ਕਦੀ ਮੁੱਕਦੀ ਨਾ ਜੀਣ ਦੀ ਕਹਾਣੀæææ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕਾਊਂਟਰ ਉਤੇ ਖੜ੍ਹੀ ਕੁੜੀ ਨੇ ਆਫਿਸ ਦਾ ਦਰਵਾਜ਼ਾ ਖੜਕਾਉਂਦਿਆਂ ਕਿਹਾ, “ਬੌਸ! ਤੁਹਾਨੂੰ ਕੋਈ ਮਿਲਣ ਆਇਐ।”
“ਓ ਕੇ।”
ਬੂਹਾ ਖੁੱਲ੍ਹਿਆ ਤਾਂ ਸਾਹਮਣੇ ਬਾਈ-ਤੇਈ ਸਾਲ ਦਾ ਨੌਜਵਾਨ ਖੜ੍ਹਾ ਸੀ।

“ਅੰਕਲ ਜੀ ਸਤਿ ਸ੍ਰੀ ਅਕਾਲ।” ਮੁੰਡੇ ਨੇ ਸਤਿਕਾਰ ਨਾਲ ਹੱਥ ਜੋੜੇ। ਮੈਂ ਵੀ ਜਵਾਬ ਦਿੰਦਿਆਂ ਕੁਰਸੀ ਉਤੇ ਬੈਠਣ ਦਾ ਇਸ਼ਾਰਾ ਕੀਤਾ।
“ਤੈਨੂੰ ਬਾਈ ਢਿੱਲੋਂ ਨੇ ਭੇਜਿਆ।” ਮੈਂ ਪੁੱਛ ਲਿਆ।
“ਹਾਂ ਜੀ ਅੰਕਲ ਜੀ!” ਮੁੰਡੇ ਨੇ ਜਵਾਬ ਦਿੱਤਾ।
ਮੁੰਡੇ ਦੇ ਚਿਹਰੇ ‘ਤੇ ਉਦਾਸੀ ਤੇ ਡਰ, ਦੋਵੇਂ ਸਾਫ ਦਿਖਾਈ ਦੇ ਰਹੇ ਸਨ। ਮੈਂ ਆਪ ਉਠ ਕੇ ਕੌਫੀ ਦੇ ਦੋ ਕੱਪ ਬਣਾ ਲਿਆਇਆ। ਇਕ ਕੱਪ ਉਸ ਨੂੰ ਫੜਾਉਂਦਿਆਂ ਉਸ ਦਾ ਪਿਛੋਕੜ ਜਾਨਣਾ ਚਾਹਿਆ।
“ਅੰਕਲ ਜੀ! ਮੇਰਾ ਨਾਂ ਕਮਲ ਤੂਰ ਹੈ। ਲੁਧਿਆਣਾ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਹੈ ਜਿਥੇ ਦਰਮਿਆਨੇ ਜਿਹੇ ਕਿਸਾਨ ਦੇ ਘਰ ਮੇਰਾ ਜਨਮ ਹੋਇਆ। ਚਾਚੇ-ਤਾਇਆਂ ਦੇ ਵੱਡੇ ਪਰਿਵਾਰ ਵਿਚ ਵੰਡ ਹੋਈ ਤਾਂ ਮੇਰੇ ਪਿਤਾ ਨੂੰ ਸਿਰਫ਼ ਦੋ ਕਿੱਲੇ ਹਿੱਸੇ ਆਏ। ਪਿਤਾ ਖੁਸ਼ ਸੀ ਕਿ ਤਾਇਆਂ ਨੇ ਆਪਸ ਵਿਚ ਬੈਠ ਕੇ ਵੰਡ-ਵੰਡਾਈ ਕਰ ਲਈ, ਕੋਈ ਲੜਿਆ-ਝਗੜਿਆ ਨਹੀਂ। ਇਕ ਦਿਨ ਤਾਂ ਬਟਵਾਰਾ ਹੋਣਾ ਹੀ ਸੀ! ਮੇਰੇ ਮਾਮਿਆਂ ਨੇ ਬਹੁਤ ਸਾਥ ਦਿੱਤਾ। ਉਹ ਸਾਡੇ ਪਿੰਡ ਦੇ ਨੇੜੇ ਹੋਣ ਕਰ ਕੇ ਰੋਜ਼ ਆ ਜਾਂਦੇ। ਵੰਡ ਪਿਛੋਂ ਕਈ ਸਾਲ ਸਾਡੇ ਪੈਰ ਨਾ ਲੱਗੇ, ਪਰ ਹੌਲੀ ਹੌਲੀ ਪੈਰਾਂ ਸਿਰ ਹੋ ਗਏ।
