ਗੌਤਮ ਘੋਸ਼: ਸਿਆਸੀ ਨਗਾਰੇ ‘ਤੇ ਚੋਟ

ਕੁਲਦੀਪ ਕੌਰ
ਗੌਤਮ ਘੋਸ਼ ਮੂਲ ਰੂਪ ਵਿਚ ਬੰਗਾਲੀ ਫਿਲਮਸਾਜ਼ ਹਨ। ਉਨ੍ਹਾਂ ਦੀਆਂ ਬਣਾਈਆਂ ਹਿੰਦੀ ਫਿਲਮਾਂ ‘ਪਾਰ’, ‘ਪਤੰਗ’, ‘ਗੁੜੀਆ’ ਅਤੇ ‘ਯਾਤਰਾ’ ਆਪਣੀ ਸਿਆਸੀ ਪਟਕਥਾ ਅਤੇ ਯਥਾਰਥਿਕ ਕਥਾਨਕ ਕਰ ਕੇ ਹਿੰਦੀ ਸਿਨੇਮਾ ਵਿਚ ਖਾਸ ਜਗ੍ਹਾ ਰੱਖਦੀਆਂ ਹਨ। ‘ਪਾਰ’ ਫਿਲਮ ਵਿਚ ਬਿਰਤਾਂਤ ਜਾਤ ਦੇ ਦਮਨ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਦਮਨ ਨੂੰ ਆਪਣੇ ਪਿੰਡੇ ‘ਤੇ ਹੰਢਾਅ ਰਹੇ ਸਰੀਰਾਂ ਦੇ ਬੇਮਾਅਨੇ ਹੋਣ ਨਾਲ ਜੋੜਦਾ ਹੈ। ਫਿਲਮ ਵਿਚ ਮੁੱਖ ਭੂਮਿਕਾਵਾਂ ਓਮਪੁਰੀ ਤੇ ਸ਼ਬਾਨਾ ਆਜ਼ਮੀ ਨੇ ਅਦਾ ਕੀਤੀਆਂ ਹਨ।

ਫਿਲਮ ਵਿਚ ਵਰਤੇ ਗਏ ਬਹੁਤੇ ਰੰਗ, ਫਿਲਮ ਵਿਚਲੇ ਪਤੀ-ਪਤਨੀ ਦੀ ਜ਼ਿੰਦਗੀ ਦੀ ਤਰ੍ਹਾਂ ਘਸਮੈਲੇ ਤੇ ਹੋਂਦ ਗਵਾ ਚੁੱਕੇ ਹਨ। ਪਿੰਡ ਵਿਚ ਦਲਿਤ ਪਰਿਵਾਰਾਂ ਦੇ ਮਕਾਨਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਬਾਅਦ ਪਤੀ-ਪਤਨੀ ਕੰਮ ਦੀ ਤਲਾਸ਼ ਵਿਚ ਕਲਕੱਤੇ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਪਰ ਹਾਲਾਤ ਕੁਝ ਅਜਿਹੇ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਰੋਟੀ ਜੁਟਾAਣ ਲਈ ਸੂਰਾਂ ਦੇ ਵੱਗ ਨੂੰ ਨਦੀ ਪਾਰ ਕਰਵਾਉਣ ਦਾ ਕੰਮ ਮਿਲਦਾ ਹੈ। ਪਤਨੀ ਗਰਭਵਤੀ ਹੈ। ਗਰਭ ਦੀ ਆਖਰੀ ਸਟੇਜ ਹੈ। ਉਪਰੋਂ ਮੋਹਲੇਧਾਰ ਮੀਂਹ ਹੋ ਰਿਹਾ ਹੈ। ਹੁਣ ਜੇ ਸੂਰਾਂ ਨੂੰ ਪਾਰ ਨਾ ਲਿਜਾਇਆ ਗਿਆ ਤਾਂ ਤਿੰਨਾਂ ਜ਼ਿੰਦਗੀਆਂ ਦੀ ਜਾਨ ਭੁੱਖ ਨਾਲ ਨਿਕਲ ਸਕਦੀ ਹੈ। ਵਿਚਲਾ ਰਸਤਾ ਕੋਈ ਨਹੀਂ। ਇਸ ਤੋਂ ਬਾਅਦ ਪੂਰੀ ਫਿਲਮ ਉਨ੍ਹਾਂ ਦੇ ਡੁੱਬਣ ਤੋਂ ਬਚਣ, ਭੁੱਖ ਨਾਲ ਲੜਨ ਅਤੇ ਸੂਰਾਂ ਨੂੰ ਪਾਰ ਲੈ ਜਾਣ ਦੀ ਗਾਥਾ ਹੈ। ਉਹ ਅੱਗ ਦੀ ਇਸ ਨਦੀ ਨੂੰ ਪਾਰ ਕਰ ਸਕਦੇ ਹਨ ਜਾਂ ਨਹੀ, ਸਵਾਲ ਇਹ ਨਹੀਂ; ਸਵਾਲ ਉਸ ਅੱਗ ਵਿਚੋਂ ਸਾਹਾਂ ਨੂੰ ਸਹੀ ਸਲਾਮਤ ਬਚਾ ਕੇ ਲਿਜਾਣ ਦੀ ਮਨੁੱਖੀ ਸਮਰੱਥਾ ਦੀ ਪਰਖ ਦਾ ਹੈ। ਜੇ ਦੂਜੇ ਪਾਰ ਜਾ ਕੇ ਸੂਰਾਂ ਦੀ ਗਿਣਤੀ ਪੂਰੀ ਨਾ ਹੋਈ ਤਾਂ? ਜੇ ਇਸ ਦੌਰਾਨ ਬੱਚਾ ਪੈਦਾ ਹੋ ਗਿਆ ਤਾਂ? ਜੇ ਦੋਵਾਂ ਵਿਚੋਂ ਇੱਕ ਹੜ੍ਹ ਗਿਆ ਤਾਂ? ਇਉਂ ਫਿਲਮਸਾਜ਼ ਉਨ੍ਹਾਂ ਦੀ ਜੱਦੋ-ਜਹਿਦ ਨੂੰ ਜ਼ੁਬਾਨ ਦਿੰਦਾ ਹੈ।
ਫਿਲਮ ‘ਪਤੰਗ’ ਬੁੱਧ ਦੀ ਧਰਤੀ ਗਿਆ (ਜਿੱਥੇ ਬੁੱਧ ਨੇ ਨਿਰਵਾਣ ਪ੍ਰਾਪਤ ਕੀਤਾ) ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬਾਸ਼ਿੰਦਿਆਂ ਦੀ ਦਾਸਤਾਨ ਹੈ। ਰੇਲਵੇ ਸਟੇਸ਼ਨ ਨੇੜੇ ਵਸੇ ਘਰਾਂ ਦੇ ਇਹ ਵਾਸੀ ਬਿਜਲੀ, ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਹਨ ਅਤੇ ਆਪਣਾ ਪੇਟ ਭਰਨ ਲਈ ਖੜ੍ਹੀਆਂ ਰੇਲ ਗੱਡੀਆਂ ਵਿਚੋਂ ਖਾਣਾ ਚੋਰੀ ਕਰਦੇ ਹਨ। ਰੇਲਵੇ ਸਟੇਸ਼ਨ ਦਾ ਮਾਸਟਰ ਨਰਮ ਦਿਲ ਬੰਦਾ ਹੈ ਜਿਸ ਲਈ ਜ਼ਿੰਦਗੀ-ਮੌਤ ਨਾਲ ਲੁਕਣਮੀਟੀ ਖੇਡ ਰਹੇ ਇਹ ਲੋਕ ਘੱਟੋ-ਘੱਟ ਖਾਣੇ ਦੇ ਹੱਕਦਾਰ ਤਾਂ ਹਨ ਹੀ। ਇੱਕ ਅਣਵਿਆਹੀ ਮੁਟਿਆਰ ਜਿਤਨੀ ਦਾ ਅਲ੍ਹੜ ਉਮਰ ਦਾ ਮੁੰਡਾ ਸਮਰਾ ਕਹਾਣੀ ਦਾ ਮੁੱਖ ਕਿਰਦਾਰ ਹੈ। ਉਸ ਦੀ ਮਾਂ ਦਾ ਪਿਆਰ ਮਥਰਾ ਨਾਮ ਦੇ ਚੋਰ ਨਾਲ ਹੈ ਜਿਹੜਾ ਖਾਣਾ ਚੁਰਾਉਣ ਵਿਚ ਮਾਹਿਰ ਹੈ। ਸਮਾਂ ਬਦਲਣ ਨਾਲ ਨਵੇਂ ਸਟੇਸ਼ਨ ਮਾਸਟਰ ਦੀ ਨਿਯੁਕਤੀ ਹੁੰਦੀ ਹੈ। ਇਹ ਨਿਯੁਕਤੀ ਬਸਤੀ ਵਾਲਿਆਂ ਲਈ ਮੁਸੀਬਤ ਲੈ ਕੇ ਆਉਂਦੀ ਹੈ। ਮਥਰਾ ਨੂੰ ਸ਼ੱਕ ਹੈ ਕਿ ਉਸ ਅਤੇ ਜਿਤਨੀ ਦੇ ਆਪਸੀ ਸਬੰਧਾਂ ਨੂੰ ਸਮਰਾ ਪਸੰਦ ਨਹੀਂ ਕਰਦਾ। ਉਹ ਸਮਰਾ ਨੂੰ ਆਪਣੇ ਗਰੁੱਪ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਕਰਦਾ ਹੈ ਅਤੇ ਮੌਕਾ ਆਉਣ ‘ਤੇ ਉਸ ਨੂੰ ਰੇਲਵੇ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ। ਇਸ ਤਰ੍ਹਾਂ ਫਿਲਮਸਾਜ਼ ਜੁਰਮ, ਗਰੀਬੀ ਅਤੇ ਬੇਭਰੋਸਗੀ ਦੀਆਂ ਆਪਸੀ ਤਹਿਆਂ ਫਰੋਲਦਾ ਹੈ।
