ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ

ਗੁਰਨਾਮ ਕੌਰ ਕੈਨੇਡਾ
ਸਾਂਝੇ ਪੰਜਾਬ ਦੇ ਦਾਨਸ਼ਵਰ ਫਿਲਾਸਫਰ-ਕਵੀ ਇਕਬਾਲ ਨੇ ਕਦੀ ਇੱਕ ਨਗ਼ਮਾ ਲਿਖਿਆ ਸੀ, ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ। ਹਮ ਬੁਲਬਲੇਂ ਹੈਂ ਇਸ ਕੀ ਯੇ ਗੁਲਸਿਤਾਂ ਹਮਾਰਾ’ ਅਤੇ ਆਜ਼ਾਦ ਭਾਰਤ ਦੇ ਸਕੂਲਾਂ ਵਿਚ ਬਿਨਾ ਕਿਸੇ ਵਖਰੇਵੇਂ ਦੇ ਅਧਿਆਪਕ ਇਹ ਨਗ਼ਮਾ ਸਕੂਲੀ ਬੱਚਿਆਂ ਨੂੰ ਆਮ ਹੀ ਸਿਖਾਉਂਦੇ ਸਨ। ਮੈਂ ਵੀ ਇਹ ਗੀਤ ਆਪਣੇ ਬਚਪਨ ਵਿਚ ਸਕੂਲ ਵਿਚ ਹੀ ਸਿੱਖਿਆ ਸੀ।

ਉਸੇ ਇਕਬਾਲ ਨੂੰ, ਜਿਸ ਨੇ ਕਦੇ ਭਾਰਤ ਦੀ ਗੋਦੀ ਵਿਚ ਖੇਡਦੀਆਂ ਨਦੀਆਂ ਅਤੇ ਅਸਮਾਨ ਨੂੰ ਛੂਹ ਰਹੀਆਂ ਚੋਟੀਆਂ ਵਾਲੇ ਹਿਮਾਲਾ ਪਰਬਤ ਦੇ ਗੀਤ ਗਾਏ ਸੀ ‘ਪਾਕਿਸਤਾਨ’ ਦਾ ਨਾਹਰਾ ਕਿਉਂ ਲਾਉਣਾ ਪਿਆ ਭਲਾਂ? ਕੀ ਇਸ ਵਿਚ ਇਕਬਾਲ ਦਾ ਕਸੂਰ ਸੀ ਜਾਂ ਉਸ ਸੌੜੀ ਸਿਆਸਤ ਦਾ ਜੋ ਇਥੋਂ ਦੇ ਜੰਮੇ-ਜਾਇਆਂ ਨੂੰ ਇਸ ਧਰਤੀ ਦੇ ਜਾਏ ਸਮਝਣ ਲਈ ਤਿਆਰ ਨਹੀਂ। ਜਾਂ ਤਾਕਤ ਦੀ ਉਸ ਭੁੱਖ ਦਾ ਜੋ ਆਪ ਗੱਦੀ ‘ਤੇ ਬਣੇ ਰਹਿਣ ਲਈ ਕੁਝ ਵੀ ਕਰ ਸਕਦੀ ਹੈ, ਲੋਕਾਂ ਦਾ ਖੂਨ ਵੀ ਵਹਾ ਸਕਦੀ ਹੈ? ਮਨੁੱਖੀ ਅਧਿਕਾਰਾਂ ਦੇ ਨਜ਼ਰੀਏ ਤੋਂ ਵੀ ਅਤੇ ਭਾਰਤੀ ਸੰਵਿਧਾਨ ਤਹਿਤ ਵੀ ਹਰ ਭਾਰਤੀ ਨਾਗਰਿਕ ਨੂੰ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਹੈ ਪਰ ਜੋ ਇੱਕ ਦਾ ਅਧਿਕਾਰ ਹੈ, ਉਹ ਦੂਸਰੇ ਦਾ ਫਰਜ਼ ਬਣ ਜਾਂਦਾ ਹੈ। ਸਾਡਾ ਸੰਵਿਧਾਨਕ ਅਧਿਕਾਰ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਆਪਣੇ ਧਰਮ ਨੂੰ ਆਪਣੀਆਂ ਰਵਾਇਤਾਂ ਅਨੁਸਾਰ ਮੰਨ ਸਕੀਏ ਅਤੇ ਸਾਡਾ ਫਰਜ਼ ਕਹਿੰਦਾ ਹੈ ਕਿ ਅਸੀਂ ਦੂਸਰਿਆਂ ਦੇ ਧਰਮ ਵਿਚ ਦਖਲ-ਅੰਦਾਜ਼ੀ ਨਾ ਕਰੀਏ ਤੇ ਆਪਣਾ ਧਰਮ ਕਿਸੇ ‘ਤੇ ਠੋਸੀਏ ਵੀ ਨਾ।
