ਆਸੇ ਪਾਸੇ ਫਿਰਦੀ ਮੌਤ-1
‘ਆਸੇ ਪਾਸੇ ਮੌਤ ਫਿਰਦੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਉਸ ਦੌਰ ਦਾ ਵਰਕਾ ਫਰੋਲਿਆ ਹੈ ਜਦੋਂ ਤੱਤੀਆਂ ਹਵਾਵਾਂ ਜ਼ੋਰ ਫੜ ਰਹੀਆਂ ਸਨ। ਆਪਣੀ ਕਲਾ ਦੇ ਦਮ ‘ਤੇ, ਉਸ ਨੇ ਇਕਹਿਰੀ ਪਰਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਸਮੁੱਚ ਵਿਚ ਰੱਖ ਕੇ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਇਨ੍ਹਾਂ ਵਿਚੋਂ ਉਸ ਵੇਲੇ ਦੇ ਆਲੇ-ਦੁਆਲੇ ਦੀਆਂ ਪ੍ਰਤੱਖ ਝਾਤੀਆਂ ਪੈਂਦੀਆਂ ਹਨ।
ਇਸ ਲੰਮੇ ਲੇਖ ਦੇ ਇਸ ਪਹਿਲੇ ਹਿੱਸੇ ‘ਲੋਈਆਂ ਦੀਆਂ ਬੁੱਕਲਾਂ ਵਿਚ’ ਰਾਹੀਂ ਵਰਿਆਮ ਸਿੰਘ ਨੇ ਉਸ ਮਾਹੌਲ ਦਾ ਚਿਤਰਣ ਕੀਤਾ ਹੈ ਜਿਹੜਾ 80ਵਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਆਮ ਸੀ। ਨਿੱਕੇ ਨਿੱਕੇ ਵੇਰਵਿਆਂ ਨਾਲ ਬੜੀ ਮਾਰਮਿਕ ਕਥਾ ਉਸਾਰੀ ਹੈ ਜਿਸ ਵਿਚ ਹੱਥੋਂ ਛੁੱਟਦੀ ਜਾਂਦੀ ਡੋਰ ਸਾਫ ਦਿਖਾਈ ਦਿੰਦੀ ਹੈ। ਆਪਣੀਆਂ ਹੋਰ ਰਚਨਾਵਾਂ ਵਾਂਗ ਉਨ੍ਹਾਂ ਇਸ ਲਿਖਤ ਵਿਚ ਵੀ ਮਾਨਵੀ ਕਦਰਾਂ-ਕੀਮਤਾਂ ਦੀ ਗੱਲ ਬੜੇ ਜਬ੍ਹੇ ਨਾਲ ਕੀਤੀ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਸ਼ਾਮੀਂ ਗਰਾਊਂਡ ਵਿਚ ਪਹੁੰਚਿਆ ਤਾਂ ਸਾਰੇ ਵਿਦਿਆਰਥੀ ‘ਸਤਿ ਸ੍ਰੀ ਅਕਾਲ’ ਬੁਲਾਉਣ ਪਿਛੋਂ ਉਚੇਚ ਨਾਲ ਮੇਰੇ ਦੁਆਲੇ ਆਣ ਇਕੱਠੇ ਹੋਏ। ਉਨ੍ਹਾਂ ਪਾਣੀ ਤਰੌਂਕ ਕੇ, ਵਾਲੀਬਾਲ ਦੀ ਗਰਾਊਂਡ ਤਰ ਕਰ ਦਿੱਤੀ ਹੋਈ ਸੀ, ਪਰ ਉਨ੍ਹਾਂ ਦੇ ਚਿਹਰਿਆਂ ਉਤੇ ਰੋਜ਼ ਵਾਂਗ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਵਾਲਾ ਚਾਅ ਗਾਇਬ ਸੀ। ਅਸੀਂ, ਪਿੰਡ ਦੇ ਕੁਝ ਅਧਿਆਪਕ ਅਤੇ ਸਕੂਲ ਦੇ ਸਾਡੇ ਨਵੇਂ-ਪੁਰਾਣੇ ਵਿਦਿਆਰਥੀ ਹਰ ਰੋਜ਼ ਸ਼ਾਮ ਨੂੰ ਦੋ ਢਾਈ ਘੰਟੇ ਸਕੂਲ ਦੀ ਗਰਾਊਂਡ ਵਿਚ ਵਾਲੀਬਾਲ ਖੇਡਿਆ ਕਰਦੇ ਸਾਂ। ਕਸਰਤ ਦੀ ਕਸਰਤ, ਸ਼ੁਗਲ ਮੇਲੇ ਦਾ ਸ਼ੁਗਲ ਮੇਲਾ!
ਮੁੰਡਿਆਂ ਦੇ ਚਿਹਰਿਆਂ ‘ਤੇ ਲਿਖਿਆ ਰਹੱਸ ਪੜ੍ਹ ਕੇ ਮੈਂ ਪੁੱਛਿਆ, “ਕੋਈ ਖਾਸ ਗੱਲ ਹੈ?”