ਮੈਂ ਤੇ ਮੇਰੀ ਛੋਟੀ ਭੈਣ ਗੁਗਲੀ ਪੜ੍ਹਦੇ ਸਾਂ। ਦੋ-ਚਾਰ ਫਸਲਾਂ ਵਧੀਆ ਲੱਗੀਆਂ ਤਾਂ ਅਸੀਂ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਘਰ ਅਜੇ ਲੈਂਟਰ ‘ਤੇ ਹੀ ਪਹੁੰਚਿਆ ਸੀ ਜਦੋਂ ਕਣਕ ਦੀ ਫਸਲ ਮੀਂਹ ਦੀ ਭੇਟ ਚੜ੍ਹ ਗਈ। ਸਬਰ ਦਾ ਘੁੱਟ ਭਰਦਿਆਂ ਆਸ ਦਾ ਦੀਵਾ ਝੋਨੇ ਦੀ ਫਸਲ ਤੱਕ ਜਗਾਈ ਰੱਖਿਆ। ਨਕਲੀ ਦਵਾਈਆਂ ਨੇ ਝੋਨੇ ਦੀ ਫਸਲ ਸੁਆਹ ਕਰ ਦਿੱਤੀ। ਮਹਿੰਗੇ ਭਾਅ ਦਾ ਡੀਜ਼ਲ ਫੂਕਿਆ ਵੀ ਵਾਪਸ ਨਾ ਮੁੜਿਆ। ਤਾਜ਼ੇ ਜੰਮੇ ਪੈਰ ਦੁਬਾਰਾ ਉਖੜ ਗਏ। ਆੜ੍ਹਤੀਆਂ ਤੇ ਸਹਿਕਾਰੀ ਸੁਸਾਇਟੀ ਦੇ ਪੈਸੇ ਲੱਕ ਤੋੜ ਗਏ। ਕਿਸੇ ਨੇ ਸਲਾਹ ਦਿੱਤੀ ਕਿ ਜ਼ਮੀਨ ਦੀਆਂ ਲਿਮਟਾਂ ਬਣਾ ਕੇ ਪੈਸੇ ਚੁੱਕ ਲਓ, ਥੋੜ੍ਹਾ ਵਿਆਜ਼ ਲੱਗੂ। ਬਾਪੂ ਨੇ ਦੋਹਾਂ ਕਿੱਲਿਆਂ ਦੇ ਅੱਠ ਲੱਖ ਰੁਪਏ ਚੁੱਕ ਕੇ ਕਰਜ਼ਾ ਲਾਹ ਦਿੱਤਾ।
ਕਣਕ ਦੀ ਫਸਲ ਆਈ ਤਾਂ ਬਾਪੂ ਦੇ ਚਿਹਰੇ ‘ਤੇ ਰੌਣਕ ਆਉਣ ਲੱਗੀ, ਪਰ ਇਕ ਦਿਨ ਕਿਸੇ ਮਾਸਟਰ ਨੇ ਬਾਪੂ ਦੇ ਕੰਨ ਵਿਚ ਫੂਕ ਮਾਰੀ ਕਿ ਲਿਮਟਾਂ ‘ਤੇ ਚੁੱਕਿਆ ਅੱਠ ਲੱਖ ਕਦੋਂ ਮੁੜੂਗਾ? ਜ਼ਮੀਨ ਤਾਂ ਬੈਂਕ ਦੀ ਹੈ। ਮਾਸਟਰ ਦੀ ਗੱਲ ਨੇ ਬਾਪੂ ਦੇ ਅੰਦਰ ਡਰ ਪੈਦਾ ਕਰ ਦਿੱਤਾ ਕਿ ਜ਼ਮੀਨ ਤਾਂ ਬੈਂਕ ਲੈ ਜਾਵੇਗਾ। ਬੈਂਕ ਦੇ ਡਰੋਂ ਬਾਪੂ ਨੇ ਇਕ ਕਿੱਲਾ ਜ਼ਮੀਨ ਬੈਅ ਕਰ ਦਿਤੀ। ਬਾਰ੍ਹਾਂ ਲੱਖ ਮਿਲਿਆ, ਬੈਂਕ ਦੇ ਅੱਠ ਲੱਖ ਤੇ ਵਿਆਜ਼ ਮੁੜ ਗਿਆ। ਬਾਕੀ ਬਚੇ ਰੁਪਏ ਬਾਪੂ ਨੇ ਭੈਣ ਦੇ ਵਿਆਹ ਲਈ ਸਾਂਭ ਲਏ।