‘ਯਾਤਰਾ’ 2006 ਵਿਚ ਰਿਲੀਜ਼ ਹੋਈ। ਇਸ ਵਿਚ ਮੁੱਖ ਭੂਮਿਕਾਵਾਂ ਰੇਖਾ, ਨਾਨਾ ਪਾਟੇਕਰ ਅਤੇ ਦੀਪਤੀ ਨਵਲ ਨੇ ਨਿਭਾਈਆਂ ਸਨ। ਫਿਲਮ ਵਿਚ ਨਾਨਾ ਪਾਟੇਕਰ ਦਸ਼ਰਥ ਨਾਮ ਦੇ ਲੇਖਕ ਦੀ ਭੂਮਿਕਾ ਵਿਚ ਹੈ ਜੋ ਸਾਹਿਤ ਦੇ ਖੇਤਰ ਦਾ ਸਰਬ-ਉਚ ਇਨਾਮ ਲੈਣ ਲਈ ਦਿੱਲੀ ਜਾ ਰਿਹਾ ਹੈ। ਰੇਲ ਵਿਚ ਉਸ ਦੀ ਮੁਲਾਕਾਤ ਨੌਜਵਾਨ ਫਿਲਮਸਾਜ਼ ਨਕੁਲ ਨਾਲ ਹੁੰਦੀ ਹੈ। ਨਕੁਲ ਦਸ਼ਰਥ ਦੇ ਸਾਹਿਤ ਦਾ ਬਹੁਤ ਵੱਡਾ ਪ੍ਰਸੰਸਕ ਹੈ। ਉਹ ਅਤੇ ਦਸ਼ਰਥ ਜਦੋਂ ਮਿਲ ਕੇ ਦਸ਼ਰਥ ਦੇ ਨਾਵਲ ‘ਜਨਾਜ਼ਾ’ ਦੇ ਕਿਰਦਾਰਾਂ ਨੂੰ ਵਾਰ ਵਾਰ ਚੇਤੇ ਕਰਦੇ ਹਨ ਤਾਂ ਨਾਵਲ ਦੀ ਮੁੱਖ ਪਾਤਰ ਲੱਜਾਵਤੀ ਦੀ ਜ਼ਿੰਦਗੀ ਦੀਆਂ ਕੜੀਆਂ ਜੁੜਦੀਆਂ ਚਲੀਆਂ ਜਾਂਦੀਆਂ ਹਨ। ਇਨਾਮ ਸਮਾਗਮ ਤੋਂ ਬਾਅਦ ਦਸ਼ਰਥ ਅਚਾਨਕ ਹੋਟਲ ਵਿਚੋਂ ਗਾਇਬ ਹੋ ਜਾਂਦਾ ਹੈ। ਆਪਣਾ ਅਗਲਾ ਨਾਵਲ ਲਿਖਣ ਲਈ ਉਹ ਉਸੇ ਮਹਿੰਦੀਵਾਲੀ ਗਲੀ ਵਿਚ ਜਾਂਦਾ ਹੈ ਜਿਥੇ ਲੱਜਾਵਤੀ ਮਿਸ ਲੀਜ਼ਾ ਬਣ ਕੇ ਚਾਲੂ ਫਿਲਮੀ ਗਾਣਿਆਂ ‘ਤੇ ਥਿਰਕਦੀ ਹੈ। ਲੱਜਾਵਤੀ ਦਸ਼ਰਥ ਨਾਲ ਬੀਤੇ ਸਮੇਂ ਵਿਚ ਗਾਏ ਜਾ ਚੁੱਕੇ ਗਾਣਿਆਂ ਵਿਚੋਂ ਕੁਝ ਫਿਰ ਤੋਂ ਸਾਂਝੇ ਕਰਦੀ ਹੈ। ਦਰਸ਼ਕ ਨੂੰ ਮਹਿਸੂਸ ਹੁੰਦਾ ਹੈ ਕਿ ਨਾਵਲ ਕਿਤੇ ਪਿੱਛੇ ਰਹਿ ਗਿਆ ਹੈ ਤੇ ਅਸਲ ਵਿਚ ਇਸ ਸਾਰੀ ਫਿਲਮ ਨੂੰ ਨਕੁਲ ਨਿਰਦੇਸ਼ਿਤ ਕਰ ਰਿਹਾ ਹੈ, ਜਾਂ ਇਹ ਪਾਤਰ ਕੋਈ ਨਵਾਂ ਨਾਵਲ ਰਚ ਰਹੇ ਹਨ, ਜਾਂ ਫਿਰ ਇਹ ਸਭ ਅਸਲ ਵਿਚ ਵਾਪਰ ਰਿਹਾ ਹੈ। ਇਸ ਤਰ੍ਹਾਂ ਗੌਤਮ ਘੌਸ਼ ਦਾ ਸਿਨੇਮਾ ਸਾਹਮਣੇ ਵਾਪਰ ਰਹੇ ਸੱਚ ਤੋਂ ਪਾਰ ਇਸ ਦੀਆਂ ਵਿਸੰਗਤੀਆਂ ਨੂੰ ਫੜਨ ਦਾ ਸਿਨੇਮਾ ਹੈ।