“ਅੱਜ ਛੁੱਟੀ ਹੋਣ ਤੋਂ ਥੋੜ੍ਹਾ ਚਿਰ ਪਿੱਛੋਂ ‘ਸਿੰਘ’ ਸਕੂਲੇ ਆਏ ਸਨ। ਸਾਰੇ ਕਮਰਿਆਂ ਵਿਚੋਂ ਫਿਰ ਕੇ, ਸਾਰਾ ਆਲਾ-ਦੁਆਲਾ ਵੇਖ ਕੇ ਗਏ ਨੇ। ਉਨ੍ਹਾਂ ਕੋਲ ਹਥਿਆਰ ਵੀ ਸਨ; ਲੋਈਆਂ ਦੀਆਂ ਬੁੱਕਲਾਂ ਵਿਚ। ਮਾਲੀ ਨੂੰ ਵੀ ਉਚੇਚੇ ਤੌਰ ‘ਤੇ ਮਿਲ ਕੇ ਗਏ ਨੇ, ਪਰ ਉਹ ਸਾਰੀ ਗੱਲ ਦੱਸਦਾ ਨਹੀਂ।”
“ਲੈ ਇਹ ਕਿਹੜੀ ਡਰਨ ਵਾਲੀ ਗੱਲ ਏ? ਆਪਣੇ ਮੁੰਡੇ ਹੀ ਹੋਣੇ ਨੇ। ਅੱਗੇ ਕਦੀ ਆਏ ਨਹੀਂ ਜਾਂ ਤੁਸੀਂ ਅੱਗੇ ਵੇਖੇ ਨਹੀਂ ਕਦੀ? ਕਿੱਥੇ ਐ ਮਾਲੀ? ਸੱਦੋ ਉਹਨੂੰ।”
“ਉਹਨੂੰ ਪੀ ਟੀ ਸਾਹਿਬ ਲੈ ਕੇ ਐਧਰ ਗਏ ਨੇ, ਪਿਛਲੇ ਪਾਸੇ, ਸਾਰੀ ਗੱਲ ਪੁੱਛਣ ਲਈ।”
ਇਹ ਬਲੂ ਸਟਾਰ ਅਪ੍ਰੇਸ਼ਨ ਤੋਂ ਦੋ ਕੁ ਸਾਲ ਪਿੱਛੋਂ ਦਾ ਬਿਰਤਾਂਤ ਹੈ। ਸਾਡਾ ਇਲਾਕਾ ‘ਖਾੜਕੂ’ ਸਰਗਰਮੀਆਂ ਦਾ ਕੇਂਦਰ ਸੀ। ਸਾਡੇ ਆਪਣੇ ਪਿੰਡ ਸੁਰ ਸਿੰਘ ਦੇ ਹੀ ਕਈ ਮੁੰਡੇ ਇਸ ਪਾਸੇ ਤੁਰੇ ਹੋਏ ਸਨ। ਸਮਾਜ ਸ਼ਾਸਤਰੀਆਂ ਦੀ ਪਿੱਛੋਂ ਕੀਤੀ ਖੋਜ ਅਨੁਸਾਰ ਇਸ ਲਹਿਰ ਵਿਚ ਸਭ ਤੋਂ ਵੱਧ ਗਿਣਤੀ ਵਿਚ ‘ਖਾੜਕੂ’ ਇਸੇ ਪਿੰਡ ਦੇ ਹੀ ਸਨ। ਇਹ ਵੀ ਦਿਲਚਸਪ ਗੱਲ ਹੈ ਕਿ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਾਉਣ ਲਈ ਬਣੀ ‘ਗ਼ਦਰ ਪਾਰਟੀ’ ਵਿਚ ਵੀ ਗਿਣਤੀ ਵਿਚ ਸਭ ਤੋਂ ਵੱਧ ਸ਼ਮੂਲੀਅਤ ਸੁਰ ਸਿੰਘ ਪਿੰਡ ਦੇ ਲੋਕਾਂ ਦੀ ਹੀ ਸੀ। ਇਹ ਤੱਥ ਅੰਗਰੇਜ਼ਾਂ ਦੇ ਖੁਫੀਆ ਵਿਭਾਗ ਦੀਆਂ ਤਿਆਰ ਕੀਤੀਆਂ ਅਤੇ ਹੁਣ ਖੋਜ-ਭਾਲ ਤੋਂ ਬਾਅਦ ਪ੍ਰਕਾਸ਼ਿਤ ਹੋਈਆਂ ਡਾਇਰੈਕਟਰੀਆਂ ਤੋਂ ਜੱਗ-ਜ਼ਾਹਿਰ ਹੋ ਚੁੱਕਾ ਹੈ। ਇਸ ਦਾ ਭਾਵ ਇਹ ਤਾਂ ਨਹੀਂ ਕਿ ਇਸ ਪਿੰਡ ਦੇ ਲੋਕਾਂ ਦਾ ਖ਼ਮੀਰ ਹੀ ਸਥਾਪਤੀ ਵਿਰੋਧੀ ਹੈ! ਜਿਸ ਨੇ ਵੀ ਇਨ੍ਹਾਂ ਦੇ ਇਸ ਜਜ਼ਬੇ ਨੂੰ ਟੁੰਬ ਕੇ ਆਪਣੇ ਨਾਲ ਜੋੜਨ ਦਾ ਯਤਨ ਕੀਤਾ, ਇਹ ਉਸ ਦੇ ‘ਭਲੇ-ਬੁਰੇ’ ਦੀ ਪਛਾਣ ਕੀਤੇ ਬਿਨਾਂ ਹੀ, ਉਸ ਨਾਲ ਹੋ ਤੁਰੇ। ਕੀ ਇਤਿਹਾਸ ਦੇ ਉਸ ਕਾਲ-ਖੰਡ ਦੀ ਇਸ ਕਾਲ-ਖੰਡ ਨਾਲ ਤੁਲਨਾ ਕਰਨੀ ਵਾਜਬ ਵੀ ਹੈ, ਜਾਂ ਇਨ੍ਹਾਂ ਦੀ ਸਮਾਨਤਾ ਅਤੇ ਸਮਰੂਪਤਾ ਵਿਚੋਂ ਸਾਂਝੇ ਅਰਥ ਵੀ ਕੱਢੇ ਜਾ ਸਕਦੇ ਹਨ?
ਖ਼ੈਰ, ਇਸ ਖ਼ਮੀਰ ਦਾ ਖ਼ਮਿਆਜ਼ਾ ਸਾਡੇ ਪਿੰਡ ਦੇ ਲੋਕਾਂ ਨੂੰ ਉਦੋਂ ਵੀ ਭੁਗਤਣਾ ਪਿਆ ਸੀ ਤੇ ਹੁਣ ਵੀ। ਉਦੋਂ ਦੋ ਜਣੇ ਫ਼ਾਂਸੀ ਵੀ ਲੱਗੇ। ਅਨੇਕਾਂ ਨੂੰ ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ-ਜ਼ਬਤੀ ਦੀ ਸਜ਼ਾ ਮਿਲੀ। ਹੁਣ ਤਾਂ ਗੱਲ ਉਦੋਂ ਨਾਲੋਂ ਵੀ ਉਤੇ ਲੰਘ ਗਈ ਸੀ।
ਕਈ ਵਾਰ ਪਿੰਡ ਨੂੰ ਪੁਲਿਸ ਨੇ ਘੇਰੇ ਪਾਏ। ਕਈ ਵਾਰ ਸਾਰਾ ਪਿੰਡ, ਘਰੋਂ ਬਾਹਰ ਕੱਢ ਕੇ ਡੰਗਰਾਂ ਵਾਂਗ ਇਕੱਠਾ ਕਰ ਕੇ ਬਿਠਾ ਲਿਆ ਜਾਂਦਾ। ਪਿੱਛੋਂ ਘਰ ਘਰ ਦੀ ਤਲਾਸ਼ੀ ਲਈ ਜਾਂਦੀ। ਇੱਕ ਦੋ ਵਾਰ ਤਾਂ ਪਿੰਡ ਦੇ ਦਸ ਸਾਲ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਨੂੰ ਸਿਆਲ ਦੀਆਂ ਠਰੀਆਂ, ਕਿਣਮਿਣ ਕਰਦੀਆਂ ਕਾਲੀਆਂ ਰਾਤਾਂ ਵਿਚ ਘਰੋਂ ਬਾਹਰ ਪੁਲਿਸ ਅਤੇ ਸੀ ਆਰ ਪੀ ਐਫ ਦੇ ਘੇਰੇ ਵਿਚ ਰਹਿਣਾ ਪਿਆ। ਘਰਾਂ ਵਿਚ ਸਿਰਫ਼ ਔਰਤਾਂ ਹੁੰਦੀਆਂ। ਖ਼ਾਕੀ ਵਰਦੀਆਂ ਵਾਲੇ ਘਰ ਘਰ, ਗਲੀ ਗਲੀ ਦਨਦਨਾਉਂਦੇ ਫਿਰਦੇ। ਹਰ ਦੂਜੀ ਚੌਥੀ ਰਾਤ ਤਥਾਕਥਿਤ ‘ਸਿੰਘਾਂ’ ਵੱਲੋਂ ਪਿੰਡ ਦੇ ਬਾਹਰਵਾਰ ਕਦੀ ਇੱਕ ਬਾਹੀ ਤੇ ਕਦੀ ਦੂਜੀ ਬਾਹੀ, ਚਲਾਈਆਂ ਸ਼ੌਕੀਆ ਗੋਲੀਆਂ ਨਾਲ ਸੁੱਤੇ ਪਿੰਡ ਦਾ ਤ੍ਰਾਹ ਨਿਕਲ ਜਾਂਦਾ। ਗੋਲੀਆਂ ਦੀ ਗੜ੍ਹਕ ਨੂੰ ਉਹ ਇਸ ਜੰਗਲ-ਰਾਜ ਵਿਚ ਆਪਣੀ ਸ਼ੇਰ-ਭਬਕ ਸਮਝ ਕੇ ਲਲਕਾਰੇ ਮਾਰਦੇ। ਕੋਈ ਦਿਨ ਅਜਿਹਾ ਨਹੀਂ ਸੀ ਹੁੰਦਾ, ਜਦੋਂ ਪਿੰਡ ਦੇ ਲੋਕ ਸੁਖ-ਚੈਨ ਦੀ ਨੀਂਦ ਸੁੱਤੇ ਹੋਣ। ਮੇਰੇ ਪਿੰਡ ਦੇ ਚਾਰ ਕੁ ਦਰਜਨ ਲੋਕ ਇਸ ਦੌਰ ਦੀ ਭੇਟ ਚੜ੍ਹ ਗਏ ਸਨ। ਇਨ੍ਹਾਂ ਵਿਚੋਂ ਕੁਝ, ਝੂਠੇ-ਸੱਚੇ ਮੁਕਾਬਲਿਆਂ ਵਿਚ, ਪੁਲਿਸ ਅਤੇ ਸੀ ਆਰ ਪੀ ਐਫ ਦੀ ਗੋਲੀ ਦਾ ਸ਼ਿਕਾਰ ਹੋਏ ਅਤੇ ਕੁਝ ਤਥਾ-ਕਥਿਤ ‘ਸਿੰਘਾਂ’ ਦੀਆਂ ਅੱਗ ਉਗਲਦੀਆਂ ਸਟੇਨਾਂ ਨੇ ਲੂਹ ਸੁੱਟੇ। ਮੇਰੇ ਆਪਣੇ ਕੋਲੋਂ ਪੜ੍ਹ ਕੇ ਗਏ ਲਗਭਗ ਇੱਕ ਦਰਜਨ ਵਿਦਿਆਰਥੀਆਂ ਨੂੰ ਇਸ ਦੈਂਤ-ਦੌਰ ਨੇ ਹੜੱਪ ਲਿਆ ਸੀ।
ਪਿੰਡ ਦੇ ਬਹੁਤ ਸਾਰੇ ਮੁੰਡੇ ਇਧਰ ਤੁਰੇ ਹੋਣ ਕਰ ਕੇ ‘ਸਿੰਘਾਂ’ ਦਾ ਸਕੂਲ ਆ ਜਾਣਾ ਜਾਂ ਕਿਸੇ ਬੰਦੇ ਨੂੰ ਮਿਲ ਜਾਣਾ, ਕੋਈ ਅਲੋਕਾਰ ਗੱਲ ਨਹੀਂ ਸੀ। ਉਨ੍ਹਾਂ ਵਿਚੋਂ ਕਈ ਸਾਡੇ ਇਨ੍ਹਾਂ ਵਿਦਿਆਰਥੀਆਂ ਦੇ ਬੜੇ ਚੰਗੇ ਜਾਣਕਾਰ ਵੀ ਸਨ। ਇਨ੍ਹਾਂ ਵਿਚੋਂ ਕਈਆਂ ਦੇ ਘਰੀਂ ਜਾਂ ਬਹਿਕਾਂ ਉਤੇ ਉਹ ਰਾਤ ਬਰਾਤੇ ਆਉਂਦੇ ਹੀ ਰਹਿੰਦੇ ਸਨ। ਸੱਚੀ ਗੱਲ ਤਾਂ ਇਹ ਵੀ ਸੀ ਕਿ ਨੌਵੀਂ ਦਸਵੀਂ ਵਿਚ ਪੜ੍ਹਦੇ ਕਈ ਵਿਦਿਆਰਥੀ ‘ਸਿੰਘਾਂ’ ਵੱਲੋਂ ਲਾਏ ਜਾਂਦੇ ਬਦਾਮਾਂ ਦੀਆਂ ਗਿਰੀਆਂ, ਕਾਜੂ, ਮੇਵੇ ਅਤੇ ਮਲਾਈ ਵਾਲੇ ਕੜ੍ਹੇ ਦੁੱਧ ਦੇ ਗੱਫਿਆਂ ਦੇ ਖਿੱਚੇ ਹੋਏ ਇੱਕ ਇੱਕ, ਦੋ ਦੋ ਰਾਤਾਂ ਉਨ੍ਹਾਂ ਨਾਲ ‘ਬਾਹਰ’ ਵੀ ਲਾ ਆਉਂਦੇ ਸਨ।
ਅੱਜ ‘ਸਿੰਘਾਂ’ ਦਾ ਆ ਜਾਣਾ ਕਿਹੜੀ ਵੱਡੀ ਜਾਂ ਨਵੀਂ ਗੱਲ ਸੀ!