ਬੈਂਕ ਦੇ ਡਰ ਤੋਂ ਮੁਕਤ ਹੋਇਆ ਬਾਪੂ, ਵੇਚੀ ਜ਼ਮੀਨ ਦਾ ਝੋਰਾ ਦਿਲ ਨੂੰ ਲਾ ਗਿਆ। ਮੈਂ ਤੇ ਭੈਣ ਨੇ ਬਥੇਰਾ ਸਮਝਾਇਆ ਕਿ ਬਾਪੂ! ਅਸੀਂ ਪੜ੍ਹ-ਲਿਖ ਕੇ ਨੌਕਰੀਆਂ ਉਤੇ ਲੱਗ ਗਏ ਤਾਂ ਬਥੇਰੀ ਜ਼ਮੀਨ ਬਣਾ ਲਵਾਂਗੇ, ਪਰ ਬਾਪੂ ਪੁੱਤਾਂ ਨਾਲੋਂ ਪਿਆਰੀ ਜ਼ਮੀਨ ਵਿਕਣ ਤੋਂ ਬਾਅਦ ਖੁਦਕੁਸ਼ੀ ਕਰ ਗਿਆ। ਬੈਂਕ ਦੀਆਂ ਲਿਮਟਾਂ ਬਾਪੂ ਦੇ ਗਲ ਫਾਹਾ ਪਾ ਗਈਆਂ। ਬਾਪੂ ਦੀ ਮੌਤ ਤੋਂ ਬਾਅਦ ਪੜ੍ਹਾਈ ਛੁਟ ਗਈ ਤੇ ਕਹੀ ਦਾ ਹੱਥਾ, ਹੱਥ ਆ ਗਿਆ। ਹੁਣ ਸਾਡੀ ਆਸ ਸੀ ਕਿ ਗੁਗਲੀ ਬਾਰ੍ਹਾਂ ਜਮਾਤਾਂ ਪੜ੍ਹ ਕੇ ਆਇਲੈਟਸ ਕਰ ਲਵੇ ਤੇ ਬਾਹਰਲੇ ਦੇਸ਼ ਚਲੀ ਜਾਵੇ। ਗੁਗਲੀ ਸੋਹਣੀ-ਸੁਨੱਖੀ, ਲੰਮੀ-ਝੰਮੀ ਸਾਊ ਕੁੜੀ ਸੀ। ਮੈਂ ਉਸ ਨੂੰ ਚਾਈਂ ਚਾਈਂ ਕਾਲਜ ਦਾਖਲ ਕਰਵਾਇਆ।
ਕਾਲਜ ਦੀ ਪਹਿਲੀ ਕਲਾਸ ਵਿਚ ਹੀ ਉਸ ਨੂੰ ਕੋਈ ਮੁੰਡਾ ਤੰਗ-ਪ੍ਰੇਸ਼ਾਨ ਕਰਨ ਲੱਗਾ। ਉਸ ਮੁੰਡੇ ਦਾ ਪਿਤਾ ਅਮਰੀਕਾ ਕੱਚਾ ਰਹਿ ਰਿਹਾ ਸੀ। ਉਸ ਨੇ ਬਹੁਤ ਕਮਾਈ ਕੀਤੀ, ਵੱਡੀ ਕੋਠੀ ਪਾਈ ਤੇ ਵਧੀਆ ਗੱਡੀ ਲੈ ਕੇ ਦਿੱਤੀ। ਪਿਓ ਦੀ ਕਮਾਈ ਪੁੱਤ ਨੂੰ ਸਿਰੇ ਦਾ ਨਸ਼ੇੜੀ ਬਣਾ ਗਈ। ਘਰੋਂ ਤਾਂ ਪੜ੍ਹਨ ਆਉਂਦਾ, ਪਰ ਕਰਦਾ ਅਵਾਰਾਗਰਦੀ। ਅਸੀਂ ਦੋ-ਤਿੰਨ ਵਾਰ ਉਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ, ਪਰ ਡਾਲਰਾਂ ਦੀ ਤਾਕਤ ਸਾਡਾ ਦਮ ਘੁੱਟ ਦਿੰਦੀ। ਮੈਂ ਆਪਣੀ ਗਰੀਬੀ ਹੱਥੋਂ ਮਜਬੂਰ, ਮੁੱਠੀਆਂ ਮੀਚ ਕੇ ਬਹਿ ਜਾਂਦਾ। ਇਕ ਦਿਨ ਉਸ ਨੇ ਗੁਗਲੀ ਦੀ ਬਾਂਹ ਫੜ ਲਈ। ਫਿਰ ਕੀ ਸੀ!æææਮੈਂ ਯਾਰਾਂ-ਦੋਸਤਾਂ ਦੀ ਮਦਦ ਨਾਲ ਉਸ ਉਤੇ ਹਨੇਰੀ ਵਾਂਗ ਝੁੱਲ ਗਿਆ। ਉਨ੍ਹਾਂ ਦੇ ਵੀ ਸੱਟਾਂ ਲੱਗੀਆਂ ਤੇ ਸਾਡੇ ਵੀ। ਅਮਰੀਕਾ ਤੋਂ ਸਾਨੂੰ ਮਿੰਨਤਾਂ ਭਰੇ ਫੋਨ ਜਾਣ ਲੱਗੇ- ‘ਤੁਸੀਂ ਮੇਰੇ ਪੁੱਤ ਨੂੰ ਬਖਸ਼ ਦੇਵੋ। ਮੇਰਾ ਇਕੱਲਾ ਹੀ ਪੁੱਤ ਹੈ’। ਸਿਆਣਿਆਂ ਨੇ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ। ਫਿਰ ਮੁੰਡੇ ਨੇ ਆਪਣੀ ਮਾਂ ਤੇ ਮਾਮੇ ਸਾਡੇ ਘਰ ਗੁਗਲੀ ਦਾ ਰਿਸ਼ਤਾ ਮੰਗਣ ਭੇਜੇ। ਅਸੀਂ ਨਸ਼ੇੜੀ ਨੂੰ ਕਿਵੇਂ ਰਿਸ਼ਤਾ ਦੇ ਦਿੰਦੇ! ਅਸੀਂ ਜਵਾਬ ਦੇ ਦਿੱਤਾ। ਉਸ ਮੁੰਡੇ ਨੇ ਮੈਨੂੰ ਕਈ ਵਾਰ ਧਮਕਾਇਆ ਵੀ। ਮਾਂ ਨੇ ਗੁਗਲੀ ਨੂੰ ਪੜ੍ਹਨੋਂ ਹਟਾਉਣ ਲਈ ਜ਼ੋਰ ਲਾਇਆ, ਪਰ ਮੈਂ ਭੈਣ ਨੂੰ ਪੜ੍ਹਾਉਣਾ ਚਾਹੁੰਦਾ ਸੀ।
ਗੁਗਲੀ ਬਾਰ੍ਹਵੀਂ ਵਿਚ ਸੀ ਤੇ ਸਾਡੇ ਪਿੰਡੋਂ ਹੀ ਕਿਸੇ ਨੇ ਗੁਗਲੀ ਦਾ ਰਿਸ਼ਤਾ ਅਮਰੀਕਾ ਗਏ ਮੁੰਡੇ ਨਾਲ ਕਰਵਾਉਣਾ ਚਾਹਿਆ। ਦੇਖ-ਦਿਖਾਈ ਤੋਂ ਬਾਅਦ ਮੰਗਣੀ ਹੋ ਗਈ, ਪਰ ਉਸ ਨਸ਼ੇੜੀ ਮੁੰਡੇ ਨੇ ਸਾਡੇ ਚਾਵਾਂ ‘ਤੇ ਆਰੀ ਫੇਰ ਦਿੱਤੀ। ਉਸ ਨੇ ਕਾਲਜੋਂ ਆਉਂਦੀ ਗੁਗਲੀ ‘ਤੇ ਤੇਜ਼ਾਬ ਸੁੱਟ ਦਿੱਤਾ। ਗੁਗਲੀ ਦਾ ਸੱਜਾ ਪਾਸਾ ਸੜ ਗਿਆ। ਰਾਹ ਜਾਂਦੇ ਰਾਹੀਆਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ।
ਉਸੇ ਸ਼ਾਮ ਉਸ ਵਿਗੜੇ ਮੁੰਡੇ ਨੇ ਪਿਸਤੌਲ ਨਾਲ ਆਪੇ ਹੀ ਗੋਲੀ ਮਾਰ ਲਈ। ਪਿਉ ਦੀ ਬਣੀ-ਬਣਾਈ ਜਾਇਦਾਦ ਦਾ ਇਕੱਲਾ ਵਾਰਸ ਜਹਾਨੋਂ ਤੁਰ ਗਿਆ। ਇਸ ਹਾਦਸੇ ਦੇ ਨਾਲ ਹੀ ਗੁਗਲੀ ਦੀ ਮੰਗਣੀ ਟੁੱਟ ਗਈ। ਫਿਰ ਇਕ ਦਿਨ ਗੁਗਲੀ ਵੀ ਆਪਣੇ ਬਦਸ਼ਕਲ ਚਿਹਰੇ ਅੱਗੇ ਜ਼ਿੰਦਗੀ ਦੀ ਬਾਜ਼ੀ ਹਾਰ ਗਈ। ਸ਼ਗਨਾਂ ਦੀ ਚੁੰਨੀ ਨਾਲ ਫਾਹਾ ਲੈ ਕੇ ਮੌਤ ਦੀ ਡੋਲੀ ਬੈਠ ਗਈ। ਸਾਡੇ ਸੁਪਨੇ ਚਕਨਾਚੂਰ ਹੋ ਗਏ। ਮਾਂ-ਪੁੱਤ ਇਕ ਦੂਜੇ ਦੇ ਗਲ ਲੱਗ ਰੋਂਦੇ।
ਦੋ ਮਹੀਨਿਆਂ ਬਾਅਦ ਉਸ ਮੁੰਡੇ ਦਾ ਪਿਤਾ ਅਮਰੀਕਾ ਨੂੰ ਆਖਰੀ ਫਤਿਹ ਬੁਲਾ ਕੇ ਪਿੰਡ ਆ ਗਿਆ, ਸਾਡੇ ਘਰ ਗੁਗਲੀ ਦਾ ਅਫਸੋਸ ਕਰਨ ਆਇਆ। ਮੈਨੂੰ ਚੰਬੜ ਕੇ ਧਾਹੀਂ ਰੋ ਪਿਆ। ਪੁੱਤ ਦੀਆਂ ਕਰਤੂਤਾਂ ਦੀ ਹੱਥ ਜੋੜ ਮੁਆਫੀ ਮੰਗਦਾ ਰਿਹਾ। “ਮੈਂ ਪੇਪਰਾਂ ਦੀ ਉਡੀਕ ਵਿਚ ਬਾਰਾਂ ਸਾਲ ਕੱਢ ਦਿੱਤੇ। ਮੈਂ ਚਾਹੁੰਦਾ ਸੀ, ਪੁੱਤ ਨੂੰ ਅਮਰੀਕਾ ਸੱਦ ਕੇ ਸੈਟ ਕਰ ਦੇਵਾਂ, ਪਰ ਉਹ ਤਾਂæææਆਖ ਉਹ ਹੁਬਕੀਂ ਰੋਣ ਲੱਗਾ।” ਉਹ ਬੰਦਾ ਰੋਂਦਾ ਹੋਇਆ ਸਾਡੇ ਘਰੋਂ ਗਿਆ। ਮੈਂ ਤੇ ਮਾਂ ਨੇ ਉਸ ਨੂੰ ਜਿਵੇਂ ਅਦਾਲਤੀ ਕੇਸ ਵਿਚੋਂ ਬਰੀ ਕਰ ਦਿੱਤਾ ਹੋਵੇ।