ਭਾਰਤ ਵਿਚ ਕੀ ਹੋ ਰਿਹਾ ਹੈ, ਪੰਜਾਬ ਵਿਚ ਹਾਲਾਤ ਕਿਥੇ ਪਹੁੰਚ ਗਏ ਹਨ? ਇਸ ਦਾ ਬਹੁਤ ਖੁਲਾਸਾ ਹੋ ਚੁੱਕਾ ਹੈ। 17 ਅਕਤੂਬਰ ਦੇ ‘ਪੰਜਾਬ ਟਾਈਮਜ਼’ ਵਿਚ ਦਲਜੀਤ ਅਮੀ, ਬੂਟਾ ਸਿੰਘ ਅਤੇ ਹਰਪਾਲ ਪਨੂੰ ਦੇ ਲੇਖ ਪੜ੍ਹੇ। 10 ਅਕਤੂਬਰ ਦੇ ‘ਪੰਜਾਬ ਟਾਈਮਜ਼’ ਵਿਚ ਜਤਿੰਦਰ ਪੰਨੂ ਦਾ ਲੇਖ ‘ਵਿਗੜੇ ਤੱਤਾਂ ਦੀਆਂ ਸੈਨਾਵਾਂ ਤੇ ਦੇਸ਼ ਦਾ ਭਵਿੱਖ’ ਛਪਿਆ ਸੀ ਜਿਸ ਤੋਂ ਪਤਾ ਲਗਦਾ ਹੈ ਕਿ ‘ਭਗਵਾਂ ਰੰਗ’ ਕਿਸ ਤਰ੍ਹਾਂ ਮੁਲਕ ਦੀਆਂ ਰਵਾਇਤਾਂ ਨੂੰ ਢਾਹ ਲਾ ਕੇ ਨਿਰਪੱਖ ਆਵਾਜ਼ਾਂ ਨੂੰ ਬੰਦ ਕਰਨਾ ਚਾਹੁੰਦਾ ਹੈ।
‘ਵਿਗੜੇ ਤੱਤਾਂ ਦੀਆਂ ਸੈਨਾਵਾਂ’ ਵੱਲੋਂ ਜੋ ਕੁੱਝ ਕੀਤਾ ਜਾ ਰਿਹਾ ਹੈ, ਉਹ ਮਨ ਵਿਚ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ। ਇਹ ਸਵਾਲ ਵੀ ਬੜੇ ਅਜੀਬੋ-ਗਰੀਬ ਅਤੇ ਉਲਝੇ ਹੋਏ ਹਨ।
ਇੰਟਰਨੈਟ ‘ਤੇ ਸਵਾਮੀ ਸ਼ਰਧਾਨੰਦ ਨੇ ‘ਹਿੰਦੂ’ ਸ਼ਬਦ ਦਾ ਅਰਥ ਅਤੇ ਨਿਕਾਸ ਦੱਸਦਿਆਂ ਕਿਹਾ ਹੈ ਕਿ ‘ਹਿੰਦੂ’ ਸ਼ਬਦ ਬਾਹਰ ਤੋਂ ‘ਇੰਡਸ’ ਯਾਨਿ ‘ਸਿੰਧ’ ਦਰਿਆ ਤੋਂ ਇੱਧਰ ਵੱਸਣ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਸੀ ਅਤੇ ਜਿਹੜੇ ਲੋਕ ਵੇਦਾਂ ਨੂੰ ਮੰਨਦੇ ਹਨ, ਉਨ੍ਹਾਂ ਲਈ ਸਹੀ ਸ਼ਬਦ ‘ਸਨਾਤਨ ਧਰਮ’ ਹੈ, ‘ਹਿੰਦੂ’ ਨਹੀਂ। ਸਵਾਮੀ ਨੇ ਲਿਖਿਆ ਹੈ ਕਿ ਸ਼ਬਦ ‘ਹਿੰਦੂ’ ਬਹੁਤ ਹੀ ਗਲਤ ਸਮਝਿਆ ਅਤੇ ਗਲਤ ਅਰਥਾਂ ਵਿਚ ਵਰਤਿਆ ਜਾਂਦਾ ਸ਼ਬਦ ਹੈ। ਬਹੁਤੇ ਲੋਕ ਇਹ ਜਾਣਦੇ ਹੀ ਨਹੀਂ ਕਿ ਇਸ ਸ਼ਬਦ ਦਾ ਨਿਕਾਸ ਕਿਵੇਂ ਹੋਇਆ? ਭਾਰਤ ਵਿਚ ਸਿਆਸਤਦਾਨਾਂ ਵੱਲੋਂ ਸ਼ਬਦ ਹਿੰਦੂ ਅਤੇ ਹਿੰਦੂਤਵ ਫਿਰਕੂ ਲਹਿਜੇ ਵਿਚ ਜਾਂ ਤਾਂ ਕਿਸੇ ਪਾਰਟੀ ਨੂੰ ਉਚਿਆਉਣ ਲਈ ਅਤੇ ਜਾਂ ਫਿਰ ਕਿਸੇ ਪਾਰਟੀ ਜਾਂ ਫਲਸਫੇ ਦਾ ਵਿਰੋਧ ਕਰਨ ਲਈ ਵਰਤਿਆ ਜਾਂਦਾ ਹੈ।
ਅਸਲ ਤੱਥ ਇਹ ਹੈ ਕਿ ‘ਹਿੰਦੂ’ ਅਤੇ ‘ਇੰਡੀਆ’ ਦੋਵੇਂ ਸ਼ਬਦ ਬਾਹਰੋਂ ਆਏ ਹਨ। ‘ਹਿੰਦੂ’ ਸ਼ਬਦ ਨਾ ਸੰਸਕ੍ਰਿਤ ਭਾਸ਼ਾ ਵਿਚ ਮਿਲਦਾ ਹੈ ਅਤੇ ਨਾ ਹੀ ਭਾਰਤ ਦੀ ਕਿਸੇ ਵੀ ਹੋਰ ਦੇਸੀ ਭਾਸ਼ਾ ਵਿਚ। ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ‘ਹਿੰਦੂ’ ਸ਼ਬਦ ਧਾਰਮਿਕ ਨਹੀਂ ਹੈ, ਇਸ ਦਾ ਸੰਕੇਤ ਕਿਤੇ ਵੀ ਵੈਦਿਕ ਸ਼ਾਸਤਰਾਂ ਵਿਚ ਨਹੀਂ ਮਿਲਦਾ।
ਹੁਣ ਸਭ ਤੋਂ ਪਹਿਲਾ ਤੇ ਉਲਝਿਆ ਹੋਇਆ ਸਵਾਲ ਜੋ ਮਨ ਵਿਚ ਪੈਦਾ ਹੁੰਦਾ ਹੈ, ਉਹ ਹੈ, ‘ਵਿਗੜੇ ਤੱਤਾਂ ਦੀਆਂ ਸੈਨਾਵਾਂ’ ਆਪਣੇ ਆਪ ਨੂੰ ਜੇਕਰ ‘ਸਨਾਤਨ ਧਰਮ’ ਨੂੰ ਮੰਨਣ ਵਾਲੀਆਂ ਮੰਨਦੀਆਂ ਹਨ ਤਾਂ ਉਹ ਬਹੁ-ਗਿਣਤੀ ਕਿਵੇਂ ਹੋਈਆਂ? ਵੇਦਾਂ ‘ਤੇ ਆਧਾਰਤ ਸ਼ਾਸਤਰਾਂ ਵਿਚ ਦਿੱਤੇ ਵਰਣ-ਆਸ਼ਰਮ ਧਰਮ ਅਨੁਸਾਰ ਉਪਰਲੇ ਦੋ ਵਰਗਾਂ ਯਾਨਿ ਬ੍ਰਾਹਮਣ ਅਤੇ ਖੱਤਰੀ ਤੋਂ ਬਿਨਾਂ ਹੋਰ ਕੋਈ ਵੀ ਵਰਗ ਨਾ ਵੇਦਾਂ ਦਾ ਪਠਨ-ਪਾਠਨ ਕਰ ਸਕਦਾ ਹੈ, ਨਾ ਪੂਜਾ ਕਰ ਸਕਦਾ ਹੈ, ਕੋਈ ਯੱਗ ਜਾਂ ਹਵਨ ਵੀ ਆਪ ਨਹੀਂ ਕਰ ਸਕਦਾ, ਪੰਡਤ ਤੋਂ ਕਰਵਾ ਸਕਦਾ ਹੈ, ਉਹ ਵੀ ਸ਼ਾਇਦ ਕੋਈ ਦਲਿਤ ਨਹੀਂ। ਦਲਿਤ ਮੰਦਿਰ ਵਿਚ ਜਾ ਨਹੀਂ ਸਕਦਾ, ਪੁਜਾਰੀ ਨਹੀਂ ਬਣ ਸਕਦਾ। ਫਿਰ ਉਹ ਤਥਾ ਕਥਿਤ ‘ਹਿੰਦੂ’ ਕਿਵੇਂ ਹੋਇਆ? ਇਸ ਹਿਸਾਬ ਉਹ ‘ਹਿੰਦੂ’ ਨਹੀਂ ਹੈ ਕਿਉਂਕਿ ਜਿਸ ਧਰਮ ਦੀਆਂ ਪੂਜਾ ਵਿਧੀਆਂ ਜਾਂ ਯੱਗ-ਹਵਨ ਕਰਨ ਦਾ, ਉਸ ਦਾ ਪੁਜਾਰੀ ਬਣਨ, ਮੰਦਰ ਵਿਚ ਜਾਣ ਦਾ ਹੱਕ ਨਹੀਂ ਹੈ, ਫਿਰ ਉਹ ਉਸ ਧਰਮ ਦਾ ਅਨੁਯਾਈ ਕਿਵੇਂ ਹੋਇਆ? ਜਾਪਦਾ ਹੈ ਕਿ ਇਨ੍ਹਾਂ ਵਰਗਾਂ ਨੂੰ ਵੈਸੇ ਤਾਂ ਸ਼ਾਸਤਰਾਂ ਅਨੁਸਾਰ ਕੋਈ ਧਾਰਮਿਕ ਅਧਿਕਾਰ ਨਹੀਂ ਹੈ ਪਰ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਲਈ ਇਨ੍ਹਾਂ ਨੂੰ ‘ਵਿਗੜੇ ਤੱਤਾਂ ਦੀਆਂ ਸੈਨਾਂ’ ਵਿਚ ਭਰਤੀ ਕਰ ਲਿਆ ਜਾਂਦਾ ਹੈ ਅਤੇ ਸੌੜੇ ਸਿਆਸੀ ਹਿਰਸੀ ਹਿਤਾਂ ਖਾਤਰ ਅਤੇ ਮਜ਼ਹਬੀ ਜਨੂੰਨ ਹਿੱਤ ਵਰਤ ਲਿਆ ਜਾਂਦਾ ਹੈ।
ਗਊ ਜੋ ਕਿ ਬਾਕੀ ਪਸ਼ੂਆਂ ਵਰਗਾ ਪਸ਼ੂ ਹੈ ਪਰ ਹੋਰ ਦੁਧਾਰੂ ਪਸ਼ੂਆਂ ਨਾਲੋਂ ਜ਼ਿਆਦਾ ਸਾਫ ਸੁਥਰਾ, ਦੇਖਣ ਨੂੰ ਸੁਹਣਾ ਅਤੇ ਸੀਲ ਹੈ, ਬਾਰੇ ‘ਨੈਸ਼ਨਲ ਹਿੰਦੂ ਸਟੂਡੈਂਟਸ ਫੋਰਮ ਯੂæ ਕੇæ ਵੱਲੋਂ ਇੰਟਰਨੈਟ ‘ਤੇ ਲਿਖਿਆ ਮਿਲਦਾ ਹੈ ਕਿ ‘ਹਿੰਦੂ ਗਊ ਦੀ ਪੂਜਾ ਨਹੀਂ ਕਰਦੇ, ਅਸੀਂ ਗਊ ਦੀ ਇੱਜ਼ਤ, ਮਾਣ ਅਤੇ ਪ੍ਰਸ਼ੰਸਾ ਕਰਦੇ ਹਾਂ। ਇਸ ਸੀਲ ਜਾਨਵਰ ਦਾ ਸਤਿਕਾਰ ਕਰਕੇ, ਜਿਹੜਾ ਸਾਨੂੰ ਉਸ ਨਾਲੋਂ ਵੱਧ ਦਿੰਦਾ ਹੈ ਜਿੰਨਾ ਲੈਂਦਾ ਹੈ, ਅਸੀਂ ਸਾਰੇ ਪ੍ਰਾਣੀਆਂ ਦਾ ਸਤਿਕਾਰ ਕਰਦੇ ਹਾਂ’।