ਗੁਰਮਤਾ ਬਨਾਮ ਮਨਮਤਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਡੇਰਾ ਸਿਰਸਾ ਮੁਖੀ ਸੌਦਾ ਅਸਾਧ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇ ਖਿਮਾ ਜਾਚਨਾ ਸਪੱਸ਼ਟੀਕਰਨ ‘ਤੇ ਵਿਚਾਰ ਕਰਕੇ ਮੁਆਫੀਨਾਮੇ ਦਾ ਜੋ ਗੁਰਮਤਾ 8 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਿਕ 24 ਸਤੰਬਰ 2015 ਨੂੰ ਕੀਤਾ ਗਿਆ ਸੀ, ਉਸ ਗੁਰਮਤੇ ਨੂੰ ਗੁਰੂ-ਪੰਥ ਵਿਚ ਪ੍ਰਵਾਨ ਨਹੀਂ ਸੀ ਕੀਤਾ ਗਿਆ।

ਸਮੂਹ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਬੜੀ ਬਾਰੀਕੀ ਨਾਲ ਵਿਚਾਰਦਿਆਂ ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015, ਦਿਨ ਸ਼ੁੱਕਰਵਾਰ ਨੂੰ ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਕੇ (ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ ਜਲਦੀ ਨਾ ਆ ਸਕਣ ਕਰਕੇ ਜਥੇਦਾਰ ਨਾਲ ਟੈਲੀਫੋਨ ‘ਤੇ ਵਿਚਾਰ-ਵਟਾਂਦਰਾ ਕਰ ਕੇ ਸਹਿਮਤੀ ਬਣੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਨੂੰ ਸ਼ਾਮਲ ਕਰਕੇ ਮਿਤੀ 8 ਅੱਸੂ ਸੰਮਤ 547 ਮੁਤਾਬਕ 24 ਸਤੰਬਰ 2015 ਨੂੰ ਡੇਰਾ ਸਿਰਸਾ ਦੇ ਮੁਖੀ ਦੇ ਸਬੰਧ ਵਿਚ ਜੋ ਫੈਸਲਾ ਕੀਤਾ ਗਿਆ ਸੀ, ਮਿਤੀ 30 ਅੱਸੂ ਸੰਮਤ ਨਾਨਕਸ਼ਾਹੀ 547 ਮੁਤਾਬਕ 16 ਅਕਤੂਬਰ 2015, ਦਿਨ ਸ਼ੁੱਕਰਵਾਰ ਨੂੰ ‘ਰੱਦ ਕੀਤਾ’ ਜਾਂਦਾ ਹੈ।
ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਅਤੇ ਗੁਰੂ ਖਾਲਸਾ ਪੰਥ ਦੇ ਮਾਣ-ਸਨਮਾਨ ਵਾਸਤੇ ਹਮੇਸ਼ਾਂ ਤਤਪਰ ਹਨ।”
ਸ੍ਰੀ ਅਕਾਲ ਤਖਤ ਦੇ ਲੈਟਰ-ਪੈਡ ‘ਤੇ ਛਪੇ ਇਸ ‘ਗੁਰਮਤਾ ਨੰ: 1’ ਦੇ ਹੇਠਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਚਾਰ ਹੋਰ ਜਥੇਦਾਰਾਂ ਦੇ ਪੰਜਾਬੀ ਵਿਚ ਦਸਤਖ਼ਤ ਹਨ। ਇਨ੍ਹਾਂ ਵਿਚ ਇਕਬਾਲ ਸਿੰਘ ਪਟਨਾ ਸਾਹਿਬ, ਗਿਆਨੀ ਗੁਰਮੁਖ ਸਿੰਘ ਸਾਬੋ ਕੀ ਤਲਵੰਡੀ, ਭਾਈ ਮੱਲ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਤੇ ਭਾਈ ਰਘੁਬੀਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ਼ਾਮਲ ਹਨ। ਇਸ ਤੋਂ ਬਾਅਦ ਹੁਣ ਪੜ੍ਹੋ ਆਹ ਲਿਖਤ:
“æææਦੇਸ਼ ਵਿਦੇਸ਼ ਦੀਉ ਸਿੱਖ ਸੰਗਤੋ ਜੀ, ਦਾਸਾਂ ਵੱਲੋਂ ਗੁਰ ਫ਼ਤਹਿ! ਅੱਜ ਦਿਲ ਕਰ ਆਇਆ ਕਿ ਤੁਹਾਡੇ ਨਾਲ ਦਿਲ ਖੋਲ੍ਹ ਕੇ ‘ਅੰਦਰਲੀਆਂ ਗੱਲਾਂ’ ਕਰ ਲਈਏ। ਸਟੇਜਾਂ ਉਪਰ ਜੋ ਕੁਝ ਅਸੀਂ ਬੋਲਦੇ ਹਾਂ, ਜਾਂ ਜੋ ਕੁਝ ਟੀæਵੀæ/ਅਖਬਾਰਾਂ ਵਿਚ ਸਾਡੇ ਮੂੰਹੋਂ ਨਿਕਲਿਆ ਦਿਖਾਇਆ ਜਾਂਦਾ ਹੈ, ਉਹ ਸਾਰਾ ਕੁਝ ਸਾਡੇ ਬੁੱਲ੍ਹਾਂ ਵਿਚੋਂ ਜ਼ਰੂਰ ਨਿਕਲਿਆ ਹੋਇਆ ਹੁੰਦਾ ਹੈ, ਪਰ ਅਸਲ ਵਿਚ ‘ਸਾਡਾ’ ਤਾਂ ਉਹਦੇ ਵਿਚ ਕੁਝ ਵੀ ਨਹੀਂ ਹੁੰਦਾ, ਗੁਰੂ ਮਹਾਰਾਜ ਨੇ ਤਾਂ ਅਕਾਲ ਪੁਰਖ ਵੱਲੋਂ ਇਸ਼ਾਰਾ ਕਰਦਿਆਂ ਫਰਮਾਇਆ ਹੋਇਆ ਹੈ ਕਿ ‘ਜਿਉ ਬੋਲਾਵਹਿ ਤਿਉ ਬੋਲਹ ਸੁਆਮੀæææ॥’ ਪਰ ਸਾਨੂੰ ‘ਬੁਲਾਉਣ ਵਾਲੇ’ ਸਾਡੇ ‘ਸੁਆਮੀ’ ਬਣੇ ਹੋਏ ਨੇ ਸਿੱਖ ਸਿਆਸਤਦਾਨ।
ਸਿਰਫ਼ ਤੇ ਸਿਰਫ਼ ਆਪਣਾ ਉੱਲੂ ਸਿੱਧਾ ਰੱਖਣ ਲਈ ਜਿਹੋ ਜਿਹੇ ਸ਼ਬਦ ਉਹ ਸਾਡੇ ਮੂੰਹੋਂ ਕਢਵਾਉਣਾ ਚਾਹੁਣ, ਉਹੀ ਲਫ਼ਜ਼-ਬਾ-ਲਫ਼ਜ਼, ਅਸੀਂ ਸਿੱਖ ਸੰਗਤਾਂ ਦੇ ਨਾਂ ‘ਸੰਦੇਸ਼ਾਂ’ ਦੇ ਰੂਪ ਵਿਚ ਬੋਲ ਦਿਆ ਕਰਦੇ ਹਾਂ। ਜਦ ਉਹ ਹੁਕਮਨਾਮਾ ਕਢਵਾਉਣਾ ਚਾਹੁਣ, ਆਪਾਂ ਢਿੱਲ ਨਹੀਂ ਕਰਦੇ। ਇਸੇ ਤਰ੍ਹਾਂ ਉਨ੍ਹਾਂ ਦੀਆਂ ਸਿਆਸੀ ਇਛਾਵਾਂ ਦੇ ਰਾਹ ‘ਚ ਰੋੜੇ ਅਟਕਾਉਣ ਵਾਲਿਆਂ ਨੂੰ ਅਸੀਂ ਮਾਲਕਾਂ ਦਾ ਹੁਕਮ ਮੰਨ ਕੇ ਪੰਥ ਵਿਚੋਂ ਛੇਕਣ ਦਾ ਸਭ ਤੋਂ ਵੱਡਾ ਕੁਹਾੜਾ ਵੀ ਚਲਾ ਲੈਂਦੇ ਹਾਂ। ਛੇਕ-ਛੇਕੱਈਏ ਦੀ ਪ੍ਰਕਿਰਿਆ ਕਦੀ ਕਦੀ ਸਾਨੂੰ ‘ਮਾਲਾ-ਮਾਲ’ ਵੀ ਕਰ ਦਿੰਦੀ ਹੈ, ਕਿਉਂਕਿ ਛੇਕੇ ਜਾਣ ਦੇ ਬ੍ਰਹਮ ਅਸਤਰ ਤੋਂ ਡਰਦੀਆਂ ਕਈ ਮੋਟੀਆਂ ਸਾਮੀਆਂ, ਸਾਡੇ ਨਾਲ ਮੇਜ ਥੱਲਿਓਂ ਦੀ ਕੀਤਾ ਜਾਣ ਵਾਲਾ ‘ਸੌਦਾ’ ਵੀ ਕਰ ਲੈਂਦੀਆਂ ਹਨ। ਅੜਿੱਕੇ ਆਇਆ ਸ਼ਿਕਾਰ ਵੀ ਖੁਸ਼ ਤੇ ਅਸੀਂ ਵੀ ਅਨੰਦ ਪ੍ਰਸੰਨ!