ਇਕ ਕਿੱਲੇ ਜ਼ਮੀਨ ਵਿਚੋਂ ‘ਗੰਜੀ ਕੀ ਨਹਾਊ, ਤੇ ਕੀ ਨਚੋੜੂ’ ਵਾਂਗ ਮੈਂ ਵੀ ਖੇਤੀ ਤੋਂ ਬਾਗੀ ਹੋ ਕੇ ਪਾਸਪੋਰਟ ਬਣਾ ਲਿਆ। ਆਪਣੇ ਚਾਚਿਆਂ ਦੇ ਬੂਹੇ ਖੜਕਾਏ ਤਾਂ ਕਿ ਕੋਈ ਮਦਦ ਮਿਲ ਜਾਵੇ, ਪਰ ਉਹ ਵੀ ਬਾਪੂ ਵਾਂਗ ਲਿਮਟਾਂ ਬਣਾ ਕੇ ਧੁਰ ਦੀ ਗੱਡੀ ਉਡੀਕ ਰਹੇ ਸਨ। ਕਿਸੇ ਪਾਸਿਓਂ ਮਦਦ ਨਾ ਮਿਲੀ ਤਾਂ ਰਹਿੰਦੇ ਕਿੱਲੇ ਦਾ ਅੱਕ ਚੱਬਣਾ ਪਿਆ। ਪੰਝੀ ਲੱਖ ਦਾ ਕਿੱਲਾ ਵੇਚਿਆ। ਵੀਹ ਲੱਖ ਏਜੰਟ ਨੂੰ ਦਿੱਤਾ। ਮੈਂ ਤੇ ਮਾਮੇ ਦਾ ਪੁੱਤ ਬੰਟੀ, ਦੋਵੇਂ ਅਮਰੀਕਾ ਲਈ ਦਿੱਲੀ ਪੁੱਜ ਗਏ। ਦਿੱਲੀਓਂ ਸਿੰਘਾਪੁਰ ਤੇ ਫਿਰ ਅਰਜਨਟੀਨਾ ਪੁੱਜੇ। ਮਹੀਨਾ ਉਥੇ ਰਹੇ, ਫਿਰ ਗੁਆਟੇਮਾਲਾ। ਉਥੇ ਪਹੁੰਚੇ ਤਾਂ ਏਜੰਟ ਫੜਿਆ ਗਿਆ। ਜਿਥੇ ਰਹਿੰਦੇ ਸੀ, ਉਥੋਂ ਸਾਨੂੰ ਕੱਢ ਦਿੱਤਾ ਗਿਆ। ਸਭ ਪੈਸੇ ਮੁੱਕ ਗਏ ਸਨ। ਫਿਰਦੇ-ਤੁਰਦੇ ਇਕ ਦਿਨ ਇਕ ਸਰਦਾਰ ਭਾਈ ਦੇ ਸਟੋਰ ਉਤੇ ਚਲੇ ਗਏ। ਉਸ ਨੂੰ ਸਾਰੀ ਕਹਾਣੀ ਸੁਣਾਈ। ਉਹ ਮਦਦ ਲਈ ਮੰਨ ਗਿਆ, ਪਰ ਗੁਆਟੇਮਾਲਾ ਤੋਂ ਅਮਰੀਕਾ ਤੱਕ ਦਸ ਹਜ਼ਾਰ ਡਾਲਰ ਲੱਗਣੇ ਸਨ, ਇਕ ਜਣੇ ਦੇ। ਉਸ ਦੀ ਮਦਦ ਨਾਲ ਪਿੰਡ ਫੋਨ ਕਰ ਕੇ ਸਾਰੀ ਕਹਾਣੀ ਸੁਣਾਈ। ਜਿਥੇ ਉਸ ਨੇ ਕਿਹਾ ਕਿ ਪੈਸੇ ਅੱਪੜਦੇ ਕਰੋ, ਕੀਤੇ। ਏਜੰਟ ਸਾਨੂੰ ਅਮਰੀਕਾ ਦਾ ਬਾਰਡਰ ਟਪਾ ਗਿਆ। ਬਾਰਡਰ ‘ਤੇ ਪੁਲਿਸ ਨੇ ਚੁੱਕ ਲਿਆ ਤੇ ਸਾਨੂੰ ਦਸ ਜਣਿਆਂ ਨੂੰ ਜੇਲ੍ਹ ਭੇਜ ਦਿੱਤਾ।
ਜੇਲ੍ਹ ਵਿਚ ਹੀ ਢਿੱਲੋਂ ਅੰਕਲ ਨੇ ਫੋਨ ਕੀਤਾ। ਫਿਰ ਅੰਕਲ ਨੇ ਸਾਡੀ ਜ਼ਮਾਨਤ ਭਰੀ ਤੇ ਅਸੀਂ ਬਾਹਰ ਆ ਗਏ। ਬਾਹਰ ਆ ਕੇ ਵਕੀਲ ਕੀਤਾ ਜੋ ਮੇਰਾ ਕੇਸ ਨਿਊ ਮੈਕਸੀਕੋ ਤੋਂ ਕੈਲੀਫੋਰਨੀਆ ਬਦਲ ਲਿਆਇਆ। ਹੁਣ ਅਸਾਈਲਮ ਦਾ ਕੇਸ ਚੱਲਦਾ ਹੈ। ਵਰਕ ਪਰਮਿਟ ਮਿਲ ਗਿਆ। ਢਿੱਲੋਂ ਅੰਕਲ ਦੀ ਬਦੌਲਤ ਤੁਹਾਡੇ ਚਰਨਾਂ ਵਿਚ ਆਇਆ ਹਾਂ।”