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ‘ਪ੍ਰਾਣੀਆਂ’ ਵਿਚ ਮਨੁੱਖ ਅਰਥਾਤ ਦੂਸਰੇ ਧਰਮਾਂ ਵਾਲੇ ਸ਼ਾਮਲ ਨਹੀਂ? ਜਾਂ ਫਿਰ ਗਊ ਦੀ ਜਾਨ ਮਨੁੱਖੀ ਜਾਨ ਨਾਲੋਂ ਵੱਧ ਮਾਇਨੇ ਰੱਖਦੀ ਹੈ? ਵਿਕੀਪੀਡੀਆ ਵਿਚ ਲਿਖਿਆ ਹੈ ਕਿ ਗਾਂ ਪੁਰਾਣੇ ਸਮਿਆਂ ਤੋਂ ‘ਧਨ/ਦੌਲਤ’ ਦਾ ਚਿੰਨ੍ਹ ਰਹੀ ਹੈ। ਪਰ ਇਹ ਅੱਜ ਦੀ ਤਰ੍ਹਾਂ ਨਾ ਹੀ ‘ਸੌਂਹ’ (ਨਿਵਿਲਅਬਲe) ਸੀ ਅਤੇ ਨਾ ਹੀ ਸਤਿਕਾਰੀ ਜਾਂਦੀ ਸੀ। ਗਊ ਦਾ ਸਤਿਕਾਰ ਸ਼ਾਇਦ ਇਸ ਲਈ ਕੀਤਾ ਜਾਂਦਾ ਸੀ ਕਿ ਹਿੰਦੂ ਰੋਜ਼ਾਨਾ ਚੀਜ਼ਾਂ ਦੀ ਉਪਜ ਲਈ, ਖੇਤਾਂ ਵਿਚ ਹੱਲ ਵਾਹੁਣ ਅਤੇ ਗਊ ਦਾ ਗੋਹਾ ਖਾਦ ਦੇ ਰੂਪ ਵਿਚ ਵਰਤਣ ਲਈ ਇਸ ‘ਤੇ ਬਹੁਤ ਨਿਰਭਰ ਸੀ। ਇਸ ਲਈ ਗਊ ਦਾ ਰੁਤਬਾ ਇੱਕ ਖਿਆਲ ਰੱਖਣ ਵਾਲੀ (ਕੇਅਰਟੇਕਰ) ਹੋਣ ਕਰਕੇ ਇਸ ਨੂੰ ‘ਮਾਂ’ ਦੇ ਸਮਾਨ ਸਮਝਣ ਲੱਗ ਪਏ ਅਤੇ ‘ਗਊ ਮਾਤਾ’ ਦਾ ਦਰਜਾ ਦੇ ਦਿੱਤਾ।
ਸੰਸਕ੍ਰਿਤ ਵਿਚ ਗਊ ਲਈ ਆਮ ਵਰਤਿਆ ਗਿਆ ਪਦ ‘ਗੋ’ ਹੈ ਜਿਸ ਦਾ ਅੰਗਰੇਜ਼ੀ ਵਿਚ ਸੁਜਾਤੀ ਪਦ ਛੋੱ ਅਤੇ ਲੈਟਿਨ ਵਿਚ ਭੋਸਹ ਅਤੇ ਇਹ ਸਾਰੇ ਫਰੋਟੋ-ੀਨਦੋ-ਓੁਰੋਪeਅਨ (ਫੀਓ) ਤੋਂ ‘ਘੱੁਸ’ ਦੇ ਸੁਜਾਤੀ ਹਨ। ਸੰਸਕ੍ਰਿਤ ਵਿਚ ਡੰਗਰਾਂ ਲਈ ‘ਪਸ਼ੂ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। (ਭਾਸ਼ਾ ਵਿਗਿਆਨੀ ਹੋਣ ਦੇ ਨਾਤੇ ਬਲਜੀਤ ਬਾਸੀ ਇਸ ‘ਤੇ ਵੱਧ ਚਾਨਣਾ ਪਾ ਸਕਦੇ ਹਨ।) ਰਿਗ ਵੇਦ ਵਿਚ ਜਾਨਵਰਾਂ ਵਿਚੋਂ ਪਸ਼ੂਆਂ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ ਅਤੇ ਕਈ ਭਜਨ ਦਸ ਹਜ਼ਾਰ ਤੋਂ ਵੀ ਵੱਧ ਪਸ਼ੂਆਂ ਵੱਲ ਸੰਕੇਤਕ ਹਨ। ਰਿਗ ਵੇਦ 7æ95æ8 ਅਤੇ ਦੂਸਰੇ ਭਜਨਾਂ (ਜਿਵੇਂ 8æ21æ18) ਵਿਚ ਵੀ ਦੱਸਿਆ ਹੈ ਕਿ ਸਰਸਵਤੀ ਇਲਾਕਾ ਦੁੱਧ ਅਤੇ ਘਿਓ ਦੀਆਂ ਧਾਰਾਂ ਵਗਾਉਂਦਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਇਲਾਕੇ ਵਿਚ ਪਸ਼ੂ ਪਾਲੇ ਜਾਂਦੇ ਸਨ। ਰਿਗ ਵੇਦ ਦੇ 6æ28 ਭਜਨਾਂ ਨੂੰ ‘ਗਊ’ ਕਿਹਾ ਗਿਆ ਹੈ। ਟੈਕਸਟ 3 ਗਊਆਂ ਦੀ ਸੁਰੱਖਿਆ ਦੀ ਗੱਲ ਕਰਦਾ ਹੈ। ਰਿਗ ਵੇਦ ਵਿਚ ਗਊ ਬਹੁਤ ਵਾਰ ‘ਧਨ/ਦੌਲਤ ਦੇ ਚਿੰਨ੍ਹ ਵਿਚ ਉਭਰਦੀ ਹੈ ਅਤੇ ਇਸ ਦੀ ਦਰਿਆ ਦੀ ਦੇਵੀ ਨਾਲ ਤੁਲਨਾ ਕੀਤੀ ਹੈ। ਬ੍ਰਹਮ-ਸੰਹਿਤਾ ਅਤੇ ਹਰਿਵੰਸ਼ ਵਿਚ ਕ੍ਰਿਸ਼ਨ ਨੂੰ ਗਊਆਂ ਦਾ ਚਰਵਾਹਾ ਕਰਕੇ ਦੱਸਿਆ ਹੋਇਆ ਹੈ। (ਮੈਨੂੰ ਜਾਪਦਾ ਹੈ ਕਿ ਇਹ ਇਸ ਲਈ ਵੀ ਸੀ ਕਿ ਕ੍ਰਿਸ਼ਨ ਦਾ ਪਾਲਣ ਪੋਸ਼ਣ ਯਸ਼ੋਧਾ ਅਤੇ ਨੰਦ ਦੇ ਘਰ ਹੋਇਆ ਸੀ, ਜੋ ਆਪ ਗਵਾਲੇ ਸਨ।)
ਜ਼ਰਤੁਸਤ ਮੱਤ ਭਾਵ ਪਾਰਸੀ ਧਰਮ ਵਿਚ ‘ਗੇਉਸ਼ ਉਰਵਾ’ ਦਾ ਅਰਥ ਹੈ, ‘ਗਊ ਦੀ ਆਤਮਾ’ ਅਤੇ ਇਸ ਦੀ ਵਿਆਖਿਆ ਧਰਤੀ ਦੀ ਆਤਮਾ ਵਜੋਂ ਕੀਤੀ ਗਈ ਹੈ। ਜ਼ਾਰਾਥੁਸਤਰਾ ਅਤੇ ਵੈਦਿਕ ਪੁਜਾਰੀ ਪਸ਼ੂ ਪਾਲਣ ਵਾਲੀ ਧਰਤੀ ਨਾਲ ਸਬੰਧਤ ਸਨ।
‘ਆਵੇਸਤਾ’ ਦੇ 9ਵੇਂ ਪਾਠ ‘ਵੇਂਦੀਦਾਦ’ ਵਿਚ ਗਊ ਦੇ ਮੂਤਰ ਦੀ ਸੋਧਕ ਸ਼ਕਤੀ ਦੀ ਮਹੱਤਤਾ ਦੱਸੀ ਗਈ ਹੈ।
ਯਹੂਦੀ ਧਰਮ ਗ੍ਰੰਥ ‘ਹਿਬਰੂ ਬਾਈਬਲ’ ਵਿਚ ਧੱਬਾ-ਰਹਿਤ ‘ਲਾਲ ਗਊ’ ਪੁਰਾਤਨ ਯਹੂਦੀ ਰਸਮਾਂ ਦਾ ਮਹੱਤਵਪੂਰਨ ਹਿੱਸਾ ਸੀ। ਗਊ ਦੀ ਬਲੀ ਦਿੱਤੀ ਜਾਂਦੀ ਸੀ ਅਤੇ ਇੱਕ ਖਾਸ ਕਿਸਮ ਦੀ ਰਸਮ ਵਿਚ ਉਸ ਨੂੰ ਜਲਾਇਆ ਜਾਂਦਾ ਸੀ, ਅਤੇ ਉਸ ਦੀ ਸੁਆਹ ਨੂੰ ਪਾਣੀ ਵਿਚ ਮਿਲਾ ਕੇ ਉਸ ਮਨੁੱਖ ਦੀ ਸ਼ੁਧੀ ਕੀਤੀ ਜਾਂਦੀ ਸੀ ਜੋ ਕਿਸੇ ਮਨੁੱਖੀ ਲਾਸ਼ ਦੇ ਸੰਪਰਕ ਵਿਚ ਆਇਆ ਹੋਵੇ। ਇਸ ਰਸਮ ਦੀ ਵਿਆਖਿਆ ‘ਬੁੱਕ ਆਫ ਨੰਬਰਜ਼’ ਦੇ 19ਵੇਂ ਪਾਠ ਵਿਚ 1-14 ਸਲੋਕਾਂ ਵਿਚ ਕੀਤੀ ਗਈ ਹੈ। ਰੀਤੀ ਰਿਵਾਜ ਨੂੰ ਮੰਨਣ ਵਾਲੇ ਯਹੂਦੀ ਲਿਖਤ ਦੇ ਇਸ ਹਿੱਸੇ ਨੂੰ ਗਰਮ ਰੁੱਤ ਦੇ ਅਰੰਭ ਵਿਚ ‘ਹਫਤਾਵਾਰੀ ਤੋਰਹਾ ਹਿੱਸਾ’ ਦੇ ਰੂਪ ਵਿਚ ਪੜ੍ਹਦੇ ਹਨ ਜਿਸ ਨੂੰ ‘ਚੁਕਟ’ ਕਿਹਾ ਜਾਂਦਾ ਹੈ।