ਹਾਂ, ਜਿਸ ਕਿਸੇ ‘ਅਭਾਗੇ’ ਬਾਰੇ ਸਾਨੂੰ ਉਤੋਂ ਹੁਕਮ ਹੁੰਦਾ ਹੈ ਕਿ ਫਲਾਣੇ ਸਿਹੁੰ ਨੂੰ ਹਰ ਹਾਲ ਛੇਕਣਾ ਹੀ ਛੇਕਣਾ ਹੈ ਪੰਥ ਵਿਚੋਂ, ਉਹ ਫਿਰ ਭਾਵੇਂ ਸਪਸ਼ਟੀਕਰਨ ਦੇ ਪੁਲੰਦੇ ਲੈ ਕੇ ਅਕਾਲ ਤਖ਼ਤ ਮੋਹਰੇ ਵੀ ਆ ਕੇ ਬਹਿ ਜਾਵੇ ਜਾਂ ਫਿਰ ਉਹਦੇ ਹਮਾਇਤੀ, ਵਿਚ ਵਿਚਾਲੇ ਦਾ ਰਾਹ ਕੱਢ ਲੈਣ ਦੀਆਂ ਸਿਫ਼ਾਰਸ਼ਾਂ ਕਰਨ, ਅਸੀਂ ਨਹੀਂ ਫਿਰ ਇਕ ਵੀ ਸੁਣਦੇ ਕਿਸੇ ਦੀ। ਸੌ ਤਰ੍ਹਾਂ ਦੇ ਆਨੇ-ਬਹਾਨੇ ਬਣਾ ਕੇ ਆਪਣੇ ਸੁਆਮੀਆਂ ਦੀ ਮਨਸ਼ਾ ਪੂਰੀ ਕਰ ਦੇਈਦੀ ਹੈ।
ਹੁਣ ਆਹ ਉਪਰੋਕਤ ਗੁਰਮਤੇ ਦੇ ਪਿਛੋਕੜ ਦੀ ਸੁਣ ਲਓ। ਬੀਤੇ ਸਤੰਬਰ ਮਹੀਨੇ ਦੀ 22-23 ਤਰੀਕ ਨੂੰ ਮਾਲਕਾਂ ਦੇ ਹਰਕਾਰੇ ਨੇ ਸਾਨੂੰ ਕਿਹਾ ਕਿ 2007 ਵਾਲੇ ਹੁਕਮਨਾਮੇ ਨੂੰ ਅਣਡਿੱਠ ਕਰ ਕੇ ਸੌਦਾ ਸਾਧ ਨੂੰ ਮੁਆਫ਼ ਕਰ ਦੇਣ ਵਾਲਾ ਗੁਰਮਤਾ ਪਾਸ ਕਰ ਦਿਉ। ਅਸੀਂ ਹਮੇਸ਼ਾ ਵਾਂਗ ਸਿਰ ਨਿਵਾ ਕੇ ਸਤਿ ਬਚਨ ਕਹਿੰਦਿਆਂ ਹੰਗਾਮੀ ਮੀਟਿੰਗ ਬੁਲਾ ਲਈ। ਮੀਡੀਏ ਵਿਚ ਸ਼ੁਰਲੀ ਇਹ ਛੱਡ’ਤੀ ਕਿ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ-ਵਟਾਂਦਰਾ ਕਰਨਾ ਹੈ। ਲਉ ਜੀ, ਇਸ ਕੈਲੰਡਰ ਦੇ ਪ੍ਰਸੰਸਕ ਅਤੇ ਸਿੱਖਾਂ ਦੀ ਵਿਲੱਖਣ ਹਸਤੀ ਦੇ ਪ੍ਰਚਾਰਕ ਜਦੋਂ ਖੁਸ਼ ਹੋ ਰਹੇ ਸਨ, ਅਸੀਂ ਪਟਾਰੀ ਵਿਚੋਂ ਹੋਰ ਹੀ ਸੱਪ ਕੱਢ ਮਾਰਿਆ। ਸੌਦੇ ਬਾਬੇ ਵਾਲੇ ਜਿਸ ਮੁਆਫ਼ੀਨਾਮੇ ਉਤੇ ਸਾਡੇ ਦਸਤਖਤ ਕਰਵਾਏ ਗਏ, ਉਸ ਉਤੇ ਹੋਰ ਗੱਲਾਂ ਦੇ ਨਾਲ ਨਾਲ ਇਹ ਸ਼ਬਦ ‘æææ ਪੰਥਕ ਰਵਾਇਤਾਂ ਅਨੁਸਾਰ ਗੁਰਮਤਿ ਦੀ ਰੋਸ਼ਨੀ ਵਿਚ ਬੜੀ ਦੀਰਘ ਵਿਚਾਰ ਕਰਨ ਉਪਰੰਤ ਖਿਮਾਂ-ਜਾਚਨਾ ਪੱਤਰ ਨੂੰ ਪ੍ਰਵਾਨ ਕਰਦਿਆਂæææ’ ਲਿਖੇ ਦੇਖ ਕੇ ਸਾਨੂੰ ਪੱਕਾ ਯਕੀਨ ਹੋ ਗਿਆ ਕਿ ਪਹਿਲਾਂ ਵਾਂਗ ਹੀ ਸੰਗਤਾਂ ਨੇ ਸਾਡਾ ਹੁਕਮ ਖਿੜੇ ਮੱਥੇ ਮੰਨ ਲੈਣਾ ਹੈ। ਸਾਡੀਆਂ ਤਾਜ਼ੀਆਂ ਗਰਮ ਤੇ ਭਾਰੀਆਂ ਹੋਈਆਂ ਜੇਬਾਂ ਨੇ ਸਾਡਾ ਯਕੀਨ ਹੋਰ ਪੱਕਾ ਕਰ ਦਿੱਤਾ।
ਪਰ ‘ਨਰ ਚਾਹਤ ਕਛੁ ਅਉਰ ਆਉਰੈ ਕੀ ਅਉਰੈ ਭਾਈ’ ਵਾਲੀ ਗੱਲ ਹੋ ਗਈ। ਚਾਰੇ ਪਾਸੇ ਭੜਥੂ ਪੈ ਗਿਆæææ ਤਰਥੱਲੀ ਹੀ ਮਚ ਗਈ। ਰੱਬ ਹੀ ਜਾਣੇ ਕਿ ਸਾਡੇ ਉਤਲਿਆਂ ਦੀਆਂ ਕੋਈ ‘ਭੇਤ ਭਰੀਆਂ ਇਛਾਵਾਂ’ ਪੂਰੀਆਂ ਵੀ ਹੋ ਗਈਆਂ ਹੋਣਗੀਆਂ; ਲੇਕਿਨ ਸੌਦੇ ਬਾਬੇ ਨੂੰ ਰਿਝਾਉਣ ਵਾਲਾ ਫਾਂਡਾ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਸਾਡੇ ਕੁਝ ਸਿੰਘ ਸਾਹਿਬਾਨ ਦੇ ਨੇੜਲੇ ਰਿਸ਼ਤੇਦਾਰਾਂ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਨਾਲੋਂ ਸਬੰਧ ਹੀ ਤੋੜ ਲਏ। ਇਕ ਜਣੇ ਦੇ ਕਿਸੇ ਨਿਹੰਗ ਸਿੰਘ ਨੇ ਕਿਰਪਾਨ ਹੀ ਕੱਢ ਮਾਰੀ। ਫੇਸਬੁੱਕ ਉਪਰ ਤਾਂ ਸਾਡਾ ਜਲੂਸ ਨਿਕਲਿਆ ਸੋ ਨਿਕਲਿਆ। ਸਾਡੇ ਫੋਨਾਂ ਉਪਰ ਉਹ ਗਾਲ-ਮੰਦਾ ਬੋਲਿਆ ਗਿਆ ਕਿ ਸਾਨੂੰ ਫੋਨ ਬੰਦ ਕਰ ਕੇ ਅੰਦਰੀਂ ਵੜਨਾ ਪਿਆ। ਸਾਡੇ ਘਰਾਂ ਮੋਹਰੇ ਵੀ ਸਿੱਖਾਂ ਦੀਆਂ ਭੀੜਾਂ ਆਉਣ ਲੱਗੀਆਂ। ਬੁਰੇ ਫਸੇ ਅਸੀਂ। ਸਾਡੇ ਨਾਲ ਤਾਂ ਉਹ ਗੱਲ ਹੋਈ, ਅਖੇ ਕੀਤੀਆਂ ਦੁੱਲੇ ਦੀਆਂ, ਪੇਸ਼ ਲੱਧੀ ਦੇ ਆਈਆਂ।
ਸਾਡੇ ਸਿਆਸੀ ਚੌਧਰੀਆਂ ਨੇ ਸਾਡੀ ‘ਸਰਬ-ਉਚਤਾ’ ਦੀ ਬਥੇਰੀ ਡੌਂਡੀ ਪਿੱਟੀ, ਲੱਖਾਂ ਦੇ ਇਸ਼ਤਿਹਾਰ ਛਪਵਾਏ ਅਤੇ ਹਰ ਮੰਚ ‘ਤੇ ਸਾਡੀ ‘ਮਹਾਨਤਾ’ ਦੀਆਂ ਘੋੜੀਆਂ ਗਾਈਆਂ, ਡਰਾਵੇ ਵੀ ਦਿੱਤੇ, ਪਰ ਲੋਕਾਂ ਨੇ ‘ਨੰਨਾ’ ਹੀ ਫੜ ਲਿਆ। ਸਾਡੀਆਂ ਅੰਦਰ ਵੜਿਆਂ ਦੀਆਂ ਕੰਬਦੀਆਂ ਲੱਤਾਂ ਦੀ ਮਾਲਸ਼ ਕਰਵਾਉਣ ਲਈ, ਦਿੱਲੀਓਂ ਰਖੇਲਾਂ ਮੰਗਵਾਈਆਂ ਗਈਆਂ ਅਤੇ ਸਾਡੇ ਸੁੱਕਦੇ ਜਾਂਦੇ ਬੁੱਲ੍ਹ ਤਰ ਕਰਨ ਲਈ, ਸ਼੍ਰੋਮਣੀ ਕਮੇਟੀ ਦੇ ‘ਹੰਗਾਮੀ ਇਜਲਾਸ’ ਦੇ ਨਾਂ ਥੱਲੇ ਚਮਚੇ ਵੀ ਇਕੱਠੇ ਕੀਤੇ ਗਏ, ਪਰ ਹਾਲਾਤ ਬਦ ਤੋਂ ਬਦਤਰ ਹੀ ਹੁੰਦੇ ਗਏ। ਜਿਵੇਂ ਕਿਤੇ ‘ਚੋਰ ਦੇ ਸੌ ਦਿਨ’ ਮੁੱਕ ਗਏ ਹੋਣ ਅਤੇ ਸਾਧ ਦਾ ਇਕ ਦਿਨ ਆਣ ਪਹੁੰਚਿਆ ਹੋਵੇ। ਵਿਰੋਧ ਲਗਾਤਾਰ ਵਧਦਾ ਜਾਂਦਾ ਦੇਖ ਕੇ ਸਾਨੂੰ ਬਾਡੀਗਾਰਡ ਦੇ ਦਿੱਤੇ। ਖੁੱਡੇ ਵਿਚ ਤਾੜੇ ਹੋਏ ਕੁੱਕੜਾਂ ਵਰਗੀ ਹਾਲਤ ਹੋਣ ਨਾਲ ਸਾਡੀ ‘ਲਿਫ਼ਾਫਾ ਉਗਰਾਹੀ’ ਉਕਾ ਹੀ ਬੰਦ ਹੋ ਗਈ। ਸਾਨੂੰ ਖਿਝ ਵੀ ਚੜ੍ਹੇ ਕਿ ਆਪ ਤਾਂ ਡੁੱਬਾ ਬਾਹਮਣਾ, ਜਜ਼ਮਾਨ ਵੀ ਗਾਲੇ।
ਲੋਕਾਂ ਵਿਚ ਰੋਹ ਪ੍ਰਚੰਡ ਹੋ ਗਿਆ। ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਕਦੇ ਮਾਲਕਾਂ ਮੋਹਰੇ ਉਚਾ ਸਾਹ ਨਹੀਂ ਸੀ ਲੈਂਦੇ, ਉਨ੍ਹਾਂ ਵਿਚੋਂ ਕਈ ‘ਜ਼ਮੀਰ ਜਾਗਣ’ ਦਾ ਪ੍ਰਗਟਾਵਾ ਕਰਦਿਆਂ ਅਸਤੀਫ਼ੇ ਦੇਣ ਲੱਗ ਪਏ। ਵਿਦੇਸ਼ੀ ਸਿੱਖਾਂ ਵੱਲੋਂ ਅੰਗਾਰਿਆਂ ਵਾਂਗ ਭਖਦੀ ਬਿਆਨਬਾਜ਼ੀ ਹੋਣ ਲੱਗ ਪਈ। ਚਹੁੰ ਕੂੰਟਾਂ ਵਿਚ ਪਸਰਿਆ ਰੋਹ ਤਾੜਦਿਆਂ ਚੰਡੀਗੜ੍ਹੋਂ ਚੱਲਿਆ ਹਰਕਾਰਾ ਫਿਰ ਸਾਡੇ ਸਿਰ ‘ਤੇ ਆ ਖੜ੍ਹਾ ਹੋਇਆ। ਦੇ’ਤਾ ਗਲ ਵਿਚ ‘ਗੂਠਾæææ ਕਰੋ ਹੰਗਾਮੀ ਮੀਟਿੰਗ਼æææ ਕਰ ਦਿਉ ਪਹਿਲੇ ਵਾਲਾ ‘ਗੁਰਮਤਾ’ ਰੱਦ! ਬਾਹਰ ਸਾਨੂੰ ‘ਸਰਬ-ਉਚ’ ਦੱਸਣ ਵਾਲਿਆਂ ਨੇ ਸਾਡੇ ਕੋਲੋਂ ਨੌਕਰਾਂ ਵਾਂਗੂ ‘ਆਪਣਾ ਕੰਮ’ ਕਰਵਾ ਲਿਆ। ਜਿਵੇਂ ਬੀਤੇ 24 ਸਤੰਬਰ ਨੂੰ ਟਾਈਪ ਕੀਤੇ-ਕਰਾਏ ਉਤੇ, ਸਾਡੀਆਂ ਘੁੱਗੀਆਂ ਮਰਵਾ ਕੇ ਮੁਆਫ਼ੀਨਾਮੇ ਵਾਲਾ ‘ਗੁਰਮਤਾ’ ਬਣਾਇਆ ਗਿਆ ਸੀ, ਉਸੇ ਤਰ੍ਹਾਂ ਉਹ ਰੱਦ ਕਰਵਾ ਦਿੱਤਾ।
æææਕੀ ਕਰੀਏ ਭਾਈ ਸੰਗਤੇ! ਆਖਰ ਅਸੀਂ ਵੀ ਦੁਨੀਆਂਦਾਰ ਹਾਂ। ਅਸੀਂ ਵੀ ਚਾਹਤ ਰੱਖਦੇ ਹਾਂ ਕਿ ਸਾਡੇ ਮੁੰਡਿਆਂ ਦੇ ਵੀ ਫਾਈਵ ਸਟਾਰ ਹੋਟਲ ਹੋਣ ਅਤੇ ਉਨ੍ਹਾਂ ਦੇ ਬਿਜਨਸ ਚੱਲਣæææਸਾਡੀ ਵੀ ਸਰਕਾਰੇ-ਦਰਬਾਰੇ ਸੱਦ-ਪੁੱਛ ਹੋਵੇ।æææਆਪ ਦੇ ਸਿੰਘ ਸਾਹਿਬਾਨ!
***
ਲਓ ਜੀ, ਇਸ ਲੇਖ ਦੇ ਮੁੱਢ ਵਿਚ ‘ਗੁਰਮਤਾ’ ਲਿਖਿਆ ਗਿਆ ਅਤੇ ਬਾਅਦ ਵਿਚ ‘ਮਨਮਤਾ’। ਇਹ ਨਿਰਨਾ ਪਾਠਕ ਕਰਨ ਕਿ ਸੱਚਾਈ ਕਿਸ ਵਿਚ ਹੈ!