ਮੈਂ ਉਠ ਕੇ ਮੁੰਡੇ ਨੂੰ ਛਾਤੀ ਨਾਲ ਲਾ ਲਿਆ।
“ਦੇਖ ਕਮਲ ਸਿਆਂ! ਜ਼ਿੰਦਗੀ ਵਿਚ ਸਾਰੇ ਮਾੜੇ ਬੰਦੇ ਵੀ ਨਹੀਂ ਮਿਲਦੇ, ਤੇ ਸਾਰੇ ਚੰਗੇ ਵੀ ਨਹੀਂ। ਜਦੋਂ ਮੈਂ ਅਮਰੀਕਾ ਆਇਆ, ਮੇਰੇ ਕੋਲ ਪੈਨੀ ਵੀ ਨਹੀਂ ਸੀ। ਆਹ! ਗੈਸ ਸਟੇਸ਼ਨ ਤੈਂ ਦੇਖ ਹੀ ਲਿਆ ਹੈ, ਚਾਰ ਹੋਰ ਹਨ। ਜੇ ਮੈਂ ਤੈਨੂੰ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾਵਾਂ ਤਾਂ ਤੇਰੀ ਕਹਾਣੀ ਬਹੁਤ ਛੋਟੀ ਰਹਿ ਜਾਵੇਗੀ। ਤੂੰ ਕੱਲ੍ਹ ਤੋਂ ਕੰਮ ਉਤੇ ਜਾਹ, ਤੇ ਇਮਾਨਦਾਰੀ ਨਾਲ ਕੰਮ ਕਰ। ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇਗਾ।”
ਮੈਂ ਸੌ ਡਾਲਰ ਉਸ ਦੇ ਹੱਥ ਧਰਦਿਆਂ ਕਿਹਾ, “ਲੈ ਰੱਖ ਲੈ। ਕਦੇ ਮੈਨੂੰ ਵੀ ਕਿਸੇ ਨੇ ਇਉਂ ਸੌ ਡਾਲਰ ਦਿੱਤੇ ਸਨ। ਇਹ ਤੇਰੀ ਸਫਲਤਾ ਦਾ ਸ਼ਗਨ ਹੈ।”
ਉਸ ਨੇ ਅੱਖਾਂ ਨਾਲ ਸ਼ੁਕਰਾਨਾ ਕਰਦਿਆਂ ਸੌ ਡਾਲਰ ਫੜ ਲਏ। ਥੋੜ੍ਹੇ ਸਮੇਂ ਬਾਅਦ ਢਿੱਲੋਂ ਦਾ ਫੋਨ ਆਇਆ।
“ਗੁਰਮੁਖ ਸਿੰਘ ਜੀ! ਤੁਹਾਡਾ ਬਹੁਤ ਬਹੁਤ ਧੰਨਵਾਦ।”
ਮੈਨੂੰ ਅੱਜ ਫਿਰ ਸਾਡੇ ਵਿਹੜੇ ਵਿਚ ਆਪਣੀ ਮਾਂ ਤੇ ਪਿਉ ਦੀ ਲਾਸ਼ ਪਈ ਦਿਸੀ। ਕਮਲ ਦੀ ਕਹਾਣੀ ਸੁਣ ਕੇ ਤੇ ਉਸ ਦੀ ਮਦਦ ਕਰ ਕੇ ਮੈਨੂੰ ਇੰਜ ਲੱਗਿਆ ਜਿਵੇਂ ਮੈਂ ਆਪਣੀ ਮਾਂ ਤੇ ਪਿਓ ਨੂੰ ਸ਼ਰਧਾਂਜਲੀ ਦਿੱਤੀ ਹੈ। ਆਪਣੀ ਹੱਡਬੀਤੀ ਕਦੀ ਫਿਰ ਸਈ।