ਇੱਕ ਸਮਕਾਲੀ ਯਹੂਦੀ ਜਥੇਬੰਦੀ ਜਿਸ ਨੂੰ ‘ਟੈਂਪਲ ਇੰਸਟੀਚਿਊਟ’ ਕਿਹਾ ਜਾਂਦਾ ਹੈ, ਇਸ ਪੁਰਾਤਨ ਧਾਰਮਿਕ ਰਸਮ ਰਿਵਾਜ ਨੂੰ ਪੁਨਰ ਪ੍ਰਚੱਲਿਤ ਕਰਨਾ ਚਾਹੁੰਦੀ ਹੈ। ਰਵਾਇਤੀ ਯਹੂਦੀ ਗਊ ਦੇ ਮਾਸ ਨੂੰ ਖਾਣੇ ਦੇ ਨਿਯਮਾਂ ਅਨੁਸਾਰ (ਖੋਸਹeਰ) ਮੰਨਦੇ ਹਨ ਅਤੇ ਭੋਜਨ ਦੇ ਤੌਰ ‘ਤੇ ਤਾਂ ਮਨਜ਼ੂਰ ਕਰਦੇ ਹਨ, ਜੇਕਰ ਗਊ ਨੂੰ ਧਾਰਮਿਕ ਰਸਮ ਅਨੁਸਾਰ ਮਾਰਿਆ ਗਿਆ ਹੋਵੇ ਜਿਸ ਨੂੰ ਸ਼ੇਛਿਤਾ (ੰਹeਚਹਟਅ) ਕਹਿੰਦੇ ਹਨ ਅਤੇ ਮਾਸ ਦੀ ਵਰਤੋਂ ਉਸ ਭੋਜਨ ਵਿਚ ਨਹੀਂ ਕੀਤੀ ਜਾਂਦੀ ਜਿਸ ਵਿਚ ਦੁੱਧ ਤੋਂ ਬਣੇ ਪਦਾਰਥ ਸ਼ਾਮਲ ਹੋਣ।
ਕੁਰਾਨ ਸ਼ਰੀਫ ਦਾ ਦੂਸਰੇ ਅਤੇ ਲੰਬੇ ਸੁਰਾਹ ਦਾ ਨਾਮ ‘ਅਲ-ਬਕਾਰਾ (‘ਠਹe ਛੋੱ’) ਬੇਸ਼ੱਕ, ਸੁਰਾਹ ਦੇ 286 ਬੰਦਾਂ ਵਿਚੋਂ 7 ਵਿਚ ਹੀ ਗਊਆਂ ਦਾ ਜ਼ਿਕਰ ਹੈ। ਇਨ੍ਹਾਂ ਵਿਚ ਮੋਜਜ ਵੱਲੋਂ ਯਹੂਦੀਆਂ ਨੂੰ ਪੀਲੀ ਗਊ ਦੀ ਬਲੀ ਦੇਣ ਲਈ ਕਹਿਣ ਦੀ ਕਹਾਣੀ ਦੱਸੀ ਹੋਈ ਹੈ। ਜਦੋਂ ਮੋਜਜ ਨੇ ਉਨ੍ਹਾਂ ਨੂੰ ਕਿਹਾ ਕਿ ਅੱਲਾਹ ਨੇ ਉਨ੍ਹਾਂ ਕੋਲੋਂ ਗਊ ਦੀ ਬਲੀ ਦੀ ਮੰਗ ਕੀਤੀ ਹੈ ਤਾਂ ਉਨ੍ਹਾਂ ਨੇ ਪੁੱਛਿਆ ਕਿ ਕੀ ਉਹ ਉਨ੍ਹਾਂ ਦਾ ਮਖੌਲ ਉਡਾ ਰਿਹਾ ਸੀ। ਉਸ ਨੇ ਉਤਰ ਦਿੱਤਾ, ਅਗਿਆਨੀ ਹੋਣ ਕਰਕੇ ਉਸ ਨੇ ਅੱਲਾਹ ਦੀ ਸ਼ਰਨ ਲਈ। ਇਹ ਪੁੱਛਣ ‘ਤੇ ਕਿ ਗਊ ਕਿਹੋ ਜਿਹੀ ਹੋਣੀ ਚਾਹੀਦੀ ਹੈ, ਉਸ ਦੀ ਕੀ ਪਛਾਣ ਹੋਵੇ? ਤਾਂ ਉਸ ਨੇ ਦੱਸਿਆ, ਗਊ ਪੀਲੇ ਰੰਗ ਦੀ, ਨਾ ਬਹੁਤ ਬੁੱਢੀ ਅਤੇ ਨਾ ਬਹੁਤ ਜੁਆਨ ਹੋਵੇ, ਵਿਚਕਾਰਲੀ ਉਮਰ ਦੀ ਹੋਵੇ, ਦੇਖਣ ਨੂੰ ਚੰਗੀ ਲੱਗੇ, ਜ਼ਮੀਨ ‘ਤੇ ਹੱਲ ਵਾਹੁਣ ਅਤੇ ਖੇਤਾਂ ਨੂੰ ਸਿੰਜਣ ਲਈ ਸਿਖਲਾਈ ਨਾ ਦਿੱਤੀ ਹੋਵੇ, ਕਿਸੇ ਕਿਸਮ ਦਾ ਨੁਕਸ ਨਾ ਹੋਵੇ ਅਤੇ ਉਸ ‘ਤੇ ਕੋਈ ਧੱਬਾ ਨਾ ਹੋਵੇ। ਯਹੂਦੀਆਂ ਨੇ ਜਦੋਂ ਅਜਿਹੀ ਗਊ ਭਾਲ ਕੇ ਉਸ ਨੂੰ ਮਾਰ ਦਿੱਤਾ ਤਾਂ ਉਸੇ ਸਮੇਂ ਕਿਸੇ ਆਦਮੀ ਦਾ ਖੂਨ ਹੋ ਗਿਆ ਸੀ ਅਤੇ ਲੋਕ ਖੂਨੀ ਦੀ ਪਛਾਣ ਬਾਰੇ ਝਗੜ ਰਹੇ ਸੀ ਪਰ ਗਊ ਮਾਰਨ ‘ਤੇ ਖੂਨੀ ਦੀ ਅਸਲੀ ਪਛਾਣ ਹੋ ਗਈ। ਅੱਲਾਹ ਨੇ ਮਾਰੇ ਗਏ ਬੰਦੇ ਨੂੰ ਬਧ ਕੀਤੀ ਗਊ ਦੇ ਕਿਸੇ ਹਿੱਸੇ ਨਾਲ ਛੁਹਾਉਣ ਲਈ ਕਿਹਾ ਜਿਸ ਨਾਲ ਬੰਦਾ ਦੁਬਾਰਾ ਜਿਉਂਦਾ ਹੋ ਗਿਆ। ਇਸਲਾਮ ਗਊ ਹੱਤਿਆ ਅਤੇ ਗਊ ਦਾ ਮਾਸ ਖਾਣ ਦੀ ਆਗਿਆ ਤਾਂ ਦਿੰਦਾ ਹੈ ਜੇ ਕਰ ਉਸ ਨੂੰ ਖਾਸ ਧਾਰਮਿਕ ਰਸਮ ਅਨੁਸਾਰ ਮਾਰਿਆ ਗਿਆ ਹੋਵੇ।
ਹੁਣ ਸਵਾਲ ਹੈ, ਜਦੋਂ ਇੱਕ ਧਰਮ ਦੀਆਂ ਰਸਮਾਂ ਦੂਜੇ ਧਰਮ ਨਾਲ ਮੇਲ ਨਾ ਖਾਂਦੀਆਂ ਹੋਣ, ਤਾਂ ਕੀ ਇਨ੍ਹਾਂ ਰਸਮਾਂ ਖਾਤਰ ਇੱਕ ਦੂਜੇ ਦਾ ਖੂਨ ਕਰ ਦੇਣਾ ਚਾਹੀਦਾ ਹੈ? ਇਸਲਾਮ ਸਿੰਧ ਦਰਿਆ ਤੋਂ ਪਾਰੋਂ ਆਇਆ ਹੈ ਪਰ ਇਸ ਨੂੰ ਮੰਨਣ ਵਾਲੇ ਤਾਂ ਭਾਰਤ ਵਿਚ ਜੰਮੇ ਪਲੇ ਹਨ।
ਘਟੀਆ ਸਿਆਸਤ ਅਧੀਨ ਸਿਆਸਤਦਾਨਾਂ ਵੱਲੋਂ ਇੱਕ ਵਾਰ ਫਿਰ ਪੰਜਾਬ ਨੂੰ ਬਲਦੀ ਦੇ ਬੁੱਥੇ ਵਿਚ ਧੱਕਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ, ਜਿਵੇਂ 1978 ਵਿਚ ਹੋਈ ਸੀ। ਪੰਜਾਬ ਦੀ ਕਿਸਾਨੀ ਬਹੁਤ ਹੀ ਮੰਦਵਾੜੇ ਵਿਚੋਂ ਗੁਜ਼ਰ ਰਹੀ ਹੈ, ਖਾਸ ਕਰਕੇ ਮਾਲਵਾ ਪੱਟੀ ਵਿਚ ਨਰਮੇ/ਕਪਾਹ ਦੀ ਫਸਲ ‘ਤੇ ਚਿੱਟੇ ਮੱਛਰ ਦੀ ਮਾਰ ਨੇ ਜੋ ਨੁਕਸਾਨ ਕੀਤਾ ਹੈ, ਇਸ ਦਾ ਖੁਲਾਸਾ ਵੀ ਬਹੁਤ ਵਿਸਥਾਰ ਵਿਚ ਹੋ ਚੁੱਕਾ ਹੈ। ਸਵਾਲ ਹੈ ਕਿ ਕਿਸਾਨਾਂ ਦੇ ਵੱਡੀ ਪੱਧਰ ‘ਤੇ ਚੱਲ ਰਹੇ ਸੰਘਰਸ਼ ਦੌਰਾਨ ਹੀ ਸਿਰਸਾ ਵਾਲੇ ਸਾਧ ਨੂੰ ਅਕਾਲ ਤਖਤ ਤੋਂ ਮੁਆਫੀਨਾਮਾ ਕਿਉਂ ਦਿੱਤਾ ਗਿਆ? ਕੀ ਇਸ ਦਾ ਲੁਕਵਾਂ ਏਜੰਡਾ ਲੋਕਾਂ ਦਾ ਧਿਆਨ ਇਸ ਸੰਘਰਸ਼ ਵੱਲੋਂ ਪਾਸੇ ਕਰਨਾ ਤਾਂ ਨਹੀਂ ਸੀ? ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਇੱਕ ਗੁਰਸਿੱਖ ਜੋ ਬੜੇ ਔਖੇ ਸਮਿਆਂ ਵਿਚ ਅਕਾਲ ਤਖਤ ਦਾ ਜਥੇਦਾਰ ਵੀ ਰਹਿ ਚੁੱਕਿਆ ਸੀ, ਬਾਣੀ ਪੜ੍ਹਨ-ਪੜ੍ਹਾਉਣ ਵਾਲਾ ਅਤੇ ਬਾਣੀ ਦਾ ਕੀਰਤਨੀਆ ਹੋਣ ਦੇ ਨਾਲ ਨਾਲ ਸਿੱਖ ਜਗਤ ਵਿਚ ਬਹੁਤ ਹੀ ਸਤਿਕਾਰੀ ਜਾਂਦੀ ਸਖਸ਼ੀਅਤ ਹੈ, ਦੇ ਅਕਾਲ ਤਖਤ ਅੱਗੇ ਹਾਜ਼ਰ ਹੋਣ ‘ਤੇ ਵੀ ਕਿਸੇ ਨੇ ਗੱਲ ਸੁਣਨ ਦੀ ਖੇਚਲ ਨਹੀਂ ਸੀ ਕੀਤੀ ਤਾਂ ਸਿਰਸਾ ਵਾਲੇ ਸਾਧ ਨੂੰ ਬਿਨਾਂ ਹਾਜ਼ਰ ਹੋਏ, ਮੁਆਫੀਨਾਮਾ ਦੇਣ ਦੀ, ਕਿਸਾਨ ਸੰਘਰਸ਼ ਦੇ ਚੱਲਦਿਆਂ ਕਿਉਂ ਲੋੜ ਪੈ ਗਈ? ਪੰਜਾਬ ਵਿਚ ਜੰਮਣ ਵਾਲੇ ਸਭ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਭਾਵੇਂ ਗੈਰ-ਸਿੱਖ ਵੀ ਹੋਣ, ਕਿਉਂਕਿ ਪੰਜਾਬ ਵਿਚ ਜੰਮਣ ਵਾਲਾ ਇਹ ਜਾਣਦਾ ਹੈ ਕਿ ਸਿੱਖ ਜਗਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਕਿੰਨਾ ਸਤਿਕਾਰਯੋਗ ਹੈ। ਫਿਰ ਜਦੋਂ ਸਿਰਸਾ ਵਾਲੇ ਸਾਧ ਦੇ ਮੁਆਫੀਨਾਮੇ ਦਾ ਵਿਰੋਧ ਵੱਡੇ ਪੱਧਰ ‘ਤੇ ਸ਼ੁਰੂ ਹੋ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਸ਼ਰਾਰਤ ਕਿਉਂ ਤੇ ਕਿਸ ਸਿਆਸਤ ਅਧੀਨ ਕਿਸ ਨੇ ਕਰਵਾਈ? ਇਸ ਦਾ ਦੁੱਖ ਹਰ ਸਿੱਖ ਨੂੰ ਲੱਗਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਰਬ ਸਮਿਆਂ ਵਾਸਤੇ ਸ਼ਬਦ-ਗੁਰੂ ਹੈ ਜਿਥੋਂ ਸਿੱਖ ਨੇ ਅਗਵਾਈ ਲੈਣੀ ਹੈ। ਪਰ ਅਗਲਾ ਸਵਾਲ ਇਹ ਵੀ ਹੈ ਕਿ ਉਹ ਸੰਤ-ਸਮਾਜ, ਜਿਸ ਨੇ ਸਾਰਾ ਟਿੱਲ ਲਾ ਕੇ, ਅਕਾਲ ਤਖਤ ਤੋਂ ਵਿਦਵਾਨਾਂ ਦੀ ਕਮੇਟੀ ਵਿਚ ਪੂਰੀ ਵਿਚਾਰ-ਚਰਚਾ ਤੋਂ ਬਾਅਦ ਹਰ ਤਰ੍ਹਾਂ ਦੇ ਸਿੱਖ ਅਦਾਰਿਆਂ (ਉਦਾਸੀ ਪਰੰਪਰਾ, ਨਿਹੰਗ ਸਿੰਘ ਅਤੇ ਸਭ ਟਕਸਾਲਾਂ) ਦੇ ਇਕੱਠ ਵਿਚ ਮਨਜ਼ੂਰ ਹੋ ਕੇ 2003 ਵਿਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾ ਕੇ ਬਿਕਰਮੀ ਕੈਲੰਡਰ ਦੁਬਾਰਾ ਚਾਲੂ ਕੀਤਾ, ਅੱਜ ਸਭ ਤੋਂ ਅੱਗੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿਚ ਸੰਘਰਸ਼ ਦੀ ਅਗਵਾਈ ਕਿਉਂ ਕਰ ਰਿਹਾ ਹੈ? ਅਗਲਾ ਸਵਾਲ ਇਹ ਵੀ ਹੈ ਕਿ ਪੂਰਨ ਸ਼ਾਂਤੀ ਨਾਲ ਧਰਨਾ ਦੇ ਰਹੇ ਲੋਕਾਂ ‘ਤੇ ਪੁਲਿਸ ਦੀ ਵਰਦੀ ਵਿਚ ਬਹਿਬਲ ਕਲਾਂ ਵਿਚ ਗੋਲੀ ਚਲਾ ਕੇ ਦੋ ਬੰਦਿਆਂ ਨੂੰ ਕਿਉਂ ਅਤੇ ਕਿਸ ਵੱਲੋਂ ਮਾਰਿਆ ਜਾਂ ਮਰਵਾਇਆ ਗਿਆ?