ਪੀ ਟੀ ਅਤੇ ਮਾਲੀ ਜਗਨ ਨਾਥ ਪਰਿਓਂ ਤੁਰੇ ਆ ਰਹੇ ਸਨ। ਮੈਂ ਮੁੰਡਿਆਂ ਤੋਂ ਅਲੱਗ ਹੋ ਕੇ ਉਨ੍ਹਾਂ ਨੂੰ ਪੁੱਛਿਆ ਤਾਂ ਮਾਲੀ ਮਿੰਨ੍ਹਾ ਮਿੰਨ੍ਹਾ ਹੱਸੀ ਜਾਵੇ। ਕਹਿੰਦਾ, “ਓਪਰੇ ਮੁੰਡੇ ਸਨ। ਕਮਰਿਓ ਕਮਰੀ ਫਿਰਦੇ ਰਹੇ। ਮੈਨੂੰ ਪੁੱਛਦੇ ਸੀ, “ਹੈਡਮਾਸਟਰ ਰੋਜ਼ ਆਉਂਦੈ?”
“ਮੈਂ ਇਹਨੂੰ ਆਖਿਆ, ਤੂੰ ਸੱਚੋ ਸੱਚ ਦੱਸ ਦੇਣਾ ਸੀ, ਜਿੰਨਾ ਕੁ ਸਕੂਲ ਆਉਂਦਾ ਹੈ! ਝੂਠ ਬੋਲਿਆ ਤਾਂ ਕੱਲ੍ਹ ਨੂੰ ਤੈਨੂੰ ਨਾ ਠੋਕ ਕੱਢਣ।” ਪੀ ਟੀ ਪਹਿਲਾਂ ਹੀ ਬੋਲ ਪਿਆ।
“ਹੋਰ ਕੀ ਗੱਲ ਹੋਈ?” ਮਾਲੀ ਦੀ ਖ਼ੁਸ਼ੀ ਉਹਦੀਆਂ ਵਰਾਛਾਂ ‘ਚੋਂ ਡੁੱਲ੍ਹ ਰਹੀ ਸੀ।
“ਪੁੱਛਦੇ ਸੀ, ਕਮਰਿਆਂ ਦੇ ਜਿਹੜੇ ਪੁਰਾਣੇ ਦਰਵਾਜੇ ਲੱਥੇ ਸਨ, ਉਹ ਤੂੰ ਰਿਕਸ਼ੇ ‘ਤੇ ਲਦਾ ਕੇ ਅੰਬਰਸਰ ਹੈਡਮਾਸਟਰ ਦੇ ਘਰ ਖੜੇ ਸਨ? ਮੈਂ ਮੰਨ ਗਿਆ। ਮਰਨਾ ਸੀ, ਨਾ ਦੱਸ ਕੇ!”
ਸਾਡੇ ਪਿੰਡ ਦਾ 1889 ਵਿਚ ਬਣਿਆ ਇਹ ਬਹੁਤ ਪੁਰਾਣਾ ਸਕੂਲ ਸੀ। ਵਿਚ ਇੱਕ ਬਹੁਤ ਵੱਡਾ, ਖੁੱਲ੍ਹਾ ਅਤੇ ਦੋ ਕਮਰਿਆਂ ਦੀ ਉਚਾਈ ਤੋਂ ਵੀ ਉਚਾ ਹਾਲ ਸੀ ਅਤੇ ਉਸ ਦੇ ਆਲੇ-ਦੁਆਲੇ ਸਮੁੱਚੀ ਬਿਲਡਿੰਗ ਨੂੰ ਅੰਗਰੇਜ਼ੀ ਦੇ ‘ਓ’ ਦੀ ਗੁਲਾਈ ਦਿੰਦੇ ਅੱਠ ਵੱਡੇ ਵੱਡੇ ਕਲਾਸ ਰੂਮ। ਇੱਕ ਪਾਸੇ ਪੁਰਾਣੇ ਹੋਸਟਲ ਦੇ ਵੱਡੇ ਵੱਡੇ ਕਮਰੇ। ਇਸ ਇਤਿਹਾਸਕ ਇਮਾਰਤ ਦਾ ਇਨ੍ਹਾਂ ਸਾਲਾਂ ਵਿਚ ਮੁੰਡਿਆਂ ਨੇ ਸੱਤਿਆਨਾਸ ਮਾਰ ਦਿੱਤਾ ਸੀ। ਇਮਤਿਹਾਨਾਂ ਦੇ ਦਿਨੀਂ ਸਕੂਲ ਦੀਆਂ ਬਾਰੀਆਂ ਦਰਵਾਜ਼ਿਆਂ ਦੀ ਮੁਰੰਮਤ ਕਰਵਾਈ ਜਾਂਦੀ, ਪਰ ਮੁੰਡੇ ਨਕਲ ਮਾਰਨ ਲਈ ‘ਲੋੜੀਂਦਾ ਸਮਾਨ’ ਪਹੁੰਚਾਉਣ ਵਾਲੇ ਆਪਣੇ ਸਹਾਇਕਾਂ ਦਾ ਰਾਹ ਖੁੱਲ੍ਹਾ ਰੱਖਣ ਲਈ ਦਰਵਾਜ਼ੇ ਬਾਰੀਆਂ ਤੋੜ ਦਿੰਦੇ, ਉਨ੍ਹਾਂ ਵਿਚ ਮੋਰੀਆਂ ਕਰ ਦਿੰਦੇ, ਜਾਲੀਆਂ ਪਾੜ ਦਿੰਦੇ। ਸਕੂਲ ਦੇ ਫੰਡਾਂ ਵਿਚੋਂ ਨਵੇਂ ਬਾਰੀਆਂ ਬੂਹੇ ਲਵਾ ਦਿੱਤੇ ਅਤੇ ਪੁਰਾਣੇ ਉਤਾਰ ਦਿੱਤੇ ਗਏ ਸਨ। ਪੁਰਾਣੇ ਦਰਵਾਜ਼ੇ, ਜਿਸ ਤਰ੍ਹਾਂ ਦੇ ਉਸ ਸਮੇਂ ਦੀਆਂ ਇਮਾਰਤਾਂ ਦੇ ਹੁੰਦੇ ਸਨ, ਬਹੁਤ ਮੋਟੇ ਅਤੇ ਮਜ਼ਬੂਤ ਸਨ। ਕੁਝ ਕੁ ਕਮਰਿਆਂ ਦੇ ਦਰਵਾਜ਼ੇ ਆਪਣੇ ਉਤੇ ਹੁੰਦੇ ਰਹੇ ਏਡੇ ਵੱਡੇ ਹਮਲਿਆਂ ਵਿਚ ਥੋੜ੍ਹਾ ਬਹੁਤਾ ਜ਼ਖ਼ਮੀ ਹੋਣ ਦੇ ਬਾਵਜੂਦ ਜਿਉਂਦੇ ਜਾਗਦੇ ਰਹਿ ਗਏ ਸਨ। ਉਹ ਵੀ ਉਤਾਰ ਕੇ ਸਟੋਰ ਵਿਚ ਰੱਖ ਦਿੱਤੇ ਗਏ ਸਨ। ਉਨ੍ਹਾਂ ਦੀ ਮੋਟੀ ਅਤੇ ਨਰੋਈ ਲੱਕੜ ਅਜੇ ਵੀ ਬੜੇ ਕੰਮ ਦੀ ਸੀ।
ਹੈਡਮਾਸਟਰ ਦਾ ਇਨ੍ਹੀਂ ਦਿਨੀਂ ਮਕਾਨ ਬਣ ਰਿਹਾ ਸੀ। ਉਸ ਨੇ ਸੋਚਿਆ ਹੋਵੇਗਾ, ਇਨ੍ਹਾਂ ਦਰਵਾਜ਼ਿਆਂ ਦੀ ਲੱਕੜ ਦਾ ਵੀ ਸ਼ਾਇਦ ਕੋਈ ਲਾਭ ਮਿਲ ਜਾਵੇ। ਇਥੇ ਸਟੋਰ ਵਿਚ ਪਏ ਇਹ ਕੀ ਕਰਦੇ ਹਨ! ਉਹਨੇ ਮਾਲੀ ਨੂੰ ਭਰੋਸੇ ਵਿਚ ਲੈ ਕੇ ਕਿਹਾ ਕਿ ਕਿਸੇ ਦਿਨ ਸਵੇਰੇ ਮੂੰਹ-ਹਨੇਰੇ ਹੀ, ਲੋਕਾਂ ਦੀਆਂ ਨਜ਼ਰਾਂ ਤੋਂ ਬਚ ਬਚਾ ਕੇ, ਉਹ ਰਿਕਸ਼ੇ ਉਤੇ ਦਰਵਾਜ਼ੇ ਰਖਾ ਕੇ, ਬਿਨਾਂ ਕਿਸੇ ਨੂੰ ਦੱਸੇ ਅੰਮ੍ਰਿਤਸਰ ਉਹਦੇ ਘਰ ਲੈ ਆਵੇ। ਮਾਲੀ ਨੇ ਹਦਾਇਤ ਦੀ ਪਾਲਣਾ ਕੀਤੀ ਸੀ, ਪਰ ਹੈਡਮਾਸਟਰ ਨੂੰ ਦਿੱਤੇ ਭਰੋਸੇ ਨੂੰ ਤੋੜਦਿਆਂ ਉਸ ਨੇ ਇਹ ਗੱਲ ਮੈਨੂੰ ਦੱਸ ਦਿੱਤੀ ਹੋਈ ਸੀ। ਮੈਂ ਤਾਂ ਇਸ ਨੂੰ ਗੁਪਤ ਹੀ ਰੱਖਿਆ। ਕੀ ਪਿਆ ਸੀ ਗੱਲ ਖਿਲਾਰਨ ਵਿਚ। ਸੋਚਿਆ, ਚੋਰੀ ਤਾਂ ਭਾਵੇਂ ਇਹ ਸੀ ਹੀ, ਪਰ ਏਡੇ ਵੱਡੇ ਵਾਪਰ ਰਹੇ ਮਹਾਂ-ਹਨੇਰ ਵਿਚ ਇਹ ਕੋਈ ਬਹੁਤਾ ਵੱਡਾ ਗੁਨਾਹ ਮੈਨੂੰ ਨਾ ਜਾਪਿਆ; ਪਰ ਦੂਜੇ ਚੌਥੇ ਦਿਨ ਵਾਲੀਬਾਲ ਖੇਡ ਕੇ ਸ਼ਾਮ ਨੂੰ ਘਰ ਪਰਤਦਿਆਂ ਪੀ ਟੀ ਨੇ ਹੌਲੀ ਜਿਹੀ ਮੇਰੇ ਕੋਲ ਭੇਤ ਖੋਲ੍ਹਿਆ, “ਸਟੋਰ ਵਿਚ ਪਏ ਦਰਵਾਜ਼ੇ ਚਲੇ ਗਏ ਜੇ ਅੰਬਰਸਰ!”
