸਗੀ ਅਤੇ ਠੇਸ ਦਾ ਜਮ੍ਹਾਂਜੋੜ ਇਸ ਹੱਦ ਤੱਕ ਤਾਰੀ ਹੈ ਕਿ ਪੰਥ ਵਿਰੋਧੀ, ਸਿੱਖ ਵਿਰੋਧੀ, ਗੱਦਾਰ, ਦਲਾਲ ਅਤੇ ਵਿਕ ਜਾਣ ਦੇ ਵਿਸ਼ੇਸ਼ਣ ਹਰ ਕਿਸੇ ਲਈ ਤਿਆਰ ਹਨ। ਇਨ੍ਹਾਂ ਹਾਲਾਤ ਵਿਚ ਰੋਹ ਦਾ ਹਿੱਸਾ ਬਣਨ ਵਾਲਾ ਹਰ ਆਗੂ ਕਿਸੇ ਵੀ ਜ਼ਿੰਮੇਵਾਰੀ ਨੂੰ ਓਟਣ ਤੋਂ ਗੁਰੇਜ਼ ਕਰੇਗਾ। ਰੋਹ ਨੂੰ ਕਿਸੇ ਸਿਆਸੀ ਟੀਚੇ ਤੱਕ ਲਿਜਾਣ ਦੀ ਹਰ ਦਾਅਵੇਦਾਰੀ ਸਿਆਸੀ ਮੌਕਾਪ੍ਰਸਤੀ ਕਹਾਵੇਗੀ। ਆਪਣੀ ਸਿਆਸੀ ਅਹਿਮੀਅਤ ਗੁਆ ਚੁੱਕੀਆਂ ਧਿਰਾਂ ਲਈ ਇਹ ਹਾਲਾਤ ਮੌਕਾ ਵੀ ਹਨ ਅਤੇ ਸੰਕਟ ਵੀ। ਇਸੇ ਕਾਰਨ ਇਸ ਰੋਹ ਦੇ ਬੇਕਾਬੂ ਹੋ ਜਾਣ ਦੇ ਖ਼ਦਸ਼ੇ ਹਨ। ਜਲੰਧਰ ਵਿਚ ਦੁਕਾਨਦਾਰਾਂ ਅਤੇ ਮੁਜ਼ਾਹਰਾਕਾਰੀਆਂ ਵਿਚਲਾ ਟਕਰਾਅ ਮੌਜੂਦਾ ਰੋਹ ਦੇ ਇਸੇ ਖ਼ਾਸੇ ਦੀ ਸ਼ਨਾਖ਼ਤ ਕਰਦਾ ਹੈ।
ਇਸ ਰੋਹ ਨਾਲ ਵਫ਼ਾਦਾਰੀਆਂ ਚਾਕ ਕਰ ਕੇ ਆਵਾਜ਼ ਹਾਸਲ ਕਰਨ ਵਾਲੇ ਸਿਆਸੀ ਮੁੱਦਿਆਂ ਦਾ ਕੀ ਬਣੇਗਾ? ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ੇ ਦੇਣ ਵਾਲੇ ਆਗੂਆਂ ਦਾ ਕੀ ਬਣੇਗਾ? ਉਨ੍ਹਾਂ ਦੇ ਮੁੱਦਿਆਂ ਦਾ ਕੀ ਹੋਵੇਗਾ? ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੀਆਂ ਗ਼ੈਰ-ਹੁਕਮਰਾਨ ਫਾਂਟਾਂ, ਦਮਦਮੀ ਟਕਸਾਲ, ਸੰਤ ਸਮਾਜ, ਪ੍ਰਚਾਰਕਾਂ ਅਤੇ ਆਪਮੁਹਾਰੇ ਆਏ ਮੁਜ਼ਾਹਰਾਕਾਰੀਆਂ ਦੀ ਤਸੱਲੀ ਕਿਸ ਤਰ੍ਹਾਂ ਹੋ ਸਕਦੀ ਹੈ? ਜਿਹੜੇ ਸਿਆਸਤਦਾਨ ਅਤੇ ਵਿਦਵਾਨ ਠੇਸ ਦੀ ਹੀ ਸਿਆਸਤ ਕਰਦੇ ਹਨ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਿਖੇਧੀ, ਜਾਂਚ ਅਤੇ ਢੁਕਵੀਂ ਕਾਰਵਾਈ ਨਾਲ ਕਿਵੇਂ ਸੰਤੁਸ਼ਟ ਹੋ ਸਕਦੇ ਹਨ? ਜਦੋਂ ਹੁਕਮਰਾਨ ਸਮੇਤ ਸਾਰੀਆਂ ਸਿਆਸੀ ਧਿਰਾਂ ਇਸ ਰੋਹ ਦੇ ਸਿਆਸੀ ਨਫ਼ੇ-ਨੁਕਸਾਨ ਬਾਬਤ ਸੋਚ ਰਹੀਆਂ ਹਨ, ਤਾਂ ਬੇਅਦਬੀ ਦੀ ਠੇਸ ਨੂੰ ਮੁਖ਼ਾਤਬ ਕੌਣ ਹੈ ਭਲਾ? ਜੇ ਬੇਭਰੋਸਗੀ ਦੇ ਹਾਲਾਤ ਨਾਲ ਜੁੜੇ ਖ਼ਦਸ਼ਿਆਂ ਤੋਂ ਪੰਜਾਬ ਬਚ ਗਿਆ, ਤਾਂ ਸ਼ਾਇਦ ਸਿਆਸੀ Ḕਬਗ਼ਾਵਤਾਂ’ ਗੁਰਦੁਆਰਾ ਪ੍ਰੰਬਧ ਵਿਚ ਕੁਝ ਸੁਧਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਥੋੜ੍ਹੀ-ਬਹੁਤੀ ਜਮਹੂਰੀਅਤ ਬਹਾਲ ਕਰ ਸਕਦੀਆਂ ਹਨ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤਾਂ ਰੋਜ਼ ਕੀਤੀ ਜਾਂਦੀ ਅਰਦਾਸ ਵਿਚ ਹੀ ਨਿਹਤ ਹੈ। ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ ਲਈ ਕੀਤੀ ਜਾਂਦੀ ਅਰਦਾਸ ਵਿਚ ਜੁੜੀ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਪਹੁੰਚੀ ਠੇਸ ਨੂੰ ਮਲ੍ਹਮ ਲਗਾਉਣ ਦੇ ਸਮਰੱਥ ਹੈ। ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਮੁੜ ਕੇ ਅਜਿਹਾ ਹੋਣ ਤੋਂ ਰੋਕਣ ਲਈ ਕੀਤੀਆਂ ਪੇਸ਼ਬੰਦੀਆਂ ਦਾ ਕੋਈ ਨਕਸ਼ਾ ਤਾਂ ਤੈਅ ਕਰਨਾ ਹੀ ਪੈਣਾ ਹੈ। ਇਹ ਸੋਚ-ਵਿਚਾਰ ਅਤੇ ਦਲੀਲ ਵਿਚ ਪਏ ਬਿਨਾਂ ਨਹੀਂ ਹੋਣਾ।