“ਹੋਰ ਕੀ ਗੱਲ ਕਰਦੇ ਸਨ?”
ਮਾਲੀ ਕੋਲੋਂ ਹੋਰ ਵਿਸਥਾਰ ਜਾਨਣ ਦੀ ਮੇਰੀ ਜਗਿਆਸਾ ਏਨੇ ਨਾਲ ਤ੍ਰਿਪਤ ਨਹੀਂ ਸੀ ਹੋਈ।
“ਆਖਦੇ ਸਨ, ਹੈਡਮਾਸਟਰ ਦਰਮਿਆਨੇ ਕੱਦ ਦਾ ਭਾਰਾ ਜਿਹਾ ਤੇ ਨਜ਼ਰ ਦੀਆਂ ਐਨਕਾਂ ਲਾ ਕੇ ਰੱਖਦੈ ਨਾ?” ਉਹ ਮੁਸਕੜੀਆਂ ‘ਚ ਹੱਸੀ ਜਾ ਰਿਹਾ ਸੀ।
“ਇਹਦੇ ‘ਚ ਹੱਸਣ ਵਾਲੀ ਕਿਹੜੀ ਗੱਲ ਏ?” ਮੈਂ ਮੁਹੱਬਤ ਭਰੀ ਕਰੜਾਈ ਨਾਲ ਝਿੜਕਿਆ ਤਾਂ ਪੀ ਟੀ ਕਹਿੰਦਾ, “ਇਹ ਆਪਣੀ ਗੱਲੋਂ ਖ਼ੁਸ਼ ਏ।”
ਮਾਲੀ ਜਗਨ ਨਾਥ ਯੂ ਪੀ ਦਾ ਰਹਿਣ ਵਾਲਾ ਸੀ, ਪਰ ਪਿਛਲੇ ਪੰਦਰਾਂ ਕੁ ਸਾਲ ਤੋਂ ਇਥੇ ਹੀ ਮਾਲੀ ਅਤੇ ਚੌਕੀਦਾਰ ਦੀ ਸੇਵਾ ਨਿਭਾਉਂਦਿਆਂ ‘ਪੂਰਾ ਪੰਜਾਬੀ’ ਬਣ ਚੁੱਕਾ ਸੀ। ਉਹਦੀ ਰਿਹਾਇਸ਼ ਸਕੂਲ ਦੇ ਪੁਰਾਣੇ ਹੋਸਟਲ ਦੇ ਇੱਕ ਵੱਡੇ ਕਮਰੇ ਵਿਚ ਸੀ। ਇਸ ਦੌਰ ਵਿਚ, ਜਦੋਂ ਕਿ ਪਿੰਡ ਦਾ ਹਰ ਹਿੰਦੂ ਸੱਜਣ ਖੌਫ਼ ਦੇ ਸਾਏ ਹੇਠ ਸੀ, ਮਾਲੀ ਢੋਲੇ ਦੀਆਂ ਲਾਉਂਦਾ ਸੀ। ਪਿੰਡ ਦੇ ਸਟੇਨਾਂ ਲੈ ਕੇ ਤੁਰੇ ਸਾਰੇ ਮੁੰਡੇ ਉਹਦੇ ਹੱਥਾਂ ਵਿਚ ਜਵਾਨ ਹੋਏ ਸਨ ਅਤੇ ਉਹਦੇ ਹੱਥੋਂ ਸੈਂਟਰ ਵਿਚ ਪਹੁੰਚਾਈਆਂ ਜਾਂਦੀਆਂ ਪਰਚੀਆਂ ਨਾਲ ਪਾਸ ਹੋਏ ਸਨ। ਉਹ ਤਾਂ ਹੁਣ ਵੀ ਵੇਲੇ ਕੁਵੇਲੇ ਉਸ ਨੂੰ ਮਿਲ ਜਾਂਦੇ ਸਨ। ਇਹ ਵੀ ਆਖਦੇ ਸਨ ਕਿ ਉਹ ਬੇਫ਼ਿਕਰ ਰਿਹਾ ਕਰੇ, ਕੋਈ ਉਹਦੀ ‘ਵਾ ਵੱਲ ਨਹੀਂ ਵੇਖ ਸਕਦਾ। ਉਹ ਉਨ੍ਹਾਂ ਨਾਲ ਆਪਣੀਆਂ ਮਿਲਣੀਆਂ ਦਾ ਵੇਰਵਾ ਬੜੇ ਚਾਅ ਨਾਲ ਸਾਰੇ ਮਾਸਟਰਾਂ ਨੂੰ ਦੱਸਦਾ। ਪਿੱਠ ਪਿੱਛੇ ਉਨ੍ਹਾਂ ਦੇ ਥਾਪੜੇ ਕਰ ਕੇ ਉਹ ਇਸ ਵਾਰੀ ਸਾਲਾਨਾ ਇਮਤਿਹਾਨਾਂ ਵਿਚ ਸੁਪਵਾਈਜ਼ਰੀ ਸਟਾਫ਼ ਲਈ ਲਿਆਂਦੀ ਦਾਰੂ ਦਾ ਗੱਫਾ ਲਾ ਕੇ ਕਿਰਪਾਨ ਕੱਢ ਲਿਆਇਆ ਸੀ ਤੇ ਸੈਂਟਰ ਸੁਪਰਡੈਂਟ ਨੂੰ ਲਲਕਾਰਨ ਲੱਗਾ, “ਜਿਹੜੇ ਮੈਂ ਉਤੋਂ ਪੈਸੇ ਕਮਾਏ ਨੇ, ਤੂੰ ਉਨ੍ਹਾਂ ਦਾ ਮਾਮਾ ਲੱਗਦੈਂ। ਉਨ੍ਹਾਂ ਦੇ ਵਿਹੁ ਵਿਚ ਬੋਰਡ ਵੱਲੋਂ ਆਏ ਮੇਰੇ ਪੈਸੇ ਕਿਵੇਂ ਦੱਬ ਸਕਦਾ ਏਂ ਤੂੰ? ਜੇ ਤੈਨੂੰ ਕਿਸੇ ਹੋਰ ਦੀ ਸ਼ਹਿ ਹੈ ਤਾਂ ਭੁਲੇਖੇ ‘ਚ ਨਾ ਰਵ੍ਹੀਂ। ਮੈਂ ਉਹਨੂੰ ਵੀ ਸਿੱਧਾ ਕਰ ਦੂੰ।”
ਸੁਪਰਡੈਂਟ ਕੰਬੀ ਜਾਵੇ। ਅਸੀਂ ਵਿਚ ਪੈ ਕੇ ਛੱਡ-ਛੁਡਾ ਕਰਾਇਆ। ਮਾਲੀ ਆਖੀ ਜਾਵੇ, “ਸਾਲਾ ਆਖਦਾ ਏ ਕਿ ਮੈਂ ਉਤੋਂ ਜੂ ਏਨੇ ਪੈਸੇ ਬਣਾ ਲਏ ਨੇ। ਬਣਾ ਲਏ ਈ। ਤੂੰ ਨਹੀਂ ਬਣਾਏ? ਜੇ ਮੇਰਾ ਹਿਸਾਬ ਕਰ ਕੇ ਨਾ ਦਿੱਤਾ ਤਾਂ ਮੈਂ ਟੋਟੇ ਕਰ ਦੂੰ ਤੇਰੇ। ਇਨ੍ਹਾਂ ਘਸੇ ਸਿਰਾਂ ਵਾਲਿਆਂ, ਦੋਵਾਂ ਨੂੰ। ਮੇਰੀ ਤਾਕਤ ਦਾ ਪਤਾ ਨਹੀਂ।”
ਮੈਂ ਮਾਲੀ ਦੇ ਘੋਨ ਮੋਨ ਸਿਰ ਉਤੇ ਮੁਹੱਬਤੀ ਪਟੋਕੀ ਲਾ ਕੇ ਕਿਹਾ, “ਉਹ ਦੋਵੇਂ ਘਸੇ ਸਿਰਾਂ ਵਾਲੇ ਨੇ, ਤੇ ਤੂੰ ਬਹੁਤ ਭਾਈ ਤਾਰੂ ਸਹੁੰ ਤੋਂ ਅੰਮ੍ਰਿਤ ਛਕਿਐ। ਚੱਲ ਬੰਦਾ ਬਣ ਤੇ ਉਨ੍ਹਾਂ ਨੂੰ ਜਾਣ ਦੇ। ਤੇਰੇ ਪੈਸੇ ਮਿਲ ਜਾਣਗੇ; ਮੈਂ ਜਾਮਨ ਰਿਹਾ।”
(ਚਲਦਾ)